AmarjitBabbri7ਇਸ ਤਰ੍ਹਾਂ ਸਾਨੂੰ ਰਾਜਨੀਤਿਕ ਆਜ਼ਾਦੀ ਤਾਂ ਪ੍ਰਾਪਤ ਹੈ ਪਰ ਆਮ ਆਦਮੀ ਨੂੰ ਅੱਜ ਤੱਕ ...
(ਜਨਵਰੀ 26, 2016  ਅੱਜ ਹਿੰਦੋਸਤਾਨ ਦਾ 67ਵਾਂ ਗਣਤੰਤਰ ਦਿਵਸ ਹੈ।)

 

ਭਾਰਤ ਦੇ ਇਤਿਹਾਸ ਵਿਚ 26 ਜਨਵਰੀ ਇਕ ਬੜਾ ਮਹੱਤਵਪੂਰਨ ਦਿਨ ਹੈ, ਜਿਸ ਨੂੰ ਹਰ ਵਰ੍ਹੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ ਤੇ ਮਨਾਇਆ ਜਾ ਰਿਹਾ ਹੈ ਜੋ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। 26 ਜਨਵਰੀ 1950 ਨੂੰ ਸੁਤੰਤਰ ਭਾਰਤ ਦੀ ਇਕ ਸੰਪੂਰਨ ਪ੍ਰਭੂਤਵ ਸੰਪੰਨ ਲੋਕਤੰਤਰ ਗਣਰਾਜ ਵਜੋਂ ਸਥਾਪਨਾ ਹੋਈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵਰਣਨ ਕੀਤਾ ਗਿਆ ਹੈ, ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਤਵ ਸੰਪੰਨ ਸਮਾਜਵਾਦੀ ਤੇ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਇਸਦੇ ਸਮੁੱਚੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਹਾਰ ਅਭਿਵਿਅਕਤੀ, ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਾ ਤੇ ਮੌਕਿਆਂ ਦੀ ਬਰਾਬਰੀ ਪ੍ਰਾਪਤ ਕਰਵਾਉਣ ਲਈ ਅਤੇ ਉਨ੍ਹਾਂ ਸਾਰਿਆਂ ਵਿਚ ਵਿਅਕਤੀ ਦੇ ਗੌਰਵ ਤੇ ਰਾਸ਼ਟਰ ਦੀ ਅਖੰਡਤਾ ਨਿਸਚਿਤ ਕਰਨ ਵਾਲੀ ਮਿੱਤਰਤਾ ਨੂੰ ਵਧਾਉਣ ਲਈ ਦ੍ਰਿੜ੍ਹ ਸੰਕਲਪ ਲੈ ਕੇ ਆਪਣੀ ਇਸ ਸੰਵਿਧਾਨ ਸਭਾ ਵਿਚ ਇਸ ਸੰਵਿਧਾਨ ਨੂੰ ਅੰਗੀਕਾਰ ਕਰਕੇ ਅਧਿਨਿਯਮਤ ਅਤੇ ਆਤਮ ਸਮਰਪਿਤ ਕਰਦੇ ਹਾਂ।

ਅੱਜ ਦੇਸ਼ ਦੇ ਨੌਜਵਾਨਾਂ ਨੂੰ ਜਿੱਥੇ ਦੇਸ਼ ਦੀ ਸਤੰਤਰਤਾ ਅਤੇ ਲੋਕਰਾਜ ਦੀ ਗਾਥਾ ਬੜੇ ਲੱਛੇਦਾਰ ਭਾਸ਼ਣਾਂ ਵਿਚ ਸੁਣਾਈ ਜਾਵੇਗੀ, ਉੱਥੇ ਨੌਜਵਾਨਾਂ ਨੂੰ ਇਹ ਵੀ ਕਿਹਾ ਜਾਵੇਗਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ। ਆਜ਼ਾਦੀ ਦੇ ਐਨੇ ਸਾਲਾਂ ਬਾਅਦ ਵੀ ਅਸੀਂ ਮਜ਼ਬੂਤੀ ਨਾਲ ਖੜ੍ਹੇ ਹਾਂ, ਭਾਵੇਂ ਦੇਸ਼ ਵਿਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਵਿਸ਼ਵਾਸਘਾਤ, ਬੇਇਮਾਨੀ, ਜਬਰ ਅਤੇ ਜ਼ੁਲਮ, ਗਰੀਬਾਂ ਦਾ ਸ਼ੋਸ਼ਣ, ਨੇਤਾਵਾਂ ਦੀ ਨਾਅਹਿਲੀਅਤ ਵਰਗੀਆਂ ਅਨੇਕਾਂ ਬਿਮਾਰੀਆਂ ਸਰਾਲ੍ਹ ਵਾਂਗ ਵਧਦੀਆਂ ਜਾ ਰਹੀਆਂ ਹਨ, ਫਿਰ ਵੀ ਸਾਡਾ ਲੋਕਤੰਤਰ ਜਿਉਂਦਾ ਹੈ। ਸੰਵਿਧਾਨ ਵਿਚ ਦਰਜ ਹੈ ਕਿ ਧਰਮ, ਮੂਲਵੰਸ਼, ਜਾਤੀ, ਲਿੰਗ ਜਾਂ ਜਨਮ ਅਸਥਾਨ ਦੇ ਆਧਾਰ ਤੇ ਕਿਸੇ ਵੀ ਨਾਗਰਿਕ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ।

