GianSinghDr7ਉਹ ਸਵੇਰੇ ਪੰਜ ਕੁ ਵਜੇ ਪੁਰਾਣੀਆਂ ਲੀਰਾਂਪਲਾਸਟਿਕ/ਕੱਚ ਦੀਆਂ ਬੋਤਲਾਂ ਅਤੇ ...
(8 ਜੁਲਾਈ 2019)

 

ਅਪ੍ਰੈਲ 2019 ਦੇ ਪਹਿਲੇ ਹਫ਼ਤੇ ਦੀ ਗੱਲ ਹੈ, ਮੈਂ ਅਤੇ ਮੇਰੀ ਪਤਨੀ ਪਟਿਆਲੇ ਆਪਣੇ ਘਰ ਤੋਂ ਇਨਵਾਇਰਨਮੈਂਟ ਪਾਰਕ ਵਿੱਚ ਸੈਰ ਕਰਨ ਲਈ ਜਾ ਰਹੇ ਸੀ। ਅਸੀਂ ਹਾਲੇ 21 ਨੰਬਰ ਰੇਲਵੇ ਫਾਟਕ ਤੋਂ ਥੋੜ੍ਹਾ ਹੀ ਅੱਗੇ ਗਏ ਸੀ ਤਾਂ ਇੱਕ ਔਰਤ ਦੀਆਂ ਸਰੀਰਕ ਹਰਕਤਾਂ ਦੇਖਣ ਤੋਂ ਇਹ ਲੱਗਦਾ ਸੀ ਕਿ ਉਹ ਆਪਣਿਆਂ ਜਾਂ ਬਿਗਾਨਿਆਂ ਵੱਲੋਂ ਬਹੁਤ ਹੀ ਜ਼ਿਆਦਾ ਦੁਰਕਾਰੀ ਅਤੇ ਸਤਾਈ ਹੋਈ ਆਪਣਾ ਦਿਮਾਗੀ ਤਵਾਜਨ ਖੋਈ ਬਠੀ ਹੈ। ਸਾਡੇ ਦੋਨਾਂ ਦੇ ਦਿਮਾਗ ਵਿੱਚ ਆਇਆ ਕਿ ਇਸ ਔਰਤ ਦੀ ਸਹਾਇਤਾ ਕੀਤੀ ਜਾਵੇ, ਪਰ ਉਸ ਔਰਤ ਦੀਆਂ ਸਰੀਰਕ ਅਤੇ ਬੋਲਣ ਦੀ ਹਰਕਤਾਂ ਦੇਖਕੇ ਸਾਡੇ ਇਕੱਲਿਆਂ ਦਾ ਹੌਸਲਾ ਨਹੀਂ ਪੈ ਰਿਹਾ ਸੀ। ਸਾਨੂੰ ਇਹ ਲੱਗਦਾ ਸੀ ਕਿ ਉਸ ਨਾਲ ਗੱਲਬਾਤ ਕਰਨ ਉੱਤੇ ਵੀ ਉਹ ਭੜਕ ਸਕਦੀ ਹੈ, ਪਰ ਮਾਨਵੀ ਫਰਜ਼ ਉਸ ਦੀ ਸਹਾਇਤਾ ਕਰਨ ਤੋਂ ਪਿੱਛੇ ਵੀ ਨਹੀਂ ਹਟਣ ਦੇ ਰਹੇ ਸਨ।

