“70 ਸਾਲਾਂ ਦੇ ਆਧੁਨਿਕ ਭਾਰਤ ਵਿੱਚ ਵੀ ਅੰਧ-ਵਿਸ਼ਵਾਸਾਂ ਪ੍ਰਤੀ ਅਜਿਹੀ ਸੋਚ ...”
(16 ਅਪਰੈਲ 2020)
ਚਾਰ ਘਟਨਾਵਾਂ ਨੇ ਹਰ ਪੰਜਾਬੀ ਦੇ ਮਸਤਕ ਨੂੰ ਹਲੂਣਿਆ ਹੋਵੇਗਾ, ਜਿਸ ਬਾਰੇ ਮੀਡੀਆ ਨੇ ਵੀ ਚੀਕ ਚੀਕ ਕੇ ਪੁਕਾਰਿਆ ਕਿ-ਇਨਸਾਨੀਅਤ ਮਰ ਗਈ - ਖ਼ੂਨ ਚਿੱਟਾ ਹੋ ਗਿਆ ਆਦਿ, ਪਰ 9 ਅਪਰੈਲ ਨੂੰ ਇੱਕ ਨਵੀਂ ਸ਼ੁਰੂਆਤ ਦੀ ਖ਼ਬਰ ਵੀ ਆਈ, ਜਿਸ ਨੇ ਇੱਕ ਹਾਂਦਰੂ ਆਸ ਨੂੰ ਸੁਰਜੀਤ ਕੀਤਾ।
ਪਹਿਲੀਆਂ ਚਾਰ ਘਟਨਾਵਾਂ ਵਿੱਚੋਂ ਦੋ ਘਟਨਾਵਾਂ ਜੋ ਭਾਈ ਨਿਰਮਲ ਸਿੰਘ ਦੇ ਸਸਕਾਰ ਅਤੇ ਫਿਰ ਜਲੰਧਰ ਵਿੱਚ ਇੱਕ ਕਾਂਗਰਸੀ ਆਗੂ ਦੇ ਪਿਤਾ ਦੇ ਸਸਕਾਰ ਨਾਲ ਸੰਬੰਧਤ ਹਨ, ਜਿੱਥੇ ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਨੂੰ ਅਗਨੀ ਭੇਟ ਕਰਨ ਲਈ ਸ਼ਮਸ਼ਾਨਾਂ ਵਿੱਚ ਮਨਾਹੀ ਕਰ ਦਿੱਤੀ ਗਈ ਸੀ। ਸਥਾਨਕ ਲੋਕਾਂ ਦਾ ਇੱਕ ਅੰਧ-ਵਿਸ਼ਵਾਸ ਸੀ ਕਿ ਕੋਰੋਨਾ ਪੀੜਤ ਹੋਣ ਕਰਕੇ ਸ਼ਮਸ਼ਾਨਾਂ ਦੇ ਆਲੇ-ਦੁਆਲੇ ਦੇ ਲੋਕ ਇਸ ਬੀਮਾਰੀ ਨਾਲ ਪ੍ਰਭਾਵਤ ਹੋਣਗੇ। ਦੂਸਰੀਆਂ ਦੋ ਘਟਨਾਵਾਂ ਵਿੱਚ ਅੰਮ੍ਰਿਤਸਰ ਦੇ ਉਸ ਸਾਬਕਾ ਕੌਂਸਲਰ ਦੇ ਮ੍ਰਿਤਕ ਸਰੀਰ ਅਤੇ ਲੁਧਿਆਣੇ ਦੇ ਇੱਕ ਸੰਪਨ ਪਰਿਵਾਰ ਵੱਲੋਂ ਇੱਕ ਬਜ਼ੁਰਗ ਔਰਤ ਦੇ ਮ੍ਰਿਤਕ ਸਰੀਰ ਨੂੰ ਲੈਣ ਤੋਂ ਇਨਕਾਰ ਕਰਨ ਅਤੇ ਕਮੇਟੀ ਤੇ ਕਰਮਚਾਰੀਆਂ ਵੱਲੋਂ ਸਸਕਾਰ ਕਰਨ ਦੀ ਭੂਮਿਕਾ ਨਿਭਾਉਣ ਸੰਬੰਧੀ ਹੈ। ਇੱਥੇ ਵੀ ਪਰਿਵਾਰਾਂ ਨੂੰ ਇਹ ਖਦਸ਼ਾ ਸੀ ਕਿ ਕਿਉਂਕਿ ਮ੍ਰਿਤਕ ਕੋਰੋਨਾ ਪ੍ਰਭਾਵਤ ਸਨ, ਇਸ ਲਈ ਗ੍ਰਿਫ਼ਤ ਵਿੱਚ ਪਰਿਵਾਰ ਵੀ ਆਵੇਗਾ। ਪੰਜਾਬ ਵਿੱਚ ਇਹ ਵਰਤਾਰੇ ਪਹਿਲੀ ਵਾਰ ਸਾਹਮਣੇ ਆਏ ਹਨ ਜਦੋਂ ਲੋਕਾਂ ਨੇ ਮ੍ਰਿਤਕਾਂ ਦੇ ਸਸਕਾਰ ਦੀ ਮਨਾਹੀ ਅਤੇ ਪਰਿਵਾਰਾਂ ਵੱਲੋਂ ਮ੍ਰਿਤਕ ਬਜ਼ੁਰਗਾਂ ਦੇ ਸਰੀਰ ਲੈਣ ਤੋਂ ਇਨਕਾਰ ਕੀਤਾ ਹੋਵੇ। ਸੱਚੀਉਂ ਹੀ ਇਹ ਦੁਖਦਾਈ ਵਰਤਾਰੇ ਹਨ, ਪਰ ਇਹ ਬੁੱਝਣ ਵਾਲਾ ਹੈ ਕਿ ਆਖਿਰ ਕੋਰੋਨਾ ਮਹਾਂਮਾਰੀ ਦੇ ਭੈਅ ਨੇ ਮਨੁੱਖ ਨੂੰ ਇੱਥੋਂ ਤੱਕ ਪਹੁੰਚਾਇਆ।
ਜਦੋਂ ਇਹ ਵਾਪਰਿਆ ਸੀ ਤਾਂ ਮੈਂ ਆਪਣੇ ਇੱਕ ਤਰਕਸ਼ੀਲ ਮਿੱਤਰ ਪਰਿਵਾਰ ਨੂੰ ਫ਼ੋਨ ਸੰਦੇਸ਼ ਭੇਜਿਆ ਸੀ ਕਿ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਉਨ੍ਹਾਂ ਕੋਈ ਜਵਾਬ ਨਹੀਂ ਸੀ ਦਿੱਤਾ। ਉਨ੍ਹਾਂ ਮੇਰਾ ਮਜ਼ਾਕ ਹੀ ਸਮਝਿਆ, ਪਰ ਮੈਂਨੂੰ ਬੇਹੱਦ ਖੁਸ਼ੀ ਅਤੇ ਹੁਲਾਰਾ ਮਿਲਿਆ, ਜਦੋਂ ਮੋਗੇ ਦੀਆਂ ਦੋ ਸੰਸਥਾਵਾਂ - ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਹ ਐਲਾਨ ਕੀਤਾ ਕਿ ਉਹ ਮਹਾਂਮਾਰੀ ਕੋਰੋਨਾ ਪੀੜਤਾਂ ਦੇ ਮ੍ਰਿਤਕਾਂ ਦੇ ਸਸਕਾਰ ਅਤੇ ਹਰ ਕਿਸਮ ਦੇ ਕ੍ਰਿਆਕਰਮ ਲਈ ਤਿਆਰ ਹਨ, ਜੇ ਸਰਕਾਰ ਉਨ੍ਹਾਂ ਨੂੰ ਇਜਾਜ਼ਾਤ ਦੇਵੇ। ਉਨ੍ਹਾਂ ਨੇ ਇਸ ਸੰਬੰਧੀ ਮੁਕੰਮਲ ਡਾਕਟਰੀ ਸੁਰੱਖਿਆ ਟਰੇਨਿੰਗ ਤੇ ਪ੍ਰਬੰਧ ਵੀ ਕਰ ਲਏ ਹਨ ਅਤੇ ਉਨ੍ਹਾਂ ਪਾਸ ਕੋਰੋਨਾ ਦੇ ਪ੍ਰਭਾਵ ਤੋਂ ਬਚਣ ਵਾਲੀ ਪੀ ਪੀ ਈ ਕਿੱਟ ਅਤੇ ਹੋਰ ਸਾਜ਼ੋ-ਸਮਾਨਾ ਹੈ, ਜੋ ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਹੁੰਦਾ ਹੈ। ਇਹ ਇੱਕ ਚੰਗੀ ਵਿਗਿਆਨਕ ਸ਼ੁਰੂਆਤ ਹੈ, ਜਿਹੜੀ ਅੰਧਵਾਸੀ ਤੇ ਕੁੰਠਤ ਕਰ ਦਿੱਤੇ ਗਏ ਮਾਹੌਲ ਨੂੰ ਤੋੜਨ ਵਿੱਚ ਸਹਾਈ ਹੋਵੇਗੀ। ਜਿਸ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
ਆਖਿਰ ਮਹਾਂਮਾਰੀ ਕੋਰੋਨਾ-19 ਸੰਬੰਧੀ ਲੋਕਾਂ ਵਿੱਚ ਐਨੇ ਡਰ, ਅਸੁਰੱਖਿਅਤਾ ਅਤੇ ਅਲਹਿਦਗੀ ਵਾਲਾ ਮਾਹੌਲ ਕਿਵੇਂ ਪਸਰ ਗਿਆ, ਇਹਨੂੰ ਸਮਝਣਾ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਵਿਆਪੀ ਇਹ ਮਹਾਂਮਾਰੀ ਬਹੁਤ ਹੀ ਭਿਆਨਕ ਹੈ ਅਤੇ ਹਰ ਦਿਨ ਇਸਦੀ ਗ੍ਰਿਫ਼ਤ ਵਿੱਚ ਹਜ਼ਾਰਾਂ ਲੱਖਾਂ ਲੋਕ ਆ ਰਹੇ ਹਨ। ਮੌਤਾਂ ਵੀ ਹੋ ਰਹੀਆਂ ਹਨ ਅਤੇ ਇਸਦੀ ਗ੍ਰਿਫ਼ਤ ਵਿੱਚੋਂ ਨਿਕਲ ਕੇ ਤੰਦਰੁਸਤ ਵੀ ਹੋ ਰਹੇ ਹਨ। ਅਸੀਂ ਪੂਰੇ ਵਰਤਾਰਿਆਂ ਵਿੱਚੋਂ ਸਿੱਖਦੇ ਹਾਂ, ਉਸ ਦੇ ਹਾਂ-ਪੱਖੀ ਪਹਿਲੂਆਂ ਤੇ ਨਾਂਹ-ਪੱਖੀ ਪਹਿਲੂਆਂ ਤੋਂ ਵੀ ਸਿੱਖਦੇ ਹਾਂ। ਹਾਂ-ਪੱਖੀ ਇਹ ਕਿ ਚੀਨ ਇਸ ਨਾਲ ਸਭ ਤੋਂ ਪਹਿਲਾਂ ਪ੍ਰਭਾਵਤ ਹੋਇਆ। ਉਹਦੇ ਨਾਗਰਿਕ ਮੌਤ ਦਾ ਸ਼ਿਕਾਰ ਵੀ ਹੋਏ, ਪਰ ਉਸ ਨੇ ਇਸ ਉੱਤੇ ਕਾਬੂ ਪਾ ਲਿਆ ਹੈ। ਸਿਰਫ਼ ਡਾਕਟਰੀ ਇਲਾਜ ਨਾਲ ਨਹੀਂ, ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਪ੍ਰਤੀ ਸਿੱਖਿਅਤ ਕਰਕੇ। ਇਵੇਂ ਹੀ ਦੱਖਣੀ ਕੋਰੀਆ ਆਦਿ ਹੋਰ ਵੀ ਮਿਸਾਲਾਂ ਹਨ। ਇੱਧਰ ਇਟਲੀ ਤੇ ਫਰਾਂਸ ਵਿੱਚ ਵੀ ਇਸ ਮਹਾਂਮਾਰੀ ਨੇ ਪੈਰ ਪਸਾਰੇ। ਇਟਲੀ ਦਾ ਸਿਹਤ ਪ੍ਰਬੰਧ ਦੁਨੀਆ ਦੇ ਬਿਹਤਰ ਪ੍ਰਬੰਧਾਂ ਵਿੱਚੋਂ ਸੀ, ਪਰ ਉਹ ਬੌਂਦਲ ਗਿਆ ਅਤੇ ਇੱਥੋਂ ਤੱਕ ਪਹੁੰਚ ਗਿਆ ਕਿ ਉਹਨੂੰ ਨਵੀਂ ਪੀੜ੍ਹੀ ਨੂੰ ਬਚਾਉਣ ਦੀ ਕਾਹਲ ਪੈ ਗਈ ਅਤੇ ਉਨ੍ਹਾਂ ਦੇ ਢੰਗ ਤਰੀਕੇ ਲੋਕਾਈ ਨੂੰ ਮਹਾਂਮਾਰੀ ਤੋਂ ਬਚਾਅ ਤੇ ਸਵੈ-ਮੁਕਾਬਲਾ ਕਰਨ ਵਾਲੇ ਨਹੀਂ, ਸਗੋਂ ਖੌਫ਼ਜ਼ਦਾ ਕਰਨ ਵਾਲੇ ਸਨ। ਇਹ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਉਹਾਰ ਤੋਂ ਵੀ ਅਸੀਂ ਵੇਖ ਸਕਦੇ ਹਾਂ। ਇਹਦਾ ਕਾਰਨ ਇਹ ਕਿ ਇਨ੍ਹਾਂ ਸਰਕਾਰਾਂ ਦਾ ਏਜੰਡਾ ਲੋਕਾਈ ਲਈ ਬਿਹਤਰ ਪ੍ਰਬੰਧ, ਵਿਸ਼ੇਸ਼ ਕਰਕੇ ਸਿਹਤ ਅਤੇ ਵਿੱਦਿਆ ਨਹੀਂ ਰਿਹਾ, ਸਗੋਂ ਮੁਨਾਫ਼ਾ ਰਿਹਾ ਹੈ ਜਾਂ ਬਾਜ਼ਾਰ ਰਿਹਾ ਹੈ। ਖੈਰ, ਇਹ ਸਵਾਲ ਇੱਥੇ ਨਹੀਂ।
ਭਾਰਤ ਵਿੱਚ ਪਹਿਲੀ ਦਸਤਕ ਜਦੋਂ 30 ਜਨਵਰੀ ਨੂੰ ਕੋਰੋਨਾ ਨੇ ਦਿੱਤੀ ਸੀ ਤਾਂ ਲਗਭਗ ਡੇਢ ਦੋ ਮਹੀਨੇ ਸਰਕਾਰ ਨੇ ਇਸ ਨੂੰ ਅਣਗੌਲਿਆ ਹੀ ਕੀਤਾ ਅਤੇ ਇਸ ਮਹਾਂਮਾਰੀ ਪ੍ਰਤੀ ਨਾਂਹ-ਪੱਖੀ ਵਤੀਰਾ ਹੀ ਰਿਹਾ। ਪਰ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਤਾਂ 19 ਮਾਰਚ ਨੂੰ ਇਕਦਮ ਜਨਤਾ ਕਰਫਿਊ ਲਾ ਕੇ ਅਤੇ ਅੰਧ-ਵਿਸ਼ਵਾਸੀ ਥਾਲੀਆਂ, ਤਾੜੀਆਂ ਵਜਾਉਣ ਦੇ ਆਦੇਸ਼ ਦੇ ਕੇ ਜਿਹੜਾ ਕਲਚਰ ਪ੍ਰੋਸਿਆ, ਇਹ ਕਿਸੇ ਗੰਭੀਰ ਦੂਰ-ਦ੍ਰਿਸ਼ਟੀ ਵਿੱਚੋਂ ਨਹੀਂ ਸੀ ਨਿਕਲਿਆ। ਕਿਸੇ ਦੇਸ਼ ਦੀ ਲੋਕਾਈ ਹਕੂਮਤ ਦੇ ਫੁਰਮਾਨਾਂ ਨੂੰ ਅਲਾਹੀ ਫੁਰਮਾਨ ਹੀ ਪ੍ਰਵਾਨ ਕਰਦੀ ਹੈ ਅਤੇ ਵਿਸ਼ੇਸ਼ ਕਰਕੇ ਭਾਰਤ ਵਿੱਚ ਤਾਂ ਪਿਛਲੀਆਂ ਸਦੀਆਂ ਤੋਂ ਹੀ ਅਤੇ ਵਿਸ਼ੇਸ਼ ਕਰਕੇ ਪਿਛਲੇ ਦਹਾਕੇ ਵਿੱਚ ਅੰਧ-ਵਿਸ਼ਵਾਸੀ ਮਾਨਸਿਕਤਾ ਪ੍ਰੋਸਣ ਦਾ ਵਰਤਾਰਾ ਕਾਫ਼ੀ ਵਧਿਆ ਹੈ। ਲੋਕਾਈ ਹਾਕਮਾਂ ਵੱਲੋਂ ਵਰਤੀ ਭਾਸ਼ਾ ਅਤੇ ਅਪਣਾਏ ਰਵੱਈਏ ਨੂੰ ਅਚੇਤ ਰੂਪ ਵਿੱਚ ਹੀ ਗ੍ਰਹਿਣ ਕਰ ਲੈਂਦੀ ਹੈ। ਪ੍ਰਧਾਨ ਮੰਤਰੀ ਨੇ ਦੋ ਦਿਨ ਪਿੱਛੋਂ ਫਿਰ ਇੱਕ ਭਾਸ਼ਣ ਦਿੱਤਾ ਅਤੇ 21 ਦਿਨਾਂ ਦੇ ਲਾਕ-ਡਾਊਨ ਦਾ ਐਲਾਨ ਕਰ ਦਿੱਤਾ ਅਤੇ ਨਾਲ ਹੀ ਆਦੇਸ਼ ਦਿੱਤਾ ਕਿ ‘ਸਮਾਜਿਕ ਦੂਰੀ’ ਰੱਖੋ। ਉਨ੍ਹਾਂ ਇਸ ਬਿਆਨ ਨੂੰ ਫਰਾਂਸ ਅਤੇ ਇਟਲੀ ਵੱਲੋਂ ਅਪਣਾਈ ਮਹਾਂਮਾਰੀ ਪ੍ਰਤੀ ਪਹੁੰਚ ਤੇ ਭਾਸ਼ਾ ਨੂੰ ਅਪਣਾਉਂਦਿਆਂ ਦੁਹਰਾਇਆ ਸੀ ਜਾਂ ਨਕਲ ਕੀਤੀ ਸੀ, ਜਿਸ ਨੂੰ ਮੀਡੀਆ ਨੇ ਪਲੇਥਨ ਲਾ ਕੇ ਖੂਬ ਪ੍ਰਚਾਰਿਆ ਅਤੇ ਭਾਰਤੀ ਮੀਡੀਆ, ਜਿਹੜਾ ਭਾਰਤੀ ਮਾਨਸਿਕਤਾ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਨੇ ਇਸ ਮਹਾਂਮਾਰੀ ਪ੍ਰਤੀ ਇੱਕ ਡਰ ਅਤੇ ਭੈਅ ਵਾਲੀ ਮਾਨਸਿਕਤਾ ਸਿਰਜਣ ਵਿੱਚ ਨਾਂਹ-ਪੱਖੀ ਭੂਮਿਕਾ ਨਿਭਾਈ।
ਚਾਹੀਦਾ ਤਾਂ ਇਹ ਸੀ ਕਿ ਇਸ ਮੌਕੇ ਮਹਾਂਮਾਰੀ ਵਿਰੁੱਧ ਲੋਕਾਈ ਨੂੰ ਲੜਨ ਲਈ ਮਾਨਸਿਕ ਤੌਰ ’ਤੇ ਤਿਆਰ ਕੀਤਾ ਜਾਂਦਾ। ਇਹ ਇੱਕ ਬੀਮਾਰੀ ਨਾਲ ਲੜਾਈ ਸੀ ਨਾ ਕਿ ਕਿਸੇ ਦੁਸ਼ਮਣ ਦੇਸ਼ ਜਾਂ ਕਿਸੇ ਅੱਤਵਾਦ ਨਾਲ ਲੜਾਈ ਸੀ, ਪਰ ਭਾਰਤੀ ਮੀਡੀਏ ਦੀ ਭਾਸ਼ਾ ਅਤੇ ਸੰਚਾਰ ਵਿੱਚ ਲੋਕਾਂ ਨੂੰ ਮਹਾਂਮਾਰੀ ਪ੍ਰਤੀ ਸਿੱਖਿਅਤ ਕਰਨ ਸੰਬੰਧੀ ਕੁਝ ਵੀ ਨਹੀਂ ਸੀ। ਇਹੋ ਹਾਲ ਹਕੂਮਤ ਦਾ ਸੀ, ਜਿਸ ਨੇ ਡਾਂਗ ਤੇ ਬੂਟ ਨਾਲ ਲੋਕਾਂ ਵਿੱਚ ਦਹਿਸ਼ਤਜ਼ਦਾ ਮਾਹੌਲ ਤਾਂ ਸਿਰਜਿਆ, ਪਰ ਉਨ੍ਹਾਂ ਦੇ ਮਨ-ਮਸਤਕ ਨੂੰ ਇਸਦੇ ਮੁਕਾਬਲੇ ਲਈ ਤਿਆਰ ਹੀ ਨਹੀਂ ਕੀਤਾ। ਇੱਥੋਂ ਤੱਕ ਕਿ ਮਹਾਂਮਾਰੀ ਨਾਲ ਲੜਨ ਵਾਲੀਆਂ ਤਾਕਤਾਂ, ਸਿਹਤ ਖੇਤਰ ਦਾ ਪ੍ਰਬੰਧ ਅਤੇ ਅਮਲਾ ਫੈਲੇ ਪ੍ਰਤੀ ਵੀ ਗੰਭੀਰ ਪਹੁੰਚ ਨਹੀਂ ਅਪਣਾਈ। ਹੋਣਾ ਇਹ ਚਾਹੀਦਾ ਸੀ ਕਿ ਇਸ ਮਹਾਂਮਾਰੀ ਪ੍ਰਤੀ ਤਿੰਨ ਕਦਮ ਚੁੱਕੇ ਜਾਂਦੇ, ਪਹਿਲਾ ਜਾਗਰੂਕ ਕਰਨਾ, ਦੂਸਰਾ ਸੁਚੇਤ ਕਰਨਾ ਅਤੇ ਫਿਰ ਸੁਰੱਖਿਆ ਨਿਯਮਾਂ ਪ੍ਰਤੀ ਸਿੱਖਿਅਤ ਕਰਨਾ। ਇਹ ਕੰਮ ਪੁਲਸ ਫੋਰਸ ਦਾ ਨਹੀਂ ਸੀ, ਪਰ ਹਕੂਮਤ ਨੇ ਤਾਂ ਕਦੇ ਅਜਿਹੀਆਂ ਆਫ਼ਤਾਂ ਲਈ ਤਿਆਰੀ ਤਾਂ ਕੀ ਕਰਨੀ ਸੀ, ਸੋਚਿਆ ਵੀ ਨਹੀਂ ਸੀ, ਨਾ ਹੀ ਇਹ ਉਨ੍ਹਾਂ ਦੀ ਲੋੜ ਹੀ ਸੀ।
22 ਮਾਰਚ ਦੇ ਸੰਬੋਧਨ ਵਿੱਚ ਸਮਾਜਿਕ ਦੂਰੀ ਬਣਾਉਣ ਦਾ ਭਾਰਤੀ ਮਾਨਸਿਕਤਾ ’ਤੇ ਕੀ ਅਸਰ ਪਵੇਗਾ, ਇਸ ਪ੍ਰਤੀ ਕੁਝ ਜਾਗਰੂਕ ਹਲਕੇ ਹੀ ਚਿੰਤਤ ਸਨ, ਕਿਉਂਕਿ ਭਾਰਤੀ ਸੱਭਿਆਚਾਰ ਵਿੱਚ ਸਮਾਜਿਕ ਦੂਰੀ ਦੇ ਇੱਕ ਖਾਸ ਅਰਥ ਹਨ ਅਤੇ ਉਹ ਬ੍ਰਾਹਮਣੀ ਸੱਭਿਆਚਾਰ ਨੂੰ ਉਜਾਗਰ ਕਰਨ ਵਾਲੇ ਤੇ ਛੂਆ-ਛੂਤ ਨੂੰ ਉਤੇਜਤ ਕਰਨ ਵਾਲੇ ਹਨ। ਲੋਕਾਈ ਦੇ ਦਿਮਾਗ਼ ਵਿੱਚ ਜਿਹੜੀ ਸੱਟ ਮਾਰੋਗੇ, ਲੋਕਾਈ ਦੇ ਵਿਹਾਰ ਵਿੱਚ ਉਸੇ ਦਾ ਅਸਰ ਹੀ ਹੋਵੇਗਾ ਅਤੇ ਭਾਰਤੀ ਸਮਾਜ ਦੀ ਸਦੀਆਂ ਪੁਰਾਣੀ ਚਲੀ ਆ ਰਹੀ ਬ੍ਰਾਹਮਣੀ ਮਾਨਸਿਕਤਾ ਨੂੰ ਬਲ ਮਿਲਿਆ। ਇਹੋ ਮਨੁੱਖਾਂ ਦੇ ਵਿਹਾਰ ਦਾ ਕਾਰਨ ਬਣਿਆ, ਜਿਸਦਾ ਸਿੱਟਾ ਸੀ ਕਿ ਮਹਾਂਮਾਰੀ ਦੇ ਸ਼ਿਕਾਰ ਬਿਮਾਰ ਪ੍ਰਤੀ ਤ੍ਰਿਸਕਾਰ ਅਤੇ ਦੁਵੈਤ ਜਾਂ ਨਫ਼ਰਤ ਦੀ ਭਾਵਨਾ ਦਾ ਵਤੀਰਾ ਉਜਾਗਰ ਹੋਇਆ।
ਇਹਦੀਆਂ ਕਈ ਪੱਖਾਂ ਤੋਂ ਮਿਸਾਲਾਂ ਮਿਲ ਰਹੀਆਂ ਹਨ। 3 ਅਪਰੈਲ ਨੂੰ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਦੀਆਂ ਨਰਸਾਂ ਤੇ ਸਟਾਫ ਵੱਲੋਂ ਕੀਤੇ ਰੋਸ ਵਿੱਚ ਵੀ ਇਹ ਇਤਰਾਜ਼ ਸਾਹਮਣੇ ਆਇਆ ਕਿ ਕੋਰੋਨਾ ਮਰੀਜ਼ਾਂ ਜਾਂ ਹੋਰ ਮਰੀਜ਼ਾਂ ਨੂੰ ਦੇਖਣ ਸੰਚਾਲਣ ਲਈ ਜੂਨੀਅਰ ਅਤੇ ਨਰਸਿੰਗ ਸਟਾਫ ਹੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਸੀਨੀਅਰ ਗੈਰ-ਹਾਜ਼ਰ ਚੱਲ ਰਹੇ ਹਨ। ਅਜਿਹੀਆਂ ਕਈ ਖ਼ਬਰਾਂ ਵਿੱਚੋਂ ਇੱਕ ਦਾ ਜ਼ਿਕਰ ਮੈਂ ਕਰ ਰਿਹਾ ਹਾਂ। ਗਵਾਲੀਅਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਹਸਪਤਾਲ ਦੀ ਫਾਰਮਾਸਿਸਟ ਵੰਦਨਾ ਤਿਵਾੜੀ, ਜੋ ਲਗਾਤਾਰ ਡਿਊਟੀ ਨਿਭਾ ਰਹੀ ਸੀ, ਅਚਾਨਕ ਹਸਪਤਾਲ ਵਿੱਚ ਬੀਮਾਰ ਹੋ ਗਈ। ਜਯਾਰੋਗਯ ਹਸਪਤਾਲ ਵਿੱਚ 24 ਘੰਟੇ ਤੱਕ ਕੋਈ ਡਾਕਟਰ ਉਸ ਨੂੰ ਦੇਖਣ ਲਈ ਜਦੋਂ ਨਹੀਂ ਆਇਆ ਤਾਂ ਪਤੀ ਨੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੈੱਕ ਕਰਾਇਆ। ਉਸ ਦੀ ਐੱਮ ਆਰ ਕਰਵਾਈ ਗਈ ਸੀ, ਪਰ ਉਹ ਪਹਿਲਾਂ ਹੀ ਤੁਰ ਗਈ, ਉਹ ਕੋਰੋਨਾ ਦਾ ਸ਼ਿਕਾਰ ਨਹੀਂ ਸੀ, ਸਗੋਂ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋਈ ਸੀ। ਕੋਰੋਨਾ ਦੇ ਡਰ ਅਤੇ ਭੈਅ ਕਾਰਨ ਡਾਕਟਰ ਤੇ ਡਾਕਟਰੀ ਅਮਲੀ ਫੈਲੇ ਦਾ ਵਤੀਰਾ ਹੋਵੇ ਜਾਂ ਪਰਿਵਾਰ ਵੱਲੋਂ ਮ੍ਰਿਤਕ ਦਾ ਸਰੀਰ ਲੈਣ ਤੋਂ ਇਨਕਾਰੀ ਜਾਂ ਉਹਦੇ ਸਸਕਾਰ ਤੋਂ ਮਨਾਹੀ, ਇਹ ਸਾਰੇ ਉਸ ਅੰਧ-ਵਿਸ਼ਵਾਸੀ ਤੇ ਕੁੰਠਤ ਸੱਭਿਆਚਾਰ ਤੇ ਸੋਚ ਦਾ ਹਿੱਸਾ ਹੈ, ਜਿਸ ਨੂੰ ਪ੍ਰੁਫੁੱਲਤ ਕਰਨ ਵਿੱਚ ਦੇਸ਼ ਦੇ ਮੁਖੀ ਦੇ ਬਿਆਨ ਅਤੇ ਮੀਡੀਆ ਦੀ ਭਾਸ਼ਾ ਤੇ ਸੁਰ ਨੇ ਭੂਮਿਕਾ ਨਿਭਾਈ ਹੈ।
ਆਖਿਰ ਉਹ ਕਿਹੜੇ ਕਾਰਨ ਹਨ, ਜਿਹੜੇ ਸਦੀਆਂ ਪੁਰਾਣੀਆਂ ਮਾਨਤਾਵਾਂ, ਸੋਚਣ ਆਦਿ ਨੂੰ ਮਸਤਕਾਂ ਵਿੱਚੋਂ ਖਾਰਜ ਨਹੀਂ ਕਰ ਸਕੇ। ਇੱਕ ਵਿਗਿਆਨ ਦੀ ਪੜ੍ਹਾਈ ਕਰਨ ਵਾਲਾ ਸਰੀਰ ਵਿਗਿਆਨੀ ਜਦੋਂ ਅਜਿਹਾ ਕੁੰਠਤ ਵਿਉਹਾਰ ਕਰਦਾ ਹੈ ਤਾਂ ਸਾਧਾਰਨ ਆਦਮੀ ਕਿਹਦਾ ਪਾਣੀਹਾਰ ਹੈ। 