“ਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ ...”
(21 ਜੂਨ 2021)
1. ਪਰਵਚਨ
ਉੱਪਰਲੇ ਕਮਰੇ ਵਿੱਚ ਮੈਂ ਆਪਣੇ ਚਾਚੇ ਦੇ ਮੁੰਡੇ ਹਰਪ੍ਰੀਤ ਕੋਲ ਬੈਠਾ ਸਾਂ। ਕਿਸੇ ਵਧੀਆ ਪੀਜ਼ਾ ਹੱਟ ਤੋਂ ਮੰਗਵਾਏ ਹੋਏ ਪੀਜ਼ੇ ਦਾ ਮਜ਼ਾ ਲੈਂਦਿਆਂ ਸਾਡੀਆਂ ਘਰੇਲੂ ਗੱਲਾਂ ਚੱਲ ਰਹੀਆਂ ਸਨ। ਹਰਪ੍ਰੀਤ ਮੈਂਨੂੰ ਦੱਸ ਰਿਹਾ ਸੀ, “ਭਾ ਜੀ, ਮੈਂ ਇੱਕ ਗੈਸ ਸਟੇਸ਼ਨ ਦਾ ਸੌਦਾ ਕਰ ਰਿਹਾਂ, ਨਾਲ ਸਟੋਰ ਵੀ ਐ। ਸਸਤਾ ਮਿਲ ਰਿਹਾ ਹੈ। ਕੋਈ ਆਪਣਾ ਦੇਸੀ ਭਰਾ ਈ ਵੇਚ ਰਿਹਾ ਹੈ। ਜੇ ਸੌਦਾ ਪੱਕਾ ਹੋ ਗਿਆ ਤਾਂ ਆਪਣੇ ਤਿੰਨ ਸਟੋਰ ਹੋ ਜਾਣ ਕਰਕੇ ਇੱਕ ਵੱਡਾ ਪਿੱਕਾ ਲੈਣਾ ਪੈਣੇ … ਸਟੋਰਾਂ ਦਾ ਸਮਾਨ ਢੋਣ ਲਈ।”
ਹੇਠੋਂ ਹਰਪ੍ਰੀਤ ਦਾ ਬੇਟਾ ਆਇਆ ਤੇ ਉਹਦੇ ਕੰਨ ਵਿੱਚ ਕੁਝ ਕਹਿ ਗਿਆ।
ਹਰਪ੍ਰੀਤ ਮੈਂਨੂੰ ਕਹਿਣ ਲੱਗਿਆ, “ਹੇਠਾਂ ਬਾਬਾ ਜੀ ਆਏ ਨੇ। ਬੜੀ ਕਰਨੀ ਵਾਲੇ ਨੇ। ਇਹ ਦੁਨੀਆਦਾਰੀ ਦੀਆਂ ਗੱਲਾਂ ਤਾਂ ਖਤਮ ਈ ਨ੍ਹੀਂ ਹੁੰਦੀਆਂ। ਕਹਿੰਦੇ ਆ ਨਾ, ਮੈਂ ਮੁੱਕ ਜੂੰ ਮੁੱਕਣੇ ਨ੍ਹੀਂ ਸਿਆਪੇ। ਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ। ... ਜੇ ਅਗਲਾ ਜੀਵਨ ਈ ਸੌਰ ਜਾਏ।”
ਅਸੀਂ ਹੇਠਾਂ ਜਾ ਕੇ ਨਮਸਕਾਰ ਕਰਕੇ ਬਹਿ ਗਏ। ਹਰਪ੍ਰੀਤ ਦੇ ਮੰਮੀ-ਡੈਡੀ ਪਹਿਲਾਂ ਹੀ ਬੈਠੇ ਬਾਬਾ ਜੀ ਦੇ ਬਚਨ ਸੁਣ ਰਹੇ ਸਨ।
