“ਮੈਂ ਨਾ ਕਵੀ ਹਾਂ, ਨਾ ਆਲੋਚਕ … ਸਾਹਿਤ ਦਾ ਕਦਰਦਾਨ ਹਾਂ … ਜਿੱਥੇ ਕਿਤੇ ਕੋਈ ਅੱਖਰ, ਕੋਈ ਸ਼ਬਦ ...”
(23 ਦਸੰਬਰ 2025)
ਇਸ ਸਮੇਂ ਪਾਠਕ: 305.
ਚੰਡੀਗੜ੍ਹ ਵਿੱਚ ਇੱਕ ਕਵੀ ਦਰਬਾਰ ਦੌਰਾਨ ਮੈਂ ਕੁਝ ਦੇਰ ਚੁੱਪ ਬੈਠਾ ਰਿਹਾ। ਵੱਡੇ ਵੀਰ ਹਰਮੀਤ ਵਿਦਿਆਰਥੀ ਨੇ ਪੁੱਛਿਆ, “ਕੀ ਗੱਲ, ਕਿਤੇ ਗੁਆਚੇ ਹੋਏ ਓ?”
ਮੈਂ ਜਵਾਬ ਦੇਣਾ ਨਹੀਂ ਸੀ ਚਾਹੁੰਦਾ, ਪਰ ਕੁਝ ਤਾਂ ਕਹਿਣਾ ਪੈਣਾ ਸੀ, “ਜਦੋਂ ਦਾਦ ਦੇਣ ਵਾਲੀ ਸ਼ਾਇਰੀ ਪੇਸ਼ ਹੋਈ ਤਾਂ ਮੇਰੀ ਚੁੱਪ ਆਪੇ ਟੁੱਟ ਜਾਣੀ ਹੈ!” ਬਾਅਦ ਵਿੱਚ ਹਰਮੀਤ ਭਾਅ ਪੁੱਛਣ ਲੱਗੇ, “ਤੇਰੇ ਖਿਆਲ ਵਿੱਚ ਚੰਗੀ ਕਵਿਤਾ ਕਿਹੜੀ ਹੁੰਦੀ ਐ?”
ਉਦੋਂ ਮੈਂ ਕੀ ਜਵਾਬ ਦਿੱਤਾ, ਕਦੇ ਫੇਰ ਲਿਖਾਂਗਾ ਪਰ ਅੱਜ ਮੇਰੇ ਸਾਹਮਣੇ ਜਿਹੜੀ ਕਿਤਾਬ ਪਈ ਹੈ, ਇਹਨੇ ਬੜੇ ਸਲੀਕੇ ਨਾਲ ਜਵਾਬ ਦਿੱਤਾ ਏ, ਇੱਕ ਵਾਰ ਨਹੀਂ … ਅਨੇਕ ਵਾਰ … ਇਕ ਵੰਨਗੀ ਹਾਜ਼ਰ ਹੈ:
ਸੂਹੇ ਅਰਥਾਂ ਨਾਲ ਨਾ ਸਜੀਆਂ ਜੇ ਕਰ ਗ਼ਜ਼ਲਾਂ ‘ਮਨ’
ਕੀ ਮਤਲੇ, ਕੀ ਮਕਤੇ, ਕੀਤੇ ਵਰਕੇ ਕਾਲ਼ੇ ਨੇ।
ਮਨ ਮਾਨ ਸੰਵੇਦਨਸ਼ੀਲ ਤੇ ਸੂਖ਼ਮ ਸ਼ਾਇਰਾ ਹੈ … ਗ਼ਜ਼ਲ ਦਾ ਪਿੰਡਾ ਸੂਖ਼ਮ ਹੋਣਾ ਹੀ ਚਾਹੀਦਾ ਹੈ, ਬੋਲ ਬਾਗ਼ੀ ਵੀ ਕਿਉਂ ਨਾ ਹੋਣ! ‘ਮਨ’ ਦੀ ਸ਼ਾਇਰੀ ਪੰਜ ਤੱਤਾਂ ਦੀ ਸੁਚੱਜੀ ਪੇਸ਼ਕਾਰੀ ਨਾਲ ਸਜੀ ਹੋਈ ਹੈ … ਮਿੱਟੀ, ਅਗ਼ਨ, ਹਵਾ, ਪਾਣੀ ਤੇ ਅਕਾਸ਼ ਨੂੰ ਜੀਵੰਤ ਰੂਪ ਵਿੱਚ ਲਿਖਤ ਦੇ ਹਵਾਲੇ ਕਰਦਿਆਂ ਮਨ ਦ੍ਰਿਸ਼ ਸਿਰਜਦੀ ਹੈ … ਖੂਬਸੂਰਤ ਦ੍ਰਿਸ਼! … ਕਵਿਤਾ ਪਾਠਕ ਨੂੰ ਘਨੇੜੀ ਚੁੱਕ ਉਸ ਮੰਜ਼ਰ ਦੇ ਨਜ਼ਦੀਕ ਲੈ ਜਾਂਦੀ ਐ:
ਸਿਤਾਰੇ ਚਮਕਦੇ ਸੋਹਣੇ ਅਕਾਸ਼ੀਂ ਛੱਤ ਦੇ ਉੱਪਰ
ਜੇ ਹੋਵੇ ਜਾਚ ਚੁਗਣੇ ਦੀ ਤਾਂ ਪੱਲੇ ਭਰ ਵੀ ਜਾਂਦੇ ਨੇ।
ਮੇਰੇ ਲਈ ਇਸ ਸ਼ਿਅਰ ਦਾ ਵਿਸ਼ਾਲ ਕੈਨਵਸ ਜ਼ਿੰਦਗੀ ਦੇ ਸੰਘਰਸ਼ ਦੀ ਆਸਮਈ ਤਸਵੀਰ ਵਰਗਾ ਹੈ … ਤਾਰਿਆਂ ਸੰਗ ਸਜੇ ਖੂਬਸੂਰਤ ਆਕਾਸ਼ ਵਿੱਚੋਂ ਡੁੱਲ੍ਹ ਡੁੱਲ੍ਹ ਪੈਂਦਾ ਪ੍ਰਕਾਸ਼, ਰੌਸ਼ਨੀ ਨਾਲ ਭਰਿਆ ਰੀਝਾਂ ਦਾ ਪੱਲਾ ਸਫ਼ਰ ਦੇ ਦੋ ਬਿੰਦੂਆਂ ਵਾਂਗ ਚਮਕ ਰਹੇ ਨੇ, ਪਰ ਸ਼ਾਇਰਾ ਮੰਜ਼ਿਲ ’ਤੇ ਹਸਰਤ ਦੇ ਵਿਚਾਲ਼ੇ ਤੰਦ ਬਣਦੇ ‘ਜਾਚ’ (ਹੁਨਰ) ਦੇ ਗੁਣ ਨੂੰ ਸਤਿਕਾਰਤ ਥਾਂ ਦਿੰਦੀ ਹੈ … ਸੂਖ਼ਮ ਤੇ ਬੁਲੰਦ ਕਵਿਤਾ!
