AmarjitBabbri7ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂਸੁਣਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...
(ਮਾਰਚ 11, 2016)

 

ਪੰਜਾਬ ਵਿੱਚ ਇਹ ਕਹਾਵਤ ਮਸ਼ਹੂਰ ਹੈ ਕਿ ਜੱਟ (ਜ਼ਿਮੀਂਦਾਰ) ਜਾਂ ਤਾਂ ਪਟਵਾਰੀ ਤੋਂ ਡਰਦਾ ਹੈ ਜਾਂ ਫਿਰ ਗੜਿਆਂ ਤੋਂ, ਇਸ ਤੋਂ ਬਿਨਾਂ ਉਹ ਕਿਸੇ ਖੱਬੀ ਖ਼ਾਨ ਦੀ ਟੈਂ ਨਹੀਂ ਮੰਨਦਾ। ਆਪਣੀ ਅਣਖ ਅਤੇ ਇੱਜ਼ਤ ਲਈ ਉਹ ਆਪਣੇ ਸਿਰ ਦੀ ਵੀ ਪਰਵਾਹ ਨਹੀਂ ਕਰਦਾ।

ਸਮੇਂ ਵਿਚ ਆਈ ਤਬਦੀਲੀ ਨਾਲ ਪਟਵਾਰੀ ਤੋਂ ਸਿਰਫ਼ ਜੱਟ ਹੀ ਨਹੀਂ, ਵੱਡੇ-ਵੱਡੇ ਆਗੂ ਅਤੇ ਬਿਉਰੋਕਰੈਟ ਵੀ ਚਾਲੂ ਹਨ। ਹਰ ਭ੍ਰਿਸ਼ਟ ਆਗੂ ਅਤੇ ਅਫ਼ਸਰ ਦੋ ਨੰਬਰ ਦੀ ਕਮਾਈ ਨੂੰ ਸਿਰਫ਼ ਅਤੇ ਸਿਰਫ਼ ਜ਼ਮੀਨ-ਜਾਇਦਾਦ ਖ਼ਰੀਦ ਕੇ ਖਪਾਉਂਦਾ ਹੈ, ਜਿਸ ਦਾ ਸਾਰਾ ਰਿਕਾਰਡ ਪਟਵਾਰੀ ਕੋਲ ਹੁੰਦਾ ਹੈ। ਪਟਵਾਰੀ ਭਾਵੇਂ ਜ਼ਮੀਨ ਦਾ ਰਿਕਾਰਡ ਰੱਖਣ ਵਾਲਾ ਮੁਲਾਜ਼ਮ ਹੈ, ਪਰ ਉਸਦੇ ਹੱਥ ਬਹੁਤ ਲੰਮੇ ਹਨ। ਉਹ ਕਿਸੇ ਦੀ ਜ਼ਮੀਨ ਦੇ ਨੰਬਰ ਬਦਲ ਸਕਦਾ ਹੈ। ਇੰਤਕਾਲ ਮੌਕੇ ਇੰਦਰਾਜ ਕਰਨ ਸਮੇਂ ਜ਼ਮੀਨ ਦੇ ਨੰਬਰਾਂ ਵਿੱਚ ਕੀਤੀ ਛੋਟੀ-ਮੋਟੀ ਤਬਦੀਲੀ ਕਿਸੇ ਨੂੰ ਵੀ ਵੱਡੇ ਸੰਕਟ ਵਿੱਚ ਪਾ ਸਕਦੀ ਹੈ। ਜ਼ਮੀਨਾਂ ਦੇ ਮਾਲਕਾਂ ਦੇ ਹਰ ਚਾਰ ਸਾਲ ਬਾਅਦ ਨਵੇਂ ਰਜਿਸਟਰਾਂ ਵਿੱਚ ਨਾਮ ਚੜ੍ਹਾਏ ਜਾਂਦੇ ਹਨ, ਜਿਸ ਨੂੰ ਚਾਰ ਸਾਲਾ ਕਿਹਾ ਜਾਂਦਾ ਹੈ। ਨਵੇਂ ਰਜਿਸਟਰ ਵਿੱਚ ਨਾਮ ਚੜ੍ਹਾਉਣ ਸਮੇਂ ਉਹ ਜਾਣ-ਬੁੱਝ ਕੇ ਕਈ ਵਾਰ ਮਾਲਕਾਂ ਦੇ ਨਾਮ ਬਦਲ ਦਿੰਦਾ ਹੈ ਜਾਂ ਨਾਮ ਦੇ ਅੱਖਰਾਂ ਵਿੱਚ ਥੋੜ੍ਹਾ-ਬਹੁਤਾ ਫ਼ਰਕ ਪਾ ਦਿੰਦਾ ਹੈ, ਜਾਂ ਜ਼ਮੀਨ ਦੇ ਨੰਬਰ ਉਲਟ-ਪੁਲਟ ਲਿਖ ਦਿੰਦਾ ਹੈ। ਜਦੋਂ ਮਾਲਕ ਜਮ੍ਹਾਂਬੰਦੀ ਜਾਂ ਫਰਦ ਲੈਣ ਜਾਂਦਾ ਹੈ ਤਾਂ ਰਿਕਾਰਡ ਵਿੱਚ ਗ਼ਲਤ ਇੰਦਰਾਜ ਹੋਣ ਕਾਰਨ ਉਸ ਦੀ ਦਰੁਸਤੀ ਕਰਵਾਉਣ ਦੇ ਪਟਵਾਰੀ ਮੋਟੇ ਪੈਸੇ ਵਸੂਲਦਾ ਹੈ, ਜਦੋਂ ਕਿ ਇਹ ਸਭ ਉਸ ਨੇ ਜਾਣ ਬੁੱਝ ਕੇ ਕੀਤਾ ਹੁੰਦਾ ਹੈ, ਪਰ ਖਮਿਆਜ਼ਾ ਜ਼ਿਮੀਂਦਾਰ ਨੂੰ ਭੁਗਤਣਾ ਪੈਂਦਾ ਹੈ। ਜ਼ਮੀਨ ਦੀ ਵਿਰਾਸਤ ਚੜ੍ਹਾਉਣ, ਭਰਾਵੀ ਵੰਡ ਦੇ ਇੰਦਰਾਜ ਚੜ੍ਹਾਉਣ ਮੌਕੇ ਇਹ ਲੋਕਾਂ ਨੂੰ ਖੱਜਲ-ਖੁਆਰ ਹੀ ਨਹੀਂ ਕਰਦਾ, ਸਗੋਂ ਉਨ੍ਹਾਂ ਤੋਂ ਮੋਟੀ ਰਕਮ ਵੀ ਵਸੂਲਦਾ ਹੈ। ਪਟਵਾਰੀ ਦੀ ਕਲਮ ਵਿੱਚ ਐਨੀ ਤਾਕਤ ਹੈ ਕਿ ਵੱਡੇ-ਵੱਡੇ ਆਗੂ ਵੀ ਉਸਦਾ ਪਾਣੀ ਭਰਦੇ ਹਨ, ਕਿਉਂਕਿ ਉਨ੍ਹਾਂ ਨੇ ਬੇਨਾਮੀਆਂ ਅਤੇ ਨਾਜਾਇਜ਼ ਕਬਜ਼ੇ ਕੀਤੀਆਂ ਪਰਵਾਸੀ ਲੋਕਾਂ ਦੀਆਂ ਜ਼ਮੀਨਾਂ ਨੂੰ ਕਨੂੰਨੀ ਤੌਰ ਤੇ ਆਪਣੇ ਕਬਜ਼ੇ ਵਿੱਚ ਕਰਨਾ ਹੁੰਦਾ ਹੈ। ਪਟਵਾਰੀ ਦੀ ਤਾਕਤ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਡਿਪਟੀ ਕਮਿਸ਼ਨਰ ਨੂੰ ਡੀ ਸੀ ਸਾਹਿਬ ਨਹੀਂ ਕਹਿੰਦੇ, ਪਰ ਪਟਵਾਰੀ ਨੂੰ ਸਤਿਕਾਰ ਨਾਲ ਜ਼ਰੂਰ ਪਟਵਾਰੀ ਸਾਹਿਬ ਕਹਿੰਦੇ ਹਨ।

ਮੇਰੇ ਇੱਕ ਮਿੱਤਰ ਨੇ ਆਪਣੀ ਜ਼ਮੀਨ ਦੇ ਨੰਬਰ ਦੇ ਕੇ ਬੈਂਕ ਤੋਂ ਕਰਜ਼ਾ ਲੈਣਾ ਸੀ। ਪਟਵਾਰੀ ਕਿਸੇ ਗੱਲ ਕਾਰਨ ਉਸਦਾ ਦਿਲੋਂ ਵਿਰੋਧੀ ਸੀ। ਜਦੋਂ ਉਹ ਪਟਵਾਰੀ ਕੋਲ ਗਿਆ ਤਾਂ ਉਸ ਨੇ ਫੀਸ ਲੈਣ ਦੇ ਬਾਵਜੂਦ ਕੁਝ ਅਜਿਹੇ ਨੰਬਰ ਉਸ ਦੀ ਜਮ੍ਹਾਂਬਦੀ ਵਿੱਚ ਦਰਜ ਕਰ ਦਿੱਤੇ, ਜੋ ਉਸਦੇ ਰਕਬੇ ਵਿੱਚ ਹੈ ਹੀ ਨਹੀਂ ਸਨ। ਬੈਂਕ ਮੈਨੇਜਰ ਨੇ ਲੀਗਲ ਅਡਵਾਈਜ਼ਰ ਦੀ ਰਿਪੋਰਟ ਆਉਣ ਤੇ ਉਸ ਨੂੰ ਨੰਬਰ ਠੀਕ ਕਰਵਾ ਕੇ ਲਿਆਉਣ ਲਈ ਕਾਗ਼ਜ਼ ਵਾਪਸ ਕਰ ਦਿੱਤੇ। ਪਟਵਾਰੀ ਨੇ ਕਾਗ਼ਜ਼ ਠੀਕ ਹਨ, ਕਹਿ ਕੇ ਉਸ ਨੂੰ ਟਰਕਾ ਦਿੱਤਾ। ਕਈ ਗੇੜੇ ਮਾਰਨ ਦੇ ਬਾਵਜੂਦ ਪਰਵਾਰੀ ਨੇ ਉਸ ਦੇ ਪੱਲੇ ਕੁਝ ਵੀ ਨਾ ਪਾਇਆ।

ਅੱਕੇ ਹੋਏ ਮਿੱਤਰ ਨੇ ਆਖ਼ਰ ਕਾਗ਼ਜ਼ਾਂ ਦੀ ਦਰੁਸਤੀ ਲਈ ਇਲਾਕੇ ਦੇ ਐੱਮ ਐੱਲ ਏ ਤੱਕ ਪਹੁੰਚ ਕੀਤੀ। ਉਹ ਅਜੇ ਐੱਮ ਐੱਲ ਏ ਨੂੰ ਆਪਣਾ ਦੁੱਖ ਦੱਸ ਕੇ ਆਇਆ ਹੀ ਸੀ ਕਿ ਉਸ ਨੂੰ ਪਟਵਾਰੀ ਦਾ ਫੋਨ ਆ ਗਿਆ, “ਕਿਉਂ, ਜਾ ਆਇਐਂ ਐੱਮ ਐੱਲ ਏ ਕੋਲ? ਹੁਣ ਉਸ ਤੋਂ ਹੀ ਨੰਬਰ ਠੀਕ ਕਰਵਾਈਂ। ਤੈਨੂੰ ਪਤੈ, ਐੱਮ ਐੱਲ ਏ ਦੇ ਪਲਾਟਾਂ ਅਤੇ ਜ਼ਮੀਨਾਂ ਦੇ ਸਾਰੇ ਗ਼ਲਤ-ਮਲਤ ਕੰਮ ਮੈਂ ਹੀ ਕੀਤੇ ਹਨ। ਸ਼ਾਮਲਾਟਾਂ ਅਤੇ ਵਕਫ ਬੋਰਡ ਦੀਆਂ ਸਾਰੀਆਂ ਜ਼ਮੀਨਾਂ ਮੈਂ ਹੀ ਉਸਦੇ ਨਾਮ ਚੜ੍ਹਾਈਆਂ ਹਨ। ਉਸਦੀ ਕੀ ਮਜਾਲ, ਮੇਰੇ ਵੱਲ ਕੈਰੀ ਅੱਖ ਨਾਲ ਵੇਖ ਵੀ ਜਾਵੇ।

ਸਾਡਾ ਮਿੱਤਰ ਬੜਾ ਪ੍ਰੇਸ਼ਾਨ ਹੋਇਆ ਕਿ ਅਜੇ ਉਹ ਹੁਣੇ ਹੀ ਉਸ ਨੂੰ ਮਿਲ ਕੇ ਆਇਆ ਹੈ, ਪਟਵਾਰੀ ਨੂੰ ਪਹਿਲਾਂ ਹੀ ਖ਼ਬਰ ਹੋ ਗਈ ਹੈ। ਉਸ ਨੂੰ ਕਿਸੇ ਨੇ ਦੱਸ ਪਾਈ ਕਿ ਪਟਵਾਰੀ ਜ਼ਿਲ੍ਹਾ ਜਥੇਦਾਰ (ਪ੍ਰਧਾਨ) ਦੀ ਆਖੀ ਨਹੀਂ ਮੋੜਦਾ, ਉਸ ਨਾਲ ਗੱਲ ਕਰ ਕੇ ਵੇਖ। ਉਹ ਆਪਣੇ ਇੱਕ ਜਾਣੂ ਨੂੰ ਨਾਲ ਲੈ ਕੇ ਜ਼ਿਲ੍ਹਾ ਜਥੇਦਾਰ ਦੇ ਜਾ ਮੱਥੇ ਲੱਗਾ, ਸਾਰੀ ਹੋਈ-ਬੀਤੀ ਉਸ ਨੂੰ ਦੱਸ ਦਿੱਤੀ। ਜ਼ਿਲ੍ਹਾ ਜਥੇਦਾਰ ਨੇ ਉਸ ਨੂੰ ਪੂਰਾ ਭਰੋਸਾ ਦੁਆਇਆ ਕਿ ਤੇਰਾ ਕੰਮ ਹੋ ਜਾਵੇਗਾ। ਜੇ ਪਟਵਾਰੀ ਨੇ ਕੰਮ ਨਾ ਕੀਤਾ ਤਾਂ ਫਿਰ ਉਸ ਦੀ ਬਦਲੀ ਹੋਈ ਸਮਝ। ਮਿੱਤਰ ਪੂਰੇ ਹੌਸਲੇ ਵਿੱਚ ਚਾਈ-ਚਾਈਂ ਵਾਪਸ ਘਰ ਆ ਗਿਆ। ਅਗਲੇ ਦਿਨ ਉਸ ਨੂੰ ਪਟਵਾਰੀ ਦਾ ਫੋਨ ਆਇਆ, “ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ਵਿਕਣ ਵਾਸਤੇ ਥਾਣੇ ਜਾਂਦੀ ਹੈ। ਉਹ ਮੇਰੀ ਬਦਲੀ ਕਿਵੇਂ ਕਰਵਾਵੇਗਾ? ਉਸ ਦੀ ਜਾਨ ਤਾਂ ਮੇਰੀ ਮੁੱਠੀ ਵਿੱਚ ਹੈ।” ਕੰਮ ਵਿੱਚੇ ਲਟਕਦਾ ਹੋਣ ਕਾਰਨ ਉਹ ਬੜਾ ਮਾਯੂਸ ਹੋਇਆ। ਉਸ ਦਾ ਦਿਲ ਕਰੇ ਕਿ ਖੂਹ ਵਿੱਚ ਛਾਲ ਮਾਰ ਕੇ ਮਰ ਜਾਵੇ।

ਉਹ ਸੋਚ ਰਿਹਾ ਸੀ ਕਿ ਜੱਦੀ ਜਾਇਦਾਦ ਦੇ ਨੰਬਰਾਂ ਵਿੱਚ ਪਟਵਾਰੀ ਨੇ ਇਹ ਅੜਿੱਕਾ ਕਿਉਂ ਖੜ੍ਹਾ ਕਰ ਦਿੱਤਾ ਹੈ। ਰੋਣ-ਹਾਕੇ ਹੋਏ ਨੇ ਸਾਰੀ ਕਥਾ-ਵਾਰਤਾ ਆਪਣੇ ਪਿੰਡ ਦੇ ਇੱਕ ਮਾਸਟਰ ਨਾਲ ਸਾਂਝੀ ਕੀਤੀ। ਮਾਸਟਰ ਜੀ ਨੇ ਕਿਹਾ, “ਯਾਰ, ਇਹ ਮਹਿਕਮਾ ਡਿਪਟੀ ਕਮਿਸ਼ਨਰ ਦੇ ਅਧੀਨ ਹੁੰਦਾ ਹੈ, ਉਸ ਨੂੰ ਮਿਲਣਾ ਚਾਹੀਦਾ ਹੈ। ਸਿਆਸੀ ਲੋਕਾਂ ਨੂੰ ਇਹ ਪਟਵਾਰੀ ਕੀ ਸਮਝਦੇ ਹਨ।” ਸਾਡਾ ਮਿੱਤਰ ਡੀ ਸੀ ਦਫ਼ਤਰ ਚਲਾ ਗਿਆ। ਦੋ-ਢਾਈ ਘੰਟੇ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਚਪੜਾਸੀ ਨੇ ਉਸ ਨੂੰ ਅੰਦਰ ਭੇਜਿਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਐੱਮ ਐੱਲ ਏ ਅਤੇ ਜ਼ਿਲ੍ਹਾ ਜਥੇਦਾਰ ਨੂੰ ਡੀ ਸੀ ਕੋਲ ਬੈਠੇ ਦੇਖਿਆ। ਉਸ ਨੇ ਸਾਰਾ ਮਾਮਲਾ ਡੀ ਸੀ ਸਾਹਿਬ ਨੂੰ ਦੱਸਿਆ ਤੇ ਇਹ ਵੀ ਕਿਹਾ ਕਿ ਐੱਮ ਐੱਲ ਏ ਸਾਹਿਬ ਅਤੇ ਜਥੇਦਾਰ ਸਾਹਿਬ ਦੀ ਵੀ ਸਿਫਾਰਸ਼ ਕਰਵਾਈ ਸੀ, ਪਰ ਕੁਝ ਹੱਥ-ਪੱਲੇ ਨਹੀਂ ਪਿਆ। ਜਥੇਦਾਰ ਜੀ ਕਹਿੰਦੇ ਸਨ ਕਿ ਜੇਕਰ ਉਸ ਨੇ ਤੇਰਾ ਕੰਮ ਨਾ ਕੀਤਾ ਤਾਂ ਉਸ ਦੀ ਬਦਲੀ ਜ਼ਰੂਰ ਹੋ ਜਾਵੇਗੀ।

ਡੀ ਸੀ ਨੇ ਖਚਰਾ ਹਾਸਾ ਹੱਸਦਿਆਂ ਐੱਮ ਐੱਲ ਏ ਅਤੇ ਜਥੇਦਾਰ ਵੱਲ ਵੇਖਿਆ ਤੇ ਕਿਹਾ, “ਪਟਵਾਰੀ ਤਾਂ ਬੜਾ ਭਲਾਮਾਣਸ ਆਦਮੀ ਹੈ, ਉਸ ਦੀ ਬਦਲੀ ਕਿਵੇਂ ਹੋਜੂ! ਉਸ ਨੂੰ ਵੀ ਤਾਂ ਆਖ਼ਰ ਕਿਸੇ ਨਾ ਕਿਸੇ ਨੇ ਇੱਥੇ ਲਗਵਾਇਆ ਹੀ ਹੈ ਨਾ।” ਅਜੇ ਡੀ ਸੀ ਸਾਹਿਬ ਗੱਲ ਕਰ ਹੀ ਰਹੇ ਸਨ ਕਿ ਜਥੇਦਾਰ ਨੇ ਵਿੱਚੋਂ ਗੱਲ ਕੱਟਦਿਆਂ ਉਸ ਮਿੱਤਰ ਨੂੰ ਕਿਹਾ, “ਤੂੰ ਜਾ ਕੇ ਪਟਵਾਰੀ ਨੂੰ ਮਿਲ ਲੈ, ਉਹੋ ਤੇਰਾ ਮਸਲਾ ਹੱਲ ਕਰੇਗਾ। ਬਹੁਤਾ ਚਲਾਕ ਬਣਨ ਦੀ ਕੋਸ਼ਿਸ਼ ਨਾ ਕਰੀਂ, ਜਿਵੇਂ ਹੱਲ ਦੱਸੇ, ਉਵੇਂ ਕਰ ਲੈਣਾ।

ਜਥੇਦਾਰ ਦੀ ਗੱਲ ਸੁਣ ਕੇ ਉਹ ਸੁੰਨ ਹੋ ਗਿਆ ਤੇ ਨੀਵੀਂ ਪਾ ਕੇ ਬਿਨਾਂ ਫਤਹਿ ਬੁਲਾਏ ਦਫ਼ਤਰੋਂ ਬਾਹਰ ਆ ਗਿਆ।

*****

(215)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)