
“ਹੱਥ ਵਿੱਚ ਫੜਿਆ ਹੋਇਆ ਦੁੱਧ ਦਾ ਗਿਲਾਸ ਬਿਸ਼ਨ ਸਿੰਘ ਨੇ ਉੱਥੇ ਹੀ ਰੱਖ ਦਿੱਤਾ ਸੀ। ਜੇਬ ਵਿੱਚੋਂ ਰੁਪਈਆ ਕੱਢ ਕੇ ...”
(27 ਜੁਲਾਈ 2022)
ਮਹਿਮਾਨ: 485.
ਆਪਣੀ ਸੱਤਰ ਸਾਲਾਂ ਦੀ ਉਮਰ ਵਿੱਚ ਅੱਜ ਬਾਬਾ ਬਿਸ਼ਨ ਸਿੰਘ ਪਹਿਲਾਂ ਕਦੇ ਇੰਨਾ ਦੁਖੀ ਨਹੀਂ ਹੋਇਆ। ਅੱਜ ਸਵੇਰੇ-ਸਵੇਰੇ ਉਹਦੀ ਪੋਤੀ ਉਹਦੇ ਕੋਲ ਗੁਟਕਦੀ-ਗੁਟਕਦੀ ਆਈ ਤੇ ਆਉਂਦੀ ਨੇ ਕਿਹਾ, “ਦਾਦਾ ਜੀ … … ਦਾਦਾ ਜੀ … … ਅੱਜ ਮੈਂ ਫੈਸ਼ਨ ਮੁਕਾਬਲੇ ਵਿੱਚ ਜਾ ਰਹੀ ਆਂ। ਮੈਨੂੰ ਅਸ਼ੀਰਵਾਦ ਦਿਓ।”
ਪਹਿਲਾਂ ਵੀ ਬਾਬੇ ਨੂੰ ਪੋਤੀ ਦੀਆਂ ਬਹੁਤੀਆਂ ਗੱਲਾਂ ਪਸੰਦ ਨਹੀਂ ਸਨ। ਪੋਤੀ ਨੇ ਆਪਣੇ ਨਹੁੰ ਵਧਾਏ ਹੋਏ ਸਨ, ਭਰਵੱਟਿਆਂ ਦੇ ਵਾਲਾਂ ਨੂੰ ਕਟਵਾਇਆ ਹੋਇਆ ਸੀ।
“ਬੇਟੇ … … ਪੜ੍ਹਾਈ ਵੱਲ ਧਿਆਨ ਦੇ। ਇਹੋ ਜਿਹੇ ਗੰਦੇ ਮੁਕਾਬਲੇ ਧੀਆਂ-ਭੈਣਾਂ ਨੂੰ ਸ਼ੋਭਾ ਨਹੀਂ ਦਿੰਦੇ।” ਬਾਬਾ ਬਿਸ਼ਨ ਸਿੰਘ ਨੇ ਆਪਣੀ ਪੋਤੀ ਜਸਪ੍ਰੀਤ ਨੂੰ ਮੱਤ ਦੇਣੀ ਚਾਹੀ।
“ਦਾਦਾ ਜੀ … … ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਓ। ਜਦੋਂ ਮੈਂ ਸ਼ੀਲਡ ਲੈ ਕੇ ਆਈ, ਫਿਰ ਦੇਖਣਾ ਤੁਹਾਨੂੰ ਕਿੰਨੀ ਖੁਸ਼ੀ ਹੋਵੇਗੀ। ਅਖਬਾਰ ਵਿੱਚ ਮੇਰੀ ਫੋਟੋ ਛਪੇਗੀ। ਤੁਹਾਨੂੰ ਮੈਂ ਦਿਖਾਵਾਂਗੀ।” ਜਸਪ੍ਰੀਤ ਲੋਰ ਵਿੱਚ ਆ ਕੇ ਬੋਲੀ ਜਾ ਰਹੀ ਸੀ। ਉਹ ਹੋਰ ਵੀ ਬਹੁਤ ਕੁਝ ਕਹਿੰਦੀ ਪਰ ਉਸ ਦੇ ਪਿਤਾ ਨੇ ਆਵਾਜ਼ ਮਾਰ ਲਈ।
ਬਾਬਾ ਬਿਸ਼ਨ ਸਿੰਘ ਤੋਂ ਰਿਹਾ ਨਾ ਗਿਆ। ਉਹ ਵਿਹੜੇ ਵਿੱਚ ਆਪਣੇ ਮੁੰਡੇ ਕੋਲ ਖੂੰਡਾ ਖੜਕਾਉਂਦਾ ਹੋਇਆ ਪਹੁੰਚ ਗਿਆ। “ਜਸਪਾਲ ਪੁੱਤਰ! ਇਹ ਕੀ ਕਹਿ ਰਹੀ ਏ ਜਸਪ੍ਰੀਤ? ਚੰਗੇ ਨਹੀਂ ਹੁੰਦੇ ਇਹ ਮੁਕਾਬਲੇ।”
ਜਸਪਾਲ ਸਿੰਘ ਨੇ ਆਪਣੇ ਪਿਓ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਜਸਪ੍ਰੀਤ ਨੂੰ ਕਹਿ ਰਿਹਾ ਸੀ, “ਬੇਟੇ … … ਆਪਣੇ ਵਾਲ ਤਾਂ ਠੀਕ ਕਰ ਲੈ। ਉਸ ਦਿਨ ਵਰਗੇ ਬਣਾ ਜਿਵੇਂ ਤੂੰ ਕਾਲਜ ਦੇ ਐਨੁਅਲ ਫੰਕਸ਼ਨ ਵੇਲੇ ਬਣਾਏ ਸਨ।”
ਬਿਸ਼ਨ ਸਿੰਘ ਦੇ ਕੰਨ ਪਾਟ ਰਹੇ ਸਨ। ਮੱਥੇ ਵਿੱਚ ਚੀਸਾਂ ਉੱਠ ਰਹੀਆਂ ਸਨ। ਛਾਤੀ ਦੇ ਖੱਬੇ ਪਾਸੇ ਉਸ ਨੂੰ ਦਰਦਾ ਹੁੰਦਾ ਮਹਿਸੂਸ ਹੋਇਆ। ਉਸ ਨੂੰ ਲੱਗਿਆ ਉਹ ਉੱਥੇ ਹੀ ਡਿਗ ਪਵੇਗਾ।
ਜਸਪਾਲ ਦੀ ਘਰ ਵਾਲੀ ਨੇ ਬਾਬੇ ਦੇ ਮੱਥੇ ’ਤੇ ਤਰੇਲੀਆਂ ਦੇਖ ਕੇ ਆਖਿਆ, “ਪਿਤਾ ਜੀ … … ਤੁਸੀਂ ਅਰਾਮ ਕਰੋ। ਤੁਹਾਡੀ ਤਬੀਅਤ ਠੀਕ ਨਹੀਂ। ਕੁੜੀ ਨੂੰ ਸ਼ੌਕ ਐ ਕੁਝ ਬਣ ਕੇ ਦਿਖਾਉਣ ਦਾ। ਤੁਸੀਂ ਇਸਦੇ ਰਾਹ ਦਾ ਰੋੜਾ ਨਾ ਬਣੋ।”
ਡਿਗਦਾ-ਢਹਿੰਦਾ ਬਾਬਾ ਬਿਸ਼ਨ ਸਿੰਘ ਮੁੜ ਆਪਣੇ ਕਮਰੇ ਵਿੱਚ ਮੰਜੇ ’ਤੇ ਆ ਡਿਗਿਆ। ਕੋਲ ਪਏ ਜੱਗ ਵਿੱਚੋਂ ਪਾਣੀ ਪੀਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਨੂੰਹ-ਪੁੱਤਰ ਦੀ ਬੇਧਿਆਨੀ ਨੇ ਉਸ ਨੂੰ ਦਿਨਾਂ ਵਿੱਚ ਹੀ ਖੂੰਡਾ ਫੜਾ ਦਿੱਤਾ ਸੀ। ਉਹ ਸੋਚ ਰਿਹਾ ਸੀ ਕਿ ਉਹਦੀ ਘਰ ਵਾਲੀ ਭਾਗ ਕੌਰ ਸੱਚਮੁੱਚ ਹੀ ਭਾਗਾਂ ਵਾਲੀ ਨਿਕਲੀ। ਚੰਗੇ ਭਾਗ ਸੀ ਉਸ ਦੇ ਜਿਹੜੀ ਇਹ ਦਿਨ ਦੇਖਣ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਕਿਨਾਰਾ ਕਰ ਗਈ। ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ।
ਅੱਜ ਬਾਬਾ ਬਿਸ਼ਨ ਸਿੰਘ ਨੂੰ ਲੱਗ ਰਿਹਾ ਸੀ ਕਿ ਜਸਪ੍ਰੀਤ ਕਰਕੇ ਉਸ ਦੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ।
ਬਾਬਾ ਬਿਸ਼ਨ ਸਿੰਘ ਨੂੰ ਸਭ ਤੋਂ ਵੱਧ ਗੁੱਸਾ ਆਪਣੇ ਮੁੰਡੇ ਜਸਪਾਲ ’ਤੇ ਆ ਰਿਹਾ ਸੀ। ਪਿਓ ਹੋ ਕੇ ਉਹ ਧੀ ਨੂੰ ਸਜਾ ਰਿਹਾ ਸੀ। ਕਿੰਨੀ ਬੇਸ਼ਰਮੀ ਨਾਲ ਉਸ ਨੂੰ ਵਾਲਾਂ ਬਾਰੇ ਕਹਿ ਰਿਹਾ ਸੀ ਤੇ ਉਹਦੀ ਨੂੰਹ, ਉਹ ਵੀ ਕਿੰਨੀ ਖੁਸ਼ ਸੀ ਜਿਵੇਂ ਜਸਪ੍ਰੀਤ ਨੈ ਕੋਈ ਬਹੁਤ ਵੱਡਾ ਇਮਤਿਹਾਨ ਪਾਸ ਕਰ ਲੈਣਾ ਹੋਵੇ। ਜਿਵੇਂ ਉਸ ਨੇ ਬਹੁਤ ਵੱਡਾ ਕੋਈ ਮਾਅਰਕਾ ਮਾਰ ਲੈਣਾ ਹੋਵੇ।
ਪਿੰਡ ਰਹਿੰਦਿਆਂ ਬਿਸ਼ਨ ਸਿੰਘ ਨੇ ਆਪਣੀਆਂ ਦੋਹਾਂ ਧੀਆਂ ਨੂੰ ਚੰਗਾ ਪੜ੍ਹਾਇਆ ਸੀ। ਪਿੰਡ ਵਿੱਚ ਉਹ ਪਹਿਲਾ ਬੰਦਾ ਸੀ ਜਿਸ ਨੇ ਆਪਣੀ ਨੂੰਹ ਤੋਂ ਘੁੰਡ ਨਹੀਂ ਸੀ ਕਢਵਾਇਆ। ਸਾਰੇ ਸ਼ਰੀਕੇ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਦੋ ਸਾਲ ਉਹਦਾ ਵੱਡਾ ਭਰਾ ਉਨ੍ਹਾਂ ਦੇ ਘਰ ਨਹੀਂ ਆਇਆ ਸੀ। ਬਾਬਾ ਬਿਸ਼ਨ ਸਿੰਘ ਦਿਲੋਂ ਚਾਹੁੰਦਾ ਸੀ ਕਿ ਜਸਪ੍ਰੀਤ ਪੜ੍ਹ-ਲਿਖ ਕੇ ਵੱਡੀ ਡਾਕਟਰ ਬਣੇ ਪਰ ਜਸਪ੍ਰੀਤ ਦੀਆਂ ਆਦਤਾਂ ਉਸ ਨੂੰ ਇਸ ਇੱਛਾ ਦੇ ਰਾਹ ਵਿੱਚ ਵੱਡੀ ਰੁਕਾਵਟ ਨਜ਼ਰ ਆ ਰਹੀਆਂ ਸਨ ਤੇ ਇਸ ਇੱਛਾ ਨਾਲੋਂ ਵੀ ਵੱਡੀ ਸੀ ਖਾਨਦਾਨ ਦੀ ਇੱਜ਼ਤ। ਅੱਜ ਇਸ ਇੱਜ਼ਤ ਦੀ ਮੌਤ ਉਸ ਨੂੰ ਸਾਹਮਣੇ ਨਜ਼ਰ ਆ ਰਹੀ ਸੀ।
ਬਾਬਾ ਬਿਸ਼ਨ ਸਿੰਘ ਦੀ ਨੂੰਹ ਥਾਲੀ ਵਿੱਚ ਰੋਟੀ ਪਾ ਕੇ ਰੱਖ ਗਈ। ਉਸ ਦਾ ਰੋਟੀ ਖਾਣ ਨੂੰ ਵੱਢਿਆਂ ਚਿੱਤ ਨਹੀਂ ਕਰ ਰਿਹਾ ਸੀ। ਨੂੰਹ ਡਿਊਟੀ ’ਤੇ ਚਲੀ ਗਈ ਸੀ। ਘਰ ਵਿੱਚ ਪਸਰੀ ਚੁੱਪ ਨੇ ਬਾਬਾ ਬਿਸ਼ਨ ਸਿੰਘ ਨੂੰ ਦੱਸ ਦਿੱਤਾ, ਘਰ ਦੇ ਸਾਰੇ ਜੀਅ ਚਲੇ ਗਏ ਸਨ, ਹੁਣ ਉਹ ਘਰ ਵਿੱਚ ਬਿਲਕੁਲ ਇਕੱਲਾ ਹੈ।
ਅੱਜ ਬਾਬਾ ਬਿਸ਼ਨ ਸਿੰਘ ਨੂੰ ਲੱਗ ਰਿਹਾ ਸੀ ਕਿ ਉਹ ਸੱਚਮੁੱਚ ਹੀ ਇਸ ਦੁਨੀਆਂ ਵਿੱਚ ਵੀ ਇਕੱਲਾ ਸੀ। ਅੱਜ ਉਸ ਨੂੰ ਭਾਗ ਕੌਰ ਦੀ ਯਾਦ ਬਾਰ-ਬਾਰ ਆ ਰਹੀ ਸੀ ਤੇ ਇਸ ਯਾਦ ਦੇ ਵਿਚਕਾਰ ਉਸ ਨੂੰ ਜਸਪ੍ਰੀਤ ਦਾ ਖਿਆਲ ਆ ਜਾਂਦਾ।
ਹੁਣ ਉਹ ਸਾਰਿਆਂ ਦੇ ਸਾਹਮਣੇ ਸਟੇਜ ’ਤੇ ਗਈ ਹੋਵੇਗੀ। ਸਾਰੇ ਉਸ ਦੇ ਸਰੀਰ ਨੂੰ ਦੇਖ ਰਹੇ ਹੋਣਗੇ। - ਬਾਬਾ ਬਿਸ਼ਨ ਸਿੰਘ ਨੇ ਇਹ ਸੋਚ ਕੇ ਆਪਣੀਆਂ ਬੁੱਢੀਆਂ ਅੱਖਾਂ ਨੂੰ ਘੁੱਟ ਕੇ ਬੰਦ ਕਰ ਲਿਆ। ਜ਼ਿੰਦਗੀ ਵਿੱਚ ਉਹ ਕਦੇ ਰੋਇਆ ਸੀ ਰੋਇਆ। ਮਰਦ ਰੋਇਆ ਨਹੀਂ ਕਰਦੇ, ਇਹ ਗੱਲ ਉਸ ਦੇ ਦਿਮਾਗ ਵਿੱਚ ਵਸੀ ਹੋਈ ਸੀ। ਪਰ ਇਹ ਕੀ? ਅੱਜ ਉਹ ਸਿਸਕੀਆਂ ਭਰ ਕੇ ਰੋ ਰਿਹਾ ਸੀ। ਅੱਜ ਉਹ ਬਿਸ਼ਨ ਸਿੰਘ ਦੀ ਥਾਂ ਭਾਗ ਕੌਰ ਬਣ ਗਿਆ ਸੀ।
ਬਾਬਾ ਬਿਸ਼ਨ ਸਿੰਘ ਨੂੰ ਚੇਤੇ ਆਇਆ, ਜਦੋਂ ਜਸਪਾਲ ਦਾ ਸਹੁਰਾ ਉਹਦੇ ਨਾਲ ਆਪਣੀ ਧੀ ਦੇ ਰਿਸ਼ਤੇ ਦੀ ਗੱਲ ਕਰਨ ਆਇਆ ਸੀ, ਸ਼ਾਮ ਨੂੰ ਉਹ ਦੋਵੇਂ ਕੁੜਮ ਇਕੱਠੇ ਬੈਠੇ ਸਨ। ਗੱਲਾਂ-ਗੱਲਾਂ ਵਿੱਚ ਜਸਪਾਲ ਦੇ ਸਹੁਰੇ ਦੇ ਮੂੰਹੋਂ ਨਿਕਲ ਗਿਆ, “ਭਾਈ ਸਾਬ੍ਹ … … ਮੇਰੀ ਧੀ ਮੋਰਨੀ ਐਂ ਮੋਰਨੀ। ਤੁਹਾਡਾ ਵਿਹੜਾ ਖਿੜ ਉੱਠੇਗਾ।”
ਹੱਥ ਵਿੱਚ ਫੜਿਆ ਹੋਇਆ ਦੁੱਧ ਦਾ ਗਿਲਾਸ ਬਿਸ਼ਨ ਸਿੰਘ ਨੇ ਉੱਥੇ ਹੀ ਰੱਖ ਦਿੱਤਾ ਸੀ। ਜੇਬ ਵਿੱਚੋਂ ਰੁਪਈਆ ਕੱਢ ਕੇ ਉਸ ਨੇ ਜਸਪਾਲ ਦੇ ਸਹੁਰੇ ਅੱਗੇ ਰੱਖ ਦਿੱਤਾ ਸੀ, “ਜਾਓ … … ਇਹ ਰਿਸ਼ਤਾ ਨਹੀਂ ਹੋ ਸਕਦਾ।”
ਜਸਪਾਲ ਦਾ ਸਹੁਰਾ ਸੰਤਾ ਸਿੰਘ ਹੱਕਾ ਬੱਕਾ ਰਹਿ ਗਿਆ ਸੀ। ਉਸ ਦਾ ਰੰਗ ਪੀਲਾ ਭੂਕ ਹੋ ਗਿਆ ਸੀ। ਇਹ ਕੀ ਭਾਣਾ ਵਾਪਰ ਗਿਆ? ਆਖਰ ਉਸ ਤੋਂ ਕੀ ਗੁਨਾਹ ਹੋ ਗਿਆ? ਚੰਗੇ-ਭਲੇ ਤਾਂ ਉਹ ਹੱਸ-ਹੱਸ ਗੱਲਾਂ ਕਰ ਰਹੇ ਸਨ।
ਭਾਗ ਕੌਰ ਅੰਦਰੋਂ ਬਾਹਰ ਆਈ।
“ਇਹ ਕੀ ਕਰ ਰਹੇ ਜੇ ਤੁਸੀਂ? ਘਰ ਆਈ ਲੱਛਮੀ ਨੂੰ ਵੀ ਕੋਈ ਇਸ ਤਰ੍ਹਾਂ ਮੋੜਦੈ? ਜ਼ਬਾਨ ਦਾ ਕੋਈ ਮੁੱਲ ਨਹੀਂ ਹੁੰਦਾ?” ਕਿੰਨੇ ਸਵਾਲ ਕਰ ਦਿੱਤੇ ਸਨ ਭਾਗ ਕੌਰ ਨੇ ਉਸ ਨੂੰ। ਭਾਗ ਕੌਰ ਦੇ ਸਵਾਲ ਸੁਣ ਕੇ ਬਿਸ਼ਨ ਸਿੰਘ ਨੂੰ ਉਸ ’ਤੇ ਰੱਜ ਕੇ ਪਿਆਰ ਆਇਆ ਸੀ। ਕਿੰਨੀ ਚੰਗੀ ਸੀ ਉਹ ਤੇ ਕਿੰਨੇ ਚੰਗੇ ਸਨ ਉਸ ਦੇ ਸਵਾਲ।
ਬਿਸ਼ਨ ਸਿੰਘ ਨੇ ਭਾਗ ਕੌਰ ਨੂੰ ਆਖਿਆ ਸੀ, “ਤੂੰ ਇਨ੍ਹਾਂ ਦਾ ਪੱਖ ਲੈ ਰਹੀ ਏਂ। ਪਤੈ ਇਹ ਕੀ ਕਹਿੰਦੈ ਐ? ਧੀ ਨੂੰ ਮੋਰਨੀ ਦੱਸ ਰਹੇ ਐ। ਕੋਈ ਪਿਓ ਆਖ ਸਕਦਾ ਹੈ ਇੱਦਾਂ ਧੀ ਬਾਰੇ?”
ਗੱਲ ਜਸਪਾਲ ਦੇ ਸਹੁਰੇ ਸੰਤਾ ਸਿੰਘ ਨੂੰ ਇਕਦਮ ਸਮਝ ਆ ਗਈ ਸੀ। ਉਸ ਦਾ ਵਡੱਪਣ ਸੀ ਕਿ ਇਕਦਮ ਬਿਨਾਂ ਚੂੰ ਚਰਾਂ ਕੀਤੇ ਉਸ ਨੇ ਆਪਣੀ ਪੱਗ ਲਾਹ ਕੇ ਬਿਸ਼ਨ ਸਿੰਘ ਦੇ ਪੈਰਾਂ ਵੱਲ ਵਧਾ ਦਿੱਤੀ ਸੀ। ਬਿਸ਼ਨ ਸਿੰਘ ਨੇ ਇਕਦਮ ਉਸ ਦੇ ਪੱਗ ਵਾਲੇ ਹੱਥ ਉੱਪਰ ਕਰ ਦਿੱਤੇ ਸਨ।
“ਬੱਸ … … ਬੱਸ … … ਬੱਸ। ਤੁਹਾਡੀ ਪੱਗ ਤੇ ਮੇਰੀ ਪੱਗ ਵਿੱਚ ਕੋਈ ਫਰਕ ਨਹੀਂ ਸੰਤਾ ਸਿੰਘ ਜੀ! ਜਾਓ … … ਰਿਸ਼ਤਾ ਪੱਕਾ। ਵਿਆਹ ਦੀ ਤਿਆਰੀ ਕਰੋ।”
ਸੰਤਾ ਸਿੰਘ ਹੁਣ ਕਿਹੜਾ ਜਿਊਂਦਾ ਸੀ? ਜੇ ਉਹ ਜਿਊਂਦਾ ਹੁੰਦਾ ਤਾਂ ਉਹ ਬਿਸ਼ਨ ਸਿੰਘ ਦੀ ਗੱਲ ਆਪਣੀ ਧੀ ਨੂੰ ਜ਼ਰੂਰ ਸਮਝਾ ਦਿੰਦਾ। ਫਿਰ ਉਹਦੀ ਧੀ ਕਦੇ ਵੀ ਜਸਪ੍ਰੀਤ ਨੂੰ ਕਿਸੇ ਮੜੇ-ਮੁਕਾਬਲੇ ਵਿੱਚ ਨਾ ਜਾਣ ਦਿੰਦੀ। ਸਾਰੇ ਤਾਂ ਮਰ ਗਏ ਸਨ ਸਮਝਾਉਣ ਵਾਲੇ … … ਉਹ ਇਕੱਲਾ ਕੀ ਕਰੇ? ਉਸ ਨੇ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ ਨੂੰ ਛੂਹਿਆ। ਹੱਥ ਉਸ ਨੂੰ ਬਹੁਤ ਗਰਮ ਲੱਗਿਆ ਜਿਵੇਂ ਪੰਜ ਭੱਠ ਬੁਖਾਰ ਹੋਵੇ। ਉਹਦਾ ਮੂੰਹ ਸੁੱਕ ਰਿਹਾ ਸੀ ਪਰ ਪਾਣੀ ਪੀਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਫਿਰ ਪਤਾ ਨਹੀਂ ਕਦੋਂ ਉਹ ਸੌਂ ਗਿਆ।
ਜਸਪ੍ਰੀਤ ਹੱਥ ਵਿੱਚ ਸ਼ੀਲਡ ਫੜੀ ਨੱਚਦੀ-ਟੱਪਦੀ ਦਾਦੇ ਦੇ ਕਮਰੇ ਵਿੱਚ ਆ ਗਈ। ਬਾਬਾ ਬਿਸ਼ਨ ਸਿੰਘ ਤਾਂ ਸੁੱਤਾ ਪਿਆ ਸੀ। ਜਸਪ੍ਰੀਤ ਨੂੰ ਕਾਹਲੀ ਸੀ ਸ਼ੀਲਡ ਦਿਖਾਉਣ ਦੀ। ਉਸ ਨੇ ਆਵਾਜ਼ਾਂ ਮਾਰੀਆਂ, “ਦਾਦਾ ਜੀ … … ਦਾਦਾ ਜੀ … … ਦੇਖੋ ਸ਼ੀਲਡ। ਹੁਣ ਮੈਂ ਮਾਡਲ ਬਣਾਂਗੀ। ਹੋ ਸਕਦਾ ਹੈ ਫਿਲਮਾਂ ਵਿੱਚ ਚਲੀ ਜਾਵਾਂ। ਦਾਦਾ ਜੀ ਉੱਠੋ ਨਾ … …।”
ਦਾਦਾ ਜੀ ਨੂੰ ਉੱਠਦੇ ਨਾ ਦੇਖ ਕੇ ਜਸਪ੍ਰੀਤ ਨੇ ਉਨ੍ਹਾਂ ਦਾ ਸਿਰ ਹਿਲਾਇਆ। ਇਹ ਕੀ? ਸਿਰ ਤਾਂ ਇੱਕ ਪਾਸੇ ਨੂੰ ਲੁੜ੍ਹਕ ਗਿਆ। ਢਿੱਲੀ ਹੋਈ ਪੱਗ ਥੱਲੇ ਡਿਗ ਪਈ। ਲੁੜ੍ਹਕਿਆ ਹੋਇਆ ਸਿਰ ਮੰਜੇ ’ਤੇ ਰੱਖੀ ਸ਼ੀਲਡ ਨਾਲ ਜਾ ਟਕਰਾਇਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3709)
(ਸਰੋਕਾਰ ਨਾਲ ਸੰਪਰਕ ਲਈ: