SahibSinghDr7ਨਵਸ਼ਰਨ ਅਸਾਮ ਜਾਂਦੀ ਹੈ ਉਹਨਾਂ ਘਰਾਂ ਵਿੱਚ, ਜਿਨ੍ਹਾਂ ਨੂੰ ਤੁਸੀਂ ਹੁਕਮ ਚਾੜ੍ਹ ਦਿੱਤਾ ਹੈ ਕਿ ਜਾਂ ਤਾਂ ਕਾਗਜ਼ ਦਿਖਾਓ ...
(20 ਮਈ 2023)
ਇਸ ਸਮੇਂ ਪਾਠਕ: 260.


ਸੱਤਾ ਹੋਸ਼ ਕਰੇ!!

ਸੱਤਾ ਕਿੰਨੀ ਡਰਪੋਕ ਹੈ … ਹੁਣ ਨਵਸ਼ਰਨ ਤੋਂ ਡਰ ਗਈ ਹੈ … ਬਹਾਨਾ ਮਨੀ ਲਾਂਡਰਿੰਗ ਐਕਟ ਦਾ ਬਣਾਇਆ ਹੈ। ਅੱਠ ਘੰਟੇ ਲਈ ਨਵਸ਼ਰਨ ਨੂੰ ਇੰਟੈਰੋਗੇਟ ਕੀਤਾ ਗਿਆ ਹੈ। ਸੱਤਾ ਨਵਸ਼ਰਨ ਨੂੰ ਕੀ ਪੁੱਛਣਾ ਚਾਹੁੰਦੀ ਹੈ! ਜਦੋਂ 1984 ਵਿੱਚ ਦਿੱਲੀ ਵਿੱਚ ਕਤਲੇਆਮ ਹੁੰਦਾ ਹੈ ਤਾਂ ਗੌਤਮ ਨਵਲੱਖਾ ਲਿਖਦਾ ਹੈ … Who is guilty! … ਉਹ ਨਵਲੱਖਾ ਅੱਜ ਵੀ ਸੱਤਾ ਦੀਆਂ ਸਾਜ਼ਿਸ਼ਾਂ ਖਿਲਾਫ ਲਿਖਦਾ ਹੈ। ਉਸ ਗੌਤਮ ਨਵਲੱਖਾ ਨੂੰ ਤੁਸੀਂ ਚਾਰ ਸਾਲਾਂ ਤੋਂ ਬੰਦ ਕੀਤਾ ਹੋਇਆ ਹੈ … ਨਵਸ਼ਰਨ ਹਰ ਇੱਕ ਮੰਚ ਤੋਂ ਆਵਾਜ਼ ਉਠਾਉਂਦੀ ਹੈ, “ਉਸ ਬਜ਼ੁਰਗ ਨੂੰ ਸੀਖਾਂ ਪਿੱਛੇ ਕਿਉਂ ਡੱਕਿਆ ਹੋਇਆ ਹੈ … ਉਹ ਕੋਵਿਡ ਦੀ ਬਿਮਾਰੀ ਨਾਲ ਜੂਝਦਾ ਬੰਦਾ … ਤੁਹਾਨੂੰ ਉਸ ਤੋਂ ਡਰ ਲਗਦਾ ਹੈ? … ਉਸ ਨੂੰ ਬੁਨਿਆਦੀ ਮਨੁੱਖੀ ਸਹੂਲਤਾਂ ਵੀ ਨਹੀਂ ਦੇ ਰਹੇ ਹੋ … ਕੀ ਸੱਤਾ ਨੂੰ ਸ਼ਰਮ ਆਉਂਦੀ ਹੈ!” … ਉਹ ਆਨੰਦ ਤੇਲਤੁੰਬੜੇ ਸਟੇਨਸਵਾਮੀ … ਸੁਧਾ … ਫਰੇਰਾ … ਸਭ ਬਾਰੇ ਸਵਾਲ ਕਰਦੀ ਹੈ … ਜਦੋਂ ਉਹ ਇਹ ਸਵਾਲ ਕਰਦੀ ਹੈ ਤਾਂ ਉਸਦੇ ਗਲ਼ੇ ਦੀਆਂ ਨਸਾਂ ਫੁੱਲ ਜਾਂਦੀਆਂ ਨੇ। ਹੱਥ ਹਵਾ ਵਿੱਚ ਕੰਬਦਾ ਹੈ। ਉਹਦੀਆਂ ਅੱਖਾਂ ਭਰ ਆਉਂਦੀਆਂ ਨੇ। ਸੰਘ ਭਾਰਾ ਹੋ ਜਾਂਦਾ ਹੈ। ਪਰ ਉਹ ਫਿਰ ਵੀ ਚੁੱਪ ਨਹੀਂ ਹੁੰਦੀ, ਉਹ ਦਹਾੜਦੀ ਹੈ, “ਸ਼ਰਮ ਕਰੋ … ਸ਼ਰਮ ਕਰੋ!”

ਪਰ ਸੱਤਾ ਬੇਸ਼ਰਮ ਹੈ … ਨਵਸ਼ਰਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨਵਸ਼ਰਨ ਨੂੰ, ਜਿਸਦੀਆਂ ਨਾੜਾਂ ਵਿੱਚ ਨਾਬਰੀ ਦਾ ਖੂਨ ਦੌੜਦਾ ਹੈ। ਉਹ ਸੱਤਾ ਦੀ ਦਹਿਸ਼ਤ ਅਤੇ ਫਿਰਕੂ ਦਹਿਸ਼ਤ ਨੂੰ ਬਰਾਬਰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੇ ਗੁਰਸ਼ਰਨ ਸਿੰਘ ਦੀ ਧੀ ਹੈ। ਓਹੀ ਗੁਰਸ਼ਰਨ ਸਿੰਘ ਜੋ 84 ਵਿੱਚ ਬੁਲੰਦ ਆਵਾਜ਼ ਵਿੱਚ ਸਵਾਲ ਕਰਦਾ ਹੈ ਕਿ “ਜੋ ਮਾਰੇ ਗਏ, ਸਾੜ ਦਿੱਤੇ ਗਏ … ਉਨ੍ਹਾਂ ਦਾ ਕੀ ਕਸੂਰ ਸੀ?? ਅੱਜ ਤੁਸੀਂ ਉਸ ਗੁਰਸ਼ਰਨ ਸਿੰਘ ਦੀ ਧੀ ਨੂੰ ਕੀ ਪੁੱਛਣਾ ਚਾਹੁੰਦੇ ਹੋ … ਜਾਂ ਕੀ ਦੱਸਣਾ ਚਾਹੁੰਦੇ ਹੋ!!!

ਨਵਸ਼ਰਨ ਨੇ ਇਹੋ ਜਿਹਾ ਕੀ ਕਰ ਦਿੱਤਾ ਹੈ ਜਿਸ ਤੋਂ ਤੁਹਾਨੂੰ ਖੌਫ਼ ਆ ਰਿਹਾ ਹੈ? ਤੁਹਾਡੇ ਜ਼ਰਖਰੀਦ ਗੁੰਡੇ ਸੜਕਾਂ ’ਤੇ ਨਿਕਲਦੇ ਹਨ … ਮਨੁੱਖੀ ਜਾਨਾਂ ਅੱਗ ਲਾ ਕੇ ਸਾੜ ਦਿੰਦੇ ਹਨ … ਬਹਾਨਾ ਧਰਮ ਦਾ ਬਣਾਉਂਦੇ ਹੋ … ਲਿੰਚਿੰਗ ਕਰਦੇ ਹੋ … ਤੇ ਸਾਡੀ ਨਵਸ਼ਰਨ ਉਹਨਾਂ ਘਰਾਂ ਵਿੱਚ ਜਾਂਦੀ ਹੈ, ਜਿਹਨਾਂ ਘਰਾਂ ਦਾ ਇੱਕੋ-ਇੱਕ ਕਮਾਊ ਬੰਦਾ ਤੁਸੀਂ ਮਾਰ ਸੁੱਟਿਆ! … ਕੀ ਤੁਸੀਂ ਨਵਸ਼ਰਨ ਤੋਂ ਇਹ ਪੁੱਛੋਗੇ ਕਿ ਉਸ ਬੰਦੇ ਦੇ ਪਰਿਵਾਰ ਦਾ ਕੀ ਹਾਲ ਹੈ!! … ਉਹਨਾਂ ਦੀਆਂ ਅੱਖਾਂ ਵਿੱਚ ਕਿੰਨਾ ਸਹਿਮ ਹੈ!! … ਬੱਚੀਆਂ ਕਿੰਨੀਆਂ ਘਬਰਾਈਆਂ ਹੋਈਆਂ ਹਨ!! … ਨਵਸ਼ਰਨ ਦਾ ਕਸੂਰ ਇਹ ਹੈ ਕਿ ਉਹ ਉਹਨਾਂ ਸਹਿਮੇ ਹੋਏ ਬੱਚਿਆਂ ਨੂੰ ਹਿੱਕ ਨਾਲ ਲਾਉਂਦੀ ਹੈ … ਉਹਨਾਂ ਦੇ ਹੰਝੂ ਪੂੰਝਣ ਦੀ ਕੋਸ਼ਿਸ਼ ਕਰਦੀ ਹੈ … ਉਹਨਾਂ ਦੀ ਦਾਸਤਾਨ ਵਾਰ-ਵਾਰ ਸੁਣਨ ਜਾਂਦੀ ਹੈ … ਕੀ ਤੁਸੀਂ ਉਹ ਸਭ ਕੁਝ ਨਵਸ਼ਰਨ ਤੋਂ ਪੁੱਛੋਗੇ!!!