ਬਾਬਾ ਜੀ ਪੀਜ਼ਾ ਖਾ ਰਹੇ ਸਨ ਤੇ ਨਾਲ-ਨਾਲ ਕਹਿ ਰਹੇ ਸਨ, “ਆਹਾ! ਨਿਊ ਜਰਸੀ ਗਏ। ਉੱਥੇ ਸਾਡੇ ਇੱਕ ਸ਼ਰਧਾਲੂ ਨੇ ਕਿਆ ਕਮਾਲ ਦਾ ਪੀਜ਼ਾ ਖੁਆਇਆ। ਇਹੋ ਜਿਹਾ ਸੁਆਦੀ ਪੀਜ਼ਾ ਅਸੀਂ ਪਹਿਲੀ ਵਾਰ ਖਾਧਾ ਸੀ। ਉੱਥੇ ਅਸੀਂ ਸ਼ਰਧਾਲੂਆਂ ਨੂੰ ਦੱਸਿਆ ਪਈ ਅਸੀਂ ਡੇਰੇ ਲਈ ਪੰਜ-ਸੱਤ ਏਕੜ ਨਾਲ ਲਗਦੀ ਜ਼ਮੀਨ ਖਰੀਦਣੀ ਐਂ। ਉਨ੍ਹਾਂ ਨੇ ਤਾਂ ਡਾਲਰਾਂ ਦੀ ਝੜੀ ਲਾ ਦਿੱਤੀ। ਬੱਸ ਐਤਕੀਂ ਅਸੀਂ ਆਪਣੇ ਡੇਰੇ ਲਈ ਦੋ ਟਰੱਕ ਵੀ ਲੈ ਲੈਣੇ ਐਂ … .ਇੱਕ ਵੱਡੀ ਗੱਡੀ ਵੀ ਲੈਣੀ ਐਂ।”
**
2. ਅੰਨ੍ਹੀ ਵਕਾਲਤ
ਗੁਰਬਚਨ ਸਿੰਘ ਅੱਜ ਦਫ਼ਤਰੋਂ ਛੁੱਟੀ ’ਤੇ ਸੀ। ਪੁੱਛਣ ’ਤੇ ਪਤਾ ਲੱਗਿਆ ਕਿ ਉਸ ਦੀ ਘਰ ਵਾਲੀ ਹਸਪਤਾਲ ਦਾਖਲ ਹੈ। ਮੈਂਨੂੰ ਯਾਦ ਆਇਆ। ਉਸ ਨੇ ਮੈਂਨੂੰ ਦੱਸਿਆ ਸੀ, “ਸਰ ਜੀ, ਬਾਬਾ ਜੀ ਬੜੀ ਕਰਨੀ ਵਾਲੇ ਨੇ। ਉਨ੍ਹਾਂ ਨੇ ਪੂਰੀ ਗਰੰਟੀ ਨਾਲ ਕਿਹਾ ਹੈ, ਇਸ ਵਾਰ ਸਾਡੇ ਬੇਟਾ ਈ ਹੋਵੇਗਾ। ਬਾਬਾ ਜੀ ਦਾ ਕਿਹਾ ਬਚਨ ਕਦੇ ਬਿਰਥਾ ਨਹੀਂ ਜਾਂਦਾ।”
ਦਫ਼ਤਰੋਂ ਛੁੱਟੀ ਹੁੰਦਿਆਂ ਹੀ ਸੋਚਿਆ, ਰਾਹ ਵਿੱਚ ਹਸਪਤਾਲ ਐ, ਪਤਾ ਈ ਕਰ ਚੱਲਦੇ ਆਂ। ਗੁਰਬਚਨ ਸਿੰਘ ਮੈਂਨੂੰ ਹਸਪਤਾਲ ਦੇ ਗੇਟ ਕੋਲ ਹੀ ਮਿਲ ਗਿਆ। ਮੂੰਹ ਲਟਕਾਈ ਤੁਰਿਆ ਆ ਰਿਹਾ ਸੀ। ਬੜੇ ਉਦਾਸ ਲਹਿਜ਼ੇ ਵਿੱਚ ਬੋਲਿਆ, “ਸਰ ਜੀ, ਬਾਬਾ ਜੀ ਦੀ ਭਵਿੱਖਬਾਣੀ ਬਿਲਕੁਲ ਸੱਚ ਨਿਕਲੀ ਪਰ ਸਾਡੀ ਤਕਦੀਰ ਈ ਮਾੜੀ ਐ। ਐਤਕੀਂ ਜੁੜਵਾਂ ਬੱਚੇ ਹੋਏ ਨੇ, ਇੱਕ ਬੇਟਾ ਤੇ ਇੱਕ ਬੇਟੀ। ਬੇਟਾ ਤਾਂ ਬੱਸ ਮੂੰਹ ਦਿਖਾਉਣ ਈ ਆਇਆ ਸੀ। ਦੋ ਘੰਟਿਆਂ ਬਾਅਦ ਪੂਰਾ ਹੋ ਗਿਆ। ਚਲੋ ਹੁਣ ਸਾਡੇ ਤਿੰਨ ਬੇਟੀਆਂ ਹੋ ਗਈਆਂ ਨੇ … ਇਨ੍ਹਾਂ ਦੇ ਕਰਮ ਇਨ੍ਹਾਂ ਨਾਲ।”
