“ਉਹਨਾਂ ਦੀ ਕੁੜੀ ਜੋ 18-19 ਸਾਲ ਦੀ ਲਗਦੀ ਸੀ, ਸਾਨੂੰ ਗੁਰਦੁਆਰੇ ਲੈ ਗਈ ...”
(28 ਫਰਵਰੀ 2025)
ਜੇਕਰ ਅਜੋਕੇ ਸਮਾਜ ਦੀ ਗੱਲ ਕਰੀਏ ਤਾਂ ਅੱਜ ਧੀਆਂ ਆਪਣੀ ਲਿਆਕਤ ਅਤੇ ਕਾਬਲੀਅਤ ਨਾਲ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਅੱਜ ਮਾਪੇ ਵੀ ਧੀਆਂ ਨੂੰ ਅੱਗੇ ਵਧਣ ਲਈ ਪੂਰਾ ਸਹਿਯੋਗ ਦੇ ਰਹੇ ਹਨ। ਪਰ ਜੇਕਰ ਦੂਜੇ ਪੱਖ ਦੀ ਗੱਲ ਕਰੀਏ ਤਾਂ ਕਈ ਧੀਆਂ ਇਸ ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਹੋਈਆਂ ਜ਼ਿੰਦਗੀ ਦੇ ਬਹੁਤ ਅਹਿਮ ਫੈਸਲੇ ਬਿਨਾਂ ਮਾਪਿਆਂ ਦੀ ਰਜ਼ਾਮੰਦੀ ਦੇ ਲੈ ਰਹੀਆਂ ਹਨ ਅਤੇ ਇਹੀ ਫੈਸਲੇ ਉਨ੍ਹਾਂ ਦੀ ਅਗਲੇਰੀ ਜ਼ਿੰਦਗੀ ਵਿੱਚ ਨਾਸੂਰ ਬਣ ਰਹੇ ਹਨ ਕਿਉਂਕਿ ਭਾਵੁਕ ਹੋ ਕੇ ਲਏ ਫੈਸਲੇ ਜ਼ਿਆਦਾਤਰ ਪਛਤਾਵਾ ਬਣਦੇ ਨੇ।
ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ, ਇੱਕ ਅਖ਼ਬਾਰ ਵਿੱਚ ਮੇਰਾ ਧੀਆਂ ਨਾਲ ਸੰਬੰਧਿਤ ਲੇਖ ਛਪਿਆ। ਪਾਠਕਾਂ ਦੇ ਕਾਫੀ ਫੋਨ ਆਏ। ਕਈ ਬਜ਼ੁਰਗ ਪਾਠਕ ਤਾਂ ਇੰਨੀਆਂ ਅਸੀਸਾਂ ਦੇਣ ਕਿ ਮਨ ਖੁਸ਼ ਹੋ ਗਿਆ। ਪਰ ਕੁਝ ਫੋਨ ਕਾਲਾਂ ਨੇ ਮੈਂਨੂੰ ਧੁਰ ਅੰਦਰੋਂ ਝੰਜੋੜ ਦਿੱਤਾ। ਪਹਿਲੀ ਫੋਨ ਕਾਲ ਇੱਕ ਬਜ਼ੁਰਗ ਦੀ ਸੀ। ਪਹਿਲਾਂ ਉਹਨਾਂ ਮੇਰੇ ਲੇਖ ਬਾਰੇ ਬਹੁਤ ਸੋਹਣੀ ਗੱਲ ਕੀਤੀ ਅਤੇ ਫਿਰ ਉਹ ਆਪਣੇ ਦਿਲ ਦਾ ਦੁੱਖ ਮੇਰੇ ਨਾਲ ਫਰੋਲਣ ਲੱਗੇ। ਉਹ ਕਹਿਣ ਲੱਗੇ, “ਧੀਏ ਮੇਰੀ ਵੀ ਇੱਕ ਧੀ ਹੈ। ਮੈਂ ਉਸ ਨੂੰ ਲਾਡਾਂ ਚਾਵਾਂ ਨਾਲ ਪਾਲਿਆ। ਹਰੇਕ ਇੱਛਾ ਪੂਰੀ ਕੀਤੀ ਅਤੇ ਜਦੋਂ ਉਹ ਨਰਸਿੰਗ ਦੀ ਪੜ੍ਹਾਈ ਕਰਦੀ ਸੀ, ਉਸ ਸਮੇਂ ਦੌਰਾਨ ਉਸਦੀ ਮੁਲਾਕਾਤ ਇੱਕ ਮੁੰਡੇ ਨਾਲ ਹੋ ਗਈ ਤੇ ਉਸਨੇ ਉਸ ਮੁੰਡੇ ਨਾਲ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਮੈਂ ਉਸਦੇ ਫੈਸਲੇ ਦੇ ਵਿਰੁੱਧ ਨਹੀਂ ਸੀ ਪਰ ਮੈਂ ਚਾਹੁੰਦਾ ਸੀ ਕਿ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ। ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ ਅਤੇ ਉਸ ਮੁੰਡੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਸ ਮੁੰਡੇ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗਿਆ। ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ। ਹੁਣ ਉਸ ਦੀ ਇੱਕ ਛੋਟੀ ਧੀ ਵੀ ਹੈ। ਉਸ ਨਸ਼ੇੜੀ ਨੇ ਮੇਰੀ ਧੀ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਜੇਕਰ ਉਹ ਮੇਰੀ ਗੱਲ ਮੰਨ ਲੈਂਦੀ ਤਾਂ ਸ਼ਾਇਦ ਅੱਜ ਵਧੀਆ ਜ਼ਿੰਦਗੀ ਜੀ ਰਹੀ ਹੁੰਦੀ ਅਤੇ ਆਪਣੇ ਪੈਰਾਂ ’ਤੇ ਖੜ੍ਹੀ ਹੁੰਦੀ। ਧੀਆਂ ਤੋਂ ਡਰ ਨਹੀਂ ਲਗਦਾ, ਧੀਆਂ ਦੇ ਕਰਮਾਂ ਤੋਂ ਡਰ ਲਗਦਾ ਹੈ।”
ਇੱਕ ਹੋਰ ਮਾਂ ਨੇ ਫੋਨ ’ਤੇ ਆਪਣਾ ਦੁੱਖ ਸਾਂਝਾ ਕੀਤਾ, “ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਧੀ ਨੂੰ ਪੜ੍ਹਾ ਰਹੀ ਸੀ। ਮੈਂ ਆਪਣੀ ਧੀ ਨੂੰ ਹਰੇਕ ਖੁਸ਼ੀ ਦੇਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ ਅਤੇ ਵਧੀਆ ਜ਼ਿੰਦਗੀ ਮਾਣੇ। ਇਸ ਲਈ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਸ ਨੂੰ ਅਗਲੇਰੀ ਪੜ੍ਹਾਈ ਲਈ ਕਾਲਜ ਭੇਜਿਆ। ਜਦੋਂ ਮੇਰੀ ਧੀ ਮੋਟਰਸਾਈਕਲ ਚਲਾਉਂਦੀ ਤਾਂ ਆਂਢੀ ਗੁਆਂਢੀ ਕਹਿੰਦੇ ਕਿ ਤੂੰ ਕੁੜੀ ਨੂੰ ਜ਼ਿਆਦਾ ਹੀ ਖੁੱਲ੍ਹ ਦਿੱਤੀ ਹੋਈ ਹੈ। ਪਰ ਮੈਂ ਕਿਸੇ ਦੀ ਨਾ ਸੁਣਦੀ। ਮੈਨੂੰ ਆਪਣੀ ਧੀ ’ਤੇ ਪੂਰਾ ਵਿਸ਼ਵਾਸ ਸੀ। ਪਰ ਇੱਕ ਦਿਨ ਮੇਰੀਆਂ ਸਾਰੀਆਂ ਸੱਧਰਾਂ ’ਤੇ ਪਾਣੀ ਫਿਰ ਗਿਆ ਜਦੋਂ ਉਸਨੇ ਮੈਨੂੰ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਮੈਂ ਉਸ ਨੂੰ ਬਥੇਰਾ ਸਮਝਾਇਆ ਕਿ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ ਅਤੇ ਮੈਂ ਉਸ ਦੇ ਡੈਡੀ ਨਾਲ ਵੀ ਇਸ ਸੰਬੰਧੀ ਗੱਲ ਕਰ ਲਵਾਂਗੀ ਪਰ ਮੇਰੀ ਧੀ ਨੇ ਕੁਝ ਦਿਨਾਂ ਬਾਅਦ ਹੀ ਉਸ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਅਤੇ ਘਰ ਛੱਡ ਦਿੱਤਾ। ਹੁਣ ਮੈਨੂੰ ਲਗਦਾ ਹੈ ਕਿ ਲੋਕ ਠੀਕ ਹੀ ਕਹਿੰਦੇ ਸੀ। ਮੈਂ ਆਪਣੀ ਧੀ ਨੂੰ ਜ਼ਿਆਦਾ ਹੀ ਆਜ਼ਾਦੀ ਦੇ ਦਿੱਤੀ ਅਤੇ ਉਸਨੇ ਉਸਦਾ ਨਜਾਇਜ਼ ਫਾਇਦਾ ਚੁੱਕਿਆ।”
ਇੱਕ ਕੇਸ ਮੈਂ ਅੱਖੀਂ ਦੇਖਿਆ। ਮੈਂ ਕੰਪਿਊਟਰ ਵਿਸ਼ੇ ਦੀ ਪੋਸਟ ਗ੍ਰੈਜੂਏਸ਼ਨ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਰ ਰਹੀ ਸੀ। ਪੇਪਰ ਸ਼ੁਰੂ ਹੋ ਗਏ ਸਨ। ਇੱਕ ਪ੍ਰੈਕਟੀਕਲ ਪੇਪਰ ਸਵੇਰੇ 9 ਵਜੇ ਸੀ, ਸੋ ਯੂਨੀਵਰਸਿਟੀ 9 ਵਜੇ ਪੁੱਜਣਾ ਸੀ। ਨਾਲ ਦੀ ਸਹੇਲੀ ਨਾਲ ਸਲਾਹ ਕੀਤੀ ਤਾਂ ਉਹ ਕਹਿਣ ਲੱਗੀ ਕਿ ਇੱਕ ਦਿਨ ਪਹਿਲਾਂ ਕਿਸੇ ਨੇੜਲੇ ਸ਼ਹਿਰ ਚਲਦੇ ਹਾਂ, ਉੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਹਨ। ਰਾਤ ਉਹਨਾਂ ਦੇ ਰਹਿ ਲਵਾਂਗੇ, ਸਵੇਰੇ ਯੂਨੀਵਰਸਿਟੀ ਨੂੰ ਚਲੇ ਜਾਵਾਂਗੇ। ਸੋ ਅਸੀਂ ਦੋਵੇਂ ਜਣੀਆਂ ਉਸ ਦੇ ਪਾਪਾ ਨਾਲ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਏ। ਚਾਹ ਪਾਣੀ ਪੀਣ ਤੋਂ ਬਾਅਦ ਸ਼ਾਮ ਨੂੰ ਉਹਨਾਂ ਦੀ ਕੁੜੀ ਜੋ 18-19 ਸਾਲ ਦੀ ਲਗਦੀ ਸੀ, ਸਾਨੂੰ ਗੁਰਦੁਆਰੇ ਲੈ ਗਈ। ਜਦੋਂ ਅਸੀਂ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਗੁਰਦੁਆਰੇ ਵਿੱਚ ਹੀ ਉਸਨੇ ਇੱਕ ਮੁੰਡੇ ਨੂੰ ਸਾਨੂੰ ਮਿਲਾਇਆ ਜੋ ਕਿ ਉਸਦੀ ਹੀ ਉਮਰ ਦਾ ਲਗਦਾ ਸੀ। ਉਸ ਕੁੜੀ ਨੇ ਬਹੁਤ ਹੀ ਮਾਣ ਨਾਲ ਮੇਰੀ ਸਹੇਲੀ ਨੂੰ ਉਸ ਨਾਲ ਮਿਲਵਾਉਂਦਿਆਂ ਕਿਹਾ ਕਿ ਇਹ ਮੇਰਾ ਫਰੈਂਡ ਹੈ, ਮੈਂ ਇਸਦੇ ਨਾਲ ਹੀ ਵਿਆਹ ਕਰਵਾਉਣਾ ਹੈ। ਘਰਦਿਆਂ ਨੂੰ ਤਾਂ ਮੈਂ ਸਾਫ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜੇ ਇਸ ਨਾਲ ਮੇਰਾ ਵਿਆਹ ਨਹੀਂ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਹੈ। ਅਤੇ ਫਿਰ ਉਸਦੇ ਦੱਸਣ ਮੁਤਾਬਕ ਘਰਦੇ ਹੁਣ ਵਿਆਹ ਨੂੰ ਮੰਨ ਗਏ ਹਨ। ਮੇਰੇ ਸਾਹਮਣੇ ਉਸ ਕੁੜੀ ਦੇ ਮਾਪਿਆਂ ਦੇ ਭੋਲੇ ਜਿਹੇ ਚਿਹਰੇ ਆ ਗਏ, ਜੋ ਕੁਝ ਦੇਰ ਪਹਿਲਾਂ ਹੀ ਮੈਨੂੰ ਮਿਲੇ ਸੀ। ਮੁੰਡਾ ਕੋਲ ਖੜ੍ਹਾ ਬੇਸ਼ਰਮੀ-ਹਾਸਾ ਹੱਸ ਰਿਹਾ ਸੀ। ਮੈਨੂੰ ਉੱਥੇ ਖੜ੍ਹਨਾ ਔਖਾ ਲੱਗ ਰਿਹਾ ਸੀ। ਮੈਂ ਉਸ ਕੁੜੀ ਦੀ ਸੋਚ ਤੋਂ ਹੈਰਾਨ ਸੀ ਕਿ ਮਾਪਿਆਂ ਦੇ ਗੱਲ ਵਿੱਚ ਅੰਗੂਠਾ ਦੇ ਕੇ ਆਪਣੀਆਂ ਨਜਾਇਜ਼ ਮੰਗਾਂ ਮਨਵਾਉਣ ਦਾ ਕਿੰਨਾ ਗਰੂਰ ਹੈ ਇਸ ਨੂੰ।
ਸਾਡੀਆਂ ਅਜਿਹੀਆਂ ਧੀਆਂ ਜਿਹਨੀ ਤੌਰ ’ਤੇ ਇੰਨੀਆਂ ਕਮਜ਼ੋਰ ਕਿਉਂ ਹਨ ਕਿ ਕੋਈ ਵੀ ਆਪਣੀਆਂ ਕੁਝ ਕੁ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਉਹਨਾਂ ਨੂੰ ਆਪਣੇ ਮਗਰ ਲਾ ਲੈਂਦਾ ਹੈ ਤੇ ਉਹ ਲਾਈਲੱਗ ਬਣੀਆਂ ਉਸ ਦੇ ਪਿੱਛੇ ਲੱਗ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੀਆਂ ਹਨ।
ਮੈਂ ਕੁਝ ਸਵਾਲ ਅਜਿਹੀ ਸੋਚ ਰੱਖਣ ਵਾਲੀਆਂ ਕੁੜੀਆਂ ਨੂੰ ਕਰਨਾ ਚਾਹੁੰਦੀ ਹਾਂ, ਜਿਹੜੀਆਂ ਕਹਿੰਦੀਆਂ ਹਨ ਕਿ ਸਾਨੂੰ ਆਪਣੇ ਜ਼ਿੰਦਗੀ ਦੇ ਫੈਸਲੇ ਲੈਣ ਦਾ ਪੂਰਾ ਹੱਕ ਹੈ, ਆਪਣਾ ਜੀਵਨ ਸਾਥੀ ਚੁਣਨ ਦਾ ਪੂਰਾ ਹੱਕ ਹੈ। ਕੀ ਜ਼ਿੰਦਗੀ ਦਾ ਮਕਸਦ ਸਿਰਫ ਵਿਆਹ ਕਰਵਾਉਣਾ ਹੀ ਹੈ? ਕੀ ਆਪਣੀ ਮਨਪਸੰਦ ਦੇ ਮੁੰਡੇ ਨਾਲ ਮਾਪਿਆਂ ਦੀ ਰਜ਼ਾ ਤੋਂ ਬਗੈਰ ਵਿਆਹ ਕਰਵਾਉਣਾ ਬਹੁਤ ਵੱਡੀ ਉਪਲਬਧੀ ਹੈ? ਇਸਦੀ ਕੀ ਗਰੰਟੀ ਹੈ ਕਿ ਵਿਆਹ ਤੋਂ ਬਾਅਦ ਤੁਹਾਨੂੰ ਇਸ ਰਿਸ਼ਤੇ ਵਿੱਚੋਂ ਉਹ ਮਾਣ ਸਨਮਾਨ ਮਿਲੇਗਾ, ਜਿਸਦੀਆਂ ਤੁਸੀਂ ਹੱਕਦਾਰ ਹੋ? ਕੀ ਤੁਸੀਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕਿ ਜੇਕਰ ਕੱਲ੍ਹ ਨੂੰ ਤੁਹਾਨੂੰ ਇਸ ਮੁੰਡੇ ਨੇ ਧੋਖਾ ਦੇ ਦਿੱਤਾ ਜਾਂ ਛੱਡ ਦਿੱਤਾ, ਤਾਂ ਤੁਸੀਂ ਜ਼ਿੰਦਗੀ ਨੂੰ ਆਪਣੇ ਬਲ ’ਤੇ ਜੀ ਸਕੋਗੀਆਂ ਕਿਉਂਕਿ ਤੁਸੀਂ ਆਪਣੀ ਮਾਪਿਆਂ ਨੂੰ ਪਹਿਲਾਂ ਹੀ ਛੱਡ ਚੁੱਕੀਆਂ ਹੋ?
ਵਿਆਹ ਜ਼ਿੰਦਗੀ ਦਾ ਬਹੁਤ ਹੀ ਅਹਿਮ ਫੈਸਲਾ ਹੁੰਦਾ ਹੈ, ਇਸ ਲਈ ਅਜਿਹੇ ਨਾ ਸਮਝੀ ਭਰੇ ਕਦਮ ਚੁੱਕਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਬਾਰੇ ਜ਼ਰੂਰ ਸੋਚੋ। ਹਾਂ, ਜੇਕਰ ਤੁਸੀਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਅਤੇ ਮੁੰਡਾ ਵੀ ਤੁਹਾਡੇ ਬਰਾਬਰ ਦੀ ਯੋਗਤਾ ਰੱਖਦਾ ਹੈ ਤੇ ਤੁਸੀਂ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹੋ ਤਾਂ ਇਸ ਸੰਬੰਧੀ ਤੁਹਾਡੇ ਮਾਪਿਆਂ ਨੂੰ ਤੁਹਾਡੇ ’ਤੇ ਇੰਨਾ ਮਾਣ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਤੁਹਾਡੀ ਪਸੰਦ ਨੂੰ ਸਹਿਜੇ ਹੀ ਮਨਜ਼ੂਰੀ ਦੇ ਦੇਣ। ਖੁਸ਼ੀਆਂ ਵਿੱਚ ਆਪਣਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਜੇਕਰ ਤੁਹਾਡੀ ਪਸੰਦ ’ਤੇ ਮਾਣ ਹੋਇਆ ਤਾਂ ਉਹ ਕਦੇ ਵੀ ਤੁਹਾਡਾ ਦਿਲ ਨਹੀਂ ਦੁਖਾਉਣਗੇ। ਪਰ ਭੱਜ ਕੇ ਵਿਆਹ ਕਰਾਉਣਾ ਕੋਈ ਬਹਾਦਰੀ ਨਹੀਂ, ਸਗੋਂ ਬੁਜ਼ਦਿਲੀ ਹੈ।
ਅੰਤ ਵਿੱਚ ਧੀਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਧੀਓ, ਮਾਪਿਆਂ ਦਾ ਮਾਣ ਬਣੋ। ਜਿਹੜੇ ਧੀ-ਪੁੱਤ ਮਾਪਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਵਾ ਲੈਂਦੇ ਹਨ, ਉਹਨਾਂ ਨੂੰ ਪਛਤਾਉਣ ਲਈ ਜ਼ਿੰਦਗੀ ਬਹੁਤ ਖੁੱਲ੍ਹਾ ਸਮਾਂ ਦਿੰਦੀ ਹੈ। ਅਸੀਂ ਉਹੀ ਹੁੰਦੇ ਹਾਂ ਜੋ ਛੋਟੀਆਂ ਛੋਟੀਆਂ ਚੀਜ਼ਾਂ ਲੈਣ ਲੱਗੇ ਵੀ ਆਪਣੇ ਮਾਪਿਆਂ ਦੀ ਸਲਾਹ ਲੈਂਦੇ ਹਾਂ ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈਣ ਲੱਗੇ ਅਸੀਂ ਉਹਨਾਂ ਦੀ ਸਲਾਹ ਲੈਣ ਦੀ ਲੋੜ ਨਹੀਂ ਸਮਝਦੇ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਦੁਸ਼ਮਣ ਜਾਂ ਵਿਰੋਧੀ ਸਮਝਣ ਲੱਗ ਜਾਂਦੇ ਹਾਂ। ਕਾਹਲੀ ਵਿੱਚ ਕੀਤਾ ਹਰੇਕ ਕੰਮ ਅੰਤ ਵਿੱਚ ਪਛਤਾਵੇ ਦਾ ਕਾਰਨ ਬਣਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)