“ਕਵਿਤਾ ਦੇ ਸ਼ਿਲਪ ਦੀ ਰਾਖੀ ਓਹੀ ਕਵੀ ਕਰਦਾ ਹੈ ਜੋ ਇਸ ਅਸ਼ਾਂਤੀ ਵਿੱਚੋਂ ਉਪਜੇ ਭਾਵ ਨੂੰ ਸਹਿਜਤਾ ਵਿੱਚ ...”
(30 ਨਵੰਬਰ 2023)
ਇਸ ਸਮੇਂ ਪਾਠਕ: 170.
ਕਵਿੰਦਰ ਚਾਂਦ ਖੁਦ ਕਵਿਤਾ ਹੈ। … … ਕਈ ਵਾਰ ਗੱਲ ਵੀ ਕਵਿਤਾ ਵਾਂਗ ਕਰਦਾ ਹੈ। … … ਸਹਿਜ, ਸੰਖੇਪ ਤੇ ਡੂੰਘੀ ਕਵਿਤਾ ਉਹਦੇ ਲਹੂ ਵਿੱਚ ਹੈ। … … ਬਾਪ ਤੇ ਤਾਇਆ ਕਵੀ।
ਮੈਨੂੰ ਪੰਜਾਬੀ ਦੇ ਕੁਝ ਕਵੀ ਪ੍ਰਭਾਵਿਤ ਕਰਦੇ ਨੇ, ਕਵਿੰਦਰ ਉਹਨਾਂ ਵਿੱਚੋਂ ਇੱਕ ਹੈ। ਥੋੜ੍ਹਾ ਲਿਖਦਾ ਹੈ … ਵਧੀਆ ਲਿਖਦਾ ਹੈ … ਮੁਆਫ਼ੀਨਾਮਾ ਕੋਈ ਸਹਿਜ ਵਿਅਕਤੀ ਹੀ ਲਿਖ ਸਕਦਾ ਹੈ … ਉਹਦੇ ਅੰਦਰ ਬਾਹਰ ਸਹਿਜ ਸਮੋਇਆ ਹੈ … ਉਹਦੀ ਸ਼ਾਇਰੀ ਮੈਂ ਪੜ੍ਹੀ ਵੀ, ਉਹਦੇ ਮੂੰਹੋਂ ਸੁਣੀ ਵੀ … ਮੰਚ ਉੱਤੋਂ ਵੀ … ਘਰ ਵਿੱਚ ਬਹਿ ਕੇ ਵੀ … ਤੇ ਪ੍ਰਸਿੱਧ ਗਾਇਕ ਜਸਵੀਰ ਜੱਸੀ ਦੇ ਮੂੰਹੋਂ ਵੀ … ਕੁਝ ਕਵਿਤਾਵਾਂ ਐਸੀਆਂ ਜਿਵੇਂ ਸਮਾਧੀ ਦੀ ਅਵਸਥਾ ਵਿੱਚ ਲਿਖੀਆਂ ਹੋਣ … ਸੱਚ ਮੰਨੋ ਮੈਂ ਕਈ ਵਾਰ ਮਨੋ ਮਨੀਂ ਤਸੱਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿੱਥੇ ਬਹਿ ਕੇ ਲਿਖਦਾ ਹੋਊ … ਕਮਰੇ ਵਿੱਚ … ਲਾਬੀ ਵਿੱਚ … ਘਰ ਦੇ ਬਾਹਰ ਖਿੜੇ ਫੁੱਲਾਂ ਵਿੱਚ ਬਹਿ ਕੇ … ਪਾਰਕ ਵਿੱਚ … ਜਾਂ ਆਪਣੇ ਘਰ ਦੇ ਫੁੱਲਾਂ ਵਾਂਗ ਮਹਿਕਦੇ ਜੀਆਂ ਦੇ ਕਿਤੇ ਵਿੱਚ ਵਿਚਾਲ਼ੇ ਬਹਿ ਕੇ … … ਮੇਰਾ ਜੀਅ ਕਰਦਾ ਹੈ ਕਿ ਆਖਰੀ ਗੱਲ ਸੱਚ ਹੋਵੇ … ਕਿਉਂ!
ਘਰ ਉਹਨੂੰ ਹੋਰ ਸਹਿਜ ਕਰ ਦਿੰਦਾ ਹੈ … ਜਦੋਂ ਉਹ ਆਪਣੇ ਪੁੱਤਾਂ ਧੀਆਂ ਪੋਤੀਆਂ ਵਿੱਚ ਘਿਰਿਆ ਹੁੰਦਾ ਹੈ ਤਾਂ ਬਾਹਲ਼ਾ ਸਹਿਜ ਹੁੰਦਾ ਹੈ … ਚੰਗੀ ਕਵਿਤਾ ਸਹਿਜ ਅਵਸਥਾ ਵਿੱਚ ਹੀ ਲਿਖੀ ਜਾ ਸਕਦੀ ਹੈ … ਚਾਹੇ ਕਿ ਇਹ ਸੱਚ ਹੈ ਕਿ ਕਵੀ ਮਨ ਜਦੋਂ ਕਿਸੇ ਵਰਤਾਰੇ ਤੋਂ ਅਸ਼ਾਂਤ ਹੁੰਦਾ ਤਾਂ ਕਵਿਤਾ ਵਲ ਮੁੜਦਾ ਹੈ … ਪਰ ਕਵਿਤਾ ਦੇ ਸ਼ਿਲਪ ਦੀ ਰਾਖੀ ਓਹੀ ਕਵੀ ਕਰਦਾ ਹੈ ਜੋ ਇਸ ਅਸ਼ਾਂਤੀ ਵਿੱਚੋਂ ਉਪਜੇ ਭਾਵ ਨੂੰ ਸਹਿਜਤਾ ਵਿੱਚ ਰੂਪਾਂਤਰਿਤ ਕਰ ਕੇ ਕਾਗ਼ਜ਼ ’ਤੇ ਉਤਾਰਦਾ ਹੈ … ਕਵਿੰਦਰ ਇਸ ਹੁਨਰ ਦਾ ਉਸਤਾਦ ਹੈ … ਮੈਂ ਜਿੰਨੀ ਵਾਰ ਉਸਦੇ ਘਰ ਗਿਆਂ, ਹਮੇਸ਼ਾ ਉਹਦੇ ਖੱਬੇ ਪਾਸੇ ਬੈਠਿਆਂ … ਦਿਲ ਵਾਲ਼ੇ ਪਾਸੇ … ਪਰ ਐਤਕੀਂ ਵਤਨ ਵਾਪਸੀ ਤੋਂ ਪਹਿਲਾਂ ਜਦੋਂ ਉਸ ਬੁਲਾਇਆ ਤਾਂ ਉਹ ਮੇਰੇ ਸਾਹਮਣੇ ਬੈਠਾ ਸੀ … ਮੇਰੇ ਖੱਬੇ ਗੁਰਤੇਜ ਕੁਹਾਰਵਾਲ਼ਾ ਸੀ … ਕਵਿੰਦਰ ਨੇ ਕਵਿਤਾ ਛੋਹ ਲਈ … ਸਿੱਧੀ ਹਿੱਕ ਵਿੱਚ ਵੱਜਣ ਵਾਲੀ … ਸਾਹਮਣੇ ਜੁ ਬੈਠਾ ਸੀ … ਉਹ ਬੋਲਿਆ:
ਕਵੀਓ, ਕਲਮਕਾਰੋ, ਸੰਵੇਦਨਸ਼ੀਲ ਲੋਕੋ
ਫਿਲਮਸਾਜ਼ੋ, ਓ ਅਦਾਕਾਰੋ
ਸਮਾਂ ਬੋਲਣ ਦਾ ਹੈ
ਬੋਲੋ!
ਬੜੀ ਦੁਬਿਧਾ ਵਿੱਚ ਨੇ ਲੋਕੀਂ
ਤੁਹਾਡੇ ਵਲ ਤੱਕਦੇ ਨੇ
ਨਹੀਂ ਤਾਂ ਜੋ ਦਿਖਾਇਆ ਜਾ ਰਿਹਾ ਹੈ
ਉਹ ਸੱਚ ਸਮਝਣਗੇ
ਉਹਨਾਂ ਨੂੰ ਜੋ ਸੁਣਾਇਆ ਜਾ ਰਿਹੈ
ਪਰਵਾਨ ਹੋਵੇਗਾ
ਸਮਾਂ ਬੋਲਣ ਦਾ ਹੈ
ਬੋਲੋ!
ਜੇ ਹੁਣ ਨਹੀਂ ਬੋਲੇ ਤਾਂ
ਫਿਰ ਕਿਸੇ ਨੇ ਬੋਲਣ ਨਹੀਂ ਦੇਣਾ
ਤੇ ਉਸ ਤੋਂ ਬਾਅਦ ਫਿਰ ਬੋਲਣ ਲਈ
ਕੁਝ ਨਹੀਂ ਰਹਿਣਾ
ਸਮਾਂ ਬੋਲਣ ਦਾ ਹੈ
ਬੋਲੋ!
ਮੈਨੂੰ ਲੱਗਾ ਕਿ ਇਹ ਕਵਿਤਾ ਅਜੋਕੇ ਸਮਿਆਂ ਵਿੱਚ ਹਰ ਕਲਮਕਾਰ ਤੇ ਕਲਾਕਾਰ ਨੂੰ ਪ੍ਰੇਰਨ ਤੇ ਝੰਜੋੜਨ ਲਈ ਆਸ ਪਾਸ ਹੋਣੀ ਲਾਜ਼ਮੀ ਹੈ।
ਕਵਿੰਦਰ ਪ੍ਰੇਰਨਾ ਸਰੋਤਾਂ ਦੀ ਹੱਦਬੰਦੀ ਨਹੀਂ ਕਰਦਾ … ਦੇਖੋ, ਉਹ ਕੀ ਲਿਖ ਰਿਹਾ ਹੈ:
ਜਦੋਂ ਸ਼ਬਦਾਂ ਵਿੱਚ ਡੂੰਘਾ ਉੱਤਰਿਆ ਤਾਂ
ਮੇਰੇ ਮੱਥੇ ਵਿੱਚ ਸਨ ਰਵਿਦਾਸ ਨਾਨਕ
ਉਦੋਂ ਫਿਰ ਨੈਣ ਤੀਜਾ ਖੁੱਲ੍ਹਦੇ ਹੀ
ਮੇਰੇ ਮੂੰਹੋਂ ਕਬੀਰਾ ਨਿਕਲਿਆ ਹੈ
ਗੁਰਬਾਣੀ ਨੂੰ ਇੰਝ ਪ੍ਰੀਭਾਸ਼ਿਤ ਕਰਨ ਲਈ ਕੋਈ ਕਵਿਤਾ ਦਾ ਇੰਦਰ ਹੀ ਚਾਹੀਦਾ ਹੈ:
ਮਰਦਾਨੇ ਧੁਨ ਦਿੱਤੀ
ਧੁਨ ਰਾਗ ਹੋਈ
ਨਾਨਕ ਸ਼ਬਦ ਦਿੱਤੇ
ਸ਼ਬਦ ਬਾਣੀ ਹੋਈ
ਗੁਰਬਾਣੀ ਹੋਈ
ਕਈ ਕਵਿਤਾਵਾਂ ਵਿੱਚ ਤਾਂ ਇੱਦਾਂ ਲਗਦਾ ਹੈ ਕਿ ਉਹ ਕੋਈ ਥੀਸਿਜ਼ ਲਿਖ ਰਿਹਾ ਹੋਵੇ … ਦੰਗੇ ਕਿਉਂ ਤੇ ਕਿਵੇਂ ਵਾਪਰ ਜਾਂਦੇ ਨੇ … ਪੜ੍ਹੋ:
ਇਹ ਅੱਗ ਦੰਗਿਆਂ ਦੀ
ਪਹਿਚਾਣਦੀ ਹੈ ਅਕਸਰ
ਇਕੱਲੀ ਦੁਕਾਨ ਮੇਰੀ
ਇਕੱਲਾ ਮਕਾਨ ਮੇਰਾ
ਮੈਂ ਸੂਖਮਤਾ ਨੂੰ ਕਿਉਂ ਇੰਨਾ ਪਸੰਦ ਕਰਦਾਂ … ਕਿਉਂਕਿ ਸੂਖਮ ਪੇਸ਼ਕਾਰੀ ਦਿਲ ਵਿੱਚ ਉੱਤਰਦੀ ਹੈ … ਮੁਲਕ ਵਿੱਚ ਫੈਲੇ ਮਜ਼ਹਬੀ ਤਣਾਅ ਦਾ ਕੈਸਾ ਮੰਜ਼ਰ ਕਵਿੰਦਰ ਨੇ ਫੜਿਆ ਹੈ:
ਮੰਦਿਰ ਵਹੀਂ ਬਨਾਏਂਗੇ
ਕਹਿੰਦੇ ਨੇ ਜਦੋਂ
ਰਾਮ ਨੂੰ ਆਪਣੇ ਬੱਚਿਆਂ ਤੋਂ
ਡਰ ਲਗਦਾ ਹੈ!
ਉਹ ਦਿੱਲੀ ਨੂੰ ਸੱਤਾ ਦੇ ਪ੍ਰਤੀਕ ਵਜੋਂ ਉਸਾਰ ਕੇ ਜਦੋਂ ਬੇਬਾਕੀ ਨਾਲ ਦਿੱਲੀ ਦਾ ਸੁਭਾਅ ਦੱਸਦਾ ਹੈ ਤਾਂ ਕਿਸੇ ਇੱਕ ਧਿਰ ਨਾਲ ਨਹੀਂ, ਬਲਕਿ ਸਮੁੱਚੀ ਮਨੁੱਖਤਾ ਦੀ ਧਿਰ ਬਣ ਕੇ ਕਹਿੰਦਾ ਹੈ:
ਓਹੀਓ ਦਿੱਲੀ ਤੇ ਓਹੀਓ ਸੁਭਾਅ ਏਹਦਾ
ਉੱਦਾਂ ਈ ਕਹਿਰ ਗੁਜ਼ਾਰਨ ’ਤੇ ਅੜੀ ਹੋਈ ਏ
ਅਣਖ ਇੱਜ਼ਤ ਹਰ ਕੌਮ ਦੀ ਰੋਲ਼ ਕੇ ਤੇ
ਸਭ ਨੂੰ ਜਿਉਂਦਿਆਂ ਮਾਰਨ ’ਤੇ ਅੜੀ ਹੋਈ ਏ
ਜੰਝੂ, ਪੱਗਾਂ ਨੂੰ ਕਦੇ ਜ਼ਲੀਲ ਕਰ ਕੇ
ਅੱਜ ਬੁਰਕੇ ਉਤਾਰਨ ’ਤੇ ਅੜੀ ਹੋਈ ਏ
78 ਸਫ਼ਿਆਂ ’ਤੇ ਫੈਲੀ ਇਹ ਕਿਤਾਬ ਅਨੇਕਾਂ ਰੰਗ ਲੈ ਕੇ ਹਾਜ਼ਰ ਹੈ … ਹਰ ਰੰਗ ਗੂੜ੍ਹਾ … ਤਰਤੀਬ ਵਿੱਚ … ਕੁਦਰਤ ਦੀ ਖੂਬਸੂਰਤੀ ਬਿਆਨਦੀ ਕਵਿਤਾ, ਬੱਚਿਆਂ ਦੀ ਮਾਸੂਮੀਅਤ ਪੇਸ਼ ਕਰਦੀ ਕਵਿਤਾ, ਰੋਹ ਵਿਦਰੋਹ ਦੀ ਕਵਿਤਾ … ਵਰਤਾਰਿਆਂ ਦੀ ਵਿਆਖਿਆ ਕਰਦੀ ਕਵਿਤਾ … ਰੂਹਾਨੀ ਰੰਗ ਦੀ ਕਵਿਤਾ … ਕੋਈ ਅੰਦਰੋਂ ਭਰਿਆ ਭਰਾਤਾ ਸਹਿਜ ਇਨਸਾਨ ਹੀ ਮੁਆਫ਼ੀ ਮੰਗ ਸਕਦਾ ਹੈ … ਕਵਿੰਦਰ ਦਾ ਮੁਆਫ਼ੀਨਾਮਾ ਵਿਲੱਖਣ ਹੈ:
ਮੁਆਫ਼ੀ ਮੰਗ ਕੇ ਇੱਕ ਆਦਮੀ
ਇਨਸਾਨ ਹੋ ਜਾਂਦਾ ਹੈ
ਤੇ ਮੈਨੂੰ ਲਗਦਾ ਹੈ ਅੱਧਾ ਕੁ ਉਹ
ਭਗਵਾਨ ਹੋ ਜਾਂਦਾ
ਕਵਿੰਦਰ ਚਾਂਦ ਨੂੰ ਮੈਂ ਆਮ ਵਰਤ ਵਰਤਾਰੇ ਵਿੱਚ ਵੀ ਨਿੱਕੇ ਮੋਟੇ ਮਸਲੇ ਸੰਖੇਪ ਵਿੱਚ ਸਮੇਟਦਿਆਂ ਦੇਖਿਆ ਹੈ … ਡੂੰਘੀ ਅਵਾਜ਼ ਵਿੱਚ ਬੱਸ ਇੰਨਾ ਹੀ ਕਹਿੰਦਾ ਹੁੰਦਾ ਹੈ … “ਚਲੋ … ਕੋਈ ਨਾ … ” … ਪਰ ਉਹ ਜਾਣਦਾ ਹੈ ਕਿ ਖਿਲਾਫ਼ ਭੁਗਤਣ ਵਾਲ਼ੇ ਨੂੰ ਕੀ ਪੇਸ਼ਕਸ਼ ਕਰਨੀ ਹੈ: ਜੇ ਵਾਰ ਕਰਨ ਹੀ ਲੱਗਾ ਹੈਂ, ਸਾਹਮਣੇ ਤੋਂ ਕਰੀਂ, ਮੈਂ ਵੇਖਣਾ ਹੈ ਤੇਰਾ ਹੱਥ ਕੰਬਦਾ ਹੋਇਆ! ਬਹੁਤ ਕੁਝ ਏ ਇਸ ਕਿਤਾਬ ਵਿੱਚ ਜਿਸ ਬਾਰੇ ਲਿਖਣਾ ਚਾਹੀਦਾ … ਪਰ ਗੱਲ ਬਾਬੇ ਨਾਨਕ ’ਤੇ ਆ ਕੇ ਸਮੇਟ ਰਿਹਾ ਹਾਂ … ਬਾਬੇ ਬਾਰੇ ਕਵਿੰਦਰ ਨੇ ਜੋ ਗੀਤ ਲਿਖਿਆ ਹੈ … ਉਸਦਾ ਇੱਕ ਇੱਕ ਅੰਤਰਾ ਬਾਬੇ ਦੇ ਕੋਲ ਲੈ ਕੇ ਜਾਂਦਾ ਹੈ … ਜੱਸੀ ਨੇ ਇਸ ਗੀਤ ਨੂੰ ਬਹੁਤ ਸਲੀਕੇ ਨਾਲ ਗਾਇਆ ਹੈ … ਮੈਂ ਕਈ ਵਾਰ ਦਿਨ ਵਿੱਚ ਕਈ ਕਈ ਵਾਰ ਇਹ ਗੀਤ ਸੁਣ ਲੈਂਦਾ ਹਾਂ … ਫੇਰ ਕਿਤਾਬ ਚੁੱਕਦਾ ਹਾਂ … ਪੜ੍ਹਦਾ ਹਾਂ … ਇੰਝ ਜਾਪਦਾ ਹੈ ਜਿਵੇਂ ਮੈਂ ਬਾਬਾ ਨਾਨਕ ਦੀ ਛਾਤੀ ’ਤੇ ਸਿਰ ਰੱਖਿਆ ਹੋਵੇ … ਤੇ ਬਾਬਾ ਬੜੇ ਸਹਿਜ ਨਾਲ ਮੈਨੂੰ ਜਗਾ ਰਿਹਾ ਹੋਵੇ (ਸੁਆ ਨਹੀਂ ਰਿਹਾ!) …. ਇਹ ਗੀਤ ਹਾਸਿਲ ਹੈ … ਪੰਜ ਅੰਤਰੇ … ਪੰਜ ਗਾਗਰਾਂ ਜਿਨ੍ਹਾਂ ਵਿੱਚ ਸਾਗਰ ਸਮੋਇਆ ਹੋਇਆ … ਭਰ ਭਰ ਚੂਲ਼ੀਆਂ ਪੀਓ … ਇਕ ਅੰਤਰਾ ਪੇਸ਼ ਐ:
ਹਰ ਮਨ ਦਾ ਬੂਹਾ ਖੜਕਾਵੇ
ਨਾਨਕ ਚੁੱਪ ਚੁਪੀਤੇ ਆਵੇ
ਖੋਲ੍ਹ ਨਾ ਹੋਇਆ ਮੈਂ ਗਾਫ਼ਿਲ ਤੋਂ
ਮਨ ਦਾ ਬੂਹਾ ਢੋਇਆ ਹੋਇਆ
ਮਨ ਦੇ ਬੂਹੇ ਖੋਲ੍ਹਦੀ ਸ਼ਾਇਰੀ ਲਿਖਣ ਤੇ ਕਿਤਾਬੀ ਰੂਪ ਵਿੱਚ ਸਨਮੁੱਖ ਕਰਨ ਲਈ ਕਵੀ ਕਵਿੰਦਰ ਚਾਂਦ ਦਾ ਧੰਨਵਾਦ … ਆਸ ਹੀ ਨਹੀਂ ਵਿਸ਼ਵਾਸ ਹੈ ਕਿ ਸਾਡਾ ਪਿਆਰਾ ਸ਼ਾਇਰ ਸਹਿਜਤਾ, ਸੰਖੇਪਤਾ, ਸੂਖਮਤਾ, ਸਰਲਤਾ ਅਤੇ ਸੰਵੇਦਨਸ਼ੀਲਤਾ ਨੂੰ ਆਪਣੀ ਕਵਿਤਾ ਵਿੱਚ ਸਮੋਅ ਕੇ ਪੰਜਾਬੀ ਅਦਬ ਨੂੰ ਹੋਰ ਅਮੀਰ ਕਰਦਾ ਰਹੇਗਾ! ਕਵਿਤਾ ਮਾਣਦਾ ... ਸਾਹਿਬ ਸਿੰਘ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4514)
(ਸਰੋਕਾਰ ਨਾਲ ਸੰਪਰਕ ਲਈ: (