ਇਸੇ ਤਰ੍ਹਾਂ ਇੱਕ ਸ਼ਿਅਰ ਅੱਗ ਸਿਰਜਦੇ ਪਾਣੀ ਦੀ ਬਾਤ ਪਾਉਂਦਾ ਹੈ:
ਆਪਣੀ ਹੀ ਮੌਜ ਮਸਤੀ ਵਿੱਚ ਵਗਦੀ ਜਾ ਰਹੀ ਏ,
ਪਰ ਨਦੀ ਇੰਝ ਪੱਥਰਾਂ ਦੀ ਹਿੱਕ ’ਤੇ ਅੱਗ ਲਾ ਰਹੀ ਏ।
ਇੱਕ ਸ਼ਿਅਰ ਮੈਂ ਵਾਰ ਵਾਰ ਪੜ੍ਹਿਆ ਹੈ … ਇਹ ਸਿਰਫ਼ ਸ਼ਿਅਰ ਨਹੀਂ, ਫਲਸਫਾ ਹੈ … ਲੋਕ ਰੋਹ ਦੀਆਂ ਹਨੇਰੀਆਂ ਕਿਵੇਂ ਹੇਠਲੀ ਉੱਤੇ ਕਰਨ ਦੀ ਸਮਰੱਥਾ ਰੱਖਦੀਆਂ ਨੇ … ਗ਼ੌਰ ਫਰਮਾਓ:
ਸਫ਼ਰ ਦੌਰਾਨ ਆਵੇਗਾ ਕਿਤੇ ਟਿੱਬਾ, ਕਿਤੇ ਟੋਆ,
ਕਿ ਝੁੱਲੀ ਇੱਕ ਹਨੇਰੀ ਸੰਗ ਹੋ ਪੱਧਰ ਵੀ ਜਾਂਦੇ ਨੇ।
ਰੰਗਮੰਚ ਤੇ ਫਿਲਮ ਨਾਲ ਜੁੜਿਆ ਹੋਣ ਕਾਰਨ ਇਸ ਸ਼ਿਅਰ ਵਿੱਚ ਅਜਬ ਬਾਗ਼ੀ ਦ੍ਰਿਸ਼ ਦਿਖਾਈ ਦੇ ਰਿਹਾ ਹੈ … ਅੜੀਅਲ ਟਿੱਬਿਆਂ ਨੂੰ ਸਰ ਕਰਦੇ ਮਨੁੱਖ ਦੀ ਗਾਥਾ, ਆਪਣੇ ਹਿੱਸੇ ਦੀ ਮਿੱਟੀ ਖੋਹ ਕੇ ਸਦੀਆਂ ਤੋਂ ਹਨੇਰ ਹੰਢਾਉਂਦੇ ਟੋਇਆਂ ਦੀ ਧੌਣ ਉੱਚੀ ਕਰਦੀ ਤੇ ਬਰਾਬਰੀ ਦਾ ਸੰਕਲਪ ਪੇਸ਼ ਕਰਦੀ ਕਵਿਤਾ! … ਪੱਧਰ ਕਰਨ ਦੀ ਸਦੀਵੀ ਜੰਗ ਦਾ ਖਿਆਲ ਪੇਸ਼ ਕਰਦੀ ਸ਼ਾਇਰੀ! … ਹਰਮੀਤ ਵਿਦਿਆਰਥੀ ਨੂੰ ਕਵਿਤਾ ਬਾਰੇ ਦਿੱਤੇ ਜਵਾਬ ਦਾ ਸਾਰ ਇਹੀ ਸੀ ਕਿ ਜੋ ਸ਼ਿਅਰ ਮੇਰੀ ਕਲਪਨਾ ਨੂੰ ਉਡਾਣ ਬਖ਼ਸ਼ੇ, ਮੇਰੇ ਲਈ ਓਹੀ ਉੱਤਮ ਕਵਿਤਾ ਹੈ … ਇਹ ਸ਼ਿਅਰ ਲਿਖਦਿਆਂ ‘ਮਨ’ ਦੇ ਮਨ ਵਿੱਚ ਕੀ ਸੀ, ਮੇਰੇ ਲਈ ਮਹੱਤਵ ਨਹੀਂ ਰੱਖਦਾ … ਇਹ ਸ਼ਿਅਰ ਮੇਰੇ ਤਸੱਵਰ ਵਿੱਚ ਕੀ ਰੰਗ ਰੂਪ ਲੈ ਕੇ ਆਇਆ, ਮਹੱਤਵਪੂਰਣ ਇਹ ਹੈ। ਉਹ ਲਿਖਦੀ ਹੈ:
ਹੋਈਂ ਕਰਤਾ ਵੀ ਆਪੇ ਤੇ ਬਣੀ ਕਿਰਿਆ ਵੀ ਆਪੇ ਹੀ,
ਨਵਾਂ ਇਤਿਹਾਸ ਲਿਖਣਾ ਤਾਂ ਇਹ ਜਜ਼ਬੇ ਭਰ ਵੀ ਜਾਂਦੇ ਨੇ।
* * *
ਜ਼ਮਾਨਾ ਬੰਦਸ਼ਾਂ ਲਾਊ ਸਦਾ ਰਫ਼ਤਾਰ ਤੇਰੀ ’ਤੇ,
ਜੇ ਤੂੰ ਰੁਕਿਆ ਤਾਂ ਇਹ ਮਿਹਣਾ ਹੈ ਸੁੱਚੀ ਕਾਰ ਤੇਰੀ ’ਤੇ
* * *
ਨਾ ਵਾਟਾਂ ਲੰਮੀਆਂ ਜਾਪਣ ਕਿ ਕਹਿਣੇ ਵਿੱਚ ਕਦਮ ਮੇਰੇ,
ਮੈਂ ਬਿੱਖੜੇ ਪੈਂਡਿਆਂ ’ਤੇ ਵੀ ਨਾ ਮੱਠੀ ਤੋਰ ਕਰਦੀ ਹਾਂ।
(ਅਲੱਗ ਅਲੱਗ ਗ਼ਜ਼ਲਾਂ ਦੇ ਸ਼ਿਅਰ)
ਇਹ ਸਿਰੜ, ਜਜ਼ਬਾ ਤੇ ਪਕਿਆਈ ਰੀਝਾਂ ਪੂਰੀਆਂ ਕਰਨ ਲਈ ਲੋੜੀਂਦੇ ਅਸਤਰ ਸ਼ਸਤਰ ਨੇ … ‘ਮਨ’ ਇਸ ਲਈ ਚੇਤੰਨ ਹੈ … ਉਹਦੇ ਜਜ਼ਬੇ ਦੀ ਵੇਗਮੱਤੀ ਤਸਵੀਰ ਦੇਖੋ:
ਉਡਾਰੀ ਕਲਪਨਾ ਵਾਲੀ ਕਰੇ ਹੈਰਾਨ ਸੋਚਾਂ ਨੂੰ,
ਲਕੀਰਾਂ ਵਾਹ ਕੇ ਕਾਗ਼ਜ਼ ’ਤੇ ਮੈਂ ਉਡਦਾ ਮੋਰ ਕਰਦੀ ਹਾਂ।
ਆਹ ਤੇ ਵਾਹ ਵਾਲ਼ਾ ਸ਼ਿਅਰ … ਨਿਵੇਕਲਾ … ਖੂਬਸੂਰਤ … ਚਾਅ ਸਿਰਜਦਾ ਸ਼ਿਅਰ … ਸ਼ਾਬਾਸ਼ ਮਨ ਮਾਨ! ਆਸ ਉਮੀਦ ਤੇ ਵਲਵਲੇ ਉਹਦੀ ਸ਼ਾਇਰੀ ਦਾ ਥੰਮ੍ਹ ਨੇ … ਆਸ ਦਾ ਦੀਵਾ ਬਾਲ਼ ਕੇ ਰੱਖਣਾ ਮਨੁੱਖੀ ਵਿਕਾਸ ਦਾ ਮੁੱਖ ਗੁਣ ਤੇ ਲੱਛਣ ਹੈ … ਉਹ ਹਨੇਰੇ ਨੂੰ ਸਹਿਜ ਨਾਲ ਵੰਗਾਰਦੀ ਹੈ:
ਹਨੇਰਾ ਹੋ ਗਿਆ ਗੂੜ੍ਹਾ ਦਿਸੇ ਨਾ ਸ਼ੈਅ ਕੋਈ ਕਿਧਰੇ,
ਹਵਾ ਭਾਵੇਂ ਤਲਖ਼ ਹੈ ਪਰ ਤੂੰ ਦੀਵਾ ਬਾਲ਼ ਕੇ ਰੱਖੀਂ।
* * *
ਹਨੇਰ ਮਿਟਾਵਣ ਖਾਤਰ ਇੰਝ ਕਮਾਲ ਕਰੋ,
ਆਪਣੀਆਂ ਅੱਖਾਂ ਨੂੰ ਬੱਸ ਮਸ਼ਾਲ ਕਰੋ।
ਅੱਖਾਂ ਨੂੰ ਮਸ਼ਾਲ ਬਣਾਉਣ ਦਾ ਹੋਕਾ ਦਿੰਦੀ ਸ਼ਾਇਰਾ ਦੀ ਰੀਝ ਸਾਡੀ ਸਭ ਦੀ ਰੀਝ ਹੈ … ਅਸੀਂ ਧਰਤੀ ਨੂੰ ਮਾਰੂਥਲ ਨਹੀਂ ਬਣਨ ਦੇਣਾ, ਮਹਿਕਦੇ ਬਾਗ਼ ਦਾ ਸੁਪਨਾ ਜ਼ਿੰਦਾ ਰੱਖਣਾ ਹੈ:
ਪਿਆਸੀ ਆਸ ਦੀ ਖਾਤਰ ਅਕਾਸ਼ੋਂ ਜਲ ਨੇ ਆਉਣਾ ਏ,
ਕਿ ਧਰਤੀ ਥਾਰ ਨਾ ਹੋਵੇ ਅਸੀਂ ਗੁਲਸ਼ਨ ਉਗਾਉਣਾ ਏ।
ਕਿਵੇਂ? ਉਹ ਦ੍ਰਿੜ੍ਹ ਇਰਾਦਾ ਵੀ ਪੇਸ਼ ਕਰਦੀ ਐ:
ਅੜੀਆਂ ਨਾ ਕਰ ਨੀ ਔੜੇ ਬੱਦਲ ਯਾਰ ਹੈ ਸਾਡਾ,
ਰੋਹੀ ਵੀ ਬਾਗ਼ ਕਰ ਕੇ ਨਦੀਆਂ ਵਹਾ ਦਿਆਂਗੇ।
ਮੈਂ ਨਾ ਕਵੀ ਹਾਂ, ਨਾ ਆਲੋਚਕ … ਸਾਹਿਤ ਦਾ ਕਦਰਦਾਨ ਹਾਂ … ਜਿੱਥੇ ਕਿਤੇ ਕੋਈ ਅੱਖਰ, ਕੋਈ ਸ਼ਬਦ, ਕੋਈ ਵਾਕ, ਕੋਈ ਖਿਆਲ ਮੇਰੇ ਮਨ ਵਿੱਚ ਉਡਾਰੀ ਭਰਦਾ ਹੈ ਤੇ ਦ੍ਰਿਸ਼ ਉਜਾਗਰ ਹੋਣ ਲਗਦੇ ਨੇ, ਮੈਂ ਉਸਤਤ ਕਰਨ ਲਈ ਪੱਬਾਂ ਭਾਰ ਹੋ ਜਾਂਦਾ ਹਾਂ … 'ਮਨ’ ਨੇ ਮਨੁੱਖੀ ਮਨ ਦੀਆਂ ਰੀਝਾਂ, ਵਲਵਲੇ, ਇਰਾਦੇ ਪੂਰੀ ਰੀਝ ਨਾਲ ਪੇਸ਼ ਕੀਤੇ ਨੇ … ਉਸ ਦੀ ਸ਼ਾਇਰੀ ਦਾ ਸਵਾਗਤ ਹੈ … ਤੇ ਭਵਿੱਖ ਲਈ ਵੱਡੀਆਂ ਆਸਾਂ ਪੈਦਾ ਹੋਈਆਂ ਹਨ … ਦੁਆ ਹੈ ਕਿ ਉਹ ਹੋਰ ਵੀ ਬੁਲੰਦੀ ਨਾਲ ਸ਼ਾਇਰੀ ਦੇ ਅਹਿਸਾਸ ਤੇ ਸ਼ਿਲਪ ਨੂੰ ਤਰਾਸ਼ਦੀ ਰਹੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4565)
(ਸਰੋਕਾਰ ਨਾਲ ਸੰਪਰਕ ਲਈ: (