“ਉਸ ਸਿਆਸੀ ਲੀਡਰ ਦਾ ਦਫਤਰ ਵਿੱਚ ਬੈਠੇ ਨੂੰ ਫੋਨ ਆਇਆ ਤਾਂ ਮੈਂ ਅੱਗੋਂ ਝਾੜ ਝੰਬ ਕਰ ਦਿੱਤੀ। ਉਹ ਦਿਵਾਲੀ ਗਈ, ...”
(12 ਨਵੰਬਰ 2023)
ਇਸ ਸਮੇਂ ਪਾਠਕ: 466.
ਪੁਰਾਣੇ ਸਮਿਆਂ ਵਿੱਚ ਦਿਨ ਤਿਉਹਾਰ ਬੜੇ ਸਾਦੇ ਢੰਗ ਨਾਲ ਮਨਾਏ ਜਾਂਦੇ ਸਨ। ਵਿਆਹ ਸ਼ਾਦੀਆਂ ਅਤੇ ਭੋਗ ਸਮਾਗਮਾਂ ਸਮੇਤ ਤਿਉਹਾਰਾਂ ਉੱਤੇ ਪੈਸਾ ਪਾਣੀ ਦੀ ਤਰ੍ਹਾਂ ਰੋੜ੍ਹਿਆ ਨਹੀਂ ਸੀ ਜਾਂਦਾ। ਲੋਕਾਂ ਕੋਲ ਪੈਸਾ ਥੋੜ੍ਹਾ ਸੀ। ਥੋੜ੍ਹੇ ਵਿੱਚ ਬਰਕਤ ਸੀ। ਮੇਰੇ ਚੇਤਿਆਂ ਵਿੱਚ ਹਾਲੇ ਵੀ ਵਸਿਆ ਹੋਇਆ ਹੈ ਕਿ ਦਿਵਾਲੀ ਦੇ ਮੁੱਖ ਤਿਉਹਾਰ ਮੌਕੇ ਤਾਏ ਚਾਚੇ ਰਲ ਕੇ ਵੱਧ ਤੋਂ ਵੱਧ ਲੱਡੂ ਬਣਾ ਲਿਆ ਕਰਦੇ ਸਨ। ਸਾਨੂੰ ਦਿਵਾਲੀ ਦੀ ਉਡੀਕ ਲੱਡੂਆਂ ਕਰਕੇ ਜ਼ਿਆਦਾ ਹੁੰਦੀ ਸੀ। ਆਮ ਪਰਿਵਾਰ ਗੁਲਗੁਲੇ ਜਾਂ ਪਕੌੜੇ ਤਲ ਕੇ ਦਿਵਾਲੀ ਦਾ ਤਿਉਹਾਰ ਮਨਾ ਲੈਂਦੇ ਸਨ। ਗੁਲਗੁਲਿਆਂ ਦਾ ਪਹਿਲਾ ਪੂਰ ਗੁਰਦੁਆਰਾ ਸਾਹਿਬ ਚੜ੍ਹਾਇਆ ਜਾਂਦਾ। ਰਾਤ ਵੇਲੇ ਘਰ ਦੇ ਬਨੇਰੇ ਉੱਤੇ ਦੇਸੀ ਘਿਉ ਦਾ ਦੀਵਾ ਜਗਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੁਆਲੇ ਦੀਵੇ ਜਗਾਏ ਜਾਂਦੇ। ਸੱਚ ਹੀ ਉਹ ਵੇਲੇ ਬੜੇ ਭਲੇ ਸਨ। ਸਹਿਜ ਮਨੁੱਖ, ਸ਼ਾਂਤ ਸਮਾਜ।
ਪਿਛਲੇ ਕਈ ਸਾਲਾਂ ਤੋਂ ਦਿਵਾਲੀ ਮੌਕੇ ਤੋਹਫਿਆਂ ਦੇ ਲੈਣ ਦੇਣ ਦਾ ਰਿਵਾਜ ਬਹੁਤ ਜ਼ਿਆਦਾ ਵਧ ਗਿਆ ਹੈ। ਵਪਾਰੀਆਂ ਦੇ ਅੜੇ ਕੰਮ ਅਤੇ ਸਰਕਾਰੀ ਮੁਲਾਜ਼ਮਾਂ ਦੇ ਮੇਜ਼ਾਂ ਉੱਤੇ ਚਿਰਾਂ ਤੋਂ ਰੁਕੀਆਂ ਫਾਈਲਾਂ ਦਿਵਾਲੀ ਦਾ ਤੋਹਫਾ ਮਿਲਣ ਤੋਂ ਬਾਅਦ ਗਤੀ ਫੜਦੀਆਂ ਹਨ। ਸਾਡਾ ਇੱਕ ਰਿਸ਼ਤੇਦਾਰ ਵਪਾਰੀ ਹੈ। ਉਹ ਕਿਸੇ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਆਪਣਾ ਰਿਹਾ ਕੰਮ ਕਢਵਾਉਣ ਲਈ ਉਹਦੇ ਘਰ ਕਾਜੂ ਬਰਫੀ ਦਾ ਡੱਬਾ ਦੇਣ ਲਈ ਤਿਆਰ ਕਰ ਰਿਹਾ ਸੀ। ਉਸ ਨੇ ਡੱਬੇ ਦੇ ਹੇਠਾਂ ਪੰਜ-ਪੰਜ ਸੌ ਦੇ ਨੋਟ ਚਿਣ ਦਿੱਤੇ ਅਤੇ ਉੱਤੇ ਕਾਜੂ ਬਰਫੀ ਦੀ ਇੱਕ ਪਤਲੀ ਜਿਹੀ ਤਹਿ ਬਿਠਾ ਦਿੱਤੀ ਸੀ। ਅੱਜ ਉਹ ਕਰੋੜਾਂਪਤੀ ਹੈ।
ਇੱਕ ਅੰਦਾਜ਼ੇ ਅਨੁਸਾਰ ਦਿਵਾਲੀ ਮੌਕੇ ਪੰਜ ਤੋਂ ਸੱਤ ਸੌ ਕਰੋੜ ਦੇ ਤੋਹਫੇ ਵੰਡੇ ਜਾਂਦੇ ਹਨ। ਪੰਜਾਬ ਸਰਕਾਰ ਵੀ ਪੱਤਰਕਾਰਾਂ ਦੇ ਘਰੀਂ ਦੀਵਾਲੀ ਦਾ ਗਿਫਟ ਭੇਜਦੀ ਹੈ। ਹੈਰਾਨ ਨਾ ਹੋਣਾ ਪਰ ਇਹ ਸੱਚ ਹੈ ਕਿ ਜਿਹੜੇ ਪੱਤਰਕਾਰ ਸਰਕਾਰ ਦੀਆਂ ਖਬਰਾਂ ਲਾਉਂਦੇ ਹਨ, ਉਹਨਾਂ ਨੂੰ ਹਜ਼ਾਰਾਂ ਲੱਖਾਂ ਦੇ ਤੋਹਫੇ ਦਿੱਤੇ ਜਾਂਦੇ ਹਨ ਹਨ। ਬਾਕੀਆਂ ਨੂੰ ਮਾਰਕਫੈਡ ਦੇ ਚੌਲ ਅਤੇ ਦਾਲਾਂ ਦੇ ਡੱਬੇ ਦੇ ਕੇ ਪਲੋਸ ਲਿਆ ਜਾਂਦਾ ਹੈ। ਜਿਹੜੇ ਪੱਤਰਕਾਰ ਸਰਕਾਰਾਂ ਨੂੰ ਆਪਣੀਆਂ ਖਬਰਾਂ ਰਾਹੀਂ ਛਿੱਲਦੇ ਹਨ, ਉਹਨਾਂ ਦਾ ਮੂੰਹ ਬੰਦ ਕਰਨ ਦਾ ਵੀ ਇਹੋ ਮੌਕਾ ਹੁੰਦਾ ਹੈ। ਸਿਆਸੀ ਪਾਰਟੀਆਂ ਦੀਆਂ ਖਬਰਾਂ ਤਿਆਰ ਕਰਨ ਵਾਲਿਆਂ ਦੇ ਘਰੀਂ ਵੀ ਇੱਕ ਨਹੀਂ ਕਈ ਵੱਡੇ ਵੱਡੇ ਪੈਕਟ ਪਹੁੰਚਦੇ ਹਨ। ਦੂਜੇ ਵਿਚਾਰੇ ਹਮਾਤੜ ਪੱਤਰਕਾਰਾਂ ਨੂੰ ਦੀਵਾਲੀ ਮੌਕੇ ਕੱਢੇ ਜਾਣ ਵਾਲੇ ਸਪਲੀਮੈਂਟ ਲਈ ਇਸ਼ਤਿਹਾਰ ਦੇ ਕੇ ਬੰਨ੍ਹ ਲਿਆ ਜਾਂਦਾ ਹੈ। ਕਈ ਮੀਡੀਆ ਅਦਾਰੇ ਵੀ ਘੱਟ ਨਹੀਂ, ਉਹ ਵੀ ਸਰਕਾਰੀ ਅਫਸਰਾਂ, ਪੁਲਿਸ ਅਤੇ ਇੰਮੀਗ੍ਰੇਸ਼ਨ ਸਮੇਤ ਡਿਵੈਲਪਰਾਂ ਨੂੰ ਨਿਚੋੜਨ ਦੀ ਕੋਈ ਕਸਰ ਨਹੀਂ ਛੱਡਦੇ ਹਨ।
ਇੱਕ ਕੌੜਾ ਸੱਚ ਇਹ ਵੀ ਹੈ ਕਿ ਮੁਲਾਜ਼ਮਾਂ ਨੂੰ ਦਿਵਾਲੀ ਮੌਕੇ ਆਪਣੇ ਮਾਲਕਾਂ ਦੇ ਹੱਥਾਂ ਵੱਲ ਝਾਕਣ ਦੀ ਆਦਤ ਪੈ ਗਈ ਹੈ। ਵੱਡੇ ਵੱਡੇ ਅਦਾਰੇ ਹੀ ਮੁਲਾਜ਼ਮਾਂ ਨੂੰ ਚੰਗੇ ਤੋਹਫ਼ੇ ਦਿੰਦੇ ਹਨ ਨਹੀਂ ਤਾਂ ਜ਼ਿਆਦਾਤਰ ਨੂੰ ਬੈੱਡ ਸ਼ੀਟ, ਮਠਿਆਈ ਦਾ ਡੱਬਾ ਜਾਂ ਚਾਹ ਵਾਲੇ ਕੱਪ ਦੇ ਕੇ ਤੋਰ ਦਿੱਤਾ ਜਾਂਦਾ ਹੈ। ਕੋਈ ਵਿਰਲਾ ਟਾਵਾਂ ਹੀ ਅਦਾਰਾ ਹੋਊ ਜਿਹੜਾ ਦਿਵਾਲੀ ਮੌਕੇ ਮੁਲਾਜ਼ਮਾਂ ਨੂੰ ਨਕਦਨਾਮੇ ਨਾਲ ਸਨਮਾਨ ਕਰਦਾ ਹੋਵੇਗਾ। ਦੂਜੇ ਬੰਨੇ ਇਹੋ ਅਦਾਰੇ ਅਤੇ ਸਨਅਤਕਾਰ ਉਨ੍ਹਾਂ ਦੇ ਕਾਰੋਬਾਰਾਂ ਨਾਲ ਜੁੜੇ ਅਫਸਰਾਂ ਦੇ ਘਰੀਂ ਲੱਖਾਂ ਰੁਪਏ ਦੀ ਕੀਮਤ ਦੇ ਡਾਇਮੰਡ ਸੈੱਟ ਲੈ ਕੇ ਵੜਦੇ ਦੇਖੇ ਗਏ ਹਨ। ਇੱਕ ਆਈਏਐੱਸ ਅਫਸਰ ਨੂੰ ਉਸ ਦੇ ਮਤਹਿਤ ਵੱਲੋਂ ਫੜਾਏ ਡਰਾਈ ਫੂਡ ਦੇ ਡੱਬੇ ਕੋਲ ਮੀਆਂ ਬੀਵੀ ਲਈ ਸੋਨੇ ਦੀ ਮੁੰਦਰੀ ਡੱਬਾ ਪਿਆ ਤਾਂ ਮੈਂ ਆਪਣੇ ਅੱਖੀਂ ਦੇਖਿਆ ਹੈ। ਇਹ ਵੱਖਰੀ ਗੱਲ ਹੈ ਕਿ ਆਈਏਐੱਸ ਜੋੜੇ ਨੇ ਮੇਰੀ ਨਜ਼ਰ ਪੈਂਦਿਆਂ ਹੀ ਸਾਰਾ ਕੁਝ ਕਾਹਲੀ ਨਾਲ ਸਮੇਟ ਲਿਆ ਸੀ। ਪਰ ਦੋਹਾਂ ਦੀਆਂ ਅੱਖਾਂ ਦੇ ਆਪਸੀ ਚੱਲੇ ਇਸ਼ਾਰਿਆਂ ਨਾਲ ਮੈਨੂੰ ਪੂਰੇ ਮਾਮਲੇ ਦੀ ਸਮਝ ਪੈ ਗਈ ਸੀ।
ਕਈ ਮੁਲਾਜ਼ਮ ਆਪਣੇ ਅਫਸਰਾਂ ਨੂੰ ਉਹਨਾਂ ਦੇ ਜਨਮਦਿਨ ਉੱਤੇ ਵੀ ਮਹਿੰਗੇ ਤੋਂ ਮਹਿੰਗੇ ਤੋਹਫੇ ਦੇ ਕੇ ਵਡਿਆ ਲੈਂਦੇ ਹਨ। ਉਂਝ ਸਾਰੇ ਅਫਸਰਾਂ ਨੂੰ ਇੱਕੋ ਰੱਸੀ ਨਾਲ ਨਹੀਂ ਬੰਨ੍ਹਿਆ ਜਾ ਸਕਦਾ ਹੈ। ਨਾ ਹੀ ਪੂਰਾ ਵਪਾਰੀ ਵਰਗ ਇਸੇ ਲਪੇਟ ਵਿੱਚ ਲੈਣਾ ਬਣਦਾ ਹੈ। ਜਿਸ ਅਫਸਰ ਨੇ ਕਿਸੇ ਨਾਲ ਰਿਆਇਤ ਨਹੀਂ ਕਰਨੀ ਹੈ ਅਤੇ ਨਾ ਹੀ ਕਲਮ ਨਾਲ ਕਿੜ ਕੱਢਣੀ ਹੈ, ਉਹਦੇ ਘਰ ਦਿਵਾਲੀ ਮੌਕੇ ਤੋਹਫਾ ਲੈ ਕੇ ਕੋਈ ਕਿਉਂ ਜਾਊ?
ਦਿਵਾਲੀ ਨੂੰ ਅਸੀਂ ਉਵੇਂ ਮਨਾਉਣ ਲੱਗੇ ਹਾਂ ਜਿਵੇਂ ਗੋਰੇ ਕ੍ਰਿਸਮਸ ਮੌਕੇ ਆਪਸ ਵਿੱਚ ਤੋਹਫੇ ਵੰਡਦੇ ਹਨ। ਪਰ ਗੋਰੇ ਇਸ ਸ਼ੁਭ ਤਿਉਹਾਰ ਨੂੰ ਭ੍ਰਿਸ਼ਟ ਲੋਕਾਂ ਨੂੰ ਖੁਸ਼ ਕਰਨ ਦੇ ਮੌਕੇ ਵਜੋਂ ਨਹੀਂ ਵਰਤਦੇ। ਗੋਰਿਆਂ ਵਿੱਚ ਕ੍ਰਿਸਮਸ ਦੇ ਦਿਨ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਸੱਜਣਾਂ ਨੂੰ ਸ਼ੁਭ ਇਛਾਵਾਂ ਦੇਣ ਦਾ ਚੜ੍ਹਦਾ ਹੈ। ਉਹ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਇੱਕ ਦੂਜੇ ਦੇ ਘਰ ਤੋਹਫੇ ਲੈ ਕੇ ਨਹੀਂ ਪੁੱਜਦੇ।
ਮੈਨੂੰ ਪੁਰਾਣੀ ਸਦੀ ਦੇ ਅੰਤਲੇ ਸਾਲਾਂ ਅਤੇ ਨਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਭੁੱਲਦੀਆਂ, ਜਦੋਂ ਇੱਕ ਸਿਆਸੀ ਪਾਰਟੀ ਨੇ ਕਈ ਪੱਤਰਕਾਰਾਂ ਨੂੰ ਕਾਰਾਂ ਦੇ ਕੇ ਆਪਣੇ ਹੱਕ ਵਿੱਚ ਖਬਰਾਂ ਲਵਾਉਣ ਲਈ ਬੰਨ੍ਹ ਲਿਆ ਸੀ। ਦੂਜੀ ਪਾਰਟੀ ਨੇ ਪੱਤਰਕਾਰਾਂ ਨੂੰ ਖੁਸ਼ ਕਰਨ ਲਈ ਵਿਦੇਸ਼ ਦਾ ਗੇੜਾ ਲਵਾਇਆ ਸੀ।
ਕੌੜਾ ਸੱਚ ਤਾਂ ਇਹ ਹੈ ਕਿ ਕੋਈ ਦਿਵਾਲੀ ਜਾਂ ਕਿਸੇ ਹੋਰ ਤਿਉਹਾਰ ਮੌਕੇ ਤੋਹਫਾ ਲੈ ਕੇ ਤੁਹਾਡੇ ਘਰ ਦੀ ਸਰਦਲ ਟੱਪਣ ਦਾ ਹੌਸਲਾ ਤਦ ਹੀ ਕਰੂ ਜੇ ਉਹਨੂੰ ਇਹ ਪਤਾ ਹੋਵੇਗਾ ਕਿ ਤੁਸੀਂ ਬਿਕਾਊ ਮਾਲ ਹੋ। ਇਸ ਸਦੀ ਦੀਆਂ ਪਹਿਲੀਆਂ ਚੋਣਾਂ ਦੀ ਗੱਲ ਹੈ ਕਿ ਇੱਕ ਸਿਆਸੀ ਪਾਰਟੀ ਦੇ ਲੀਡਰ ਨੇ ਦਿਵਾਲੀ ਮੌਕੇ ਸਾਡੇ ਘਰ ਦੀ ਘੰਟੀ ਮਾਰੀ। ਉਸ ਦਾ ਨਿੱਜੀ ਸਹਾਇਕ ਆਪਣੇ ਹੱਥ ਵਿੱਚ ਮਾਈਕਰੋਬੇਵ ਫੜੀ ਖੜ੍ਹਾ ਸੀ। ਮੈਂ ਉਦੋਂ ਟ੍ਰਿਬਿਊਨ ਅਦਾਰੇ ਵਿੱਚ ਕੰਮ ਕਰਦਾ ਸੀ। ਮੈਨੂੰ ਉਸ ਸਿਆਸੀ ਲੀਡਰ ਦਾ ਦਫਤਰ ਵਿੱਚ ਬੈਠੇ ਨੂੰ ਫੋਨ ਆਇਆ ਤਾਂ ਮੈਂ ਅੱਗੋਂ ਝਾੜ ਝੰਬ ਕਰ ਦਿੱਤੀ। ਉਹ ਦਿਵਾਲੀ ਗਈ, ਆਹ ਦਿਵਾਲੀ ਆਈ, ਮੇਰੇ ਘਰ ਦੀ ਸਰਦਲ ਉੱਤੇ ਕੋਈ ਸਿਆਸੀ ਲੀਡਰ ਜਾਂ ਅਫਸਰ ਤੋਹਫਾ ਲੈ ਕੇ ਢੁੱਕ ਸਕਿਆ। ਉਸ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਵੇਲੇ ਮੈਂ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਦੀ ਦਾਰੂ ਵਾਲੀ ਪੇਟੀ ਗੱਡੀ ਵਿੱਚੋਂ ਲਾਹੁਣ ਤੋਂ ਪਹਿਲਾਂ ਹੀ ਉਸ ਨੂੰ ਮਨ੍ਹਾ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਸੁੰਹ ਖਾਧੀ ਸੀ। ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਵਧੇ ਰੇਟ ਦੀ ਚਰਚਾ ਆਮ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਪਿਰਤ ਉੱਤੇ ਰੋਕ ਲਾਉਣੀ ਚਾਹੀਦੀ ਸੀ। ਦੱਸਦੇ ਹਨ ਕਿ ਇਸ ਵਾਰ ਤੋਫਿਆਂ ਵਾਲੇ ਡੱਬੇ ਪਹਿਲਾਂ ਨਾਲੋਂ ਜ਼ਿਆਦਾ ਭਾਰੇ ਹਨ। ਉਨ੍ਹਾਂ ਅਫਸਰਾਂ ਦੀ ਗੱਲ ਕਰੇ ਬਿਨਾਂ ਮੇਰੀ ਬਾਤ ਅਧੂਰੀ ਰਹੇਗੀ, ਜਿਨ੍ਹਾਂ ਨੇ ਆਪਣੇ ਦਫਤਰਾਂ ਵਿੱਚ ਦਿਵਾਲੀ ਮੌਕੇ ਤੋਹਫੇ ਦੇਣ ਵਾਲਿਆਂ ਨੂੰ ਅੰਦਰ ਵੜਨ ਤੋਂ ਵਰਜ ਦਿੱਤਾ ਹੈ। ਕਈ ਅਜਿਹੇ ਵੀ ਹਨ, ਜਿਨ੍ਹਾਂ ਨੇ ਤੋਹਫਿਆਂ ਵਾਲੀਆਂ ਗੱਡੀਆਂ ਦੇਖ ਕੇ ਆਪਣੇ ਭੇੜੇ ਬੂਹੇ ਨਹੀਂ ਖੋਲ੍ਹੇ ਹਨ। ਅਜਿਹੇ ਅਫਸਰਾਂ ਨੂੰ ਸਾਡਾ ਸਲਾਮ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4471)
(ਸਰੋਕਾਰ ਨਾਲ ਸੰਪਰਕ ਲਈ: (