ਮੈਂ ਗੁਰਬਚਨ ਸਿੰਘ ਨਾਲ ਹਮਦਰਦੀ ਜਤਾਈ ਤੇ ਸਕੂਟਰ ਘਰ ਵੱਲ ਮੋੜ ਲਿਆ। ਰਸਤੇ ਵਿੱਚ ਗੁਰਬਚਨ ਸਿੰਘ ਦੇ ਚਾਚਾ ਜੀ ਮਿਲ ਗਏ। ਮੈਂ ਉਨ੍ਹਾਂ ਕੋਲ ਵੀ ਅਫ਼ਸੋਸ ਕਰਨ ਲਈ ਰੁਕ ਗਿਆ।
“ਅੰਕਲ ਜੀ, ਗੁਰਬਚਨ ਸਿੰਘ ਵਿਚਾਰੇ ਨਾਲ ਤਾਂ ਜੱਗੋਂ ਤੇਰ੍ਹਵੀਂ ਹੋ ਗਈ ਐ। ਜੇ ਰੱਬ ਨੇ ਜੌੜੇ ਬੱਚੇ ਦੇ ਈ ਦਿੱਤੇ ਸਨ ਤਾਂ ਬੇਟਾ ਵੀ ਜਿਊਂਦਾ ਰਹਿੰਦਾ। ਆ ਕੇ ਵੀ ਇੰਨਾ ਵੱਡਾ ਦੁੱਖ ਦੇ ਕੇ ਚਲਾ ਗਿਆ।”
ਮੇਰੀ ਗੱਲ ਨੂੰ ਟੋਕਦਿਆਂ ਗੁਰਬਚਨ ਸਿਮਘ ਦੇ ਚਾਚਾ ਜੀ ਬੋਲੇ, “ਕਮਲੈ ਮੇਰਾ ਭਤੀਜਾ। ਮੈਂਨੂੰ ਵੀ ਕਹਿੰਦਾ ਸੀ, ਸਾਰਿਆਂ ਨੂੰ ਇਹੀ ਦੱਸਣੈ। ਕਹਿੰਦਾ ਆਪਾਂ ਬਾਬਾ ਜੀ ਨੂੰ ਝੂਠੇ ਨਹੀਂ ਪੈਣ ਦੇਣਾ। ਜਣੇਪੇ ਵੇਲੇ ਉਹਦੀ ਚਾਚੀ ਆਪਣੀ ਨੂੰਹ ਦੇ ਕੋਲ ਈ ਸੀ। ਇਕੱਲੀ ਬੇਟੀ ਪੈਦਾ ਹੋਈ ਐ। ਜੌੜੇ ਬੱਚੇ ਤਾਂ ਹੋਏ ਈ ਨਹੀਂ।”
**
3. ਜ਼ਿੰਦਗੀ ਦੀ ਵਾਪਸੀ
ਸੱਤਰ-ਅੱਸੀ ਸਾਲਾਂ ਦੀ ਹੋਵੇਗੀ ਉਸ ਬਜ਼ੁਰਗ ਔਰਤ। ਆਈ.ਸੀ.ਯੂ. ਵਿੱਚ ਮੇਰੇ ਨਾਲ ਵਾਲੇ ਬੈੱਡ ’ਤੇ ਹੀ ਉਸ ਨੂੰ ਸਟਰੈਚਰ ਤੋਂ ਉਤਾਰ ਕੇ ਪਾ ਦਿੱਤਾ ਗਿਆ। ਉਹ ਦਰਦ ਨਾਲ ਕਰਾਹ ਰਹੀ ਸੀ। ਡਾਕਟਰ ਨਰਸਾਂ ਸਭ ਉਸ ਦੇ ਦੁਆਲੇ ਹੋ ਗਏ। ਗੁਲੂਕੋਸ਼ ਲਾ ਦਿੱਤਾ ਗਿਆ। ਆਕਸੀਜਨ ਵੀ ਲਾ ਦਿੱਤੀ। ਇੰਜੈਕਸ਼ਨ ’ਤੇ ਇੰਜੈਕਸ਼ਨ ਲਾਇਆ ਜਾ ਰਿਹਾ ਸੀ।