70 ਸਾਲਾਂ ਦੇ ਆਧੁਨਿਕ ਭਾਰਤ ਵਿੱਚ ਵੀ ਅੰਧ-ਵਿਸ਼ਵਾਸਾਂ ਪ੍ਰਤੀ ਅਜਿਹੀ ਸੋਚ ਦੀ ਜਕੜ ਦਾ ਨਾ ਟੁੱਟਣਾ ਇੱਕ ਸੰਤਾਪ ਹੀ ਤਾਂ ਹੈ ਅਤੇ ਸੱਤਾ ’ਤੇ ਹੁਣ ਜਿਹੜੀ ਧਿਰ ਬੈਠੀ ਹੈ, ਉਹਦਾ ਤਾਂ ਇਹ ਏਜੰਡਾ ਹੀ ਹੈ। ਉਹ ਅੰਧ-ਵਿਸ਼ਵਾਸਾਂ, ਮਿੱਥਾਂ ਅਤੇ ਪੁਰਾਤਨੀ ਗੈਰ ਵਿਗਿਆਨਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਹੋ ਕਾਰਨ ਹੈ ਕਿ ਜਦੋਂ ਦੇਸ਼ ਦਾ ਮੁਖੀ ਇਹ ਕਹਿੰਦਾ ਹੈ- ‘ਸਮਾਜਿਕ ਦੂਰੀ’ ਬਣਾਓ ਅਤੇ ਮੀਡੀਆ ਇਸ ਨੂੰ ਹੋਰ ਖਾਧ-ਖੁਰਾਕ ਪਾ ਕੇ ਪਰੋਸਦਾ ਹੈ ਤਾਂ ਉਹ ਸਮਾਜ ਨੂੰ ਕਿਸ ਦਿਸ਼ਾ ਵੱਲ ਲਿਜਾਣ ਦੀ ਭੂਮਿਕਾ ਨਿਭਾ ਰਹੇ ਹਨ।
ਅਜਿਹੇ ਅੰਧ-ਵਿਸ਼ਵਾਸੀ ਤੇ ਕੁੰਠਤ ਮਾਹੌਲ ਵਿੱਚ ਜਿੱਥੇ ਆਦਮੀ ਦੇ ਅੰਦਰ ਅਜਿਹਾ ਖੌਫ਼ਜ਼ਦਾ ਮਾਹੌਲ ਸਿਰਜ ਦਿੱਤਾ ਗਿਆ ਹੈ ਕਿ ਉਹ ਮਹਾਂਮਾਰੀ ਵਿਰੁੱਧ ਲੜਨ ਲਈ ਖੁਦ ਸਮਰੱਥ ਹੋਣ ਦੀ ਥਾਂ ਇੱਕ ਅਲਹਿਦਗੀ ਵਾਲਾ ਅਤੇ ਤ੍ਰਿਸਕਾਰ ਵਾਲਾ ਰਵੱਈਆ ਅਪਣਾ ਰਿਹਾ ਹੈ, ਵਿੱਚ ਇੱਕ ਆਸ ਦੀ ਕਿਰਨ ਵੀ ਸਾਹਮਣੇ ਆਈ ਹੈ। ਮੋਗੇ ਦੀਆਂ ਦੋਵੇਂ ਸੰਸਥਾਵਾਂ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਸ਼ਿਕਾਰ ਮ੍ਰਿਤਕਾਂ ਦੀਆਂ ਅੰਤਮ ਕਿਰਿਆ ਰਸਮਾਂ ਅਤੇ ਸਸਕਾਰ ਲਈ ਉਹ ਹਰ ਪੱਖੋਂ ਤਿਆਰ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਹਾਜ਼ਰ ਹਨ। ਇਹ ਇੱਕ ਜਾਗਰੂਕ ਕਦਮ ਹੈ, ਜਿਸ ਨੂੰ ਹਰ ਕਿਸੇ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਵਿਗਿਆਨਕ ਵਿਚਾਰਾਂ ਨਾਲ ਲੈਸ ਵਿਗਿਆਨਕ ਢੰਗ ਨਾਲ ਮਹਾਂਮਾਰੀ ਨਾਲ ਨਜਿੱਠਣ ਲਈ ਸੁਰੱਖਿਅਤ ਤਕਨੀਕ ਨੂੰ ਅਪਣਾ ਕੇ ਮੈਦਾਨ ਵਿੱਚ ਆਉਣ ਵਾਲੇ ਇਨ੍ਹਾਂ ਨੌਜਵਾਨਾਂ ਦਾ ਇਹ ਕਦਮ ਸ਼ਾਇਦ ਅੰਧ-ਵਿਸ਼ਵਾਸੀ ਤੇ ਖੌਫ਼ਜ਼ਦਾ ਮਾਹੌਲ ਵਿੱਚ ਇੱਕ ਸਾਰਥਿਕ ਭੂਮਿਕਾ ਨਿਭਾ ਸਕੇਗਾ, ਇਹ ਸਾਡਾ ਵਿਸ਼ਵਾਸ ਹੈ। ਇਸ ਨੌਜਵਾਨ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਆਧੁਨਿਕ ਸੁਰੱਖਿਆ ਕਿੱਟਾਂ, ਜੋ ਪੀ ਪੀ ਈ, ਸੁਰੱਖਿਆ ਗਾਊਨ ਮਾਸਿਕ ਆਦਿ ਹਨ। ਜੇ ਨਹੀਂ ਵੀ ਤਾਂ ਸਰਕਾਰ ਨੂੰ ਅਜਿਹੀ ਸਮੱਗਰੀ ਮੁਹਈਆ ਕਰਵਾਕੇ ਨੌਜਵਾਨਾਂ ਨੂੰ ਸੇਵਾ ਵਲੰਟੀਅਰਾਂ ਵਜੋਂ ਤਿਆਰ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਉਤਸ਼ਾਹਿਤ ਕਰਨ ਵਾਲੇ ਨਿਹਾਲ ਸਿੰਘ ਵਾਲਾ ਦੇ ਡਾਕਟਰ ਨੂੰ ਵੀ ਸਲਾਮ ਕਰਨੀ ਬਣਦੀ ਹੈ। ਇਹ ਉਹੀ ਮੋਰਚਾ ਹੈ, ਜਿਸ ਨੂੰ ਇਨ੍ਹਾਂ ਨੌਜਵਾਨਾਂ ਨੇ ਸੰਭਾਲਿਆ ਹੈ। ਸਮਾਜ ਦਾ ਡਿੱਗ ਰਿਹਾ ਮਨੋਬਲ, ਫੈਲ ਰਹੀ ਅੰਧ-ਵਿਸ਼ਵਾਸੀ ਅਤੇ ਕੁੰਠਤ ਮਾਨਸਿਕਤਾ, ਡਰ ਦਾ ਮਾਹੌਲ, ਆਪਣਿਆਂ ਪ੍ਰਤੀ ਹੀ ਤ੍ਰਿਸਕਾਰ ਅਤੇ ਮਨੁੱਖੀ ਸਮਾਜਿਕ ਭਾਈਚਾਰੇ ਵਿੱਚ ਪਸਰੀਆਂ ਦੂਰੀਆਂ ਨੂੰ ਦੂਰ ਕਰਨ ਵਿੱਚ ਸ਼ਾਇਦ ਇਹ ਪਲੇਠੀ ਪਹਿਲ ਕਦਮੀ ਸਾਰਥਿਕ ਭੂਮਿਕਾ ਨਿਭਾਉਣ ਵਿੱਚ ਸਹਾਈ ਹੋਵੇਗੀ। ਕਈ ਵਾਰ ਇੱਕ ਮਾਮੂਲੀ ਪਹਿਲ-ਕਦਮੀ ਵੀ ਬਹੁਤ ਵੱਡੀ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਜਾਂਦੀ ਹੈ। ਇਹੋ ਉਸ ਵਿਗਿਆਨਕ ਅਤੇ ਤਰਕਸ਼ੀਲ ਸੱਭਿਆਚਾਰ ਪ੍ਰੋਸਣ ਦਾ ਪਹਿਲਾ ਕਦਮ ਹੈ, ਜਿਸ ਪ੍ਰਤੀ ਤਰਕਸ਼ੀਲਾਂ ਨੂੰ ਪਹਿਲ-ਕਦਮੀ ਕਰਨੀ ਚਾਹੀਦੀ ਸੀ। ਜਿੱਥੇ ਲਾਕ-ਡਾਊਨ ਸਾਡੇ ਮਨੋਬਲਾਂ ਨੂੰ ਪਸਤ ਕਰਨ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਹਕੂਮਤ ਤੇ ਮੀਡੀਆ ਖੌਫ਼ਜ਼ਦਾ ਅੰਧ-ਵਿਸ਼ਵਾਸੀ ਮਾਹੌਲ ਸਿਰਜ ਰਹੇ ਹਨ, ਉਹਦੇ ਮੁਕਾਬਲੇ ਇਨ੍ਹਾਂ ਨੌਜਵਾਨਾਂ ਦੀ ਪੇਸ਼ਕਦਮੀ ਇੱਕ ਹਾਂ-ਪੱਖੀ ਵਰਤਾਰੇ ਵੱਲ ਰਾਹ ਖੋਲ੍ਹਦੀ ਹੈ। ਪੰਜਾਬ ਵਿੱਚ ਤਾਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਹੋ ਲੜਾਈ ਸ਼ੁਰੂ ਕੀਤੀ ਸੀ, ਪਰ ਫੇਰ ਵੀ ਇਨ੍ਹਾਂ ਅੰਧ-ਵਿਸ਼ਵਾਸਾਂ ਦੀ ਗ੍ਰਿਫ਼ਤ ਦਾ ਨਾ ਟੁੱਟਣਾ ਵੀ ਸਾਡੇ ਲਈ ਇੱਕ ਸਵਾਲ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2059)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)