“ਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ...”
(23 ਫਰਵਰੀ 2017)
ਬੇਬੇ ਰਤਨੀ ਦਾ ਪਰਿਵਾਰ ਖੁਸ਼ਹਾਲ ਸੀ। ਉਸ ਦੇ ਤਿੰਨੋਂ ਪੁੱਤ ਵਿਆਹੇ ਹੋਏ ਸਨ। ਦੋਵਾਂ ਵੱਡੇ ਮੁੰਡਿਆਂ ਦੇ ਦੋ-ਦੋ ਬੱਚੇ ਸਨ। ਸਾਰੇ ਬੱਚੇ ਸਕੂਲ ਵਿੱਚ ਪੜ੍ਹਦੇ ਸਨ। ਬੇਬੇ ਇੱਕ ਰੋਅਬਦਾਰ ਸ਼ਖਸੀਅਤ ਸੀ। ਸਾਰੇ ਪਰਿਵਾਰ ਉੱਤੇ ਬੇਬੇ ਦਾ ਪੂਰਾ ਕੰਟ੍ਰੋਲ ਸੀ। ਉਹ ਕਿਸਮਤ ਵਾਲੀ ਸੀ ਕਿ ਸਾਰੇ ਪੁੱਤ ਅਤੇ ਨੂੰਹਾਂ ਬੇਬੇ ਦਾ ਪੂਰਾ ਆਦਰ ਸਤਿਕਾਰ ਕਰਦੇ। ਬੇਬੇ ਦੀ ਬੈਠੀ ਦੀ ਸੇਵਾ ਹੁੰਦੀ। ਪਰ ਬੇਬੇ ਦੀ ਇੱਕ ਮਾੜੀ ਗੱਲ ਸਾਰਿਆਂ ਨੂੰ ਜਰੂਰ ਪ੍ਰੇਸ਼ਾਨ ਕਰਦੀ, ਉਹ ਸੀ ਫਾਲਤੂ ਦੇ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਕਰਨਾ। ਬੇਬੇ ਪੂਰੀ ਜਿੱਦੀ ਸੀ, ਆਪਣੀ ਗੱਲ ਮਨਵਾ ਕੇ ਹੀ ਸਾਹ ਲੈਂਦੀ। ਮੰਗਲਵਾਰ ਅਤੇ ਵੀਰਵਾਰ ਨਾਲ ਬੇਬੇ ਦਾ ਵਿਸ਼ੇਸ਼ ਵੈਰ ਸੀ। ਇਹ ਦੋਵੇਂ ਦਿਨ ਬੇਬੇ ਨੂੰਹਾਂ ਨੂੰ ਨਾ ਤਾਂ ਕੱਪੜੇ ਧੋਣ ਦਿੰਦੀ ਤੇ ਨਾ ਸਿਰ ਨਹਾਉਣ ਦਿੰਦੀ। ਇਸ ਦਿਨ ਨਾ ਹੀ ਕੋਈ ਨਵੀਂ ਚੀਜ਼ ਖਰੀਦੀ ਜਾਂਦੀ ਅਤੇ ਨਾ ਹੀ ਨਵਾਂ ਕੱਪੜਾ ਪਾਇਆ ਜਾਂਦਾ। ਬੇਬੇ ਦਾ ਮੰਨਣਾ ਸੀ ਕਿ ਇਹ ਦੋਵੇਂ ਦਿਨ ਅਸ਼ੁਭ ਹਨ। ਜੇਕਰ ਕੋਈ ਵਿਆਹ ਇਹਨਾਂ ਦਿਨਾਂ ਵਿੱਚ ਆ ਜਾਂਦਾ ਤਾਂ ਬੇਬੇ ਰਿਸਤੇਦਾਰਾਂ ਨੂੰ ਸੌ-ਸੌ ਗਾਲ੍ਹਾਂ ਕੱਢਦੀ ਕਹਿੰਦੀ ‘ਭਾਈ ਘੋਰ ਕਲਯੁੱਗ ਆ ਗਿਆ, ਲੋਕ ਤਾਂ ਹੁਣ ਦਿਨ ਵੀ ਨਹੀਂ ਵਿਚਾਰਦੇ।’
ਅੱਜ ਮੰਗਲਵਾਰ ਸੀ। ਬੇਬੇ ਗੁਆਢੀਆਂ ਦੇ ਬੈਠੀ ਸੀ। ਜਦੋਂ ਉਹ ਵਾਪਸ ਘਰ ਮੁੜੀ ਤਾਂ ਉਸਨੇ ਦੇਖਿਆ ਕਿ ਛੋਟੀ ਨੂੰਹ ਸਭ ਤੋਂ ਛੋਟੇ ਮੁੰਡੇ ਗੁਰਜੰਟ, ਜੋ ਕਿ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ, ਦੀ ਸਕੂਲੀ ਵਰਦੀ ਧੋਣ ਲੱਗੀ ਹੋਈ ਸੀ। ਇਹ ਦੇਖ ਕੇ ਬੇਬੇ ਅੱਗ ਬਗੋਲ਼ਾ ਹੋ ਗਈ ਅਤੇ ਤੁਰੰਤ ਨੂੰਹ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਉੱਚੀ-ਉੱਚੀ ਬੋਲਣ ਲੱਗੀ, “ਥੋਨੂੰ ਕਿੰਨੀ ਵਾਰ ਸਮਝਾਇਆ, ਬਈ ਮੰਗਲ ਅਤੇ ਵੀਰਵਾਰ ਨੂੰ ਕੱਪੜੇ ਨਾ ਧੋਇਆ ਕਰੋ, ਪਰ ਤੁਸੀਂ ਸੁਣਦੀਆਂ ਹੀ ਨਹੀਂ।”
ਨੂੰਹ ਵਿਚਾਰੀ ਸਿਆਣੀ ਸੀ। ਉਹ ਜਾਣਦੀ ਸੀ ਕਿ ਹੁਣ ਬੇਬੇ ਨਾਲ ਪੰਗਾ ਲੈਣਾ ਭੂੰਡਾਂ ਦੇ ਖੱਖਰ ਨੂੰ ਛੇੜਨ ਦੇ ਬਰਾਬਰ ਹੈ। ਇਸ ਲਈ ਉਹ ਦੜ ਵੱਟ ਕੇ ਅੰਦਰ ਚਲੀ ਗਈ। ਵਿਚਲੀ ਗੱਲ ਇਹ ਸੀ ਕਿ ਮੁੰਡੇ ਦੀ ਦੂਜੀ ਵਰਦੀ ਵੀ ਗੰਦੀ ਸੀ।
ਦੂਸਰੇ ਦਿਨ ਗੁਰਜੰਟ ਮਜਬੂਰੀਵੱਸ ਗੰਦੀ ਵਰਦੀ ਪਾਕੇ ਹੀ ਸਕੂਲ ਚਲਿਆ ਗਿਆ। ਮੈਡਮ ਨੇ ਪਹਿਲੇ ਪੀਰੀਅਡ ਵਿੱਚ ਹੀ ਉਸ ਨੂੰ ਖੜ੍ਹਾ ਕਰ ਲਿਆ। ਗੁਰਜੰਟ ਨੇ ਵੀ ਬਿਨਾਂ ਸੰਕੋਚ ਤੋਂ ਪਿਛਲੀ ਸ਼ਾਮ ਦੀ ਸਾਰੀ ਕਹਾਣੀ, ਬਿਨਾਂ ਸਾਹ ਲਏ ਮੈਡਮ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤੀ। ਅੱਗੋਂ ਮੈਡਮ ਨੇ ਵੀ ਬੇਬੇ ਉੱਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੀ, “ਗੁਰਜੰਟ ਤੁਹਾਡੀ ਬੇਬੇ ਬੜੀ ਕਮਾਲ ਦੀ ਹੈ। ਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ਹੀ ਵਖਤ ਪਾਇਆ ਹੋਇਆ ਹੈ। ਉਹ ਅੱਜ ਦੇ ਜਮਾਨੇ ਵਿੱਚ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਰੱਖਦੇ ਨੇ?”
ਸਾਰੀ ਕਲਾਸ ਹੱਸ ਹੱਸ ਦੂਹਰੀ ਹੋ ਗਈ। ਮੈਡਮ ਨੇ ਬੱਚਿਆਂ ਨੂੰ ਘੂਰ ਕੇ ਚੁੱਪ ਕਰਾਇਆ ਅਤੇ ਸਾਰੀ ਜਮਾਤ ਨੂੰ ਸਮਝਾਇਆ ਕਿ ਕੋਈ ਵੀ ਦਿਨ ਚੰਗਾ-ਬੁਰਾ ਨਹੀਂ ਹੁੰਦਾ। ਸਭ ਦਿਨ ਬਰਾਬਰ ਹਨ। ਇਸ ਲਈ ਇਹਨਾਂ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਕਰਨਾ। ਘਰ ਜਾ ਕੇ ਗੁਰਜੰਟ ਵੱਡੀਆਂ ਭੈਣਾਂ ਅਤੇ ਭਰਾ ਨੂੰ ਚਟਕਾਰੇ ਲਾ ਲਾ ਕੇ ਕਲਾਸ ਵਾਲੀ ਘਟਨਾ ਸੁਣਾਉਣ ਲੱਗ ਪਿਆ। ਸਾਰੇ ਜਣੇ ਉੱਚੀ-ਉੱਚੀ ਹੱਸਣ ਲੱਗ ਪਏ। ਉੱਧਰੋਂ ਬੇਬੇ ਆ ਗਈ, ਸਾਰੇ ਇਕਦਮ ਚੁੱਪ ਹੋ ਗਏ। ਆਉਂਦੇ ਹੀ ਬੇਬੇ ਕਹਿਣ ਲੱਗੀ, “ਵੇ ਕਿਹੜੀ ਗੱਲ ’ਤੇ ਏਨੀਆਂ ਖਿੱਲਾਂ ਡੋਲ੍ਹੀਆਂ? ਮੇਰੇ ਆਉਂਦੇ ਹੀ ਗੂੰਗੇ ਬਣ ਕੇ ਬਹਿ ਗਏ?”
ਗੁਰਜੰਟ ਦੀ ਵੱਡੀ ਭੈਣ ਸਿਮਰਨ ਤੋਂ ਰਿਹਾ ਨਾ ਗਿਆ। ਉਹ ਬੇਬੇ ਨੂੰ ਪੂਰੀ ਕਹਾਣੀ ਸੁਣਾ ਕੇ ਕਹਿੰਦੀ, “ਬੇਬੇ ਗੁਰਜੰਟ ਦੇ ਮੈਡਮ ਕਹਿੰਦੇ ਨੇ ਕਿ ਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ਹੀ ਵਖਤ ਪਾਇਆ ਹੋਇਆ ਹੈ।”
ਇੰਨਾ ਸੁਣ ਕਿ ਬੇਬੇ ਦਾ ਪਾਰਾ ਵਧ ਗਿਆ ਉਹ ਮੈਡਮ ਨੂੰ ਬੋਲਣ ਲੱਗ ਪਈ, “ਥੋਡੀਆ ਮੈਡਮਾਂ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੀਆਂ। ਉਹਨਾਂ ਨੂੰ ਕੀ ਪਤਾ ਇਹਨਾਂ ਅਸ਼ੁੱਭ ਦਿਨਾਂ ਦੇ ਪ੍ਰਕੋਪ ਦਾ।”
ਗੱਲ ਆਈ ਗਈ ਹੋ ਗਈ।
ਅੱਜ ਬੇਬੇ ਬਹੁਤ ਹੀ ਜਿਆਦਾ ਖੁਸ਼ ਸੀ ਕਿਉਂਕਿ ਬੇਬੇ ਦੀ ਸਭ ਤੋਂ ਛੋਟੀ ਨੂੰਹ ਦੀ ਡਲੀਵਰੀ ਸ਼ਹਿਰ ਦੇ ਹਸਪਤਾਲ ਵਿੱਚ ਹੋਈ ਸੀ ਅਤੇ ਵਿਆਹ ਤੋਂ ਪੂਰੇ ਪੰਜ ਸਾਲ ਬਾਅਦ ਉਸ ਨੇ ਸਵੇਰੇ ਹੀ ਜੌੜੇ ਮੁੰਡਿਆਂ ਨੂੰ ਜਨਮ ਦਿੱਤਾ ਸੀ। ਬੇਬੇ ਖੁਸ਼ੀ ਵਿੱਚ ਖੀਵੀ ਹੋਈ ਵਾਰ-ਵਾਰ ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀ। ਸ਼ਾਮ ਹੁੰਦੇ ਹੀ ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ ਗਿਆ। ਬੇਬੇ ਵਾਰ ਵਾਰ ਕਹਿ ਰਹੀ ਸੀ ਅੱਜ ਤਾਂ ਭਾਈ ਬਹੁਤ ਵਧੀਆ ਦਿਨ ਚੜ੍ਹਿਆ। ਮੇਰੇ ਪੁੱਤ ਨੂੰ ਰੱਬ ਨੇ ਪੁੱਤਾਂ ਦੀ ਜੋੜੀ ਬਖਸ਼ ਦਿੱਤੀ। ਸਾਰੇ ਬੱਚੇ ਬੇਬੇ ਅਤੇ ਵੱਡੀ ਨੂੰਹ ਦੇ ਆਲੇ ਦੁਆਲੇ ਝੁਰਮਟ ਪਾਈ ਛੋਟੇ ਕਾਕਿਆਂ ਨੂੰ ਦੇਖਣ ਲਈ ਉਤਾਵਲੇ ਸਨ। ਅਚਾਨਕ ਗੁਰਜੰਟ ਬੇਬੇ ਨੂੰ ਚਿੜਾਉਣ ਦੀ ਮਨਸ਼ਾ ਨਾਲ ਉਸ ਵੱਲ ਝਾਕ ਕੇ ਕਹਿਣ ਲੱਗਾ, “ਬੇਬੇ ਅੱਜ ਤਾਂ ਮੰਗਲਵਾਰ ਹੈ। ਇਹ ਦਿਨ ਅੱਜ ਸ਼ੁਭ ਕਿਵੇਂ ਹੋ ਗਿਆ?”
ਹੁਣ ਬੇਬੇ ਨਿਰਉੱਤਰ ਸੀ। ਪਰ ਸਾਰੇ ਪਰਿਵਾਰ ਦੇ ਸਾਂਝੇ ਹਾਸੇ ਨੇ ਹਸਪਤਾਲ ਦੀ ਗਮਗ਼ੀਨ ਫਿਜ਼ਾ ਵਿੱਚ ਵੱਖਰਾ ਹੀ ਰੰਗ ਬਿਖੇਰ ਦਿੱਤਾ।
*****
(612)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)