AmarjitBabbri7ਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਲਗਦੀ ਹੈ, ਪਤਾ ਤਾਂ ਉਦੋਂ ਲੱਗਦਾ ਹੈ ...
(ਜੁਲਾਈ 31, 2016)

 

ਪੁਰਾਣੇ ਸਮਿਆਂ ਵਿਚ ਜਦ ਕਦੇ ਰਾਤ ਨੂੰ ਕੁੱਤੇ ਰੋਂਦੇ ਸਨ ਜਾਂ ਸ਼ਾਂਮਾਂ ਵੇਲੇ ਆਸਮਾਨ ਵਿਚ ਲਾਲੀ ਛਾ ਜਾਂਦੀ ਸੀ ਤਾਂ ਲੋਕਾਂ ਵਿਚ ਚਰਚਾ ਛਿੱੜ ਜਾਂਦੀ ਸੀ ਕਿ ਕੋਈ ਅਣਹੋਣੀ ਵਾਪਰਨ ਵਾਲੀ ਹੈ ਅਜੋਕੇ ਸਮੇਂ ਵਿਚ ਬਿਲਕੁਲ ਉਲਟ ਵਾਪਰ ਰਿਹਾ ਹੈ - ਨਾ ਰਾਤ ਨੂੰ ਕੁੱਤੇ ਰੋਂਦੇ ਹਨ ਅਤੇ ਨਾ ਹੀ ਆਸਮਾਨ ਤੇ ਲਾਲੀ ਛਾਉਂਦੀ ਹੈ, ਫਿਰ ਵੀ ਅਨੇਕਾਂ ਅਣਹੋਣੀਆਂ ਹਰ ਰੋਜ਼ ਵਾਪਰ ਰਹੀਆਂ ਹਨ ਦਿਨ ਦਿਹਾੜੇ ਕਤਲ ਹੋ ਰਹੇ ਹਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਦੀ ਬਹੁਤਾਤ ਨਾਲ ਜਾਂ ਨਸ਼ਿਆ ਦੀ ਤੋੜ ਕਾਰਨ ਮਰ ਰਹੇ ਹਨ ਇਸ ਬਾਰੇ ਸਰਕਾਰ ਭਾਵੇਂ ਚਿੰਤਤ ਨਾ ਹੋਵੇ, ਸਮਾਜ ਚਿੰਤਤ ਹੈ, ਪਰ ਬੇਵਸ ਹੋਣ ਕਾਰਨ ਕਰ ਕੁਝ ਨਹੀਂ ਸਕਦਾ

ਨਸ਼ਿਆਂ ਦੇ ਕਾਰੋਬਾਰ ਵਿਚ ਜ਼ਿਆਦਾਤਰ ਸਿਆਸਤਦਾਨ ਹੋਣ ਕਾਰਨ ਪੁਲਸ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ ਕੈਮੀਕਲ ਨਸ਼ਿਆਂ, ਖਾਸ ਤੌਰ ਤੇ ਚਿੱਟੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਰਕਾਰ ਗੰਭੀਰਤਾ ਨਾਲ ਨੋਟਿਸ ਹੀ ਨਹੀਂ ਲੈ ਰਹੀ ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੋਵੇਗਾ ਜਿਸਦੇ ਨੌਜਵਾਨ ਸਮੈਕ ਅਤੇ ਚਿੱਟੇ ਵਰਗੇ ਨਸ਼ੇ ਤੋਂ ਬਚੇ ਹੋਣ ਦੁਖੀ ਮਾਪੇ ਆਪਣੀ ਕਿਸਮਤ ਨੂੰ ਤਾਂ ਰੋ ਹੀ ਰਹੇ ਹਨ ਨਾਲ ਦੀ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਵੀ ਪਾਣੀ ਪੀ ਪੀ ਕੋਸ ਰਹੇ ਹਨ ਕਿ ਸਰਕਾਰ ਪੁਲਸ ਦੀ ਮਦਦ ਨਾਲ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਤਾਂ ਜੇਲਾਂ ਵਿਚ ਡੱਕ ਰਹੀ ਹੈ ਜਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਭੇਜ ਰਹੀ ਹੈ ਪਰ ਵੱਡੇ ਮਗਰਮੱਛਾਂ, ਜੋ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਨੂੰ ਪਨਾਹ ਦੇ ਰਹੀ ਹੈ

ਕੁਝ ਦਿਨ ਪਹਿਲਾਂ ਵਟਸਐਪ ਤੇ ਮੇਰੇ ਹੀ ਸ਼ਹਿਰ ਦੀ ਇਕ ਬਦਨਸੀਬ ਔਰਤ ਦੀ ਵਾਇਰਲ ਹੋਈ ਵੀਡੀਓ ਪ੍ਰਾਪਤ ਹੋਈ, ਜਿਸ ਵਿਚ ਉਹ ਰੋ ਰੋ ਕੇ ਦੱਸ ਰਹੀ ਹੈ ਕਿ ਉਸਦਾ ਸੱਤ ਫੁੱਟ ਲੰਮਾ-ਲੰਝਾ 24 ਸਾਲਾ ਨੌਜਵਾਨ ਪੁੱਤਰ ਚਿੱਟੇ ਨੇ ਨਿਗਲ ਲਿਆ ਹੈ ਅਤੇ ਉਹ ਚਿੱਟੇ ਦੇ ਮੁੱਖ ਸਰਗਣੇ ਸੱਤਾਧਾਰੀ ਪਾਰਟੀ ਦੇ ਉਸ ਮੰਤਰੀ, ਉਸਦੀ ਭੈਣ, ਅਤੇ ਉਪ ਮੁੱਖੀ ਨੂੰ ਉਨ੍ਹਾਂ ਦੇ ਨਾਮ ਲੈ ਲੈ ਕੇ ਬਦਦੁਆਵਾਂ ਦੇ ਰਹੀ ਹੈ ਆਪਣਾ ਨਾਮ ਅਤੇ ਸ਼ਹਿਰ ਦੱਸਕੇ ਇਹ ਵੀ ਐਲਾਨ ਕਰ ਰਹੀ ਹੈ ਕਿ ਜੇ ਇਹ ਬਿਨਾਂ ਸੁਰੱਖਿਆ ਛਤਰੀ ਤੋਂ ਇੱਥੇ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਸਬਕ ਸਿਖਾਵੇਗੀ ਅਤੇ ਉਹ ਦੱਸੇਗੀ ਕਿ ਪੁੱਤਰਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਹੈਉਹ ਬਦਦੁਆਵਾਂ ਦਿੰਦੀ ਹੋਈ ਇਹ ਵੀ ਕਹਿੰਦੀ ਹੈ ਕਿ ਉਹ ਇਕੱਲੀ ਨਹੀਂ, ਉਸ ਵਰਗੀਆਂ ਹੋਰ ਵੀ ਹਜ਼ਾਰਾਂ ਔਰਤਾਂ ਹਨ ਜੋ ਉਨ੍ਹਾਂ ਨੂੰ ਹਰ ਰੋਜ ਸਵੇਰੇ ਉੱਠਦੇ ਸਾਰ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਹਨ

ਵੀਡੀਉ ਵਿਚ ਇਸ ਔਰਤ ਦੀ ਹਾਲਤ ਪਾਗਲਾਂ ਵਰਗੀ ਜਾਪ ਰਹੀ ਹੈ ਜਵਾਨ ਫੁੱਲ ਦੇ ਕਿਰ ਜਾਣ ਦੇ ਸਦਮੇ ਨੂੰ ਸਹਾਰਨਾ ਕੋਈ ਸੌਖੀ ਗੱਲ ਨਹੀਂ ਉਸਦੀਆਂ ਆਂਦਰਾਂ ਤੜਪ ਰਹੀਆਂ ਹਨ ਤੇ ਉਹ ਚਿੱਟੇ ਦੇ ਤਸਕਰਾਂ ਨੂੰ ਆਪਣੇ ਹੱਥੀਂ ਮਾਰਨਾ ਚਾਹੁੰਦੀ ਹੈ ਕੈਸੀ ਵਿਡੰਬਣਾ ਹੈ ਕਿ ਪਰਜਾ ਦੇ ਰਾਖੇ ਹੀ ਪਰਜਾ ਦਾ ਖੂਨ ਪੀ ਰਹੇ ਹਨ ਸਿਆਸੀ ਲੋਕ ਇਹ ਜਾਣਦੇ ਹੋਏ ਵੀ ਬੜੀ ਬੇਸ਼ਰਮੀ ਅਤੇ ਢੀਠਤਾਈ ਨਾਲ ਆਪਣੇ ਆਪ ਨੂੰ ਪਾਕ ਦਾਮਨ ਅਤੇ ਦੁੱਧ ਧੋਤੇ ਹੋਣ ਦਾ ਦਾਅਵਾ ਕਰ ਰਹੇ ਹਨ ਦੂਜੇ ਪਾਸੇ ਪੁਲਿਸਅਫਸਰਸ਼ਾਹੀ ਅਤੇ ਸੱਤਾਧਾਰੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚ ਨਸ਼ਿਆਂ ਬਾਰੇ ਕੂੜ ਪ੍ਰਚਾਰ ਪੰਜਾਬ ਨੂੰ ਬਦਨਾਮ ਕਰਨ ਲਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਕਰ ਰਹੀਆਂ ਹਨ ਵੈਸੇ ਸੱਚਾਈ ਬਾਰੇ ਜਨਤਾ ਸਭ ਜਾਣਦੀ ਹੈ

ਦੁਖੀ ਔਰਤ ਦੀ ਵੀਡੀਓ ਦੇਖ ਕੇ ਮਨ ਬਹੁਤ ਉਚਾਟ ਵੀ ਹੋਇਆ ਅਤੇ ਉਦਾਸ ਵੀ ਆਪਣੀ ਉਦਾਸੀ ਨੂੰ ਠੁੰਮ੍ਹਣਾ ਦੇਣ ਲਈ ਅਤੇ ਉਦਾਸੀ ਦੇ ਆਲਮ ਵਿੱਚੋਂ ਬਾਹਰ ਨਿਕਲਣ ਲਈ ਮੈਂ ਸ਼ਹਿਰ ਦੀ ਨੁੱਕਰ ਵਿਚ ਬਣੇ ਪਾਰਕ ਵਿਚ ਚਲਾ ਗਿਆ ਇੱਧਰ ਉੱਧਰ ਦੋ ਚਾਰ ਮਿੰਟ ਘੁੰਮਣ ਤੋਂ ਬਾਅਦ ਇਕ ਬੈਂਚ ਤੇ ਬੈਠ ਗਿਆ ਕੀ ਦੇਖਦਾ ਹਾਂ ਕਿ ਉਸ ਬੈਂਚ ਉੱਤੇ ਪਹਿਲਾਂ ਹੀ ਬੈਠੇ ਦੋ ਬਜ਼ੁਰਗ ਰੋ ਰਹੇ ਸਨ ਪਤਾ ਨਹੀਂ ਕਿਹੜਾ ਦੁੱਖ ਉਨ੍ਹਾਂ ਨੂੰ ਸਤਾ ਰਿਹਾ ਸੀ। ਥੋੜ੍ਹਾ ਕੁ ਹੌਸਲਾ ਕਰਕੇ ਕੁਝ ਮਿੰਟਾਂ ਬਾਅਦ ਉਨ੍ਹਾਂ ਦੇ ਦੁੱਖ ਨੂੰ ਘਟਾਉਣ ਦੇ ਮਨਸ਼ੇ ਨਾਲ ਮੈਂ ਉਨ੍ਹਾਂ ਨੂੰ ਪੁੱਛਿਆ, “ਬਜ਼ੁਰਗੋ, ਕੀ ਗੱਲ ਹੋਈ? ਕਿਉਂ ਰੋ ਰਹੇ ਹੋ? ਤੁਹਾਡੇ ਤੋਂ ਤਾਂ ਸਾਰਿਆਂ ਨੇ ਹੌਸਲਾ ਲੈਣਾ ਹੈ ਜੇ ਤੁਸੀਂ ਹੀ ਢੇਰੀ ਢਾਹ ਕੇ ਬੈਠ ਗਏ ਫਿਰ ਬੱਚਿਆਂ ਨੂੰ ਹੌਸਲਾ ਅਤੇ ਉਤਸ਼ਾਹ ਕੌਣ ਦੇਵੇਗਾ?

ਪਹਿਲਾਂ ਤਾਂ ਬਜ਼ੁਰਗ ਮੇਰੇ ਸੁਆਲ ਦਾ ਉੱਤਰ ਦੇਣ ਲਈ ਤਿਆਰ ਨਾ ਹੋਏ, ਪਰ ਮੇਰੇ ਦੁਬਾਰਾ ਪੁੱਛਣ ਤੇ ਇਕ ਬਜ਼ੁਰਗ ਨੇ ਲੰਮਾ ਹਉਕਾ ਭਰਿਆ ਅਤੇ ਬੜੀ ਧੀਮੀ ਅਤੇ ਕਬੰਦੀ ਆਵਾਜ਼ ਵਿਚ ਕਹਿਣ ਲੱਗਾ, ਬਰਖੁਰਦਾਰਾ, ਮੈਂ ਤਾਂ ਇਸ ਕਰਕੇ ਰੋ ਰਿਹਾ ਹਾਂ ਕਿ ਮੇਰਾ ਨੌਜਵਾਨ ਪੁੱਤਰ ਇਸ ਦੁਨੀਆਂ ਵਿਚ ਨਹੀਂ ਰਿਹਾ ਕਮਲੇ ਨੇ ਪਤਾ ਨਹੀਂ ਲੱਗਣ ਦਿੱਤਾ, ਕਦੋਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ। ਬੱਸ, ਨਸ਼ੇ ਵਿਚ ਗਲਤਾਨ ਰਹਿਣ ਲੱਗਾ ਪਤਾ ਹੀ ਉਦੋਂ ਲੱਗਾ, ਜਦ ਪਾਣੀ ਸਿਰ ਤੋਂ ਦੀ ਲੰਘ ਗਿਆ ਮੈਂ ਦੁਕਾਨਦਾਰੀ ਵਿਚ ਰੁੱਝਿਆ ਰਿਹਾ ਤੇ ਉਹ ਨਸ਼ਿਆਂ ਵਿਚ ਇਲਾਜ ਦੀ ਕੋਸ਼ਿਸ਼ ਕੀਤੀ ਪਰ ਪੱਲੇ ਰੋਣ ਤੋਂ ਬਿਨਾਂ ਕੁਝ ਨਹੀਂ ਪਿਆਬੱਸ ਹੁਣ ਬੈਠੇ ਝੁਰ ਰਹੇ ਹਾਂ ਗੋਡਿਆਂ ਵਿਚ ਸਿਰ ਦੇਕੇ … ਆਪਣੀ ਕਿਸਮਤ ਨੂੰ ਰੋ ਰਹੇ ਹਾਂ ਘਰ ਵੱਢ ਵੱਢ ਖਾਂਦੈ। ... ਮਨ ਹੌਲਾ ਕਰਨ ਲਈ ਇੱਥੇ ਆ ਜਾਈਦੈ

ਆਪਣੀ ਦਾਸਤਾਨੇ ਗਮ ਉਸਨੇ ਡੁਸਕਦੇ ਡੁਸਕਦੇ ਨੇ ਸੁਣਾਈ ਤੇ ਜਦ ਉਹ ਸਹਿਜ ਅਵਸਥਾ ਵਿਚ ਆਇਆ ਤਾਂ ਕਹਿਣ ਲੱਗਾ, “ਇਹ ਭਾਈ ਸਾਹਿਬ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਹਨਇਹ ਇਸ ਲਈ ਰੋ ਰਹੇ ਹਨ ਕਿ ਇਨ੍ਹਾਂ ਦਾ ਪੁੱਤਰ ਮਰਦਾ ਕਿਉਂ ਨਹੀਂ ਇਨ੍ਹਾਂ ਦਾ ਪੁੱਤਰ ਵੀ ਚਿੱਟੇ ਦਾ ਪੱਟਿਆ ਹੋਇਐ ਇਨ੍ਹਾਂ ਦੇ ਦੱਸਣ ਮੁਤਾਬਕ ਉਹ ਸਵੇਰੇ ਅੱਠ ਵਜੇ ਤੱਕ ਤਿੰਨ ਚਾਰ ਸੌ ਦਾ ਨਸ਼ਾ ਛਕ ਜਾਂਦੈ ਸਾਰੀ ਪੈਨਸ਼ਨ ਉਹਦੇ ਹੀ ਢਿੱਡ ਵਿਚ ਜਾਂਦੀ ਹੈ ਕਈ ਵਾਰ ਤਾਂ ਰਾਸ਼ਨ ਜੋਗੇ ਪੈਸੇ ਵੀ ਨਹੀਂ ਬਚਦੇ ...”

ਦੂਜਾ ਬਜ਼ੁਰਗ ਵਿੱਚੋਂ ਬੋਲਿਆ, “ਕੀ ਕਰੀਏ … ਕੱਲਾ ਕੈਰਾ ਹੋਣ ਕਾਰਨ ਸਭ ਕੁਝ ਕਰਨਾ ਪੈਂਦਾਪੈਸੇ ਨਾ ਦਿਉ ਤਾਂ ਸਮਾਨ ਵੇਚਣ ਤੱਕ ਜਾਂਦੈਇੱਜ਼ਤ ਬਚਾਉਣ ਲਈ ਸ਼ਰਮ ਦੇ ਮਾਰਿਆਂ ਨੂੰ ਪੈਸੇ ਦੇਣੇ ਪੈਂਦੇ ਨੇ ਡਾਕਟਰ ਕੋਲ ਲਿਜਾਣ ਦੀ ਗੱਲ ਕਰੀਏ ਤਾਂ ਸਣੇ ਸਾਡੇ, ਡਾਕਟਰ ਨੂੰ ਗੰਦੀਆਂ ਗਾਲ੍ਹਾਂ ਕੱਢਦੈ ਕਈ ਵਾਰ ਤਾਂ ਮਰਨ ਮਾਰਨ ਦੀਆਂ ਧਮਕੀਆਂ ਵੀ ਦੇ ਦਿੰਦਾ ਐ ਕਈ ਵਾਰ ਇਲਾਜ ਕਰਵਾਉਣ ਲਈ ਕਿਹਾ, ਮੰਨਦਾ ਹੀ ਨਹੀਂ। ਨਸ਼ਾ ਛੁਡਾਊ ਕੇਂਦਰ ਵੀ ਕਈ ਫਾਰਮੈਲਟੀਆਂ ਕਰਵਾਉਂਦੇ ਨੇ। ਇਕ ਪ੍ਰਾਈਵੇਟ ਕੇਂਦਰ ਨੇ 80-90 ਹਜ਼ਾਰ ਰੁਪਏ ਦਾ ਖਰਚਾ ਗਿਣਵਾ ਦਿੱਤਾਖਾਏ ਖਸਮਾਂ ਨੂੰ, ਪੈਸਾ ਵੀ ਦੇਣ ਦਾ ਮਨ ਬਣਾ ਲਿਆ ਪਰ ਗੱਲ ਕਿਸੇ ਸਿਰੇ ਨਾ ਲੱਗੀ ਇਕ ਕੇਂਦਰ ਵਾਲੇ ਕਹਿਣ ਲੱਗੇ ਕਿ ਅਸੀਂ ਪੁਲਸ ਲੈ ਕੇ ਸਵੇਰੇ ਸਵੇਰੇ ਆਵਾਂਗੇ ਤੇ ਜਬਰਦਸਤੀ ਚੁੱਕ ਕੇ ਲੈ ਜਾਵਾਂਗੇ, ਇਸਨੇ ਗੱਲੀਂਬਾਤੀਂ ਕੇਦਰ ਨਹੀਂ ਜਾਣਾ। … ਹੁਣ ਤੂੰ ਦੱਸ ਬਰਖੁਰਦਾਰ, ਕਿਹੜੇ ਖੂਹ ਵਿਚ ਡੁੱਬ ਕੇ ਮਰੀਏ? ਸਾਡਾ ਤਾਂ ਜਿਉਣਾ ਦੁੱਭਰ ਹੋਇਆ ਪਿਐ ਦੋਵੇਂ ਜੀ ਇਹੀ ਅਰਦਾਸ ਕਰਦੇ ਆਂ ਬਈ ਜਾਂ ਰੱਬ ਸਾਨੂੰ ਚੁੱਕ ਲਵੇ, ਜਾਂ ਫਿਰ ਉਸ ਤੋਂ ਸਾਡਾ ਖਹਿੜਾ ਛੁੱਟ ਜਾਵੇ। 

ਦੋਵਾਂ ਬਜ਼ੁਰਗਾਂ ਦੀ ਵੇਦਨਾ ਸੁਣ ਕੇ ਮੇਰਾ ਦਿਲ ਕੰਬ ਗਿਆ। ਇਕ ਇਸ ਲਈ ਰੋ ਰਿਹੈ ਕਿ ਉਸਦਾ ਪੁਤੱਰ ਰੱਬ ਨੂੰ ਪਿਆਰਾ ਹੋ ਗਿਐ, ਦੂਜਾ ਇਸ ਲਈ ਰੋ ਰਿਹੈ ਕਿ ਉਸਦਾ ਪੁੱਤਰ ਇਸ ਜਹਾਨ ਤੋ ਜਾਂਦਾ ਕਿਉਂ ਨਹੀਂ ਕੈਸੀ ਅਜੀਬ ਸਥਿਤੀ ਹੈ ਮਾਪਿਆਂ ਦੀ? ਅਜਿਹੀ ਦੁਖਾਂਤਿਕ ਸਥਿਤੀ ਵਿਚ ਸਰਕਾਰ ਕਿਵੇਂ ਕਹਿ ਰਹੀ ਹੈ ਕਿ ਸੂਬੇ ਵਿਚ ਨਸ਼ਾ ਸਿਰਫ ਦੋ ਪ੍ਰਤੀਸ਼ਤ ਹੈਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਲਗਦੀ ਹੈ, ਪਤਾ ਤਾਂ ਉਦੋਂ ਲੱਗਦਾ ਹੈ ਜਦ ਇਹ ਆਪਣੇ ਘਰ ਲੱਗਦੀ ਐ। ਜਿਸ ਤਨ ਲਾਗੈ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ ਅਜਿਹੀਆਂ ਦੁਖਾਂਤਿਕ ਕਹਾਣੀਆਂ ਸੁਣ ਕੇ ਤਾਂ ਸਿਰਫ ਇਹੀ ਕਿਹਾ ਜਾ ਸਕਦੈ, ਐ ਖ਼ੁਦਾ! ਮੇਰੇ ਰੰਗਲੇ ਪੰਜਾਬ ਤੇ ਮਿਹਰ ਕਰ!

*****

(372)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)