ਇੱਕ ਨਰਸ ਨੇ ਉਸ ਔਰਤ ਦੀਆਂ ਜੇਬਾਂ ਫਰੋਲੀਆਂ। ਚਾਬੀਆਂ ਤੇ ਪੈਸੇ ਕੱਢ ਲਏ। ਉਸ ਦੇ ਹੱਥ ਵਿੱਚ ਪਾਈ ਹੋਈ ਸੋਨੇ ਦੀ ਛਾਪ ਵੀ ਲਾਹ ਲਈ। ਇਹ ਸਾਰਾ ਸਮਾਨ ਲਿਖਤੀ ਰੂਪ ਵਿੱਚ ਨਰਸ ਨੇ ਉਹਦੀ ਪੜ੍ਹੀ-ਲਿਖੀ ਪੋਤੀ ਜਾਂ ਦੋਹਤੀ ਦੇ ਹਵਾਲੇ ਕਰ ਦਿੱਤਾ।
ਅਚਾਨਕ ਉਸ ਬਜ਼ੁਰਗ ਔਰਤ ਦੀ ਤਬੀਅਤ ਵਿਗੜ ਗਈ ਅਤੇ ਉਹ ਇਕਦਮ ਬੇਹੋਸ਼ ਹੋ ਗਈ। ਉਹਦੇ ਘਰ ਦੇ ਜੀਅ ਘਬਰਾ ਗਏ। ਡਾਕਟਰਾਂ ਅਤੇ ਨਰਸਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
“ਬੀ ਜੀ ਬੋਲੋ … ਬੀ ਜੀ ਅੱਖਾਂ ਖੋਲ੍ਹੋ।” ਦੀਆਂ ਉੱਚੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ। ਇੱਕ ਡਾਕਟਰ ਨੇ ਉਸ ਦੀ ਛਾਤੀ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਇੱਕ ਨਰਸ ਉਸਦੇ ਪੈਰਾਂ ਦੀਆਂ ਤਲੀਆਂ ਮਲਣ ਲੱਗੀ। ਦੋ ਚਾਰ ਟੀਕੇ ਗੁਲੂਕੋਸ਼ ਰਾਹੀਂ ਲਾਏ ਗਏ।
ਡਾਕਟਰਾਂ ਅਤੇ ਨਰਸਾਂ ਦੀ ਮਿਹਨਤ ਰੰਗ ਲਿਆਈ। ਬਜ਼ੁਰਗ ਔਰਤ ਨੇ ਥੋੜ੍ਹੀ ਜਿਹੀ ਹਿਲਜੁਲ ਕੀਤੀ। ਉਸ ਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਤੇ ਉਸ ਦੇ ਬੁੱਲ੍ਹ ਫਰਕੇ।
ਸਾਰਿਆਂ ਦੇ ਸਾਹ ਵਿੱਚ ਸਾਹ ਆਇਆ। ਥੋੜ੍ਹੀ ਜਿਹੀ ਹੋਰ ਹੋਸ਼ ਆਈ ਤਾਂ ਉਹ ਔਰਤ ਆਪਣੇ ਹੱਥਾਂ ਨੂੰ ਆਪਸ ਵਿੱਚ ਮਲਣ ਲੱਗੀ। ਆਪਣੇ ਹੱਥਾਂ ਵੱਲ ਗਹੁ ਨਾਲ ਦੇਖਣ ਲੱਗੀ।
ਪੋਤੀ ਉਸ ਦੇ ਨੇੜੇ ਹੋ ਕੇ ਪੁੱਛਣ ਲੱਗੀ, “ਦਾਦੀ ਜੀ, ਤੁਸੀਂ ਠੀਕ ਓਂ? ਪਾਣੀ ਲਿਆਵਾਂ?”
ਉਸ ਔਰਤ ਨੇ ਪੋਤੀ ਨੂੰ ਆਪਣੇ ਖੱਬੇ ਹੱਥ ਦੀ ਉਂਗਲ ਦਿਖਾਉਂਦਿਆਂ ਇਸ਼ਾਰਾ ਕੀਤਾ ਤੇ ਘਬਰਾਹਟ ਵਿੱਚ ਪੁੱਛਿਆ, “ਮੇਰੀ ਛਾਪ?”
**
4. ਰਿਸ਼ਤੇਦਾਰੀ
“ਦਾਦਾ ਜੀ ਆ ਗਏ … ਦਾਦਾ ਜੀ ਆ ਗਏ।” ਤਿੰਨ-ਚਾਰ ਸਾਲਾਂ ਦੇ ਬੱਚੇ ਨੇ ਘਰ ਵਿੱਚ ਦਾਖਲ ਹੋਏ ਦਾਦਾ ਜੀ ਨੂੰ ਦੇਖਦਿਆਂ ਹੀ ਰੌਲਾ ਪਾ ਦਿੱਤਾ।
ਤੇ ਫਿਰ ਦਾਦਾ ਜੀ ਦੀਆਂ ਲੱਤਾਂ ਨਾਲ ਜਾ ਚਿੰਬੜਿਆ।
ਦਾਦੀ ਬੋਲੀ, “ਦੇਖ ਲਓ, ਕਿੰਨਾ ਪਿਆਰ ਕਰਦਾ ਹੈ ਥੋਡਾ ਪੋਤਾ! ਕਦੋਂ ਆਉਣਗੇ ਦਾਦਾ ਜੀ, ਕਦੋਂ ਆਉਣਗੇ ਦਾਦਾ ਜੀ, ਮੈਂਨੂੰ ਤਾਂ ਪੁੱਛ-ਪੁੱਛ ਕੇ ਇਹਨੇ ਮੇਰਾ ਸਿਰ ਖਾ ਲਿਐ।”
ਬੱਚਾ ਰੀਂ-ਰੀਂ ਕਰਨ ਲੱਗ ਪਿਆ। ਦਾਦਾ ਜੀ ਸਮਝ ਗਏ ਤੇ ਉਨ੍ਹਾਂ ਨੇ ਆਪਣਾ ਮੋਬਾਇਲ ਫ਼ੋਨ ਉਸ ਨੂੰ ਚੁੱਪ ਕਰਾਉਣ ਲਈ ਦੇ ਦਿੱਤਾ।
ਬੱਚੇ ਨੇ ਮੋਬਾਇਲ ਫ਼ੋਨ ਫੜਿਆ, ਬਿਨਾ ਦਾਦਾ-ਦਾਦੀ ਵੱਲ ਦੇਖੇ ਇਕਦਮ ਪੌੜੀਆਂ ਚੜ੍ਹਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ।
ਦਾਦਾ ਜੀ ਮੱਲੋ-ਮੱਲੀ ਮੁਸਕਰਾਏ ਅਤੇ ਬੱਚੇ ਦੀ ਦਾਦੀ ਜੀ ਨੂੰ ਕਹਿਣ ਲੱਗੇ, “ਅਸਲੀ ਦਾਦਾ ਤਾਂ ਇਹ ਮੋਬਾਇਲ ਫ਼ੋਨ ਐ … ਮੇਰਾ ਕੀ ਐ? ਮੈਂ ਤਾਂ ਨਾਂਅ ਦਾ ਹੀ ਦਾਦਾ ਹਾਂ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2854)
(ਸਰੋਕਾਰ ਨਾਲ ਸੰਪਰਕ ਲਈ: