NarinderKSohal7ਮੇਰੇ ਮੁੰਡੇ ਨੂੰ ਗੋਲੀ ਵੱਜ ਚੱਲੀ ਸੀਅਸੀਂ ਮਸਾਂ ਜਾਨ ਬਚਾ ਕੇ ਆਏ ਹਾਂ। ਤੁਸੀਂ ਜਲਦੀ ਨਾਲ ...
(7 ਜਨਵਰੀ 2023)
ਮਹਿਮਾਨ: 96.


ਜਦੋਂ ਵੀ ਪੰਜਾਬ ਦੇ ਹਾਲਾਤ ਨੂੰ ਲੈਕੇ ਚਰਚਾ ਛਿੜਦੀ ਹੈ ਤਾਂ ਕਾਲੇ ਦਿਨਾਂ ਵਾਲੇ ਹਾਲਾਤ ਅੱਖਾਂ ਅੱਗਿਓਂ ਗੁਜ਼ਰਨ ਲੱਗਦੇ ਹਨ
ਪੰਜਾਬ ਦਾ ਉਸ ਦੌਰ ਨੇ ਬਹੁਤ ਨੁਕਸਾਨ ਕੀਤਾ, ਘਰਾਂ ਦੇ ਘਰ ਤਬਾਹ ਹੋ ਗਏਲੋਕ ਬਹੁਤ ਹੀ ਭਿਆਨਕ ਹਾਲਾਤ ਵਿੱਚੋਂ ਦੀ ਗੁਜ਼ਰ ਰਹੇ ਸਨਘਰਾਂ ਵਿੱਚ ਅੱਤਵਾਦੀਆਂ ਤੇ ਪੁਲਿਸ ਦੋਵਾਂ ਦੀ ਆਮਦ ਮਾੜੀ ਸਮਝੀ ਜਾਂਦੀ ਸੀ ਕਿਉਂਕਿ ਦੋਵੇਂ ਪਾਸੇ ਤੋਂ ਹੀ ਗੋਲੀ ਦਾ ਖ਼ਤਰਾ ਸੀ ਜਿੱਥੇ ਅੱਤਵਾਦੀ ਬੇਕਸੂਰਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਸਨ, ਉੱਥੇ ਪੁਲਿਸ ਵੀ ਇਹੋ ਕੁਝ ਕਰਨ ’ਤੇ ਉਤਾਰੂ ਹੋ ਚੁੱਕੀ ਸੀਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾ ਦਿੱਤਾਹਰ ਰੋਜ਼ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿੱਚ ਗਹਿਗੱਚ ਮੁਕਾਬਲੇ ਚੱਲ ਰਹੇ ਸਨਪਰ ਇਹ ਸਮਾਂ ਵੀ ਕਈਆਂ ਨੂੰ ਬਹੁਤ ਰਾਸ ਆ ਰਿਹਾ ਸੀਉਹ ਅੱਤਵਾਦ ਦੀ ਆੜ ਵਿੱਚ ਆਪਣਿਆਂ ਦਾ ਹੀ ਨੁਕਸਾਨ ਕਰਨ ਲਈ ਉਤਾਰੂ ਹੋ ਚੁੱਕੇ ਸਨਕਈ ਪਰਿਵਾਰ ਅੱਤਵਾਦੀਆਂ ਤੇ ਲੁਟੇਰਿਆਂ ਦੋਵਾਂ ਦਾ ਸ਼ਿਕਾਰ ਬਣੇਅਜਿਹੀ ਹੀ ਇੱਕ ਘਟਨਾ ਦਾ ਜ਼ਿਕਰ ਕਰਨ ਲੱਗੀ ਹਾਂ ਜੋ ਸਾਡੇ ਘਰ ਉੱਤੇ 21 ਜੁਲਾਈ 1987 