SahibSinghDr7ਬੀਬੀ ਨੇ ਫਿਰ ਵੀ ਆਥਣ ਵੇਲੇ ਰੋਟੀ ਪਕਾਈ ਸੀ ਤੇ ਕਿਹਾ ਸੀ, “ਖਾਓ ਪੁੱਤ, ਤਕੜੇ ਹੋਵੋ … ਕੁਛ ਨੀ ਹੋਇਆ! ...”
(16 ਜੂਨ 2023)

 

SahibSinghDrFull1


ਮੇਰੇ ਆਲੇ ਦੁਆਲੇ ਕੁਝ ਵੀ ਵਾਪਰੇ
, ਮੇਰੇ ’ਤੇ ਅਸਰ ਹੁੰਦਾ ਹੈ! ਮੇਰੇ ਦਿਲ ਦਿਮਾਗ ਵਿੱਚ ਉੱਠਦੇ ਫ਼ਿਕਰਾਂ ਤੇ ਭਾਵਨਾਵਾਂ ਦੀ ਨਿਕਾਸੀ ਮੇਰੇ ਨਾਟਕਾਂ ਰਾਹੀਂ ਹੋ ਰਹੀ ਹੈ! ਸ਼ਾਇਦ ਮੈਂ ਲਿਖਦਾ ਨਾ ਹੁੰਦਾ ਤਾਂ ਅੰਦਰੋਂ-ਅੰਦਰੀ ਫਟ ਜਾਂਦਾ! ਬਚਪਨ ਤੋਂ ਲੈ ਕੇ ਜਵਾਨੀ ਤਕ ਪਿੰਡ ਵਿੱਚ ਬਿਤਾਏ ਪਲ ਮੇਰਾ ਸਾਹਿਤਕ ਖਜ਼ਾਨਾ ਹਨਮੇਰੇ ਬਹੁਤੇ ਪਾਤਰ ਮੈਨੂੰ ਆਪਣੇ ਘਰ ਤੇ ਪਿੰਡ ਵਿੱਚੋਂ ਮਿਲ ਜਾਂਦੇ ਨੇ ... ਸ਼ਾਇਦ ਮੇਰੇ ਲਈ ਉਹਨਾਂ ਨੂੰ ਛੱਡ ਕੇ ਦੂਰ ਕਿਤੇ ਪਾਤਰ ਲੱਭਣ ਜਾਣਾ ਔਖਾ ਹੈ … ਤੇ ਮੈਂ ਬਹੁਤੀ ਔਖ ਝੱਲ ਨਹੀਂ ਸਕਦਾਮੇਰੇ ਟੱਬਰ ਵਿੱਚ ਨਾ ਕੋਈ ਸਾਹਿਤਕਾਰ ਸੀ, ਨਾ ਕਲਾਕਾਰ … ਕਿਤਾਬਾਂ ਜ਼ਰੂਰ ਸਨਬੱਬਰ ਲਹਿਰ ਦੇ ਸੂਰਮਿਆਂ ਦੀ ਠਾਹਰ ਬਣਦਾ ਸਾਡਾ ਘਰ ਤੇ ਉਹਨਾਂ ਨੂੰ ਹੌਸਲੇ ਨਾਲ ਸਾਂਭਣ ਵਾਲੀਆਂ ਮੇਰੇ ਬਾਬਿਆਂ ਦੀਆਂ ਕਹਾਣੀਆਂ ਮੇਰੇ ਅੰਗ ਸੰਗ ਹਨਨਕਸਲਵਾੜੀ ਲਹਿਰ ਦੌਰਾਨ ਘਰ ਦੀ ਛੱਤ ’ਤੇ ਜੋੜ ਕੇ ਡਾਹੇ ਮੰਜਿਆਂ ’ਤੇ ਸੁੱਤੇ ਇਨਕਲਾਬੀ ਚਿੰਤਕਾਂ ਦੇ ਮੂੰਹੋਂ ਨਿਕਲੇ ਦਾਰਸ਼ਨਿਕ ਬੋਲ ਕਿਤੇ ਮੇਰੀ ਸਿਮਰਤੀ ਵਿੱਚ ਸਾਂਭੇ ਹੋਏ ਹਨਪਰ ਨਾਟਕ ਮੇਰੇ ਤਕ ਬਹੁਤ ਦੁਖਦਾਈ ਅਜੀਬ ਘਟਨਾ ਦੇ ਰੂਪ ਵਿੱਚ ਪਹੁੰਚਿਆ ਸੀ, ਉਦੋਂ ਨਹੀਂ ਸੀ ਪਤਾ ਕਿ ਇਹ ਘਟਨਾ ਨਾਟਕੀ ਹੈ!

ਮੈਂ ਦੂਜੀ ਜਾਂ ਤੀਜੀ ਵਿੱਚ ਪੜ੍ਹਦਾ ਸੀਸਕੂਲ ਸਾਡੇ ਘਰ ਤੋਂ ਸਿਰਫ ਇੱਕ ਖੇਤ ਦੀ ਵਿੱਥ ’ਤੇ ਸੀਅੱਧੀ ਛੁੱਟੀ ਵੇਲੇ ਘਰੇ ਆ ਕੇ ਬੀਬੀ ਦੇ ਹੱਥਾਂ ਦੀ ਬਣੀ ਰੋਟੀ ਛਕ ਜਾਂਦਾ ਸੀ ਇੱਕ ਦਿਨ ਤਿੱਖੜ ਦੁਪਹਿਰੇ ਜਦੋਂ ਮੈਂ ਘਰ ਆਇਆ ਤਾਂ ਘਰ ਅਤੇ ਖੇਤ ਰੰਗਮੰਚ ਬਣੇ ਹੋਏ ਸਨਬੀਬੀ ਦੁਹੱਥੜਾਂ ਮਾਰ ਰਹੀ ਸੀ … ਖੇਤਾਂ ਵਿੱਚ ਭੱਜਾ ਜਾਂਦਾ ਮੇਰਾ ਚਾਚੂ (ਦਾਦਾ) ਨਜ਼ਰ ਆ ਰਿਹਾ ਸੀ … ਉਸ ਤੋਂ ਵੀ ਮੂਹਰੇ ਨਿਹੰਗੀ ਬਾਣੇ ਵਿੱਚ ਲੰਮੀਆਂ ਪੁਲਾਂਘਾਂ ਪੁੱਟਦੇ ਮੇਰੇ ਭਾਪੇ ਦੀ ਪਿੱਠ ਦਿਖਾਈ ਦੇ ਰਹੀ ਸੀਬੀਬੀ ਦੇ ਹੱਥ ਆਟੇ ਨਾਲ ਲਿਬੜੇ ਹੋਏ ਸਨ। ਚਾਚੂ ਦੇ ਹੱਥਾਂ ਵਿੱਚ ਮੋਟੀ ਡਾਂਗ ਸੀ ਤੇ ਭਾਪੇ ਦੇ ਹੱਥਾਂ ਵਿੱਚ ਫੁੱਲ ਬੂਟੀਆਂ ਵਾਲਾ ਝੋਲਾ ਲਹਿਰਾ ਰਿਹਾ ਸੀਉਦੋਂ ਘਰ ਅਤੇ ਕਿਰਤ ਨਾਲ ਭਾਪੇ ਦੇ ਤਿੜਕੇ ਰਿਸ਼ਤੇ ਦੀ ਧੁੰਦਲੀ ਜਿਹੀ ਜਾਣਕਾਰੀ ਤਾਂ ਸੀ ਪਰ ਇਸ ਦ੍ਰਿਸ਼ ਦਾ ਸਾਰ ਸ਼ਾਮ ਤਕ ਸਮਝ ਆਇਆ … ਭਾਪੇ ਨੇ ਹਾੜ੍ਹੀ ਦੀ ਫਸਲ ਦੀ ਕਮਾਈ ਹਰੀਆਂ ਵੇਲਾਂ ਦੇ ਗੁਰਦੁਆਰੇ ਦੀ ਗੋਲਕ ਵਿੱਚ ਲਿਜਾ ਸੁੱਟੀ ਸੀ। ਮਿੱਟੀ ਨਾਲ ਮਿੱਟੀ ਹੁੰਦਾ ਚਾਚੂ ਸਿਰ ਫੜੀ ਬੈਠਾ ਸੀ, ਪਰ ਬੀਬੀ ਸਿਦਕ ਸਬਰ ਦੀ ਮੂਰਤ ਬਣੀ ਸਾਨੂੰ ਛੇਆਂ ਭੈਣਾਂ-ਭਰਾਵਾਂ ਨੂੰ ਹਿੱਕ ਨਾਲ ਲਾਈ ‘ਸਭ ਕੁਝ ਠੀਕ ਹੋ ਜਾਊਗਾ’ ਦੀ ਅਸੀਸ ਦੇ ਰਹੀ ਸੀ

ਇਹ ਤਿੰਨ ਪਾਤਰ ਮੇਰੇ ਨਾਟਕਾਂ ਦੇ ਆਰ-ਪਾਰ ਫੈਲੇ ਹੋਏ ਹਨ ਤੇ ਰੂਪ ਬਦਲ ਬਦਲ ਕੇ ਮੇਰੇ ਸਾਹਮਣੇ ਆ ਖੜ੍ਹਦੇ ਹਨਭਾਪਾ, ਕਿਰਤ ਤੋਂ ਭੱਜਿਆ … ਜ਼ਿੰਦਗੀ ਦੇ ਸੰਘਰਸ਼ ਦੀ ਪੰਜਾਲ਼ੀ ਤੋਂ ਮੋਢੇ ਬਚਾਉਂਦਾ, ਚਾਚੂ ਦਾ ਇਕਲੌਤਾ ਪੁੱਤ! ਚਾਚੂ, ਜਿਵੇਂ ਜੰਮਿਆ ਹੀ ਖੇਤੀ ਲਈ ਸੀ … ਨਰੋਈ ਹੱਡੀ … ਤੜਕੇ ਤੋਂ ਆਥਣ ਤਕ ਹੱਡ ਭੰਨਵੀਂ ਕਮਾਈ ਕਰਦਾ … ਬਲਦਾਂ ਮਗਰ ਤੁਰ ਤੁਰ ਕੇ ਉਹਦੀਆਂ ਪਿੰਜਣੀਆਂ ਦੀਆਂ ਨਸਾਂ ਹਮੇਸ਼ਾ ਫੁੱਲੀਆਂ ਰਹਿੰਦੀਆਂ … ਮੋਟੀ ਨੰਗੀ ਗਾਲ਼ ਕੱਢਣ ਦਾ ਮਾਹਰ … ਗਾਲ਼ਾਂ ਕੱਢਣ ਲੱਗਿਆਂ ਨਾ ਘਰ ਦੇਖਦਾ ਨਾ ਖੇਤ, ਨਾ ਬੰਦਾ ਨਾ ਤੀਵੀਂ … ਉਹਨੂੰ ਕਦੇ ਗੁਰਦੁਆਰੇ ਜਾਂਦਿਆਂ ਨਹੀਂ ਦੇਖਿਆ … ਮੱਸਿਆ, ਸੰਗਰਾਂਦ ਜਾਂ ਗੁਰਪੁਰਬ … ਚਾਚੂ ਖੇਤਾਂ ਵਿੱਚ ਹੀ ਰਹਿੰਦਾ … ਇਕ ਦਿਨ ਗੁਰੂ ਤੇਗ ਬਹਾਦਰ ਦੇ ਗੁਰਪੁਰਬ ’ਤੇ ਬੀਬੀ ਨੂੰ ਗੁਰਦੁਆਰਿਓਂ ਆਉਣ ਵਿੱਚ ਥੋੜ੍ਹੀ ਜਿਹੀ ਦੇਰ ਹੋ ਗਈ ਤਾਂ ਹਰਖੇ ਤੇ ਤਪੇ ਹੋਏ ਚਾਚੂ ਨੇ ਗੁਰੂ ਨੂੰ ਵੀ ਨਾ ਬਖਸ਼ਿਆ … ਮੋਟੀ ਗਾਲ਼ ਕੱਢ ਕੇ ਬੋਲਿਆ, “ਤੇਗ ਬਹਾਦਰ ਖੂਆਊ ਰੋਟੀ ਤੇਰੇ ਟੱਬਰ ਨੂੰ!” … ਚਾਚੂ ਦੇ ਹਿੱਸੇ ਦੀ ਭੁੱਲ ਬੀਬੀ ਨੇ ਗੁਰੂ ਅੱਗੇ ਮੱਥਾ ਟੇਕ ਬਖਸ਼ਾਈ ਸੀ! ਬੀਬੀ, ਮਿਹਨਤ ਤੇ ਸਮਰਪਣ ਦੀ ਸਾਖਿਆਤ ਮੂਰਤ … ਲੱਕ ’ਤੇ ਪਰਨਾ ਬੰਨ੍ਹ ਲੈਂਦੀ ਤੇ ਘਰ ਅਤੇ ਖੇਤ ਨੂੰ ਬੰਨ੍ਹ ਕੇ ਰੱਖਦੀ! ਆਪਣੇ ਨਾਟਕਾਂ ਵਿੱਚ ਇਕਹਿਰਾ ਪਾਤਰ ਸਿਰਜਣ ਤੋਂ ਵਾਹ ਲੱਗਦੇ ਗੁਰੇਜ਼ ਕਰਨ ਦਾ ਮੁਢਲਾ ਸਬਕ ਮੈਂ ਬੀਬੀ ਤੋਂ ਹੀ ਸਿੱਖਿਆ ਸੀਬੀਬੀ ਗੁਰਦੁਆਰੇ ਜਾਣ ਦਾ ਨਿਤਨੇਮ ਕਦੇ ਟੁੱਟਣ ਨਹੀਂ ਸੀ ਦਿੰਦੀ। ਕੋਈ ਕਹਿ ਦਿੰਦਾ, “ਭਾਗ ਕੁਰੇ, ਗੁਰੂ ਘਰ ਨੇ ਤੇਰਾ ਬੰਦਾ ਖੋਹ ਲਿਆ! ਤੂੰ ਫੇਰ ਵੀ!” ਬੀਬੀ ਦਾ ਜਵਾਬ ਸਹਿਜ ਹੁੰਦਾ, “ਗੁਰੂ ਘਰ ਨੇ ਮੇਰਾ ਘਰ ਉਜਾੜਨਾ ਹੁੰਦਾ ਤਾਂ ਮੈਨੂੰ ਵੀ ਭਟਕਾਅ ਦਿੰਦਾ, ਬੰਦੇ ਦੇ ਕਰਮ ਐਂ ਬੱਸ ਵੀਰਾ!” ਬਹੁਪਰਤੀ ਕਿਰਦਾਰ ਕੀ ਹੁੰਦਾ ਹੈ, ਬੀਬੀ ਦੇ ਵਿਹਾਰ ਨੇ ਦੱਸ ਪਾਈ ਸੀਜਦੋਂ ਛੇ ਨਿਆਣਿਆਂ ਦੇ ਮੂੰਹੋਂ ਰਿਜ਼ਕ ਖੋਹ ਕੇ ਭਾਪਾ ਗੁਰਦੁਆਰੇ ਸੁੱਟ ਆਇਆ ਸੀ, ਤਾਂ ਬੀਬੀ ਨੇ ਫਿਰ ਵੀ ਆਥਣ ਵੇਲੇ ਰੋਟੀ ਪਕਾਈ ਸੀ ਤੇ ਕਿਹਾ ਸੀ, “ਖਾਓ ਪੁੱਤ, ਤਕੜੇ ਹੋਵੋ … ਕੁਛ ਨੀ ਹੋਇਆ!” ਪਰ ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਉਸ ਰਾਤ ਚੁੱਲ੍ਹੇ ਅੱਗ ਨਹੀਂ ਸੀ ਬਲੀ … “ਬਹੁਤ ਕੁਝ ਹੋ ਗਿਆ ਸੀ!”

ਇਹ ਤਿੰਨ ਪਾਤਰ ਮੇਰੇ ’ਤੇ ਅਸਰ ਪਾਉਂਦੇ ਨੇ … ਪਰ ਮੈਂ ਨਾ ਹੀ ਨਿਰਾ ਬੀਬੀ ਵਰਗਾ ਹੋਣਾ ਲੋਚਦਾਂ, ਨਾ ਭਾਪੇ ਵਰਗਾ, ਨਾ ਚਾਚੂ ਵਰਗਾ! … ਥੋੜ੍ਹਾ ਥੋੜ੍ਹਾ ਸਾਰਿਆਂ ਵਰਗਾ! ਆਪਣੇ ਨਾਟਕਾਂ ਦੇ ਪਾਤਰ ਸਿਰਜਣ ਵੇਲੇ ਵੀ ਇਹੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਮੈਨੂੰ ਅਹਿਸਾਸ ਹੈ ਕਿ ਅੱਡ-ਅੱਡ ਲੋਕਾਂ ਨੂੰ ਡੱਬਾਬੰਦ ਕਿਰਦਾਰਾਂ ਦੇ ਖੋਲ ਵਿੱਚ ਟਿਕਾ ਕੇ ਅਸੀਂ ਬਹੁਤ ਨੁਕਸਾਨ ਕੀਤਾ ਹੈਨਾਟ-ਕਲਾ ਕਹਿੰਦੀ ਹੈ ਕਿ ਸਮੇਂ, ਸਥਾਨ, ਕਾਰਨ ਅਤੇ ਸੰਗਤ ਦੇ ਹਿਸਾਬ ਨਾਲ ਪਾਤਰ ਦਾ ਵਿਵਹਾਰ ਬਦਲਦਾ ਹੈਮੈਂ ਕਿਸੇ ਮੁਹੱਬਤੀ ਇਨਸਾਨ ਨੂੰ ਹਰ ਵਕਤ ਮੁਹੱਬਤ ਦੇ ਰੰਗ ਵਿੱਚ ਗੜੁੱਚ ਨਹੀਂ ਦਿਖਾ ਸਕਦਾ … ਤੇ ਕਿਸੇ ਹੰਕਾਰੀ ਪੁਰਸ਼ ਨੂੰ ਕਦੇ ਕਦੇ ਹੰਕਾਰ ਦੇ ਘੋੜੇ ਤੋਂ ਹੇਠਾਂ ਉਤਾਰ ਕੇ ਆਮ ਮਨੁੱਖ ਦੇ ਰੂਪ ਵਿੱਚ ਨਹੀਂ ਲਿਖਾਂਗਾ ਤਾਂ ਆਪਣੀ ਵਿਧਾ ਦੇ ਧਰਮ ਨੂੰ ਅਧਰਮ ਵਿੱਚ ਬਦਲ ਰਿਹਾ ਹੋਵਾਂਗਾ! ਸ਼ਾਇਦ ਇਸੇ ਲਈ ਮੇਰਾ ਨਾਟਕ “ਧੰਨ ਲੇਖਾਰੀ ਨਾਨਕਾ” ਦੇਖਣ ਤੋਂ ਬਾਅਦ ਕੁਝ ਕੱਟੜ ਖੱਬੇ ਪੱਖੀ ਕਹਿੰਦੇ ਨੇ, “ਨਾਟਕ ਵਿੱਚ ਬਹੁਤਾ ਈ ਬਾਬਾ ਬਾਬਾ ਨੀ ਹੋ ਗਿਆ ਹੈ!” ਤੇ ਕੁਝ ਕੱਟੜ ਧਰਮੀ ਕਹਿੰਦੇ ਨੇ, “ਤੂੰ ਧਰਮ ’ਤੇ ਹਮਲਾ ਕਰਦੈਂ!” ਮੈਂ ਆਪਣੇ ਨਾਟਕ ਵਿੱਚ ਮਨੁੱਖ ਨੂੰ ਮਨੁੱਖ ਦੇ ਸਮੁੱਚ ਸਮੇਤ ਫੜਨਾ ਤੇ ਚਿਤਰਨਾ ਚਾਹੁੰਨਾਪਿੰਡ ਵਿੱਚ ਰਿਹਾ ਹਾਂ, ਪਿੰਡ ਮੇਰੇ ਅੰਦਰ ਵਸਿਆ ਹੋਇਆ ਹੈਪਿੰਡ ਦੇ ਹਰ ਬੰਦੇ ਦੇ ਸਿਰ ’ਤੇ ਕੋਈ ਝੰਡਾ ਲਹਿਰਾ ਰਿਹਾ ਹੁੰਦਾ ਹੈ … ਕਿਸੇ ਦੇ ਸਿਰ ’ਤੇ ਅਕਾਲੀ ਹੋਣ ਦਾ, ਕਿਸੇ ਦੇ ਕਾਂਗਰਸੀ ਤੇ ਕਿਸੇ ਦੇ ਕਾਮਰੇਡ! ਪਰ ਜਦੋਂ ਇਹ ਝੰਡਾ ਵਿਸ਼ਰਾਮ ਦੀ ਸਥਿਤੀ ਵਿੱਚ ਹੁੰਦਾ ਹੈ, ਜਦੋਂ ਉਹ ਇਹ ਸਭ ਨਹੀਂ ਹੁੰਦੇ, ਉਦੋਂ ਉਹ ਕਿਹੋ ਜਿਹੇ ਮਨੁੱਖ ਹੁੰਦੇ ਨੇ … ਕਿਹੋ ਜਿਹੀਆਂ ਗੱਲਾਂ ਕਰਦੇ ਨੇ … ਕਿਦਾਂ ਦੀਆਂ ਟਿੱਚਰਾਂ, ਕਿੱਦਾਂ ਦੇ ਫ਼ਿਕਰ … ਮੇਰਾ ਨਾਟਕ ਉਸ ਮਨੁੱਖ ਦੀ ਭਾਲ ਵਿੱਚ ਹੈ

ਸ਼ੁਰੂ ਦੀਆਂ ਨਾਟਕੀ ਮਸ਼ਕਾਂ ਦੌਰਾਨ ਅਸਹਿਜ ਉਲਾਰ ਪਾਤਰ ਸਿਰਜਦਿਆਂ ਇਉਂ ਲੱਗਦਾ ਸੀ ਜਿਵੇਂ ਕੋਈ ਕਿਲਾ ਸਰ ਕਰ ਲਿਆ ਹੋਵੇ … ਪਰ ਵਕਤ ਬੀਤਣ ਨਾਲ ਮੇਰੇ ਅੰਦਰ ਸਹਿਜ ਨਾਇਕ ਸਿਰਜਣ ਦੀ ਚਾਹਤ ਵਿਚਾਰਧਾਰਕ ਨੀਤੀ ਦੇ ਤੌਰ ’ਤੇ ਉੱਭਰੀਮੇਰੇ ਨਾਟਕ ਵਿੱਚ ਭਗਤ ਸਿੰਘ ਆਵੇ ਤਾਂ ਕਿਸੇ ਦ੍ਰਿਸ਼ ਵਿੱਚ ਮੋਢੇ ਨੀਵੇਂ ਕਰਕੇ ਵੀ ਆਵੇ, ਆਮ ਬੰਦਿਆਂ ਵਾਂਗ! … ਬਾਬਾ ਨਾਨਕ ਕਦੇ ਕਦੇ ਕੋਈ ਸ਼ਰਾਰਤ ਜਿਹੀ ਕਰੇ! … ਬਾਬਾ ਭਕਨਾ ਮੇਰੇ ਚਾਚੂ ਦੀ ਤਰ੍ਹਾਂ ਮੋਟੀ ਗਾਲ਼ ਕੱਢੇ … ਤੇ ਗ਼ਦਰੀ ਗੁਲਾਬ ਕੌਰ ਬਸੰਤੀ ਚੁੰਨੀ ਦੀ ਪੁੱਠੀ ਬੁੱਕਲ ਮਾਰ ਕੇ ਮੂਲ ਮੰਤਰ ਦਾ ਜਾਪ ਕਰੇ! ਇਸੇ ਲਈ “ਸੰਮਾਂ ਵਾਲੀ ਡਾਂਗ” ਨਾਟਕ ਵਿੱਚ ਲੜਦੇ-ਭਿੜਦੇ ਰਿੱਝਦੇ ਬਖਤਾਵਰ ਸਿੰਘ ਤੇ ਸਿਮਰ ਕੌਰ ਦਾ ਮੁਹੱਬਤੀ ਦ੍ਰਿਸ਼ ਦੋ ਵਾਰ ਸਿਰਜਦਾ ਹਾਂ … ਇਕ ਵਾਰ ਪ੍ਰਚੰਡ ਰੂਪ ਵਿੱਚ ਅਭੇਦ ਹੋਣ ਦਾ … ਤੇ ਦੂਜੀ ਵਾਰ ਸ਼ਰਾਰਤ ਵਾਲ਼ਾ, ਉਹ ਵੀ ਖੇਤ ਦੀ ਵੱਟ ’ਤੇ … ਖੁੱਲ੍ਹੇ ਅੰਬਰ ਦੇ ਹੇਠਾਂ! ਮੇਰਾ ਨਾਟਕ ਅਗਰ ਜ਼ਿੰਦਗੀ ਦੇ ਸੂਖ਼ਮ ਰੰਗ ਨਹੀਂ ਫੜੇਗਾ ਤਾਂ ਸਥੂਲ ਤਬਦੀਲੀ ਦਾ ਵੀ ਕੁਝ ਨਹੀਂ ਸੁਆਰ ਸਕੇਗਾ! ਮੇਰੇ ਲਈ “ਲੱਛੂ ਕਬਾੜੀਆ” ਨਾਟਕ ਵਿੱਚ ਲਿਖੇ ਸੈਂਕੜੇ ਸੰਵਾਦਾਂ ਤੋਂ ਵੀ ਵੱਡਾ ਸੰਵਾਦ ਉਹ ਹੈ, ਜਦੋਂ ਇੱਕ ਕਮਰੇ ਵਾਲੇ ਖੋਲ਼ਾ ਨੁਮਾ ਘਰ ਵਿੱਚ ਬੀਬੀ ਬਾਪੂ ਵਾਲੇ ਪਾਸੇ ਪੱਲੀ ਤਾਣ ਕੇ ਲੱਛੂ ਆਪਣੀ ਵਹੁਟੀ ਨੂੰ ਕਹਿੰਦਾ ਹੈ, “ਬੀਬੀ ਅਜੇ ਸੁੱਤੀ ਨੀ ਮਿੰਦੀਏ, ਸੌਂ ਜਾਏਗੀ!” ਉਹ ਆਪਣੀ ਤੀਵੀਂ ਨੂੰ ਕੁੱਟਦੈ, ਗਾਲ਼ਾਂ ਕੱਢਦੈ, ਫਿਰ ਪਿਆਰ ਕਰਦਾ ਹੈ! ਇਹਨਾਂ ਪਲਾਂ ਬਾਰੇ ਤੱਟਫੱਟ ਕੋਈ ਨਿਰਣਾ ਦੇ ਕੇ ਤੁਸੀਂ ਕਿਰਦਾਰ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ ... ਬਲਕਿ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ... ਮੇਰਾ ਨਾਟਕ ਸਮਝਣ ਦੇ ਆਹਰ ਵਿੱਚ ਹੈ!

“ਲੱਛੂ ਕਬਾੜੀਆ” ਕਿਵੇਂ ਹੋਂਦ ਵਿੱਚ ਆਇਆ! ਦੋ ਘਟਨਾਵਾਂ ਨੇ ਮੈਨੂੰ ਬੇਚੈਨ ਕੀਤਾ ਸੀਪਰ ਉਹਨਾਂ ਘਟਨਾਵਾਂ ਬਾਰੇ ਦੱਸਣ ਤੋਂ ਪਹਿਲਾਂ ਪਿੰਡ ਦਾ ਇੱਕ ਦ੍ਰਿਸ਼ ਗੌਰ ਫਰਮਾਓ! ਮੇਰੇ ਦਾਦੇ ਚਾਰ ਭਰਾ ਸਨਵੱਡੇ ਨੂੰ ਅਸੀਂ ‘ਤਾਇਆ’ ਕਹਿੰਦੇ, ਠਰ੍ਹੰਮੇ ਵਾਲ਼ਾ ਤਾਇਆ … ਉਸ ਤੋਂ ਛੋਟਾ ‘ਬਾਈ’, ਘੱਟ ਬੋਲਦਾ ... ਤੀਜੇ ਨੰਬਰ ’ਤੇ ‘ਚਾਚੂ’, ਅੱਗ ਦੀ ਨਾਲ਼ ... ਸਭ ਤੋਂ ਛੋਟਾ ‘ਬਾਪੂ’, ਲੜਨ ਲਈ ਤਿਆਰ-ਬਰ-ਤਿਆਰ! ਲੜਾਈ ਦਾ ਨਾਂਅ ਸੁਣ ਕੇ ਚਾਰਾਂ ਨੂੰ ਹੀ ਚਾਅ ਚੜ੍ਹ ਜਾਂਦਾ ... ਡਾਂਗਾਂ, ਟਕੂਏ, ਗੰਡਾਸੀ ਵਾਹੁਣ ਵਿੱਚ ਉਸਤਾਦ! ਪਿੰਡ ਵਿੱਚ ਕੋਈ ਚੋਰ ਆ ਵੜਦਾ, ਡਾਕਾ ... ਆਫ਼ਤ ... ਇਹਨਾਂ ਵਿੱਚੋਂ ਕੋਈ ਇੱਕ ਲਲਕਾਰਾ ਮਾਰਦਾ ... ਫਿਰ ਪਤਾ ਨਹੀਂ ਕਿਹੜੇ-ਕਿਹੜੇ ਖੂੰਜਿਓਂ ਬਾਕੀ ਤਿੰਨ ਨਿਕਲ ਆਉਂਦੇ! ... ਫਿਰ ਰਲ਼ਵਾਂ ਲਲਕਾਰਾ ਵੱਜਦਾ। ਲਲਕਾਰੇ ਦੀ ਆਵਾਜ਼ ਪਿੰਡ ਦੇ ਲਹਿੰਦੇ ਪਾਸੇ ਗੂੰਜਦੀ ... ਭਗਤੂ, ਹੁਕਮਾਂ, ਸੀਬਾ, ਨਰੈਣਾ ਮੋੜਵਾਂ ਲਲਕਾਰਾ ਮਾਰਦੇ, “ਬੱਸ ਆ ਗਏ ਵਤਨ ਸਿਆਂਅਅਅ!” ਮਿਲਕੇ ਡਾਂਗ ਵਾਹੁੰਦੇ ... ਜਿੱਤ ਕੇ ਮੁੜਦੇ ... ਸੱਟਾਂ ਵੀ ਲੱਗਦੀਆਂ ... ਤਰਕਾਲਾਂ ਪੈਂਦੀਆਂ ਤਾਂ ਤਾਇਆ ਘਿਓ ਨਾਲ ਭਰੀ ਵੱਡੀ ਬਾਟੀ ਕਿਸੇ ਨਿਆਣੇ ਦੇ ਹੱਥ ਫੜਾਉਂਦਾ, “ਦੇ ਆ ਭਗਤੂ ਹੁਰਾਂ ਨੂੰ, ਘੇਅ ਸੱਟਾਂ ਚੁਗ਼ ਲਊਗਾ!” ਲੱਛੂ ਕਬਾੜੀਆ ਲਿਖਦਿਆਂ ਵਾਰ-ਵਾਰ ਅਹਿਸਾਸ ਹੋਇਆ ਜਿਵੇਂ ਸਾਰੇ ਸੰਸਾਰ ਵਿੱਚ ਫੈਲੇ ਭਗਤੂਆਂ ਸੀਬਿਆਂ ਲਈ ਮੈਂ ਘਿਓ ਦਾ ਛੰਨਾ ਪੇਸ਼ ਕਰ ਰਿਹਾ ਹੋਵਾਂ ... ਕੁੱਝ ਸੱਟਾਂ ਤਾਂ ਚੁਗ ਹੀ ਸਕਦਾਂ!

ਉਹ ਦੋ ਘਟਨਾਵਾਂ ਕੀ ਨੇ! ਇੱਕ ਦਿਨ ਕਿਰਤੀ ਪਰਿਵਾਰ ਦਾ ਇੱਕ ਹਾਣੀ ਮਿੱਤਰ ਮੇਰੇ ਮੋਢੇ ਲੱਗ ਰੋਣ ਲੱਗ ਪਿਆ, ਉਸ ਭੁੱਬ ਮਾਰੀ, “ਯਾਰ ਰਾਤੀਂ ਤੇਰੀ ਭਾਬੀ ਕੁੱਟੀ ਗਈ!” ਅਜੇ ਮਹੀਨਾ ਹੋਇਆ ਸੀ ਉਹਦੇ ਵਿਆਹ ਨੂੰ ... ਮੁਹੱਬਤੀ ਪਲਾਂ ਲਈ ਲੋੜੀਂਦੀ ਆਜ਼ਾਦ ਥਾਂ ਨਾ ਹੋਣ ਦੀ ਬੇਵਸੀ ਸੁਣਦਾ ਮੈਂ ਸੁੰਨ ਹੋ ਗਿਆ ਸੀ! ਫਿਰ ਇੱਕ ਦਿਨ ਰਿਸ਼ਤੇਦਾਰੀ ਵਿੱਚ ਕਿਸੇ ਵਿਆਹ ਮੌਕੇ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਬੈਠਾ ਮੈਂ ਕੀਰਤਨ ਸੁਣ ਰਿਹਾ ਸੀ ਕਿ ਮੇਰਾ ਧਿਆਨ ਕੰਧ ’ਤੇ ਲਿਖੀ ਇਬਾਰਤ ਵੱਲ ਚਲਾ ਗਿਆ। ਪੰਜ ਪਿਆਰਿਆਂ ਦੇ ਨਾਮ ਲਿਖੇ ਹੋਏ ਸਨ ... ”ਦਇਆ ਸਿੰਘ, ਖੱਤਰੀ, ਲਾਹੌਰ ਤੋਂ! ... ਧਰਮ ਸਿੰਘ, ਜੱਟ, ਦਿੱਲੀ ਤੋਂ!” ... ਹੇਠਾਂ ਮੋਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਦੇ ਸਿਰਫ ਨਾਮ, ਵੇਰਵਾ ਕੋਈ ਨਹੀਂ! ਮੈਂ ਪ੍ਰਧਾਨ ਨੂੰ ਪੁੱਛਿਆ, ਉਹਦਾ ਜਵਾਬ ਰੌਂਗਟੇ ਖੜ੍ਹੇ ਕਰਨ ਵਾਲਾ ਸੀ, “ਲੈਅ ਹੁਣ ਸਿੰਘਾਂ ਦੇ ਨਾਂ ਨਾਲ ਨਾਈ, ਛੀਂਬਾ, ਝੀਰ ਲਿਖਦੇ ਚੰਗੇ ਲੱਗਦੇ ਆਂ!” ... ਹੈਰਾਨੀ, ਪਰੇਸ਼ਾਨੀ ਤੇ ਪਸ਼ੇਮਾਨੀ ਮੇਰੇ ਰੋਮ-ਰੋਮ ਵਿੱਚ ਫੈਲ ਗਈ ... ਬਹਿਸ ਨਾ ਕੀਤੀ ... ਪਿੱਠ ਘੁਮਾਈ ... ਸਾਹਮਣੇ ਕੰਧ ’ਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀਆਂ ਵੱਡ ਆਕਾਰੀ ਤਸਵੀਰਾਂ ਸਨ, ਗੁਰੂ ਮੁਸਕਰਾ ਰਹੇ ਸਨ ... ਮੇਰੇ ਜ਼ਿਹਨ ਵਿੱਚ ਸੁਰਜੀਤ ਪਾਤਰ ਦਾ ਸ਼ੇਅਰ ਗੂੰਜਿਆ, “ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ, ਉੱਠ ਜਗਾ ਦੇ ਮੋਮਬੱਤੀਆਂ!” ... ਤੇ ਮੈਂ ਦੀਵਾ ਬਾਲਣ ਦਾ ਫੈਸਲਾ ਕਰ ਲਿਆਹੋਰ ਬਹੁਤ ਕੁਝ ਸੀ, ਸਭ ਕੁਝ ਡਾਇਰੀ ਵਿੱਚ ਦਰਜ ਕਰਦਾ ਗਿਆਹੌਲੀ-ਹੌਲੀ ਵਿਸ਼ਾ ਅਤੇ ਥੀਮ ਸਪਸ਼ਟ ਹੁੰਦੇ ਗਏ ... ਮਨ ਮਸਤਕ ਵਿੱਚ ਦੀਵੇ ਜਗਣ ਲੱਗੇ ... ਬੇ-ਗ਼ਮ-ਪੁਰਾ ਦਾ ਸੁਪਨਸਾਜ਼ ਬਾਬਾ ਰਵਿਦਾਸ, ਨਿਰਭੈ ਹੋ ਸੱਚ ਦਾ ਹੋਕਾ ਦੇਣ ਵਾਲਾ ਬਾਬਾ ਨਾਨਕ, ਊਚ ਨੀਚ ਦਾ ਫਰਕ ਮਿਟਾਉਣ ਵਾਲਾ ਗੁਰੂ ਗੋਬਿੰਦ ਸਿੰਘ ... ਮੇਰੇ ਅੰਗ ਸੰਗ ਸਨ! ਮੇਰੇ ਪਿੰਡ ਵਿੱਚ ਕੋਈ ਕਬਾੜੀਆ ਨਹੀਂ ਸੀ, ਪਰ ਲੱਛੂ ਬਹੁਤ ਹਨ! ... ਕਬਾੜ ਬਣਾ ਦਿੱਤੇ ਗਏ, ਕਬਾੜ ਵਿੱਚ ਸੁੱਟ ਦਿੱਤੇ ਗਏ ਲੱਛੂ! ਤੇ ਮੈਂ ਉਸ ਕਬਾੜ ਵਿੱਚੋਂ ਚੁਣ ਕੇ ਉਨ੍ਹਾਂ ਦਾ ਮਾਣ ਇੱਜ਼ਤ ਨਰੋਏ ਸਰੀਰਾਂ ਦੇ ਸਿਰਾਂ ’ਤੇ ਸਜਾਉਣ ਦੇ ਰਾਹ ਪੈ ਗਿਆ

ਨਾਟਕ ਦਾ ਅਸਲ ਇਮਤਿਹਾਨ ਮੰਚ ’ਤੇ ਹੁੰਦਾ ਹੈਦਰਸ਼ਕ ਨੇ ਨਾਟਕ ਦੇਖਦਿਆਂ ਹੋਇਆਂ ਮਨੋ ਮਨੀ ਇਸਦੀ ਟੈਕਸਟ ਨੂੰ ਪੜ੍ਹਨਾ ਵੀ ਹੁੰਦਾਅਸਰ ਫੌਰੀ ਵੀ ਹੋਵੇ ਤੇ ਸਦੀਵੀ ਵੀ ਰਹੇ, ਉਹਦੇ ਲਈ ਜਿੰਨਾ ਗਹਿਰਾ ਉੱਤਰਿਆ ਜਾਵੇ, ਉੰਨਾ ਹੀ ਪ੍ਰਭਾਵ ਪਕੇਰਾ ਬਣਦਾ ... ਪਰ ਵਜ਼ਨਦਾਰ ਗੱਲ ਜੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਕਹੀ ਜਾਵੇ! “ਧੰਨ ਲੇਖਾਰੀ ਨਾਨਕਾ” ਲਿਖਦਿਆਂ ਇੱਕ ਥਾਂ ਮੈਂ ਕਿੰਨੇ ਦਿਨ ਫਸਿਆ ਰਿਹਾ ... ਨਾਟਕ ਦੇ ਮੁੱਖ ਪਾਤਰ ‘ਲੇਖਕ ਸਾਹਿਲ’ ਦੀ ਇੱਕ ਵੱਖਰੀ ਪਹੁੰਚ ਅਤੇ ਸੋਚ ਵਾਲੇ ਲੇਖਕ ਨਾਲ ਟੱਕਰ ਸਿਰਜਣੀ ਸੀਗੱਲ ਤਾਂ ਇੰਨੀ ਸੀ ਕਿ ਉਹ ਲੇਖਕ ਸਾਹਿਲ ਨੂੰ ਆਪਣੀ ਲੇਖਣੀ ਰੂਪੀ ਮਿਠਾਈ ਉੱਤੇ ਧਰਮ, ਜ਼ਾਤ, ਨਸਲ, ਕੌਮ ਦਾ ‘ਚਮਕੀਲਾ ਵਰਕ’ ਲਾਉਣ ਲਈ ਕਹਿ ਰਿਹਾ ਹੈ ... ਤੇ ਸਾਹਿਲ ਨੇ ਇਹ ਪੇਸ਼ਕਸ਼ ਠੁਕਰਾਉਣੀ ਹੈਸੀਨ ਦਾ ਆਖਰੀ ਸੰਵਾਦ ਤਿਆਰ ਹੈ ਪਰ ਉੱਥੇ ਪਹੁੰਚਣ ਲਈ ਦਿਲਚਸਪ ਘਾੜਤ ਘੜੀ ਜਾਂਦੀ ਹੈ ... ਸਾਹਿਲ ਉਸ ਲੇਖਕ ਨੂੰ ਹੱਥ ਫੜ ਝੂਮਣ ਲਾ ਲੈਂਦਾ ਹੈ ... ਫੇਰ ਇਤਰਾਂ ਦੇ ਚੋਅ ਵੱਲ ਲੈ ਜਾਂਦਾ ਹੈ, ਜਿੱਥੇ ਸ਼ਿਵ ਬਟਾਲਵੀ ਤੇ ਜੋਗਿੰਦਰ ਬਾਹਰਲਾ ਪਿੱਤਲ ਦੇ ਗਲਾਸਾਂ ਵਿੱਚ ਸੋਨ ਰੰਗਾ ਪਾਣੀ ਪੀ ਰਹੇ ਹਨ ... ਬਾਹਰਲੇ ਦੀ ਹੇਕ ਨਾਲ ਸਰਕੜੇ ਝੂਮ ਰਹੇ ਹਨ … ਸਾਹਮਣੇ ਵਾਲਾ ਲੇਖਕ ਠੰਢੀ ਰੇਤ ਵਿਚਲਾ ਸੇਕ ਅਨੁਭਵ ਕਰ ਰਿਹਾ ਹੈ, ਤਾਂ ਸਾਹਿਲ ਉਸ ਨੂੰ ਉਂਗਲੀ ਫੜ ਪਿੰਡ ਦੇ ਦਰਵਾਜ਼ੇ ਵੱਲ ਲੈ ਜਾਂਦਾ ਹੈ, ਜਿੱਥੇ ਨਿੰਮੇ ਝਿਓਰ ਵੱਲੋਂ ਪਾਣੀ ਛਿੜਕਣ ਨਾਲ ਇਸ਼ਕੀਆ ਮਿੱਟੀ ਤੇ ਪਾਣੀ ਇਕਮਿਕ ਹੋ ਰਹੇ ਹਨ ... ਲੇਖਕ ਅਨੰਦ ਦੀ ਸਥਿਤੀ ਵਿੱਚ ਹੈ ... ਤਾਂ ਸਾਹਿਲ ਉਸ ਨੂੰ ਪੱਕੀ ਕਣਕ ਦੇ ਖੇਤਾਂ ਵੱਲ ਮੋੜ ਲੈਂਦਾ ਹੈ, ਜਿੱਥੇ ਕਣਕ ਦੇ ਰੁੱਗ ਧਰਤੀ ’ਤੇ ਵਿਛ ਰਹੇ ਹਨ ਪਰ ਜੜ੍ਹਾਂ ਫਿਰ ਵੀ ਮਿੱਟੀ ਨਾਲ ਜੁੜੀਆਂ ਹੋਈਆਂ ਹਨ ... ਉਹ ਚਾਰੇ ਪਾਸੇ ਵਿਛਿਆ ਸੋਨਾ ਨਿਹਾਰ ਰਿਹਾ ਹੈ ਤਾਂ ਸਹਿਲ ਉਸ ਦੇ ਕੰਨ ਗੁਰਦੁਆਰੇ ਦੇ ਸਪੀਕਰ ਤੋਂ ਗੂੰਜਦੀ ਬਾਬੇ ਦੀ ਬਾਣੀ ਦੇ ਸੱਚ ਵਲ ਘੁਮਾ ਦਿੰਦਾ ਹੈ ... ਇਸ ਸੱਚ ਦੇ ਸਮਾਨੰਤਰ ਸੱਚੇ ਕਿਰਤੀਆਂ ਦਾ ਕਾਰਜ ਰੂਪਮਾਨ ਕਰਦਾ ਹੈ ... ਖੇਤਾਂ ਨੂੰ ਜਾਂਦੇ ਕਿਰਤੀ, ਫੈਕਟਰੀਆਂ ਵਲ ਸਾਈਕਲ ਦੇ ਪੈਡਲ ਮਾਰਦੇ ਕਿਰਤੀ, ਨਿੱਕੀ ਜਿਹੀ ਹੱਟ ਅੱਗੇ ਧੂਫ਼ ਧੁਖਾਉਂਦੇ ਕਿਰਤੀ! ... ਇਹਨਾਂ ਕਿਰਤੀਆਂ ਦੇ ਮੋਢੇ ਸੰਗ ਮੋਢਾ ਜੋੜ ਕਿਰਤ ਕਰਦੀਆਂ ਬੀਬੀਆਂ! ... ਲੇਖਕ ਸੱਚੀ ਸੁੱਚੀ ਕਿਰਤ ਦੀ ਮਹਿਕ ਮਹਿਸੂਸ ਕਰ ਰਿਹਾ ਹੈ ਤਾਂ ਸਾਹਿਲ ਉਸ ਨੂੰ ਫੁੱਲਾਂ ਨਾਲ ਲੱਦੇ ਖੇਤਾਂ ਵਿੱਚ ਲਿਆ ਖੜ੍ਹਾ ਕਰਦਾ ਹੈ, ਜਿੱਥੇ ਅਲਸੀ ਨੂੰ ਫੁੱਲ ਪੈ ਰਹੇ ਹਨ ... ਤਾਰਾਮੀਰਾ ਖਿੜ ਉੱਠਿਆ ਹੈ ... ਸਰੋਂ ਦੀਆਂ ਗੰਦਲਾਂ ਅੰਗੜਾਈ ਲੈ ਕੇ ਅੰਬਰ ਵਲ ਉੱਚੀਆਂ ਉੱਠ ਰਹੀਆਂ ਹਨ ... ਗੰਦਲਾਂ ਦੇ ਸਿਰਾਂ ਵਿੱਚੋਂ ਪੀਲੇ ਫੁੱਲ ਬਾਹਰ ਨਿਕਲਦੇ ਹਨ ... ਤੇ ਸਾਹਿਲ ਉਸ ਲੇਖਕ ਦੀ ਬਾਂਹ ਫੜ ਮਸਤੀ ਦੇ ਆਲਮ ਵਿੱਚ ਨੱਚਣ ਲੱਗਦਾ ਹੈ ... ਹੁਣ ਸਾਹਿਲ ਜਾਣਦਾ ਹੈ ਕਿ ਉਹ ਲੇਖਕ ਆਖਰੀ ਸੱਟ ਲਈ ਤਿਆਰ ਹੋ ਚੁੱਕਾ ਹੈ (ਪਾਠਕ ਜਾਂ ਦਰਸ਼ਕ ਵੀ!) ਤੇ ਉਹ ਇੱਕ ਦਮ ਚੁੱਪ ਦਾ ਮਾਹੌਲ ਪੈਦਾ ਕਰਕੇ ਸਰ੍ਹੋਂ ਦੇ ਫੁੱਲਾਂ ਤੋਂ ਰੂਪ ਵਟਾ ਕੇ ਤਿਆਰ ਹੋਏ ਬੀਜ ਵਿੱਚੋਂ ਨਿਕਲੇ ਤੇਲ ਦੀ ਬਾਤ ਛੋਹ ਲੈਂਦਾ ਹੈ ... ਉਹ ਤੇਲ ਜਿਸਦਾ ਭਾਅ ਫਸਲ ਬੀਜਣ ਤੇ ਵੱਢਣ ਵਾਲੇ ਨੇ ਨਹੀਂ ਮਿਥਣਾ! ਹੁਣ ਸਾਹਿਲ ਉਸ ਲੇਖਕ ਦੇ ਸਾਹਮਣੇ ਸਵਾਲ ਖੜ੍ਹੇ ਕਰਦਾ ਹੈ ਕਿ ਜਿਸ ਬੀਜੀ, ਜਿਸ ਵੱਢੀ, ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਆਤੁਰ ਕਿਉਂ ਹੈ! ਹੁਣ ਸੰਵਾਦ ਗੂੰਜਦਾ ਹੈ, “ਉਸ ਵੇਲੇ ‘ਚਮਕੀਲੇ ਵਰਕ ਵਾਲੇ ਲੇਖਕ ਸਾਹਿਬ’ ਐਨ ਉਸ ਵੇਲੇ, ਤੇਰਾ ਫਾਰਮ ਹਾਊਸ ਤੇ ਮੇਰਾ ਕਿਸ਼ਤਾਂ ਨਾਲ ਬਣਿਆ ਘਰ ਆਪਸ ਵਿੱਚ ਟਕਰਾਅ ਜਾਂਦੇ ਹਨ!” ... ਜੇ ਮੈਂ ਇਹ ਸਭ ਕੁਝ ਸਿਰਜੇ ਬਿਨਾਂ ਸਾਹਿਲ ਦਾ ਜਵਾਬ ਲਿਖ ਦਿੰਦਾ ਤਾਂ ਉਹਦੀ ਬੜ੍ਹਕ ਓਪਰੀ ਰਹਿ ਜਾਣੀ ਸੀ! ... ਪਰ ਮੈਂ ਆਪਣੇ ਨਾਟ-ਸੰਸਾਰ ਦੇ ਧੁਰ ਅੰਦਰ ਡੂੰਘੇ ਪਾਣੀਆਂ ਵਿੱਚ ਚੁੱਭੀ ਮਾਰਨ ਦੀ ਚਾਹਤ ਪਾਲ਼ ਰਿਹਾ ਹਾਂ!

ਮੈਂ ਦੁਆਬੇ ਦਾ ਰਹਿਣ ਵਾਲਾ ਹਾਂਬਚਪਨ ਤੋਂ ਹੀ ਆਪਣੇ ਲੋਕਾਂ ਨੂੰ ਅੰਬਾਂ ਦੀ ਪੈਲ ਪਾਉਂਦੇ ਦੇਖਦਾ ਰਿਹਾਆਪਣੇ ਨਾਟਕ ਲਿਖਦਿਆਂ ਵੀ ਮੇਰਾ ਹਾਲ ਇਦਾਂ ਦਾ ਹੀ ਹੁੰਦਾ ਹੈ! ਵਿਸ਼ਾ ਸੋਚ ਲੈਂਦਾ ਹਾਂ ... ਫਿਰ ਉਸ ਨੂੰ ਡਾਇਰੀ ਦੇ ਸਪੁਰਦ ਕਰ ਦਿੰਦਾ ਹਾਂ ... ਕਈ ਵਾਰ ਸਾਲਾਂ ਬੱਧੀ ਉਸ ਵਿਸ਼ੇ ਦੀਆਂ ਟਾਹਣੀਆਂ, ਪੱਤੇ ਅਤੇ ਫੁੱਲ ਇਕੱਠੇ ਕਰਦਾ ਰਹਿੰਦਾ ਹਾਂ ... ਫ਼ਲ ਪੱਕਣ ’ਤੇ ਆ ਜਾਂਦਾ ਤਾਂ ਕਾਗਜ਼ ਦੀ ਹਿੱਕ ’ਤੇ ਨਾਟਕ ਉਤਾਰਦਿਆਂ ਵਕਤ ਨਹੀਂ ਲਗਦਾਆਪਣੇ ਨਵੇਂ ਨਾਟਕ “ਸੰਦੂਕੜੀ ਖੋਲ੍ਹ ਨਰੈਣਿਆ” ਵਿੱਚ ਪੰਜਾਬ ਦੀ ਜਵਾਨੀ ਦੀ ਸਮਝ, ਰਮਜ਼, ਦਸ਼ਾ-ਦਿਸ਼ਾ, ਵਰਤਮਾਨ, ਸੰਭਾਵਤ ਭਵਿੱਖ ਦੇਖਣ-ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂਜਵਾਨੀ ਦੀ ਇਮਾਰਤ ਬਾਰੇ ਮੈਂ ਫ਼ਿਕਰਮੰਦ ਹਾਂਇਸ ਦੀਆਂ ਨੀਹਾਂ ਵਿੱਚ ਚਾਰ ਸਾਹਿਬਜ਼ਾਦੇ ਨੇ, ਭਗਤ ਸਿੰਘ, ਸਰਾਭਾ, ਊਧਮ ਸਿੰਘ ਨੇ ... ਰਾਂਝਾ ਮਿਰਜ਼ਾ ਵੀ ਹੈ ... ਸ਼ਿਵ ਬਟਾਲਵੀ ਵੀ ਹੈ ... ਭਾਈ ਜੈਤਾ ਵੀ ਕੁਝ ਕੰਧਾਂ ਦਾ ਭਾਰ ਸਾਂਭੀ ਬੈਠਾ ਹੈ ... ਪਰ ਤਵਾਜ਼ਨ ਹਿੱਲਿਆ ਹੋਇਆ ਹੈ! ਇਮਾਰਤ ਮਜ਼ਬੂਤੀ ਨਾਲ ਤਾਂ ਹੀ ਖੜ੍ਹਦੀ ਹੈ, ਜੇ ਰੇਤ ਬਜਰੀ ਸੀਮਿੰਟ ਦਾ ਮਿਸ਼ਰਣ ਸਹੀ ਅਨੁਪਾਤ ਵਿੱਚ ਕੀਤਾ ਹੋਵੇ! ਸਾਡੀ ਜਵਾਨੀ ਦਾ ਮਿਸ਼ਰਣ ਕਿਤੇ ਹਿੱਲ ਗਿਆ ਹੈ, ਹਿਲਾ ਦਿੱਤਾ ਗਿਆ ਹੈ! ਉਸਤਾਦ ਲੋਕਾਂ ਨੇ ਠੱਗੀ ਵੀ ਮਾਰੀ ਹੈ ... ਉਸਤਾਦ ਲੋਕ ਹੀ ਫਿਕਰਮੰਦ ਵੀ ਨੇ! ਮੈਂ ਆਪਣੇ ਨਾਟਕ ਵਿੱਚ ਜਵਾਨੀ ਨੂੰ ਹਾਕ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ... ਓਪਰੇ, ਭਾਰੇ ਤੇ ਬੜਬੋਲੇ ਢੰਗ ਨਾਲ ਨਹੀਂ! ... ਜਵਾਨੀ ਨੂੰ ਜੱਫੀ ਵਿੱਚ ਲੈ ਕੇ ... ਕੰਨ ਦੇ ਕੋਲ ਜਾ ਕੇ ... ਸਹਿਜ ਨਾਲ! ... ਨਾਟਕ ਨੇ ਇਕੱਲੇ ਫਿਕਰਾਂ ਦੀ ਬਾਂਹ ਨਹੀਂ ਫੜਨੀ, ਆਪਣੀ ਵਿਧਾ ਦਾ ਧਰਮ ਵੀ ਨਿਭਾਉਣਾ ਹੈ! ... ਦੋਵੇਂ ਇਕਸੁਰ ਰਹਿਣ, ਫਿਰ ਕਲਾਤਮਕ ਸੰਤੁਸ਼ਟੀ ਵੀ ਹੁੰਦੀ ਹੈ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਿਭਾਈ ਜਾਂਦੀ ਹੈ ... ਮੇਰਾ ਨਾਟ ਸਫ਼ਰ ਇਸ ਰਾਹ ਦਾ ਪਾਂਧੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4035)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

Mobile: (91 98880 - 11096)
Email: (sssahebealam@gmail.com)