ਪਰ ਹਕੀਕਤ ਵਿਚ ਅਸੀਂ ਰੋਜ਼ ਧਰਮਾਂ ਦੇ ਨਾਂ ਤੇ ਡਾਂਗ ਸੋਟਾ ਹੁੰਦੇ ਹਾਂ। ਮੰਦਰ, ਮਸਜਿਦਾਂ ਢਾਹੀਆਂ ਜਾਂਦੀਆਂ ਹਨ, ਗੁਰਦੁਆਰਿਆਂ ਤੇ ਹਮਲੇ ਕੀਤੇ ਜਾਂਦੇ ਹਨ। ਊਚ-ਨੀਚ ਤੇ ਜਾਤੀ ਭੇਦਭਾਵ ਨਾਲ ਦੂਜੇ ਨੂੰ ਨੀਵਾਂ ਦਿਖਾਉਣ ਦੇ ਯਤਨ ਕੀਤੇ ਜਾਂਦੇ ਹਨ। ਔਰਤਾਂ ਦੀ ਅਜਮਤ ਨੂੰ ਲੁੱਟ ਕੇ ਤੰਦੂਰਾਂ ਵਿਚ ਸੁੱਟਿਆ ਜਾਂਦਾ ਹੈ ਤੇ ਬੱਚੀਆਂ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਜਾਂਦਾ ਹੈ ਪਰ ਸਾਰੀ ਦੁਨੀਆ ਵਿਚ ਪਹਿਚਾਣ ਸਿਰਫ ਇਸੇ ਕਰਕੇ ਬਣਦੀ ਹੈ ਕਿ ਜਦ ਵੀ ਦੇਸ਼ ਤੇ ਸੰਕਟ ਹੁੰਦਾ ਹੈ, ਅਸੀਂ ਅਜਿਹੀਆਂ ਸਾਰੀਆਂ ਜ਼ਿਆਦਤੀਆਂ ਭੁੱਲ ਕੇ ਇਕੱਠੇ ਹੋ ਜਾਂਦੇ ਹਾਂ ਤੇ ਸੰਵਿਧਾਨ ਵਿਚ ਦਰਜ ਉਪਰੋਕਤ ਕਥਨ ਤੇ ਪੂਰੇ ਉੱਤਰਦੇ ਹਾਂ।

ਸੰਵਿਧਾਨ ਦੀ ਮੂਲ ਧਾਰਨਾ ਇਹੀ ਹੈ ਕਿ ਭਾਰਤੀ ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੀ ਚਲਾਇਆ ਜਾਣ ਵਾਲਾ ਤੰਤਰ ਹੈ ਅਤੇ ਇਸੇ ਆਧਾਰ ’ਤੇ ਲੋਕਾਂ ਨੂੰ ਰਾਜਨੀਤਿਕ ਆਜ਼ਾਦੀ ਮਿਲੀ ਹੋਈ ਹੈ। ਇਹ ਠੀਕ ਹੈ ਕਿ ਭਾਰਤ ਵਿਚ ਲੋਕਤੰਤਰ ਦੀ ਸਥਾਪਨਾ ਸਦੀਆਂ ਪੁਰਾਣੀ ਹੈ ਪਰ ਇਸ ਤੇ ਕਦੇ ਵੀ ਆਮ ਲੋਕਾਂ ਦਾ ਕਬਜਾ ਨਹੀਂ ਹੋਇਆ। ਵੰਸ਼ਵਾਦ, ਪੈਸਾ, ਰੌਲੇ ਤੇ ਝੌਲੇ ਦੀ ਤਾਕਤ ਤੋਂ ਲੱਠਮਾਰਾਂ, ਬਦਮਾਸ਼ਾਂ, ਸਮਗਲਰਾਂ, ਕਾਤਲਾਂ ਅਤੇ ਜ਼ਿਆਦਾਤਰ ਅਪਰਾਧੀਆਂ ਦਾ ਹੀ ਕਬਜਾ ਰਿਹਾ ਹੈ। ਆਜ਼ਾਦੀ ਦੇ ਸਾਢੇ 6 ਦਹਾਕਿਆਂ ਬਾਅਦ ਅੱਜ ਵੀ ਦੇਸ਼ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਵਿਚ ਸੈਂਕੜੇ ਅਜਿਹੇ ਲੋਕ ਬੈਠੇ ਹਨ, ਜਿਹਨਾਂ ਦਾ ਪਿਛੋਕੜ ਅਪਰਾਧੀ ਹੈ ਅਤੇ ਉਹਨਾਂ ਖਿਲਾਫ ਅਦਾਲਤਾਂ ਵਿਚ ਅੱਜ ਵੀ ਕੇਸ ਚੱਲ ਰਹੇ ਹਨ।

ਇਸ ਤਰ੍ਹਾਂ ਸਾਨੂੰ ਰਾਜਨੀਤਿਕ ਆਜ਼ਾਦੀ ਤਾਂ ਪ੍ਰਾਪਤ ਹੈ ਪਰ ਆਮ ਆਦਮੀ ਨੂੰ ਅੱਜ ਤੱਕ ਰਾਜਨੀਤਿਕ ਆਜ਼ਾਦੀ ਦੀ ਸਮਝ ਹੀ ਨਹੀਂ ਆਈ ਕਿਉਂਕਿ ਉਹ ਅੱਜ ਵੀ ਪੈਸੇ, ਸ਼ਰਾਬ, ਅਫੀਮ ਅਤੇ ਭੁੱਕੀ ਦੇ ਲਾਲਚ ਵਿਚ ਆ ਕੇ ਆਪਣੀ ਰਾਜਨੀਤਕ ਆਜ਼ਾਦੀ ਨੂੰ ਮਜਬੂਰੀ ਵੱਸ ਵੇਚ ਦਿੰਦਾ ਹੈ। ਭ੍ਰਿਸ਼ਟਾਚਾਰ, ਨੈਤਿਕ ਕਦਰਾਂ ਕੀਮਤਾਂ ਦਾ ਪਤਨ ਅਤੇ ਸਭਿਆਤਾਵਾਂ ਦੇ ਪਤਨ ਦੇ ਬਾਵਜੂਦ ਵੀ ਆਸ਼ਾਵਾਦੀ ਹਾਂ। ਭ੍ਰਿਸ਼ਟਾਚਾਰ ਵਧਿਆ ਹੈ, ਨੈਤਿਕ ਮੁੱਲਾਂ ਵਿਚ ਕਮੀ ਆਈ ਹੈ, ਹਰ ਵਿਭਾਗ ਦਾ ਹਰ ਅਧਿਕਾਰੀ ਅਤੇ ਕਰਮਚਾਰੀ ਰਿਸ਼ਵਤਖੋਰ ਹੈ, ਫਿਰ ਵੀ ਲੋਕ ਇਸ ਗੱਲ ਦੇ ਕਾਇਲ ਹਨ ਕਿ ਜਦੋਂ ਰਿਸ਼ਵਤ ਨਾਲ ਕੋਈ ਨਾ ਕੋਈ ਕੰਮ ਤਾਂ ਹੋ ਜਾਂਦਾ ਹੈਇਸ ਹੀ ਉਮੀਦ ਸਹਾਰੇ ਸਾਡਾ ਲੋਕਤੰਤਰ ਤੁਰਿਆ ਆ ਰਿਹਾ ਹੈ। ਲੁੱਟ-ਖਸੁੱਟ ਦੇ ਬਾਵਜੂਦ ਵੀ ਲੋਕ ਸੰਤੁਸ਼ਟ ਹਨ, ਇਹੀ ਸੰਤੁਸ਼ਟੀ ਭਾਰਤੀ ਲੋਕਤੰਤਰ ਦੇ ਬੇਈਮਾਨ ਆਗੂਆਂ ਦੀ ਵੱਡੀ ਪ੍ਰਾਪਤੀ ਹੈ, ਜੋ ਦੇਸ਼ ਨੂੰ ਬਚਾਈ ਬੈਠੀ ਹੈ।