ਨਵਸ਼ਰਨ ਅਸਾਮ ਜਾਂਦੀ ਹੈ ਉਹਨਾਂ ਘਰਾਂ ਵਿੱਚ, ਜਿਨ੍ਹਾਂ ਨੂੰ ਤੁਸੀਂ ਹੁਕਮ ਚਾੜ੍ਹ ਦਿੱਤਾ ਹੈ ਕਿ ਜਾਂ ਤਾਂ ਕਾਗਜ਼ ਦਿਖਾਓ ਤੇ ਜਾਂ ਫਿਰ ਮਰ ਮੁੱਕ ਜਾਓ!! … ਕੀ ਤੁਹਾਨੂੰ ਪਤਾ ਹੈ, ਇਹੋ ਜਿਹੇ ਗਰੀਬ, ਲਾਚਾਰ, ਬੇਵੱਸ ਲੋਕਾਂ ਨੂੰ ਮਿਲਣਾ ਕਿਹੋ ਜਿਹਾ ਹੁੰਦਾ ਹੈ!! … ਉਹਨਾਂ ਦੀਆਂ ਅੱਖਾਂ ਵਿੱਚ ਤੈਰਦੇ ਮਾਸੂਮ ਸਵਾਲ ਦਾ ਸਾਹਮਣਾ ਕਰਨਾ ਕਿੰਨਾ ਔਖਾ ਹੁੰਦਾ ਹੈ!! … ਨਵਸ਼ਰਨ ਦੀਦੀ ਹਿੰਮਤ ਕਰਦੀ ਹੈ … ਜੇ ਉਹ ਵੀ ਸੁਖ-ਰਹਿਣੀ ਹੁੰਦੀ - ਮੈਂ ਤੁਹਾਨੂੰ ਦੱਸ ਦਿਆਂ ਕਿ ਨਵਸ਼ਰਨ ਉੱਚ ਸਿੱਖਿਆ ਹਾਸਲ ਕਰ ਚੁੱਕੀ ਹੈ … ਕੈਨੇਡਾ ਦੀ ਔਟਵਾ ਯੂਨੀਵਰਸਿਟੀ ਤੋਂ ਵੀ ਉੱਚ ਸਿੱਖਿਆ ਹਾਸਲ ਕਰਕੇ ਆਈ ਹੈ … ਉਹ ਵੀ ਕਿਸੇ ਵੱਡੇ ਦਫਤਰ ਵਿੱਚ ਆਰਾਮ ਨਾਲ ਕਿਸੇ ਕੁਰਸੀ ’ਤੇ ਬੈਠੀ ਹੁੰਦੀ … ਤੇ ਤਮਾਮ ਸੁਖ-ਸਹੂਲਤਾਂ ਮਾਣ ਰਹੀ ਹੁੰਦੀ … ਤੁਹਾਡੇ ਹੀ ਪ੍ਰਬੰਧ ਦਾ ਕੋਈ ਪੁਰਜ਼ਾ ਬਣ ਜਾਂਦੀ … ਫਿਰ ਤੁਹਾਨੂੰ ਕੋਈ ਤਕਲੀਫ ਨਹੀਂ ਹੋਣੀ ਸੀ … ਪਰ ਕੀ ਤੁਸੀਂ ਨਵਸ਼ਰਨ ਨੂੰ ਪੁੱਛੋਗੇ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿੰਨੀ ਵੱਡੀ ਤਕਲੀਫ ਵਿੱਚੋਂ ਗੁਜ਼ਰਦੀ ਹੈ, ਜਦੋਂ ਦੱਬੇ-ਕੁਚਲੇ ਲਿਤਾੜੇ ਲੋਕਾਂ ਨੂੰ ਹਿੱਕ ਨਾਲ ਲਾਉਂਦੀ ਹੈ!

ਅਜੇ ਤਾਂ ਕੱਲ੍ਹ ਦੀ ਗੱਲ ਹੈ, ਜਦੋਂ ਨਵਸ਼ਰਨ ਮਾਨਸਾ ਵਿਖੇ ਇੱਕ ਸਮਾਗਮ ਵਿੱਚ ਮੈਨੂੰ ਮਿਲੀ ਸੀ। ਸਵਾਲ ਤਾਂ ਉਸ ਨੇ ਮੈਨੂੰ ਪੁੱਛਿਆ ਸੀ ਕਿ “ਤੂੰ ਲਗਾਤਾਰ ਇੰਨਾ ਦਰਦ ਮੰਚ ਤੋਂ ਪੇਸ਼ ਕਰਦਾ ਹੋਇਆ ਮਾਨਸਿਕ ਤੌਰ ’ਤੇ ਪੀੜ ਅਤੇ ਥਕਾਵਟ ਮਹਿਸੂਸ ਨਹੀਂ ਕਰਦਾ?” ਪਰ ਮੇਰੇ ਜਵਾਬ ਦੀ ਉਡੀਕ ਕੀਤੇ ਬਿਨਾਂ ਉਸ ਦੱਸਿਆ ਸੀ ਕਿ ਉਹ ਕਿੰਨੇ ਵੱਡੇ ਮਾਨਸਿਕ ਕਸ਼ਟ ਵਿੱਚੋਂ ਗੁਜ਼ਰਦੀ ਹੈ, ਜਦੋਂ ਇਹਨਾਂ ਲੋਕਾਂ ਨੂੰ ਮਿਲਦੀ ਹੈ! ਨਵਸ਼ਰਨ ਜਾਣਦੀ ਹੈ ਕਿ ਉਹ ਲੋਕ ਜਿਹੜਾ ਮਾਨਸਿਕ ਕਸ਼ਟ ਭੋਗ ਰਹੇ ਹਨ, ਉਸ ਤੋਂ ਵੱਡਾ ਕੁਝ ਵੀ ਨਹੀਂ! ਇਸੇ ਲਈ ਨਵਸ਼ਰਨ ਆਪਣੀ ਹਸਤੀ, ਰੁਤਬਾ, ਸਭ ਕੁਝ ਤਿਆਗ ਕੇ ਗਲੀ-ਗਲੀ ਪਿੰਡ ਪਿੰਡ ਬਸਤੀ ਵਿੱਚ ਲੋਕਾਈ ਦਾ ਦਰਦ ਚੁਗ਼ਦੀ ਫਿਰਦੀ ਹੈ … ਸਲਾਮ ਹੈ ਸਾਡੀ ਇਸ ਬਹਾਦਰ ਭੈਣ ਨੂੰ। ਅਸੀਂ ਕਹਿਣਾ ਚਾਹੁੰਦੇ ਹਾਂ - “ਦੀਦੀ … .ਤੁਸੀਂ ਇਕੱਲੇ ਨਹੀਂ … ਅਸੀਂ ਸਭ ਨਵਸ਼ਰਨ ਹਾਂ … ਸਾਨੂੰ ਮਾਣ ਹੈ ਨਵਸ਼ਰਨ ਹੋਣ ’ਤੇ! … ਸੱਤਾ ਕਿੰਨੇ ਕੁ ਨਵਸ਼ਰਨ ਡੱਕ ਲਏਗੀ! … ਤੁਸੀਂ ਗੁਰਸ਼ਰਨ ਸਿੰਘ ਦੀਆਂ ਨੀਲੀਆਂ ਸੁਪਨੀਲੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਆਪਣੀਆਂ ਹਥੇਲ਼ੀਆਂ ’ਤੇ ਬੋਚ ਲਿਆ ਹੈ … ਸੱਤਾ ਉਹਨਾਂ ਹੰਝੂਆਂ ਦੇ ਸੇਕ ਤੋਂ ਡਰਦੀ ਹੈ … ਅਸੀਂ ਇਹ ਸੇਕ ਮੱਠਾ ਨਹੀਂ ਪੈਣ ਦਿਆਂਗੇ ਸਾਡੀ ਨਵਸ਼ਰਨ!”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3976)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

Mobile: (91 98880 - 11096)
Email: (sssahebealam@gmail.com)