SukhdevSShant7“ਉਹ ਬਾਹਰ ਐ, ਕੈਨੇਡਾ। ਪਲੱਸ-ਟੂ ਕਰ ਕੇ ਹੀ ਉਹਦਾ ਵੀਜ਼ਾ ਲੱਗ ਗਿਆ ਸੀ। ਪੀ.ਆਰ. ਉਹਨੂੰ ...”
(24 ਫਰਵਰੀ 2022)
ਇਸ ਸਮੇਂ ਮਹਿਮਾਨ: 37.


(1)    ਔਰਤ-ਮਰਦ

ਦੋਵੇਂ ਪਤੀ-ਪਤਨੀ ਇੱਕੋ ਦਫਤਰ ਵਿੱਚ ਨੌਂ ਵਜੇ ਸਵੇਰ ਤੋਂ ਪੰਜ ਵਜੇ ਸ਼ਾਮ ਤਕ ਕੰਮ ਕਰ ਕੇ ਘਰ ਪਹੁੰਚੇਦੋਵੇਂ ਹੀ ਥੱਕੇ ਹੋਏ ਸਨਦਫਤਰ ਵਿੱਚ ਅੱਜਕਲ੍ਹ ਕੰਮ ਵੀ ਬਹੁਤ ਸੀ

ਪਤਨੀ ਪਿੱਛੇ ਸਕੂਟਰ ’ਤੇ ਬੈਠੀ ਵੀ ਵਿਹਲੀ ਨਹੀਂ ਸੀਬੱਚੇ ਸਕੂਲੋਂ ਪਹਿਲਾਂ ਆ ਜਾਂਦੇ ਸਨਸਵੇਰ ਦਾ ਬਣਾਇਆ ਖਾਣਾ ਗਰਮ ਕਰਕੇ ਖਾ ਲੈਂਦੇ ਸਨਮਾਂਜਣ ਲਈ ਭਾਂਡੇ ਤਿਆਰ ਹੋ ਜਾਂਦੇ ਸਨਰਾਤ ਦੀ ਰੋਟੀ ਲਈ ਕੀ ਬਣਾਇਆ ਜਾਵੇ? ਪਤਨੀ ਇਨ੍ਹਾਂ ਸੋਚਾਂ ਵਿੱਚ ਹੀ ਗਲ਼ਤਾਨ ਸੀ

ਘਰ ਪਹੁੰਚੇਪਤੀ ਨੇ ਜਾਂਦਿਆਂ ਹੀ ਸੋਫ਼ੇ ਤੇ ਬੈਠਦਿਆਂ ਉੱਸਲਵੱਟਾ ਲਿਆਅਖ਼ਬਾਰ ਮੇਜ਼ ’ਤੇ ਪਿਆ ਸੀਚੁੱਕ ਕੇ ਪੜ੍ਹਨ ਲੱਗਿਆਉਸ ਨੇ ਰਸੋਈ ਵਿੱਚ ਖੜ੍ਹੀ ਪਤਨੀ ਨੂੰ ਅਵਾਜ਼ ਮਾਰੀ, “ਕਾਂਤਾ! ਵਧੀਆ ਜਿਹਾ ਮਸਾਲਾ ਪਾ ਕੇ ਚਾਹ ਬਣਾਅੱਜ ਤਾਂ ਮੈਂ ਬਹੁਤ ਹੀ ਥੱਕਿਆ ਹੋਇਆਂ।”

***

(2)      ਡਿਗਰੀ

ਬਲਜੀਤ ਦੇ ਫੁੱਫੜ ਨੇ ਚਾਹ ਦਾ ਪਹਿਲਾ ਘੁੱਟ ਭਰਦਿਆਂ ਹੀ ਉਸ ਦੇ ਰਿਸ਼ਤੇ ਦੀ ਗੱਲ ਤੋਰੀ, “ਦੋ ਰਿਸ਼ਤੇ ਨੇ ਮੇਰੀ ਨਜ਼ਰ ਵਿੱਚਇੱਕ ਮੁੰਡਾ ਤਾਂ ਐੱਮ.ਏ. ਪਾਸ ਹੈਪੀ.ਐੱਚ.ਡੀ.ਵੀ ਕਰ ਲਈ ਹੈ ਉਸ ਨੇਪ੍ਰਾਈਵੇਟ ਕਾਲਜ ਵਿੱਚ ਪੜ੍ਹਾਉਂਦੈਸਰਕਾਰੀ ਨੌਕਰੀ ਦੀ ਕੋਸ਼ਿਸ਼ ਕਰ ਰਿਹੈ। ਉਮਰੋਂ ਉਹ ਬਲਜੀਤ ਦੇ ਹਾਣ ਦੈਆਪਣੀ ਬਲਜੀਤ ਵੀ ਤਾਂ ਐੱਮ.ਏ. ਬੀ.ਐੱਡ ਐ ਤੇ ਨੌਕਰੀ ਵੀ ਲੱਗੀ ਹੋਈ ਐਪੈਸੇ-ਟਕੇ ਵੱਲੋਂ ਮੌਜਾਂ ਕਰਨਗੇ।”

ਬਲਜੀਤ ਦੇ ਪਿਓ ਨੇ ਆਪਣੇ ਜੀਜੇ ਨੂੰ ਪੁੱਛਿਆ, “ਤੇ ਦੂਜਾ ਮੁੰਡਾ?”

“ਉਹ ਬਾਹਰ ਐ, ਕੈਨੇਡਾਪਲੱਸ-ਟੂ ਕਰ ਕੇ ਹੀ ਉਹਦਾ ਵੀਜ਼ਾ ਲੱਗ ਗਿਆ ਸੀ ਪੀ.ਆਰ. ਉਹਨੂੰ ਹੁਣੇ ਈ ਮਿਲੀ ਐਪੰਜ-ਛੇ ਸਾਲ ਬਲਜੀਤ ਨਾਲੋਂ ਉਮਰ ਵਿੱਚ ਵੱਡੈ ਦੇਖ ਲਓ, ਜੇ ਇੱਥੇ ਰਿਸ਼ਤਾ ਕਰਦੇ ਆਂ ਤਾਂ ਬਲਜੀਤ ਵੀ ਕੈਨੇਡਾ ਜਾ ਸਕਦੀ ਐ” ਫੁੱਫੜ ਨੇ ਦੱਸਿਆ

ਪੀ.ਐੱਚ.ਡੀ … ਪਲੱਸ ਟੂ ਤੇ ਪੀ.ਆਰਇੰਡੀਆ ਦੀ ਨੌਕਰੀ … ਕੈਨੇਡਾ ਦੀ ਸੁਪਨਈ ਜ਼ਿੰਦਗੀ

ਇਨ੍ਹਾਂ ਸ਼ਬਦਾਂ ਨੂੰ ਸਾਰੇ ਟੱਬਰ ਨੇ ਇੱਕ ਤੱਕੜੀ ਦੇ ਦੋਵੇਂ ਪਾਸੇ ਪਾ ਕੇ ਤੋਲਿਆਬਲਜੀਤ ਵਾਸਤੇ ਭਾਰੀ ਪਾਸਾ ਕੈਨੇਡਾ ਵਾਲਾ ਹੀ ਨਿਕਲਿਆ