ਭਾਰਤ ਦੀ ਆਬਾਦੀ 120 ਕਰੋੜ ਤੋਂ ਉੱਪਰ ਹੋ ਚੁੱਕੀ ਹੈ, ਜਿਸ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕ ਖੁੱਲ੍ਹੇ ਅਸਮਾਨ ਦੀ ਛੱਤ ਹੇਠ ਸੌਂਦੇ ਹਨ ਤੇ ਚਾਲੀ ਪ੍ਰਤੀਸ਼ਤ ਲੋਕ ਅਨਾਜ ਦੇ ਭੰਡਾਰ ਹੋਣ ਦੇ ਬਾਵਜੂਦ ਵੀ ਭੁੱਖੇ ਢਿੱਡ ਸੌਂਦੇ ਹਨ। ਹਜ਼ਾਰਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਲੱਖਾਂ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਨਹੀਂ ਹਨਇਲਾਜ ਮੱਧ ਵਰਗ ਦੀ ਪਹੁੰਚ ਤੋਂ ਵੀ ਦੂਰ ਹੋ ਗਿਆ ਹੈ। ਫਿਰ ਵੀ ਦੇਸ਼ ਦੀ ਆਬਾਦੀ ਦੇ ਲਿਹਾਜ ਨਾਲ ਦੇਸ਼ ਦੁਨੀਆ ਦੀ ਇਕ ਤਾਕਤ ਵਜੋਂ ਉੱਭਰ ਰਿਹਾ ਹੈ।

ਦੇਸ਼ ਵਿਚ ਭਾਵੇਂ ਬਾਬਰੀ ਮਸਜਿਦ, ਮਰਾਠਾ ਭੂਮੀ, ਹਿੰਦੂ-ਮੁਸਲਿਮ, ਹਿੰਦੂ ਇਸਾਈ ਤੇ ਹੋਰ ਧਰਮਾਂ ਦੇ ਲੋਕਾਂ ਵਿਚ ਦੰਗੇ ਫਸਾਦ ਹੁੰਦੇ ਰਹਿੰਦੇ ਹਨ ਪਰ ਸਾਰੇ ਲੋਕ ਹੋਲੀ, ਈਦ, ਵਿਸਾਖੀ ਅਤੇ ਦੀਵਾਲੀ ਵਰਗੇ ਤਿਉਹਾਰ ਅਨੇਕਾਂ ਵਿਚ ਏਕਤਾ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਹਨ। ਦੁੱਖ ਅਤੇ ਮੁਸੀਬਤ ਦੇ ਸਮੇਂ ਲੋਕ ਇਕ-ਦੂਜੇ ਦੇ ਨਾਲ ਖੜ੍ਹਦੇ ਹਨ। ਖਾਸ ਤੌਰ ਤੇ ਆਗੂ ਤਾਂ ਪਹਿਲਾਂ ਅੱਗ ਬਾਲ ਕੇ ਫਿਰ ਉਸਨੂੰ ਬੁਝਾਉਣ ਵਿਚ ਸਭ ਤੋਂ ਮੂਹਰੇ ਹੋ ਕੇ ਖੜ੍ਹਦੇ ਹਨ।

ਗੁਜਰਾਤ, ਜੰਮੂ-ਕਸ਼ਮੀਰ ਅਤੇ ਪੰਜਾਬ ਵਗੈਰਾ ਵਿਚ ਤਾਂ ਇਸ ਕੰਮ ਲਈ ਆਗੂਆਂ ਦੀ ਭੂਮਿਕਾ ਅਹਿਮ ਰਹੀ ਹੈ। ਸਾਡੀ ਤਾਕਤ ਇਹੀ ਹੈ ਕਿ ਭੂਚਾਲ ਗੁਜਰਾਤ ਵਿਚ ਆਉਂਦਾ ਹੈ ਤੇ ਰਾਹਤ ਸਮੱਗਰੀ ਦੂਜੇ ਪ੍ਰਦੇਸ਼ਾਂ ਤੋਂ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਦੰਗੇ ਗੁਜਰਾਤ ਵਿਚ ਹੁੰਦੇ ਹਨ ਤੇ ਦਵਾਈਆਂ ਅਤੇ ਡਾਕਟਰ ਦਿੱਲੀ ਤੋਂ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਅਸੀਂ ਅਨੇਕਾਂ ਵਿਚ ਏਕਤਾ ਦਾ ਸਬੂਤ ਦੁਨੀਆ ਸਾਹਮਣੇ ਪੇਸ਼ ਕਰਦੇ ਹਾਂ।

ਭਾਰਤ ਵਿਚ ਭਾਵੇਂ ਹਰੇਕ ਨੂੰ ਆਪਣੇ ਆਪਣੇ ਇਸ਼ਟ ਦੀ ਉਪਾਸਨਾ ਕਰਨ ਦਾ ਅਧਿਕਾਰ ਹਾਸਲ ਹੈ, ਫਿਰ ਵੀ ਵੱਧ ਗਿਣਤੀ ਲੋਕ ਘੱਟ ਗਿਣਤੀਆਂ ਨੂੰ ਅਜਿਹਾ ਕਰਨ ਤੋਂ ਜ਼ਬਰਦਸਤੀ ਵਰਜਦੇ ਹਨ। ਆਮ ਲੋਕਾਂ ਦੀ ਧਾਰਮਿਕ ਆਸਥਾ ਵਿਚ ਜ਼ਿਆਦਾਤਰ ਅੜਿੱਕਾ ਸਿਆਸੀ ਲੋਕ ਹੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੁਆਉਂਦੇ ਹਨਨੇਤਾਵਾਂ ਦੀ ਇਹ ਕੋਝੀ ਤਿਕੜਮਬਾਜ਼ੀ ਸਾਡੇ ਲਈ ਖ਼ਤਰਨਾਕ ਹੈ, ਵੈਸੇ ਕਹਿਣ ਨੂੰ ਦੇਸ਼ ਧਰਮ ਨਿਰਪੱਖ ਹੈ।

ਭਾਰਤੀ ਸੰਵਿਧਾਨ ਵਿਚ ਪੂਰਨ ਸਵਰਾਜ ਦਾ ਅਰਥ ਹੈ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਨਿਆਂ ਅਤੇ ਸ਼ੋਸ਼ਣ ਤੋਂ ਮੁਕਤੀ। ਰਾਜਨੀਤੀ ਵਿਚ ਵੰਸ਼ਵਾਦ ਭਾਈ-ਭਤੀਜਾਵਾਦ ਭਾਰੂ ਹੈਆਰਥਿਕ ਨਾਬਰਾਬਰੀ ਦਾ ਪਾੜਾ ਦਿਨੋ ਦਿਨ ਵਧਦਾ ਜਾ ਰਿਹਾ ਹੈਆਮ ਆਦਮੀ ਨੂੰ ਸਮਾਜਿਕ ਨਿਆਂ, ਰਿਸ਼ਵਤਖੋਰੀ ਤੇ ਸਿਆਸੀ ਦਖਲਅੰਦਾਜ਼ੀ ਕਾਰਨ ਪ੍ਰਾਪਤ ਨਹੀਂ ਹੋ ਰਿਹਾ। ਕਿਰਤ, ਔਰਤ ਅਤੇ ਗਰੀਬਾਂ ਦਾ ਸ਼ੋਸ਼ਣ ਅੱਜ ਵੀ ਬਾਦਸਤੂਰ ਜਾਰੀ ਹੈ। ਅੱਧੀ ਆਬਾਦੀ ਨੂੰ ਪਾਣੀ, ਬਿਜਲੀ, ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਾਪਤ ਹੀ ਨਹੀਂ ਹੋ ਰਹੀਆਂ। ਬੇਰੁਜ਼ਗਾਰੀ ਦਾ ਜਾਲ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ। ਇਸ ਸਭ ਦੇ ਬਾਵਜੂਦ ਸਾਡੇ ਅੰਦਰ ਦੇਸ਼ ਭਗਤੀ ਦੀ ਜੋ ਭਾਵਨਾ ਹੈ, ਉਹ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ।

*****

(167)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)