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਡੇ ਪਰਿਵਾਰ ਨਾਲ ਵਾਪਰੀਅੱਤਵਾਦੀਆਂ ਨੇ ਹਮਲਾ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਵਿੱਚ ਸਾਡੇ ਪਿਤਾ ਕਾਮਰੇਡ ਸਵਰਨ ਸਿੰਘ ਸੋਹਲ, ਮਾਤਾ, ਦਾਦੀ, ਭੈਣ ਤੇ ਘਰੇਲੂ ਕਾਮਾ ਸ਼ਾਮਲ ਸਨਅਸੀਂ ਦੋ ਭੈਣਾਂ ਜ਼ਖ਼ਮੀ ਵੀ ਹੋਈਆਂਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਹੀ ਬਿਖ਼ਰ ਗਿਆਸਾਡਾ ਦਾਦਾ ਇਸ ਸਦਮੇ ਕਾਰਨ ਜਲਦੀ ਹੀ ਵਿਛੋੜਾ ਦੇ ਗਿਆਵੱਡੀ ਭੈਣ ਦਾ ਵਿਆਹ ਕਰ ਦਿੱਤਾ ਗਿਆ ਤੇ ਇੱਕ ਭੈਣ ਨੂੰ ਨੌਕਰੀ ਮਿਲਣ ਕਾਰਨ ਉਹ ਸ਼ਹਿਰ ਰਹਿਣ ਲੱਗ ਪਈਭਰਾ ਤੇ ਛੋਟੀ ਭੈਣ ਹੋਸਟਲ ਭੇਜ ਦਿੱਤੇ ਗਏਅਖੀਰ ਘਰ ਵਿੱਚ ਮੈਂ ਤੇ ਮੇਰੀ ਭੂਆ ਦਾ ਪਰਿਵਾਰ ਹੀ ਰਹਿ ਗਏ ਸਾਂ (ਫੁੱਫੜ ਦੀ ਮੌਤ ਕਾਰਨ ਭੂਆ ਆਪਣੇ ਤਿੰਨ ਬੱਚਿਆਂ ਨਾਲ ਸਾਡੇ ਕੋਲ ਹੀ ਰਹਿੰਦੇ ਸਨ)ਮੇਰਾ ਉਸ ਘਰ ਵਿੱਚ ਰਹਿਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਪਰ ਮਜਬੂਰੀ ਕਾਰਨ ਰਹਿਣਾ ਪਿਆ

ਇੱਕ ਰਾਤ ਅਸੀਂ ਬੱਚੇ ‘ਪਰਚੀਆਂ ਦੀ ਖੇਡਖੇਡਣ ਤੋਂ ਬਾਅਦ ਜਦੋਂ ਸੌਣ ਲੱਗੇ ਤਾਂ ਅਚਾਨਕ ਬਾਹਰੋਂ ਸਾਡੇ ਪਰਵਾਸੀ ਮਜ਼ਦੂਰ ਦੀ ਚੀਕ ਸੁਣਾਈ ਦਿੱਤੀਸਾਡੇ ਦਿਲ ਕੰਬ ਗਏ। ਅਸੀਂ ਉਹ ਕਮਰਾ ਛੱਡ ਜਲਦੀ ਨਾਲ ਦੂਜੇ ਕਮਰੇ ਵਿੱਚ ਚਲੇ ਗਏ। ਦੋਵਾਂ ਕਮਰਿਆਂ ਵਿਚਾਲੇ ਆਉਣ ਜਾਣ ਲਈ ਇੱਕ ਛੋਟਾ ਦਰਵਾਜ਼ਾ ਸੀਕਮਰਾ ਬਦਲਣ ਦਾ ਕਾਰਨ ਇਹ ਸੀ ਕਿ ਸੌਣ ਤੋਂ ਪਹਿਲਾਂ ਮੈਂ ਉਸ ਕਮਰੇ ਦੇ ਪਿਛਲੇ ਪਾਸੇ ਖੜਕਾ ਸੁਣਿਆ ਸੀ ਤੇ ਭੂਆ ਨੂੰ ਦੱਸਿਆ ਵੀ ਸੀਪਰ ਭੂਆ ਨੇ ਕਿਹਾ ਕਿ ਕੋਈ ਕੁੱਤਾ ਵਗੈਰਾ ਹੋਣਾਅਸਲ ਵਿੱਚ ਸਾਡਾ ਘਰ ਖੇਤਾਂ ਵਿੱਚ ਸੀ ਤੇ ਪਿਛਲੇ ਪਾਸੇ ਪਰਾਲੀ ਰੱਖੀ ਹੋਈ ਸੀ, ਜਿਸ ਉੱਤੇ ਕੁੱਤਿਆਂ ਦਾ ਬੈਠਣਾ ਆਮ ਸੀਜਿਸ ਕਮਰੇ ਵਿੱਚ ਹੁਣ ਅਸੀਂ ਸ਼ਰਨ ਲਈ ਸੀ, ਉੱਥੇ ਇੱਕ ਹੀ ਮੰਜਾ ਅਤੇ ਇੱਕ ਹੀ ਰਜਾਈ ਪਈ ਸੀਮੈਂ ਅਤੇ ਭੂਆ ਦੇ ਬੱਚੇ ਉਸ ਰਜਾਈ ਵਿੱਚ ਦੁਬਕ ਗਏਬਾਹਰ ਕਿਸੇ ਨੇ ਦਰਵਾਜੇ ਨੂੰ ਬਹੁਤ ਜ਼ੋਰ ਦੀ ਠੁੱਡ ਮਾਰਿਆ। ਇੰਜ ਮਹਿਸੂਸ ਹੋਇਆ ਜਿਵੇਂ ਬੰਬ ਚੱਲਿਆ ਹੋਵੇਭੂਆ ਨੇ ਡਰਦਿਆਂ ਪੁੱਛਿਆ ‘ਕੌਣ ਏਂ?’ ਉਹਨਾਂ ਨੇ ਦਰਵਾਜਾ ਖੋਲ੍ਹਣ ਲਈ ਕਿਹਾਡਰਦਿਆਂ-ਡਰਦਿਆਂ ਭੂਆ ਨੇ ਦਰਵਾਜਾ ਖੋਲ੍ਹਿਆ ਤਾਂ ਦੋ ਆਦਮੀ ਜਿਨ੍ਹਾਂ ਦੇ ਮੂੰਹ ਸਿਰ ਬੰਨ੍ਹੇ ਹੋਏ ਸਨ, ਅੰਦਰ ਆਏਟਾਰਚ ਜਗਾਉਂਦੇ-ਬਝਾਉਂਦੇ ਇਹਨਾਂ ਬੰਦਿਆਂ ਦੀਆਂ ਸਿਰਫ ਅੱਖਾਂ ਹੀ ਦਿਖਾਈ ਦਿੰਦੀਆਂ ਸਨਅਸੀਂ ਡਰਦੇ ਡਰਦੇ ਰਜਾਈ ਦੀ ਇੱਕ ਨੁੱਕਰ ਚੁੱਕ ਕੇ ਬੱਸ ਇੰਨਾ ਹੀ ਵੇਖ ਸਕੇਸਾਨੂੰ ਲੱਗਾ ਕਿ ਅੱਜ ਫਿਰ ਮੌਤ ਸਾਡੇ ਸਿਰ ’ਤੇ ਖੜ੍ਹੀ ਹੈ ਤੇ ਹੁਣ ਸਾਨੂੰ ਕੋਈ ਨਹੀਂ ਬਚਾ ਸਕਦਾਉਹਨਾਂ ਭੂਆ ਕੋਲੋਂ ਪੈਸੇ ਮੰਗੇ ਤੇ ਕਿਹਾ, “ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਸਾਡੇ ਹਥਿਆਰ ਗਵਾਚ ਗਏ ਹਨ, ਅਸੀਂ ਹੋਰ ਹਥਿਆਰ ਖਰੀਦਣੇ ਨੇ।” ਉਹਨਾਂ ਟਰੰਕ, ਪੇਟੀ, ਸੰਦੂਕ ਸਭ ਦੀ ਫਰੋਲਾ-ਫਰਾਲੀ ਕਰਾਈ ਤੇ ਜਿੰਨੇ ਵੀ ਪੈਸੇ ਮਿਲੇ, ਲੈ ਲਏ। ਇੱਥੋਂ ਤਕ ਕਿ ਮੇਰੇ ਟਰੰਕ ਵਿੱਚਲੇ 10 ਰੁਪਏ ਵੀ ਨਾ ਛੱਡੇਇੱਕ ਖੇਸ ਵੀ ਚੁੱਕ ਲਿਆ ਤੇ ਚਲੇ ਗਏ, ਪਰ ਸਾਡੇ ’ਤੇ ਛੱਡ ਗਏ ਇੱਕ ਹੋਰ ਦਹਿਸ਼ਤ

ਅਸੀਂ ਡਰਦੇ ਸਾਰੀ ਰਾਤ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇ ਤੇ ਅੰਦਰ ਹੀ ਪਿਸ਼ਾਬ ਕਰਦੇ ਰਹੇਦਿਨ ਚੜ੍ਹਿਆ ਤਾਂ ਭੂਆ ਨੇ ਸਾਨੂੰ ਚਾਹ ਦੇ ਕੇ, ਪਹਿਲਾਂ ਕਮਰੇ ਵਿੱਚ ਜਲਦੀ ਜਲਦੀ ਗੋਹਾ ਫੇਰਿਆ ਤਾਂ ਕਿ ਬੋਅ ਨਾ ਆਵੇਮੈਂ ਬਹੁਤ ਡਰ ਚੁੱਕੀ ਸੀ ਤੇ ਇੱਥੇ ਰਹਿਣਾ ਨਹੀਂ ਚਾਹੁੰਦੀ ਸੀਮੈਂ ਆਪਣੇ ਸਾਰੇ ਕੱਪੜੇ ਇੱਕ ਲਿਫਾਫੇ ਵਿੱਚ ਪਾ ਲਏ ਕਿ ਹੁਣ ਇੱਥੇ ਨਹੀਂ ਰਹਿਣਾਅਸੀਂ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ (ਮੇਰੇ ਪਾਪਾ ਦੇ ਗੁਰੂ ਤੇ ਦੋਸਤ, ਕਾਮਰੇਡ ਦਵਿੰਦਰ ਸੋਹਲ ਦੇ ਪਿਤਾ ਜੀ) ਦੇ ਘਰ ਚਲੇ ਗਏ ਤੇ ਮੈਂ ਆਪਣੇ ਕੱਪੜੇ ਵੀ ਨਾਲ ਲੈ ਗਈਮੈਂ ਕਾਮਰੇਡ ਕੁੰਦਨ ਲਾਲ ਨੂੰ ਕਿਹਾ, ‘ਬਾਪੂ, ਮੈਂ ਨੀਂ ਹੁਣ ਉਸ ਘਰ ਵਿੱਚ ਰਹਿਣਾ

ਉਹਨਾਂ ਮੈਨੂੰ ਹੌਸਲਾ ਦਿੱਤਾ ਤੇ ਸਾਰਾ ਦਿਨ ਆਪਣੇ ਘਰ ਰੱਖਿਆਸ਼ਾਮ ਨੂੰ ਉਹਨਾਂ ਕਿਹਾ, “ਰਵੇਲ ਸਿੰਘ (ਮੇਰਾ ਨਾਗੋਕੇ ਵਾਲਾ ਫੁੱਫੜ, ਸਾਬਕਾ ਫੌਜੀ, ਜਿਨ੍ਹਾਂ ਨੂੰ ਬਾਅਦ ਵਿੱਚ ਅੱਤਵਾਦੀਆਂ ਨੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਸੀ, ਬੰਦੂਕ ਲੈ ਕੇ ਆ ਰਿਹਾ, ਤੁਸੀਂ ਘਰ ਚੱਲੋ

ਬਿਨਾਂ ਮਨ ਮੰਨੇ ਮੈਨੂੰ ਫਿਰ ਉਸ ਘਰ ਜਾਣਾ ਪਿਆਰਾਤ ਨੂੰ ਜਦੋਂ ਦੁਬਾਰਾ ਬਾਹਰ ਖੜਕਾ ਹੋਇਆ ਤਾਂ ਮੇਰੇ ਫੁੱਫੜ ਨੇ ਅੰਦਰੋਂ ਆਵਾਜ਼ ਦਿੱਤੀ ‘ਕੌਣ ਏਂ?’ ਤਾਂ ਉਹ ਭੱਜ ਗਏਇਹਨਾਂ ਹਾਲਾਤ ਦੇ ਮੱਦੇਨਜ਼ਰ ਅਗਲੇ ਦਿਨ ਇਹ ਫੈਸਲਾ ਕੀਤਾ ਗਿਆ ਕਿ ਰਾਤ ਨੂੰ ਘਰ ਵਿੱਚ ਸਿਰਫ ਕਾਮਾ ਤੇ ਫੁੱਫੜ ਹੀ ਰਿਹਣਗੇਅਸੀਂ ਗੁਆਂਢ ਸ਼ਰੀਕੇ ਵਿੱਚੋਂ ਲੱਗਦੇ ਤਾਏ ਦੇ ਘਰ ਰਾਤਾਂ ਗੁਜ਼ਾਰਨੀਆਂ ਸ਼ੁਰੂ ਕਰ ਦਿੱਤੀਆਂਉਹਨਾਂ ਦਾ ਘਰ ਵੀ ਖੇਤਾਂ ਵਿੱਚ, ਸਾਡੇ ਘਰ ਨਾਲ਼ੋਂ ਕੁਝ ਹਟਵਾਂ ਸੀਅਸੀਂ ਸ਼ਾਮ ਨੂੰ ਵੇਲੇ ਨਾਲ ਰੋਟੀ ਖਾ ਕੇ ਉਹਨਾਂ ਦੇ ਘਰ ਚਲੇ ਜਾਣਾ ਤੇ ਦਿਨ ਚੜ੍ਹਦੇ ਹੀ ਆ ਜਾਣਾ

ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸਨ ਕਿ ਇੱਕ ਸ਼ਾਮ ਪੀਟਰ ਰੇਹੜੇ ਸਮੇਤ ਤਾਈ ਬਹੁਤ ਘਬਰਾਈ ਹੋਈ ਸਾਡੇ ਘਰ ਆਈਉਹਨਾਂ ਦਾ ਛੋਟਾ ਬੇਟਾ ਵੀ ਨਾਲ ਸੀਉਸਨੇ ਆਉਂਦਿਆਂ ਭੂਆ ਨੂੰ ਕਿਹਾ, “ਅਸੀਂ ਝਬਾਲ ਤੋਂ ਆ ਰਹੇ ਸਾਂ ਕਿ ਰਸਤੇ ਵਿੱਚ ‘ਮੁਕਾਬਲਾ’ ਹੋ ਰਿਹਾ ਸੀ। ਮੇਰੇ ਮੁੰਡੇ ਨੂੰ ਗੋਲੀ ਵੱਜ ਚੱਲੀ ਸੀ, ਅਸੀਂ ਮਸਾਂ ਜਾਨ ਬਚਾ ਕੇ ਆਏ ਹਾਂ। ਤੁਸੀਂ ਜਲਦੀ ਨਾਲ ਰੋਟੀ ਖਾ ਕੇ ਸਾਡੇ ਘਰ ਆਜੋ

ਇਹ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਜਵਾਬ ਦੇ ਗਈਆਂਪਰ ਭੂਆ ਨੇ ਜਲਦੀ-ਜਲਦੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾਭੂਆ ਜਦੋਂ ਮੈਨੂੰ ਅੰਦਰੋਂ ਕੁਝ ਲੈ ਆਉਣ ਨੂੰ ਕਹਿੰਦੀ ਤਾਂ ਮੈਂ ਮਨ ਹੀ ਮਨ ਭੂਆ ਨੂੰ ਕੋਸਦੀ ਕਿਉਂਕਿ ਉਹਨਾਂ ਕਮਰਿਆਂ ਵਿੱਚ ਵੜਦਿਆਂ ਤਾਂ ਮੈਨੂੰ ਦਿਨੇ ਹੀ ਡਰ ਲੱਗਦਾ ਸੀਜਦੋਂ ਅਸੀਂ ਕੰਮ ਨਿਬੇੜ ਕੇ ਤਾਏ ਦੇ ਘਰ ਵੱਲ ਤੁਰੀਆਂ ਤਾਂ ਹਨੇਰਾ ਉੱਤਰ ਚੁੱਕਾ ਸੀਖੇਤਾਂ ਵਿੱਚ ਹਰ ਪਾਸੇ ਪਾਣੀ ਲੱਗਾ ਹੋਇਆ ਸੀਜਦੋਂ ਅਸੀਂ ਕਾਹਲੀ-ਕਾਹਲੀ ਕਦਮ ਪੁੱਟਦੇ ਜਾ ਰਹੇ ਸੀ ਕਿ ਅਚਾਨਕ ਪੁਲਿਸ ਵੱਲੋਂ ਛੱਡੇ ਰਾਕਟ ਲਾਂਚਰ ਨੇ ਚਾਰ-ਚੁਫੇਰੇ ਮਣਾਂ ਮੂੰਹੀਂ ਚਾਨਣ ਕਰ ਦਿੱਤਾਸਾਡੇ ਸਭ ਦੇ ਸਾਹ ਰੁਕ ਗਏ ਤੇ ਲੱਗਾ ਕਿ ਹੁਣ ਉਹਨਾਂ ਸਾਨੂੰ ਦੇਖ ਲਿਆ, ਹੁਣ ਅਸੀਂ ਨਹੀਂ ਬਚਦੇਲੱਤਾਂ ਭਾਰ ਨਹੀਂ ਸੀ ਚੁੱਕ ਰਹੀਆਂ। ਅਸੀਂ ਡਿਗਦੇ ਢਹਿੰਦੇ ਜਦੋਂ ਤਾਏ ਦੇ ਘਰ ਪਹੁੰਚੇ ਤਾਂ ਕਮਰ ਤਕ ਚਿੱਕੜ ਨਾਲ ਲਿੱਬੜ ਚੁੱਕੇ ਸੀਤਾਈ ਨੇ ਸਾਨੂੰ ਬਦਲਣ ਲਈ ਹੋਰ ਕੱਪੜੇ ਦੇ ਦਿੱਤੇ

ਬੇਸ਼ਕ ਅਸੀਂ ਬਚ ਕੇ ਆਉਣ ਦਾ ਸ਼ੁਕਰ ਮਨਾ ਰਹੇ ਸੀ ਪਰ ਡਰ ਅੰਦਰੋਂ ਨਹੀਂ ਨਿਕਲ ਰਿਹਾ ਸੀਇਸ ਤਰ੍ਹਾਂ ਰੋਜ਼ ਰਾਤ ਨੂੰ ਕਿਸੇ ਦੇ ਘਰ ਜਾ ਕੇ ਸੌਣਾ ਚੰਗਾ ਨਹੀਂ ਸੀ ਲੱਗਦਾਅਖੀਰ ਮੈਂ ਵੀ ਆਪਣੀ ਛੋਟੀ ਭੈਣ ਕੋਲ ਪਟਿਆਲੇ ਚਲੀ ਗਈ ਤੇ ਭੂਆ ਨੇ ਅੰਮ੍ਰਿਤਸਰ ਵਿੱਚ ਇੱਕ ਮਕਾਨ ਲੈ ਲਿਆਇਸ ਤਰ੍ਹਾਂ ਸਾਡਾ ਆਪਣਾ ਘਰ ਹਮੇਸ਼ਾ ਹਮੇਸ਼ਾ ਲਈ ਛੁੱਟ ਗਿਆਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਨੇ ਸਾਨੂੰ ਘਰੋਂ ਬੇਘਰ ਹੋਣ ਲਈ ਮਜਬੂਰ ਕੀਤਾ ਸੀ, ਉਹ ਸ਼ਰੀਕੇ ਵਿੱਚੋਂ ਹੀ ਸੀਅੱਤਵਾਦ ਦੀ ਆੜ ਹੇਠ ਇਹ ਸਭ ਵੀ ਆਮ ਚੱਲ ਰਿਹਾ ਸੀਪੰਜਾਬ ਵਿੱਚ ਕਤਲ, ਅਗਵਾ, ਲੁੱਟਮਾਰ ਅਤੇ ਫਿਰੌਤੀਆਂ ਦੀ ਹਨੇਰੀ ਆਈ ਹੋਈ ਸੀਲੋਕ ਦਿਨ ਢਲਦੇ ਹੀ ਕੁੰਡੇ ਮਾਰ ਕੇ ਅੰਦਰ ਵੜ ਜਾਂਦੇ ਸਨਜੇ ਕਿਤੇ ਡਾਕੀਆ ਜਾਂ ਕੋਈ ਅਣਜਾਣ ਦਰਵਾਜ਼ਾ ਖੜਕਾ ਦਿੰਦਾ ਤਾਂ ਘਰ ਵਿੱਚ ਮਾਤਮ ਛਾ ਜਾਂਦਾ ਕਿ ਕਿਤੇ ਫਿਰੌਤੀ ਦੀ ਚਿੱਠੀ ਤਾਂ ਨਹੀਂ ਆ ਗਈ ਬੇਸ਼ਕ ਉਹ ਦੌਰ ਗੁਜ਼ਰ ਗਿਆ ਹੈ ਪਰ ਜੋ ਨਿਸ਼ਾਨ ਦੇ ਗਿਆ, ਉਹ ਮਿਟਾਏ ਨਹੀਂ ਜਾ ਸਕਦੇ

ਅੱਜ ਜਦੋਂ ਕੋਈ ਪੰਜਾਬ ਵਿੱਚ ਮੁੜ ਹਾਲਾਤ ਖਰਾਬ ਹੋਣ ਬਾਰੇ ਚਿੰਤਾ ਜਿਤਾਉਂਦਾ ਹੈ ਤਾਂ ਉਸ ਦੌਰ ਵੱਲੋਂ ਮਿਲੇ ਜ਼ਖ਼ਮ ਰਿਸਣ ਲੱਗਦੇ ਹਨਪੰਜਾਬ ਨੇ ਬਹੁਤ ਕੁਝ ਖੋਇਆ ਹੈ, ਜਿਸਦੀ ਅੱਜ ਤਕ ਭਰਪਾਈ ਨਹੀਂ ਹੋ ਸਕੀਅਸੀਂ ਉਸ ਸਮੇਂ ਆਪਣੇ ਮਾਪੇ ਹੀ ਨਹੀਂ ਗਵਾਏ ਸਗੋਂ ਆਪਣਾ ਘਰ, ਬਚਪਨ, ਖੁਸ਼ੀਆਂ ਸਭ ਕੁਝ ਗਵਾ ਦਿੱਤਾਸਾਡੀ ਨਵੀਂ ਪੀੜ੍ਹੀ ਨੂੰ ਉਹਨਾਂ ਹਾਲਾਤ ਦਾ ਉਹ ਅਹਿਸਾਸ ਨਹੀਂ ਹੋ ਸਕਦਾ, ਜੋ ਆਪਣੇ ਪਿੰਡੇ ’ਤੇ ਹੰਢਾਉਣ ਵਾਲਿਆਂ ਨੂੰ ਹੋ ਸਕਦਾ ਹੈਅਸੀਂ ਕਦੇ ਨਹੀਂ ਚਾਹੁੰਦੇ ਕਿ ਉਹ ਦੌਰ ਦੁਬਾਰਾ ਆਵੇ, ਜਿਸ ਵਿੱਚ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋਣ ਜਾਂ ਬੱਚੇ ਅਨਾਥ ਹੋਣਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਭਾਈਚਾਰਕ ਸਾਂਝ ਨੂੰ ਆਂਚ ਵੀ ਨਾ ਆਉਣ ਦੇਈਏਸ਼ਾਲਾ ਨਵਾਂ ਸਾਲ ਇਸ ਸਾਂਝ ਨੂੰ ਹੋਰ ਮਜ਼ਬੂਤ ਕਰੇ ਤੇ ਨਫ਼ਰਤਾਂ ਨੂੰ ਪਛਾੜਨ ਵਿੱਚ ਸਹਾਈ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3723)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author