ਉਸ ਸਮੇਂ ਥੋੜ੍ਹੇ ਜਿਹੇ ਹੀ ਵਕਫ਼ੇ ਨਾਲ ਤਿੰਨ ਨਿੱਤਨੇਮੀ ਮਿਲੇ ਜਿਨ੍ਹਾਂ ਤੋਂ ਅਸੀਂ ਇਸ ਸੰਬੰਧ ਵਿੱਚ ਸਹਾਇਤਾ ਮੰਗੀ। ਪਹਿਲੇ ਨਿੱਤਨੇਮੀ ਦੇ ਪਹਿਨੇ ਚਿੰਨ੍ਹ ਉਸਦੇ ਆਪਣੇ ਧਰਮ ਵਿੱਚ ਪਰਪੱਕ ਹੋਣ ਦਾ ਸੁਨੇਹਾ ਦਿੰਦੇ ਸਨ। ਸਾਨੂੰ ਲੱਗਿਆ ਕਿ ਇਹ ਧਾਰਮਿਕ ਆਦਮੀ ਇਸ ਲੋੜਵੰਦ ਔਰਤ ਦੀ ਸਹਾਇਤਾ ਲਈ ਬਿਨਾਂ ਕਿਸੇ ਹੀਲ-ਹੁੱਜਤ ਦੇ ਸਾਡੇ ਨਾਲ ਮਦਦ ਕਰੇਗਾ। ਜਦੋਂ ਉਸ ਧਾਰਮਿਕ ਦਿਖਾਈ ਦਿੰਦੇ ਆਦਮੀ ਨੂੰ ਸਾਰੀ ਗੱਲ ਦੱਸ ਕੇ ਉਸ ਤੋਂ ਸਾਡੇ ਨਾਲ ਖੜ੍ਹਨ ਦੀ ਮਦਦ ਮੰਗੀ ਤਾਂ ਉਸਦੇ ਜਵਾਬ ਨੇ ਸਾਨੂੰ ਤੰਗ ਕੀਤਾ। ਉਸਨੇ ਕਿਹਾ ਕਿ ਪਿੱਛੇ ਇਸ ਔਰਤ ਦਾ ਪਤੀ ਆਉਂਦਾ ਹੈ, ਉਹ ਆਪ ਹੀ ਇਸਨੂੰ ਸਮਝਾਕੇ ਵਾਪਸ ਆਪਣੇ ਘਰ ਲੈ ਜਾਵੇਗਾ। ਜਦੋਂ ਅਸੀਂ ਉੱਥੋਂ ਦੂਰ ਤੱਕ ਨਿਗਾਹ ਮਾਰੀ ਤਾਂ ਉਸਦੇ ਔਰਤ ਦੇ ਪਤੀ ਦੇ ਆਉਣ ਦੀ ਗੱਲ ਤਾਂ ਦੂਰ ਰਹੀ, ਉੱਥੇ ਤਾਂ ਦੂਰ ਤੱਕ ਇੱਕ ਵੀ ਆਦਮੀ ਦਿਖਾਈ ਨਹੀਂ ਦੇ ਰਿਹਾ ਸੀ। ਜਦੋਂ ਉਸ ਧਾਰਮਿਕ ਬੰਦੇ ਨੂੰ ਇਸ ਬਾਰੇ ਦੱਸਦੇ ਹੋਏ ਉਸ ਤੋਂ ਦੁਬਾਰਾ ਮਦਦ ਮੰਗੀ ਗਈ ਤਾਂ ਉਸਨੇ ਸਾਫ਼ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਸੰਬੰਧ ਵਿੱਚ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੇ ਧਾਰਮਿਕ ਨਿੱਤਨੇਮ ਕਰਨ ਤੋਂ ਕਿਸੇ ਵੀ ਤਰ੍ਹਾਂ ਪਛੜਕੇ ਰੱਬ ਦੀ ਨਰਾਜ਼ਗੀ ਮੁੱਲ ਨਹੀਂ ਲੈ ਸਕਦਾ। ਇਸਦੇ ਨਾਲ ਹੀ ਉਹ ਉੱਥੋਂ ਤੇਜ਼ੀ ਨਾਲ ਆਪਣੀ ਮੰਜ਼ਲ ਵੱਲ ਵਧ ਗਿਆ। ਜਦੋਂ ਉਸ ਵਿਅਕਤੀ ਤੋਂ ਸਹਾਇਤਾ ਮੰਗਣ ਲਈ ਅਸੀਂ ਉਸਨੂੰ ਰੋਕਿਆ ਸੀ ਤਾਂ ਉਹ ਸਾਇਕਲ ਉੱਪਰ ਆ ਰਿਹਾ ਸੀ, ਪਰ ਹੁਣ ਉਹ ਆਪਣੇ ਸਾਇਕਲ ਉੱਪਰ ਬੈਠਦੇ ਸਾਰ ਹੀ ਆਪਣਾ ਸਾਰਾ ਜ਼ੋਰ ਲਾ ਕੇ ਭਜਾ ਰਿਹਾ ਸੀ।

ਉਸਦੇ ਉੱਥੋਂ ਭੱਜਦੇ ਸਾਰ ਹੀ ਸਾਨੂੰ ਇੱਕ ਹੋਰ ਦੰਪਤੀ ਸਕੂਟਰ ਉੱਪਰ ਆਉਂਦੀ ਦਿਖਾਈ ਦਿੱਤੀ। ਜਦੋਂ ਅਸੀਂ ਉਨ੍ਹਾਂ ਨੂੰ ਹੱਥ ਦਾ ਇਸ਼ਾਰਾ ਕਰਕੇ ਰੁਕਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਆਪਣਾ ਸਕੂਟਰ ਰੋਕਿਆ। ਅਸੀਂ ਉਨ੍ਹਾਂ ਨੂੰ ਉਸ ਔਰਤ ਬਾਰੇ ਸਾਰੀ ਗੱਲ ਦੱਸਦੇ ਸਹਾਇਤਾ ਲਈ ਬੇਨਤੀ ਕੀਤੀ। ਉਨ੍ਹਾਂ ਦੀ ਗੱਲਬਾਤ ਤੋਂ ਪਤਾ ਲੱਗਿਆ ਕਿ ਉਹ ਦੋਵੇਂ ਕਿਸੇ ਜਗ੍ਹਾ ਨੌਕਰੀ ਕਰਦੇ ਹਨ। ਉਨ੍ਹਾਂ ਦਾ ਜਵਾਬ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੀ ਨੌਕਰੀ ਦਾ ਨਿੱਤਨੇਮ ਕਰਨ ਜਾ ਰਹੇ ਹਨ। ਉਨ੍ਹਾਂ ਨੇ ਉਸ ਔਰਤ ਦੀ ਮਦਦ ਕਰਨ ਲਈ ਸਿਰਫ਼ ਜਵਾਬ ਹੀ ਨਹੀਂ ਦਿੱਤਾ ਸਗੋਂ ਜਾਂਦੇ ਜਾਂਦੇ ਸਾਨੂੰ ਵੀ ਨਸੀਹਤ ਦਿੱਤੀ ਕਿ ਉਨ੍ਹਾਂ ਨੂੰ ਅਸੀਂ ਨੌਕਰੀ ਕਰਨ ਵਾਲੇ ਲੱਗਦੇ ਹਾਂ ਜਿਸ ਕਰਕੇ ਸਾਨੂੰ ਵੀ ਇਸ ਸੰਬੰਧ ਵਿੱਚ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ।

ਇਸਦੇ ਬਾਵਜੂਦ ਅਸੀਂ ਆਪਣਾ ਹੌਸਲਾ ਨਹੀਂ ਹਾਰਿਆ ਸੀ। ਉਸ ਸਮੇਂ ਸਾਨੂੰ ਇੱਕ ਬੰਦਾ ਸਾਡੇ ਵੱਲ ਆਉਂਦਾ ਦਿਖਾਈ ਦਿੱਤਾ। ਜਦੋਂ ਅਸੀਂ ਉਸਨੂੰ ਸਾਰੀ ਗੱਲ ਦੱਸਦੇ ਹੋਏ ਮਦਦ ਮੰਗੀ ਤਾਂ ਉਸਨੇ ਆਪਣੀ ਪਿੱਠ ਉੱਪਰੋਂ ਪਲਾਸਟਿਕ ਦੇ ਕੱਪੜੇ ਦੀ ਬਣਾਈ ਹੋਈ ਝੋਲੀ ਲਾਹ ਕੇ ਥੱਲੇ ਰੱਖੀ ਅਤੇ ਸਾਡੇ ਨਾਲ ਮਦਦ ਲਈ ਅੱਗੇ ਆ ਗਿਆ। ਇੰਨਾ ਕਰਨ ਨਾਲ ਹੀ ਸਾਡਾ ਹੌਸਲਾ ਵਧ ਗਿਆ। ਜਦੋਂ ਅਸੀਂ ਉਸ ਬੰਦੇ ਦੇ ਉੱਥੋਂ ਜਾਣ ਤੋਂ ਪਹਿਲਾਂ ਉਸਦੇ ਕੰਮਕਾਜ ਬਾਰੇ ਪੁੱਛਿਆ ਤਾਂ ਉਸਦੇ ਨਿੱਤਨੇਮੀ ਕਿਰਤੀ ਹੋਣ ਦਾ ਪਤਾ ਲੱਗਿਆ। ਉਸ ਬੰਦੇ ਨੇ ਦੱਸਿਆ ਕਿ ਉਹ ਸਵੇਰੇ ਪੰਜ ਕੁ ਵਜੇ ਪੁਰਾਣੀਆਂ ਲੀਰਾਂ, ਪਲਾਸਟਿਕ/ਕੱਚ ਦੀਆਂ ਬੋਤਲਾਂ ਅਤੇ ਲੋਕਾਂ ਦੁਆਰਾ ਸੜਕਾਂ ਦੇ ਆਸੇ-ਪਾਸੇ ਸਿੱਟੀਆਂ ਹੋਰ ਵਸਤਾਂ, ਜੋ ਵਿਕ ਸਕਦੀਆਂ ਹਨ, ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਕੰਮ ਨੌਂ ਕੁ ਵਜੇ ਤੱਕ ਕਰਦਾ ਹੈ ਅਤੇ ਉਸ ਨੂੰ ਤਕਰੀਬਨ 200 ਰੁਪਏ ਰੋਜ਼ਾਨਾ ਦੀ ਆਮਦਨ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਕਿਸੇ ਦੀ ਦੁਕਾਨ ਉੱਪਰ ਨੌਕਰੀ ਕਰਦਾ ਹੈ, ਜੋ ਰਾਤ ਦੇ ਨੌਂ ਅਤੇ ਕਦੇ ਕਦੇ ਦਸ ਵਜੇ ਤੱਕ ਚੱਲਦੀ ਹੈ। ਦੁਕਾਨ ਦੀ ਨੌਕਰੀ ਤੋਂ ਉਸ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨੇ ਅਤੇ ਰੋਜ਼ਾਨਾ ਦੋ ਵਾਰ ਚਾਹ ਦਾ ਕੱਪ ਵੀ ਮਿਲ ਜਾਂਦਾ ਹੈ। ਇਹ ਉਸ ਵੱਡੇ ਕੱਦ ਇਨਸਾਨ ਦਾ ਨਿੱਤਨੇਮ ਹੈ।

ਅੱਜ ਦੇ ਨਿੱਜਵਾਦੀ ਅਤੇ ਪਦਾਰਥਵਾਦੀ ਸਮੇਂ ਵਿੱਚ ਉਸ ਨਿੱਤਨੇਮੀ ਕਿਰਤੀ ਦੇ ਸਬਰ-ਸੰਤੋਖ ਅਤੇ ਦੂਜਿਆਂ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਭਾਵਨਾ ਅੱਗੇ ਸਾਡਾ ਦੋਵਾਂ ਜਾਣਿਆਂ ਦਾ ਸਿਰ ਉਸਦੇ ਸਤਿਕਾਰ ਵਿੱਚ ਝੁਕ ਗਿਆ। ਸਾਡੇ ਸਮਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਇਨਸਾਨ ਰਹਿੰਦੇ ਹਨ, ਪਰ ਜੇਕਰ ਸਮਾਜ ਵਿੱਚੋਂ ਕਿਰਤੀਆਂ ਨੂੰ ਕੱਢ ਲਿਆ ਜਾਵੇ ਤਾਂ ਸਾਰੇ ਪਾਸੇ ਹਨੇਰਾ ਹੋ ਜਾਵੇਗਾ। ਇਹ ਕਿਰਤੀ ਹੀ ਹਨ, ਜਿਨ੍ਹਾਂ ਸਦਕਾ ਸਾਡੀ ਜ਼ਿੰਦਗੀ ਚੱਲਦੀ ਰਹਿੰਦੀ ਹੈ। ਸਾਡੇ ਸਮਾਜ ਵਿੱਚ ਕੁਝ ਅਮਰਵੇਲ-ਨੁਮਾ ਬੰਦੇ ਵੀ ਹਨ ਜੋ ਦੂਜਿਆਂ ਦਾ ਖੂਨ ਚੂਸਕੇ ਅੱਤ ਦੇ ਅਮੀਰ ਹੁੰਦੇ ਰਹਿੰਦੇ ਹਨ। ਜਿੱਥੇ ਸਰਕਾਰ ਅਤੇ ਸਮਾਜ ਦੇ ਸੋਚਣ ਦਾ ਵੇਲਾ ਹੈ ਕਿ ਨਿੱਤਨੇਮੀ ਕਿਰਤੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵੱਲ ਧਿਆਨ ਦੇਣ, ਉੱਥੇ ਇਨਾਂ ਨਿੱਤਨੇਮ ਕਿਰਤੀਆਂ ਨੂੰ ਵੀ ਆਪਣੇ ਹੱਕਾਂ ਲਈ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਉਹਦਾ ਕੋਈ ਨਾ ਨਹੀਂ ਹੈ, ਉਹਦਾ ਕੋਈ ਥਾਂ ਨਹੀਂ ਹੈ।
ਉਹ ਇੱਕ ਕਿਰਤੀ ਹੈ, ਉਹ ਮਹਾਨ ਇਨਸਾਨ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1659)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

(ਮੋਬਾਇਲ ਇਸ ਸਮੇਂ  001-408-493-9776 ਕੈਲੇਫੋਰਨੀਆ)

About the Author

ਡਾ. ਗਿਆਨ ਸਿੰਘ

ਡਾ. ਗਿਆਨ ਸਿੰਘ

(Retired Professor. Dept. Of Economics. Punjabi University, Patiala. Punjab, India.)
Phone: (91 - 99156 - 82196)

Email: (giansingh88@yahoo.com)