“ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਬੱਚਿਆਂ ਦੇ ਦਰਦ ਨੂੰ ਸੁਣੋ, ਸਮਝੋ ਅਤੇ ਜ਼ਿੰਦਗੀ ਦੇ ਸੰਘਰਸ਼ ਨੂੰ ...”
(5 ਸਤੰਬਰ 2024)
ਅਧਿਆਪਕ ਹੋਣਾ ਆਪਣੇ ਆਪ ਵਿੱਚ ਇੱਕ ਮਾਣ ਵਾਲਾ ਕਿੱਤਾ ਹੁੰਦਾ ਹੈ। ਜੇਕਰ ਤੁਸੀਂ ਇਹ ਕਿੱਤਾ ਬਿਨਾਂ ਕਿਸੇ ਮਜਬੂਰੀ ਦੇ ਚੁਣਿਆ ਹੈ ਤਾਂ ਤੁਹਾਡੇ ਨਾਲੋਂ ਖੁਸ਼ਕਿਸਮਤ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਇਸ ਕਿੱਤੇ ਵਿੱਚ ਤੁਹਾਨੂੰ ਮਾਨਵੀ ਸੰਵੇਦਨਾਵਾਂ ਨੂੰ ਬਹੁਤ ਨੇੜਿਓ ਤੱਕਣ ਦਾ ਮੌਕਾ ਮਿਲਦਾ ਹੈ। ਆਉਣ ਵਾਲੀਆਂ ਨਸਲਾਂ ਦੀ ਵਾਗਡੋਰ ਤੁਹਾਡੇ ਹੱਥਾਂ ਵਿੱਚ ਹੁੰਦੀ ਹੈ। ਇੱਕ ਨਰੋਆ ਸਮਾਜ ਸਿਰਜਣ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ’ਤੇ ਹੁੰਦੀ ਹੈ।
ਕਿਸੇ ਵਿਦਿਆਰਥੀ ਦੀ ਸ਼ਖਸੀਅਤ ਨੂੰ ਉਸਾਰਨ ਲਈ ਅਧਿਆਪਕ ਇੱਕ ਅਹਿਮ ਕੜੀ ਸਾਬਤ ਹੁੰਦਾ ਹੈ ਕਿਉਂਕਿ ਵਿਦਿਆਰਥੀ ਸਭ ਤੋਂ ਲੰਮਾ ਸਮਾਂ ਅਧਿਆਪਕਾਂ ਕੋਲ ਗੁਜ਼ਾਰਦੇ ਹਨ। ਮਨੁੱਖੀ ਕਦਰਾਂ ਕੀਮਤਾਂ ਅਤੇ ਜ਼ਿੰਦਗੀ ਦੇ ਫਲਸਫੇ ਵਿਦਿਆਰਥੀਆਂ ਨੂੰ ਸਿਖਾਉਣਾ ਅਧਿਆਪਕ ਦਾ ਮੁਢਲਾ ਫਰਜ਼ ਹੈ, ਇਸ ਲਈ ਅਧਿਆਪਕ ਦਾ ਇੱਕ ਆਦਰਸ਼ ਸ਼ਖਸੀਅਤ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਇੱਕ ਅਧਿਆਪਕ ਦੀ ਨਿੱਜੀ ਜ਼ਿੰਦਗੀ ਵੀ ਉਸ ਦੇ ਅਧਿਆਪਨ ਨਾਲ ਆ ਜੁੜਦੀ ਹੈ। ਬੱਚੇ ਉਸਦੀ ਹਰੇਕ ਹਰਕਤ ਨੂੰ ਬਹੁਤ ਗਹੁ ਨਾਲ ਵਾਚਦੇ ਹਨ। ਨਿੱਕੀ ਤੋਂ ਨਿੱਕੀ ਗੱਲ ਨੂੰ ਉਤਸੁਕਤਾ ਅਤੇ ਦਿਲਚਸਪੀ ਨਾਲ ਘੋਖਦੇ ਹਨ। ਖਾਸ ਤੌਰ ’ਤੇ ਛੋਟੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਭ ਤੋਂ ਵੱਧ ਸਿਆਣਾ ਅਤੇ ਪੜ੍ਹਿਆ ਲਿਖਿਆ ਮੰਨਦੇ ਹਨ ਅਤੇ ਅਕਸਰ ਆਪਣੇ ਮਾਪਿਆਂ ਨਾਲ ਖਹਿਬੜ ਪੈਂਦੇ ਹਨ ਕਿ ਮੇਰੇ ਅਧਿਆਪਕ ਨੇ ਜੋ ਕੰਮ ਕਰਵਾਇਆ ਹੈ, ਉਹ ਸਹੀ ਹੈ ਅਤੇ ਤੁਸੀਂ ਗਲਤ ਹੋ।
ਅਗਰ ਵਿਦਿਆਰਥੀ ਤੁਹਾਡੇ ਪੀਰੀਅਡ ਨੂੰ ਬੇਸਬਰੀ ਨਾਲ ਉਡੀਕਦੇ ਹਨ ਤਾਂ ਇਹ ਤੁਹਾਡੀ ਅਧਿਆਪਕ ਹੋਣ ਨਾਤੇ ਬਹੁਤ ਵੱਡੀ ਪ੍ਰਾਪਤੀ ਹੈ। ਹਮੇਸ਼ਾ ਕਲਾਸ ਵਿੱਚ ਮੁਸਕਰਾਹਟ ਨਾਲ ਅੰਦਰ ਜਾਓ, ਇਹ ਉਨ੍ਹਾਂ ਵਿੱਚ ਇੱਕ ਅਲੱਗ ਊਰਜਾ ਦਾ ਸੰਚਾਰ ਕਰੇਗਾ। ਆਪਣੇ ਵਿਸ਼ੇ ਨੂੰ ਦਿਲਚਸਪ ਬਣਾਉਣਾ ਇੱਕ ਅਧਿਆਪਕ ਦਾ ਮੁਢਲਾ ਕਾਰਜ ਹੁੰਦਾ ਹੈ ਕਿਉਂਕਿ ਜਦੋਂ ਤਕ ਵਿਦਿਆਰਥੀ ਵਿਸ਼ੇ ਵਿੱਚ ਦਿਲਚਸਪੀ ਨਹੀਂ ਲੈਣਗੇ, ਉਹ ਘੱਟ ਸਿੱਖਣਗੇ। ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰੋ। ਹੋਣਹਾਰ ਵਿਦਿਆਰਥੀਆਂ ਦੀ ਖੁੱਲ੍ਹ ਕੇ ਤਾਰੀਫ ਕਰੋ ਅਤੇ ਕਮਜ਼ੋਰ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿਓ, ਉਨ੍ਹਾਂ ਨੂੰ ਸਾਰੀ ਜਮਾਤ ਸਾਹਮਣੇ ਕਠੋਰ ਸ਼ਬਦਾਂ ਵਿੱਚ ਸ਼ਰਮਸਾਰ ਨਾ ਕਰੋ। ਵਿਦਿਆਰਥੀਆਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੋ ਗਏ ਤਾਂ ਲਾਜ਼ਮੀ ਤੌਰ ’ਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਡੋਲੇਗਾ।
ਅਗਰ ਤੁਹਾਡੇ ਵਿਦਿਆਰਥੀ ਤੁਹਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨ ਲਈ ਉਤਾਵਲੇ ਰਹਿੰਦੇ ਹਨ ਤਾਂ ਤੁਸੀਂ ਇੱਕ ਸਫਲ ਅਧਿਆਪਕ ਹੋ, ਇਸ ਲਈ ਕਦੇ ਕਦੇ ਕਿਤਾਬੀ ਪੜ੍ਹਾਈ ਨੂੰ ਲਾਂਭੇ ਰੱਖ ਕੇ ਉਹਨਾਂ ਨਾਲ ਸੁਚੱਜੀ ਜ਼ਿੰਦਗੀ ਜੀਣ ਦੀਆਂ ਗੱਲਾਂ ਕਰੋ। ਉਹਨਾਂ ਦੇ ਵਲਵਲਿਆਂ ਨੂੰ ਨੀਝ ਲਾ ਕੇ ਸੁਣੋ, ਉਹ ਕੀ ਕਹਿਣਾ ਚਾਹੁੰਦੇ ਨੇ। ਉਨ੍ਹਾਂ ਨਾਲ ਹੱਸੋ, ਉਨ੍ਹਾਂ ਨੂੰ ਆਪਣੇ ਬਚਪਨ ਦੇ ਸਕੂਲੀ ਕਿੱਸੇ ਸੁਣਾਓ। ਉਨ੍ਹਾਂ ਦੀ ਕਿਸੇ ਡੂੰਘੀ ਚੀਸ ਨੂੰ ਮਹਿਸੂਸ ਕਰੋ ਅਤੇ ਜ਼ਿੰਦਗੀ ਦੇ ਸੰਘਰਸ਼ ਨੂੰ ਝੇਲਣ ਦੀ ਵਿਉਂਤ ਸਮਝਾਓ।
ਅੱਜ ਸਾਡੇ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਸੁਣਨ ਦੀ ਲੋੜ ਹੈ ਕਿਉਂਕਿ ਅੱਜ ਮਾਪੇ ਇੰਨੇ ਵਿਅਸਤ ਹੋ ਗਏ ਹਨ ਕਿ ਬੱਚਿਆਂ ਦੀਆਂ ਗੱਲਾਂ ਸੁਣਨ ਵਾਲਾ ਕੋਈ ਹੈ ਹੀ ਨਹੀਂ। ਘਰਾਂ ਵਿੱਚ ਦਾਦੇ ਦਾਦੀਆਂ ਨੂੰ ਪਹਿਲਾਂ ਹੀ ਉਨ੍ਹਾਂ ਤੋਂ ਦੂਰ ਕਰ ਦਿੱਤਾ ਗਿਆ ਹੈ, ਇਸ ਲਈ ਅੱਜ ਸਾਡੇ ਬੱਚੇ ਇਕੱਲਤਾ ਮਹਿਸੂਸ ਕਰਦੇ ਹੋਏ ਇੱਕ ਅਲੱਗ ਵਰਚੁਅਲ ਦੁਨੀਆ ਵਿੱਚ ਮਸਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਪ੍ਰਾਈਵੇਸੀ ਵਿੱਚ, ਇੰਟਰਨੈੱਟ ਅਤੇ ਫੋਨ ਦੀ ਦੁਨੀਆ ਵਿੱਚ ਉਲਝਾ ਲਿਆ ਹੈ। ਉਹ ਮਾਪਿਆਂ ਅਤੇ ਅਧਿਆਪਕਾਂ ਤੋਂ ਦੂਰ ਹੋ ਗਏ ਹਨ। ਇਸੇ ਲਈ ਇਕੱਲਤਾ ਹੰਢਾਉਂਦੇ ਜਦੋਂ ਉਹ ਜ਼ਿੰਦਗੀ ਵਿੱਚ ਬੇਵੱਸ ਹੋ ਜਾਂਦੇ ਹਨ ਤਾਂ ਖ਼ੁਦ ਨਾਲ ਘੁਲਦੇ ਘੁਲਦੇ ਬੜੀ ਛੇਤੀ ਮੌਤ ਨੂੰ ਗਲੇ ਲਗਾ ਲੈਂਦੇ ਹਨ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਬੱਚਿਆਂ ਦੇ ਦਰਦ ਨੂੰ ਸੁਣੋ, ਸਮਝੋ ਅਤੇ ਜ਼ਿੰਦਗੀ ਦੇ ਸੰਘਰਸ਼ ਨੂੰ ਝੇਲਣਾ ਸਿਖਾਓ। ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖ਼ੁਸ਼ ਰਹਿਣਾ ਵੀ ਸਿਖਾਓ। ਉਨ੍ਹਾਂ ਨੂੰ ਪੈਸੇ ਦੀ ਅਹਿਮੀਅਤ ਦੇ ਨਾਲ ਨਾਲ ਰਿਸ਼ਤਿਆਂ ਵਿੱਚ ਵਿਚਰਦੇ ਹੋਏ ਉਨ੍ਹਾਂ ਵਿਚਲੀ ਮਿਠਾਸ ਨੂੰ ਮਾਨਣਾ ਵੀ ਸਿਖਾਓ। ਉਨ੍ਹਾਂ ਲਈ ਸਕਾਰਾਤਮਕ ਮਾਹੌਲ ਸਿਰਜੋ। ਸਾਰਾ ਦੋਸ਼ ਉਨ੍ਹਾਂ ਉੱਤੇ ਹੀ ਨਾ ਮੜ੍ਹ ਦਿਓ। ਉਨ੍ਹਾਂ ਦਾ ਭਵਿੱਖ ਸਾਡਿਆਂ ਹੱਥਾਂ ਵਿੱਚ ਹੈ, ਅਸੀਂ ਹੀ ਉਨ੍ਹਾਂ ਨੂੰ ਬਣਾਉਣਾ ਜਾਂ ਵਿਗਾੜਨਾ ਹੈ। ਇਸ ਲਈ ਆਓ ਸਾਰੇ ਅਧਿਆਪਕ ਸਾਥੀ ਇੱਕ ਵਧੀਆ ਨਰੋਈ ਸੋਚ ਵਾਲਾ ਸਮਾਜ ਸਿਰਜਣ ਲਈ ਹੰਭਲਾ ਮਾਰੀਏ ਕਿਉਂਕਿ ਪਰਮਾਤਮਾ ਨੇ ਇੱਕ ਬਹੁਤ ਹੀ ਨੇਕ ਕਾਰਜ ਲਈ ਸਾਨੂੰ ਚੁਣਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5275)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.