***

(3)    ਵਧੀਆ ਜ਼ਿੰਦਗੀ

ਲੋਡ ਕੀਤਾ ਸਮਾਨ ਇੱਕ ਸੂਬਾ ਲੰਘ ਕੇ ਦੂਜੇ ਸੂਬੇ ਵਿੱਚ ਪਹੁੰਚਾਉਣਾ ਸੀਤਿੰਨ ਦਿਨ ਘਰੋਂ ਚੱਲੇ ਨੂੰ ਹੋ ਗਏ ਸਨਇੱਕ ਟਰੱਕ ਸ਼ਾਪ ’ਤੇ ਰੁਕਿਆ ਤਾਂ ਉਸ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀਉਹ ਆਪਣੇ-ਆਪ ਨੂੰ ਬੋਲਿਆ, “ਚੱਲ ਬਈ ਹਰਦੀਪ ਸਿਹਾਂਕਰ ਗਰਮ ਸਬਜ਼ੀ ਤੇ ਰੋਟੀਆਂ।” ਟਰੱਕ ਵਿੱਚ ਹੀ ਮਾਈਕਰੋਵੇਵ ’ਤੇ ਉਸ ਨੇ ਤਿੰਨ ਦਿਨ ਪਹਿਲਾਂ ਪਤਨੀ ਦੀਆਂ ਪਕਾਈਆਂ ਚਾਰ ਰੋਟੀਆਂ ਗਰਮ ਕਰ ਲਈਆਂਕੁਝ ਸਬਜ਼ੀ ਵੀ ਗਰਮ ਕਰ ਲਈਪੈਂਤੀ-ਚਾਲ਼ੀ ਰੋਟੀਆਂ ਉਹਦੀ ਘਰ ਵਾਲੀ ਨੇ ਇਕੱਠੀਆਂ ਪਕਾ ਕੇ ਉਸ ਵਾਸਤੇ ਬੰਨ੍ਹ ਦਿੱਤੀਆਂ ਸਨ ਤੇ ਨਾਲ ਹੀ ਦੋ-ਤਿੰਨ ਸਬਜ਼ੀਆਂ ਵੀ ਬਣਾ ਕੇ ਪਾ ਦਿੱਤੀਆਂ ਸਨ

ਰੋਟੀ ਖਾਂਦਿਆਂ-ਖਾਂਦਿਆਂ ਅਚਾਨਕ ਉਸ ਨੂੰ ਬੜੀ ਪੁਰਾਣੀ ਗੱਲ ਯਾਦ ਆ ਗਈਉਦੋਂ ਉਹ ਵਿਆਹਿਆ ਵੀ ਨਹੀਂ ਸੀ ਅਤੇ ਅਮਰੀਕਾ ਵੀ ਨਹੀਂ ਆਇਆ ਸੀਉਸ ਦੀ ਮਾਂ ਨੇ ਇੱਕ ਦਿਨ ਉਡੀਕ ਉਡੀਕ ਕੇ ਉਸ ਲਈ ਰੋਟੀਆਂ ਪਕਾ ਕੇ ਰੱਖ ਦਿੱਤੀਆਂ ਸਨਉਹ ਕਾਲਜ ਤੋਂ ਆਇਆ ਤਾਂ ਮਾਂ ਨੇ ਰੋਟੀ ਖਾਣ ਲਈ ਅੱਗੇ ਰੱਖ ਦਿੱਤੀ

“ਕਦੋਂ ਪਕਾਈਆਂ ਸੀ ਰੋਟੀਆਂ? ਇਹ ਤਾਂ ਠੰਢੀਆਂ ਪਈਐਂ ਬਿਲਕੁਲ ਈ!”

“ਪੁੱਤਰ, ਤੈਨੂੰ ਉਡੀਕ ਉਡੀਕ ਕੇ ਪਕਾਈਐਂਤੂੰ ਕਿਹਾ ਸੀ ਮੈਂ ਦੋ ਵਜੇ ਘਰ ਪਹੁੰਚ ਜਾਵਾਂਗਾਮੈਂ ਢਾਈ ਵਜੇ ਤੇਰੇ ਪਿਓ ਲਈ ਰੋਟੀਆਂ ਪਕਾ ਰਹੀ ਸੀਸੋਚਿਆ, ਤੂੰ ਹੁਣ ਆ ਹੀ ਜਾਣਾ ਹੈ, ਤੇਰੇ ਲਈ ਵੀ ਪਕਾ ਛੱਡਦੀ ਆਂਤੂੰ ਹੁਣ ਚਾਰ ਵਜੇ ਆਇਐਂ।” ਮਾਂ ਨੇ ਕਿਹਾ

“ਮੈਨੂੰ ਨਹੀਂ ਭੁੱਖਮੈਂ ਨਹੀਂ ਖਾਣੀ ਰੋਟੀ।”

ਮਾਂ ਸਮਝ ਗਈ ਕਿ ਇਹ ਮੁੰਡਾ ਤਾਂ ਤਵੇ ਤੋਂ ਲਹਿੰਦੀ-ਲਹਿੰਦੀ ਰੋਟੀ ਖਾਣੀ ਪਸੰਦ ਕਰਦਾ ਹੈਮਾਂ ਦੇ ਬਾਰ-ਬਾਰ ਕਹਿਣ’ਤੇ ਵੀ ਉਸ ਨੇ ਉਹ ਰੋਟੀ ਨਹੀਂ ਖਾਧੀ ਸੀ

ਘਟਨਾ ਯਾਦ ਕਰ ਕੇ ਉਹਦੀਆਂ ਅੱਖਾਂ ਭਰ ਆਈਆਂਰੋਟੀ ਦੀ ਬੁਰਕੀ ਉਸ ਦੇ ਸੰਘ ਵਿੱਚ ਅੜ ਗਈ

***

(4)   ਕਾਨੂੰਨ ਦੀ ਜਿੱਤ

ਮੈਂ ਤੇ ਮੇਰਾ ਇੱਕ ਸਾਥੀ ਇੱਕ ਸਹਿਕਾਰੀ ਸਭਾ ਦੀ ਚੋਣ ਕਰਵਾ ਰਹੇ ਸਾਂਨੌਂ ਕਮੇਟੀ ਮੈਂਬਰ ਚੁਣੇ ਜਾਣੇ ਸਨਨਾਮਜ਼ਦਗੀ ਪੱਤਰਾਂ ਦੀ ਗਿਣਤੀ ਦਸ ਹੋ ਗਈ ਸੀਸਾਰੇ ਦੇ ਸਾਰੇ ਨਾਮਜ਼ਦਗੀ ਪੱਤਰ ਨਿਯਮਾਂ ਮੁਤਾਬਿਕ ਠੀਕ ਸਨਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ

ਅਸੀਂ ਦਸ ਉਮੀਦਵਾਰਾਂ ਦੀ ਸੂਚੀ ਦਫਤਰ ਦੇ ਬਾਹਰ ਲਾ ਦਿੱਤੀਇਹ ਵੀ ਦੱਸ ਦਿੱਤਾ ਕਿ ਅੱਧੇ ਘੰਟੇ ਦੇ ਅੰਦਰ-ਅੰਦਰ ਕੋਈ ਵੀ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦਾ ਹੈ

ਅਸੀਂ ਹੁਣ ਦਿਲੋਂ ਚਾਹੁੰਦੇ ਸਾਂ ਕਿ ਕੋਈ ਇੱਕ ਜਣਾ ਆਪਣੇ ਕਾਗਜ਼ ਵਾਪਸ ਲੈ ਲਵੇ ਤਾਂ ਕਿ ਸਰਬ-ਸੰਮਤੀ ਨਾਲ ਨੌਂ ਕਮੇਟੀ ਮੈਂਬਰ ਚੁਣੇ ਜਾਣਫਿਰ ਸਾਨੂੰ ਅਗਲੇ ਦਿਨ ਵੋਟਾਂ ਪੁਆਉਣ ਲਈ ਦੁਬਾਰਾ ਨਹੀਂ ਆਉਣਾ ਪੈਣਾ ਸੀਵੋਟਾਂ ਪੁਆਉਣ ਦੇ ਝੰਜਟ ਤੋਂ ਵੀ ਬਚਾ ਹੋ ਜਾਣਾ ਸੀ

ਕਾਗਜ਼ ਵਾਪਸ ਲੈਣ ਦੇ ਅਖੀਰਲੇ ਪਲਾਂ ਵਿੱਚ ਇੱਕ ਬੰਦਾ ਦਫਤਰ ਵਿੱਚ ਸਾਡੇ ਪਾਸ ਆਇਆਉਸ ਨੇ ਕਿਹਾ”, ਮੈਂ ਆਪਣੇ ਕਾਗਜ਼ ਵਾਪਸ ਲੈਣੇ ਹਨ।”

ਸਾਨੂੰ ਇਹ ਸੁਣ ਕੇ ਬੇਹੱਦ ਖੁਸ਼ੀ ਹੋਈਫਿਰ ਵੀ ਮੈਂ ਉਸ ਨੂੰ ਪੁੱਛਣਾ ਫ਼ਰਜ਼ ਸਮਝਿਆ, “ਕੀ ਤੁਸੀਂ ਆਪਣੀ ਮਰਜ਼ੀ ਨਾਲ ਕਾਗਜ਼ ਵਾਪਸ ਲੈ ਰਹੇ ਹੋ? ਤੁਹਾਡੇ ’ਤੇ ਕੋਈ ਦਬਾਅ ਤਾਂ ਨਹੀਂ?”

ਉਸ ਵਿਅਕਤੀ ਨੇ ਉੱਤਰ ਦਿੱਤਾ

“ਨਾ ਜੀ, ਦਬਾਅ ਮੰਨਣਾ ਹੁੰਦਾ ਤਾਂ ਮੈਂ ਕਾਗਜ਼ ਈ ਦਾਖਲ ਨਾ ਕਰਦਾਮੈਂ ਤਾਂ ਇਸ ਕੰਮ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਸੀਪਿੰਡ ਦੇ ਹੀ ਕੁਝ ਬੰਦਿਆਂ ਨੇ ਮੈਂਨੂੰ ਕਿਹਾ ਸੀ ਕਿ ਉਹ ਮੇਰੇ ਕਾਗਜ਼ ਅਫਸਰਾਂ ਤੋਂ ਰੱਦ ਕਰਵਾ ਦੇਣਗੇਮੈਂ ਤਾਂ ਉਨ੍ਹਾਂ ਦੇ ਇਹ ਕਹਿਣ ਕਰ ਕੇ ਹੀ ਕਾਗਜ਼ ਭਰੇਤੁਸੀਂ ਮੇਰੇ ਕਾਗਜ਼ ਰੱਦ ਨਹੀਂ ਕੀਤੇ, ਮੈਂਨੂੰ ਬਹੁਤ ਖੁਸ਼ੀ ਹੈਹੁਣ ਮੈਂ ਆਪਣੀ ਮਰਜ਼ੀ ਨਾਲ ਹੀ ਆਪਣੇ ਕਾਗਜ਼ ਵਾਪਸ ਲੈ ਰਿਹਾ ਹਾਂ।” ਉਸ ਬੰਦੇ ਨੇ ਸਾਨੂੰ ਆਪਣੇ ਕਾਗਜ਼ ਵਾਪਸ ਲੈਣ ਲਈ ਲਿਖ ਕੇ ਦੇ ਦਿੱਤਾ

***

(5)     ਦੂਰੀ

ਪਿਆਰਾ ਸਿੰਘ ਬਾਰ-ਬਾਰ ਇੱਕੋ ਨੰਬਰ ਮਿਲਾਈ ਜਾ ਰਿਹਾ ਸੀਦਸਵੀਂ-ਗਿਆਰ੍ਹਵੀਂ ਵਾਰ ਉਸ ਦਾ ਫ਼ੋਨ ਮਿਲ ਹੀ ਗਿਆ

“ਹੈਲੋ, ਕੌਣ ਬੋਲ ਰਹੇ ਓ ਜੀ?” ਅੱਗੋਂ ਅਵਾਜ਼ ਆਈ

ਇਸ ਮਿੱਠੀ ਅਵਾਜ਼ ਨਾਲ ਗੱਲ ਕਰਨ ਲਈ ਉਹ ਤਰਸ ਗਿਆ ਸੀ

“ਪਾਤੜਾਂ ਤੋਂ ਪਿਆਰਾ ਸਿੰਘ ਬੋਲ ਰਿਹਾਂ ਜੀਕਿੰਨੇ ਦਿਨਾਂ ਤੋਂ ਲਾ ਰਿਹਾ ਸੀ ਥੋਨੂੰ ਫ਼ੋਨ! ਲੱਗਦਾ ਈ ਨਹੀਂ ਸੀਅੱਜ ਤਾਂ ਚੰਗੀ ਕਿਸਮਤ ਨੂੰ ਲੱਗ ਈ ਗਿਆ।” ਪਿਆਰਾ ਸਿੰਘ ਖੁਸ਼ੀ ਵਿੱਚ ਬੋਲਿਆ

“ਬਹੁਤ ਖੁਸ਼ੀ ਦੀ ਗੱਲ ਐ ਤੁਹਾਡਾ ਫ਼ੋਨ ਲੱਗ ਗਿਆ ਜੀਤੁਹਾਨੂੰ ਪਤਾ ਈ ਐ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਕਰੋਨਾ ’ਤੇ ਹੈਅਕਾਸ਼ਵਾਣੀ ਲੋਕਾਂ ਨੂੰ ਕਰੋਨਾ ਬਾਰੇ ਸਮਝਾਉਣ ਲਈ ਆਪਣਾ ਫ਼ਰਜ਼ ਅਦਾ ਕਰ ਰਹੀ ਐਤੁਸੀਂ ਦੱਸੋ ਆਪਣੇ ਵਿਚਾਰਕਰੋਨਾ ਬਾਰੇ ਕੀ ਕਹਿਣਾ ਚਾਹੋਗੇ?” ਅਨਾਊਂਸਰ ਬੋਲਿਆ

ਪਿਆਰਾ ਸਿੰਘ ਨੇ ਉੱਤਰ ਦਿੱਤਾ, “ਅਸੀਂ ਤਾਂ ਜੀ ਥੋਡੀਆਂ ਗੱਲਾਂ ਰੱਬ ਤੋਂ ਆਈਆਂ ਗੱਲਾਂ ਮੰਨਦੇ ਆਂ।”

“ਦੂਰੀ ਬਣਾ ਕੇ ਰੱਖਦੇ ਓ?” ਅਨਾਊਂਸਰ ਨੇ ਅਗਲਾ ਸਵਾਲ ਕੀਤਾ

“ਹਾਂ ਜੀ! ਬਿਲਕੁਲ ਦੂਰੀਤੁਸੀਂ ਛੇ ਫੁੱਟ ਦੀ ਦੂਰੀ ਦੱਸੀ ਐ, ਅਸੀਂ ਤਾਂ ਜੀ ਬਾਰਾਂ-ਬਾਰਾਂ ਫੁੱਟ ਦੀ ਦੂਰੀ ਰੱਖਦੇ ਆਂਵੱਡੇ ਸਾਰੇ ਕਮਰੇ ਵਿੱਚ ਬੈਠਦੇ ਆਂਘਰ ਵਿੱਚ ਅਸੀਂ ਤਿੰਨ ਜਣੇ ਆਂਇੱਕ ਮੈਂ, ਇੱਕ ਮੇਰੀ ਘਰਵਾਲੀ ’ਤੇ ਇੱਕ ਮੇਰਾ ਮੁੰਡਾਅਸੀਂ ਤਾਂ ਜੀ ਕਮਰੇ ਦੇ ਇੱਕ-ਇੱਕ ਕੋਨੇ ਵਿੱਚ ਬੈਠ ਕੇ ਈ ਗੱਲਬਾਤ ਕਰਦੇ ਆਂਨੇੜੇ ਤਾਂ ਕਦੇ ਲੱਗਦੇ ਈ ਨਹੀਂਬਾਹਰ ਅਸੀਂ ਨਿਕਲਦੇ ਨਹੀਂ।”

ਪਿਆਰਾ ਸਿੰਘ ਦਾ ਦੂਰੀ ਬਾਰੇ ਜਵਾਬ ਸੁਣ ਕੇ ਅਨਾਊਂਸਰ ਚੁੱਪ ਹੀ ਕਰ ਗਿਆਨਾ ਤਾਂ ਉਹ ਪਿਆਰਾ ਸਿੰਘ ਨੂੰ ਕੋਈ ਸੁਝਾਅ ਦੇਣ ਜੋਗਾ ਸੀ ਤੇ ਨਾ ਹੀ ਉਸ ਦੀ ਪ੍ਰਸ਼ੰਸਾ ਕਰਨ ਜੋਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3386)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਸ਼ਾਂਤ

ਸੁਖਦੇਵ ਸਿੰਘ ਸ਼ਾਂਤ

Avon, Indiana, U.S.A.
Phone: (1-317-406-0002)
Email: (shant.sukhdev@gmail.com)