“ਯਾਰ ਪਰਸੋਂ ਤਾਂ ਹੱਦ ਈ ਹੋ ਗਈ। ਮੈਂ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ, ਪਿੱਛੋਂ ...”
(12 ਅਕਤੂਬਰ 2024)
“ਰੱਬ ਮੁੰਡੇ ਨਾਲੋਂ ਤਾਂ ਮੈਨੂੰ ਇੱਕ ਕੁੜੀ ਹੋਰ ਦੇ ਦਿੰਦਾ ਤਾਂ ਬਹੁਤ ਵਧੀਆ ਹੁੰਦਾ … ” ਇਹ ਬੋਲ ਜਦੋਂ ਮੈਂ ਡਾਕਟਰ ਦੇ ਕਲੀਨਿਕ ਵਿੱਚ ਦਾਖਲ ਹੋਈ ਤਾਂ ਮੇਰੇ ਕੰਨੀ ਪਏ। ਦੋ ਬਜ਼ੁਰਗ ਡੂੰਘੀ ਵਾਰਤਾਲਾਪ ਵਿੱਚ ਰੁੱਝੇ ਦਿਲਾਂ ਦੇ ਵਲਵਲਿਆਂ ਨੂੰ ਸਾਂਝੇ ਕਰ ਰਹੇ ਸਨ। ਮੈਂ ਵੀ ਉਹਨਾਂ ਦੇ ਨੇੜੇ ਹੀ ਬੈਠ ਗਈ ਅਤੇ ਉਹਨਾਂ ਦੀ ਗੱਲਬਾਤ ਸੁਣਨ ਲੱਗੀ ਕਿਉਂਕਿ ਮੇਰੀ ਵਾਰੀ ਨੂੰ ਅਜੇ ਸਮਾਂ ਲੱਗਣਾ ਸੀ। ਪਹਿਲਾ ਬਜ਼ੁਰਗ ਕਹਿਣ ਲੱਗਾ, “ਸਾਡੀ ਨੂੰਹ ਨੇ ਤਾਂ ਸਪਸ਼ਟ ਸ਼ਬਦਾਂ ਵਿੱਚ ਹੀ ਸਾਨੂੰ ਕਹਿ ਦਿੱਤਾ ਕਿ ਮੈਂ ਤੁਹਾਨੂੰ ਰੋਟੀ ਨਹੀਂ ਦੇ ਸਕਦੀ। ਦੱਸ ਬਾਈ, ਕਿਹਾ ਕਿਹੋ ਜਿਹਾ ਜ਼ਮਾਨਾ ਆ ਗਿਆ? ਅੱਜ ਕੱਲ੍ਹ ਦੀਆਂ ਨੂੰ ਦੋ ਜੀਆਂ ਦੀ ਰੋਟੀ ਈ ਭਾਰੂ ਹੋਈ ਪਈ ਹੈ। ... ਨਾਲੇ ਮੇਰੀ ਘਰਵਾਲੀ ਜਿੰਨਾ ਹੋ ਸਕਦਾ ਘਰ ਦਾ ਕੰਮ ਨਾਲ ਕਰਵਾਉਂਦੀ ਐ। ਖਰਚਾ ਵੀ ਕਰੀਦਾ ਐ। ਕੋਈ ਬੋਝ ਨਹੀਂ ਪਾਇਆ ਹੋਇਆ। ਨੂੰਹ ਨੂੰ ਕੋਈ ਰੋਕ ਟੋਕ ਨਹੀਂ, ਮਨ ਭਾਉਂਦਾ ਖਾਂਦੀ, ਪਹਿਨਦੀ ਐ। ਫਿਰ ਵੀ ਪਤਾ ਨਹੀਂ ਕਿਉਂ ਘਰ ਵਿੱਚ ਕਲੇਸ਼ ਪਾ ਕੇ ਰੱਖਦੀ ਐ।
“ਜਦੋਂ ਲੋਕ ਕਹਿੰਦੇ ਨੇ ਇਹ ਔਰਤਾਂ ਹੁਣ ਮਰਦਾਂ ਦੇ ਬਰਾਬਰ ਨੇ ਤਾਂ ਮੈਂ ਕਹਿਨਾ ਬਈ ਅੱਜ ਕੱਲ੍ਹ ਦੀਆਂ ਜ਼ਬਾਨ ਲੜਾਉਣ ਲਈ ਮਰਦਾਂ ਤੋਂ ਕਿਤੇ ਉੱਪਰ ਨੇ। ਕੋਈ ਸੰਗ ਸ਼ਰਮ ਹੀ ਨਹੀਂ ਕਿ ਬਜ਼ੁਰਗਾਂ ਨਾਲ ਕਿਵੇਂ ਬੋਲੀ ਦਾ ਐ। ਨਾ ਕਿਸੇ ਦਾ ਡਰ ਭਉ ਹੈ, ਨਾ ਕੋਈ ਸੋਚ ਸਮਝ। ਮੁੰਡਾ ਕੋਲ ਮੂੰਹ ਮੀਚ ਕੇ ਇਵੇਂ ਖੜ੍ਹਾ ਹੁੰਦਾ ਐ ਜਿਵੇਂ ਮੂੰਹ ਵਿੱਚ ਜ਼ਬਾਨ ਹੀ ਨਾ ਹੋਵੇ। ਆਪਣੀ ਤੀਵੀਂ ਦੇ ਇੰਨਾ ਥੱਲੇ ਲੱਗਿਆ ਹੋਇਆ ਐ, ਉਹਦੀ ਇਹ ਹਿੰਮਤ ਨੀ ਕਿ ਉਹਨੂੰ ਕਹਿ ਸਕੇ, ਮੇਰੇ ਮਾਂ ਬਾਪ ਨਾਲ ਤੂੰ ਕਿਵੇਂ ਬੋਲਦੀ ਐ। ਪਤਾ ਨਹੀਂ ਬਾਈ ਅੱਜ ਕੱਲ੍ਹ ਦੀਆਂ ਆਉਂਦੀਆਂ ਹੀ ਕਿਆ ਸੁੰਘਾ ਦਿੰਨੀਆ ਬਈ ਮਾਂ ਬਾਪ ਵੈਰੀ ਬਣ ਜਾਂਦੇ ਐ। ... ਪੁੱਤਾਂ ਨੂੰ ਵੀ ਵਿਆਹ ਤੋਂ ਬਾਅਦ ਹੀ ਆਪਣੇ ਮਾਂ ਬਾਪ ਵਿੱਚ ਕਮੀਆਂ ਨਜ਼ਰ ਆਉਣ ਲੱਗਦੀਆਂ। ਕੰਨਾਂ ਦੇ ਕੱਚਿਆਂ ਨੂੰ ਲਗਦਾ ਬਈ ਸਾਡੇ ਮਾਂ ਬਾਪ ਹੀ ਗਲਤ ਨੇ, ਜਨਾਨੀਆਂ ਸਾਡੀਆਂ ਬਿਲਕੁਲ ਸਹੀ ਆ। ਜਨਾਨੀਆਂ ਈ ਵਿਆਹ ਤੋਂ ਬਾਅਦ ਅੱਖਾਂ ਖੋਲ੍ਹਦੀਆਂ ਇਨ੍ਹਾਂ ਦੀਆਂ, ਪਹਿਲਾਂ ਤਾਂ ਅੱਖਾਂ ਬੰਦ ਕਰ ਕੇ ਰਿਸ਼ਤੇ ਨਿਭਾਉਂਦੇ ਰਹਿੰਦੇ ਐ। ਪਤਾ ਨਹੀਂ ਇਹੋ ਜਿਹਾ ਕਿਹੜਾ ਡਰਾਵਾ ਦਿੰਦੀਆਂ ਬਈ ਬੰਦਾ ਬੋਲਣੋ ਵੀ ਰਹਿ ਜਾਂਦਾ।”
ਦੂਜਾ ਬਜ਼ੁਰਗ ਕਹਿਣ ਲੱਗਾ, “ਬਾਈ ਸਿਆਂ! ਘਰ ਘਰ ਇਹੀ ਹਾਲ ਐ। ਆਪਣੀ ਜ਼ਮਾਨੇ ਹੁਣ ਲੱਦ ਗਏ, ਇਹ ਰੁੱਤ ਨਵਿਆਂ ਦੀ ਐ। ਯਾਰ ਆਪਣੇ ਜ਼ਮਾਨੇ ਵਧੀਆ ਸੀ ਹੁਣ ਤਾਂ ਘਰ ਘਰ ਕਲੇਸ਼ ਹੈ। ਰਹਿੰਦੀ ਖੂੰਹਦੀ ਕਸਰ ਆਹ ਮੋਬੈਲ ਕੱਢੀ ਜਾਂਦਾ।”
ਫਿਰ ਪਹਿਲਾ ਕਹਿਣ ਲੱਗਾ, “ਯਾਰ ਪਰਸੋਂ ਤਾਂ ਹੱਦ ਈ ਹੋ ਗਈ। ਮੈਂ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ, ਪਿੱਛੋਂ ਘਰ ਵਾਲੀ ਮੇਰੀ ਬਿਮਾਰ ਹੋ ਗਈ। ਉਹਨੇ ਮੁੰਡੇ ਨੂੰ ਕਿਹਾ ਵੀ ਮੈਨੂੰ ਡਾਕਟਰ ਦੇ ਲੇ ਚੱਲ। ਮੁੰਡਾ ਸਾਫ ਮੁੱਕਰ ਗਿਆ, ਕਹਿੰਦਾ, ਮੈਂ ਨਹੀਂ ਲੈ ਕੇ ਜਾਣਾ। ਹਾਰ ਕੇ ਮੈਂ ਆਪਣੀ ਛੋਟੀ ਧੀ ਨੂੰ ਫੋਨ ਕਰਿਆ ਤਾਂ ਉਹ ਦੋਵੇਂ ਜਣੇ ਆ ਕੇ ਘਰਵਾਲੀ ਨੂੰ ਡਾਕਟਰ ਦੇ ਲੈ ਕੇ ਗਏ। ਇੱਕ ਘਰ ਵਿੱਚ ਰਹਿਣ ਦੇ ਬਾਵਜੂਦ ਵੀ ਮੁੰਡਾ ਸਾਨੂੰ ਬੁਲਾ ਕੇ ਰਾਜ਼ੀ ਨੀ। ਕਦੇ ਹਾਲ ਚਾਲ ਵੀ ਨਹੀਂ ਪੁੱਛਦਾ। ਛੋਟੇ ਜਵਾਕ ਨੂੰ ਵੀ ਇਹਨਾਂ ਨੇ ਨਫਰਤ ਕਰਨੀ ਹੁਣੇ ਤੋਂ ਸਿਖਾ ’ਤੀ। ਉਹ ਵੀ ਨਹੀਂ ਹੁਣ ਬੁਲਾਉਂਦਾ ... ਦੂਰੋਂ ਈ ਝਾਕਦਾ ਰਹਿੰਦਾ। ਮਨ ਬੜਾ ਦੁਖੀ ਹੁੰਦਾ ਐ। ... ਇੱਕ ਦਿਨ ਨੂੰਹ ਕਹਿੰਦੀ, ਤੁਹਾਡੇ ਨਾਲ ਤਾਂ ਹੁਣੇ ਬਾਈਕਾਟ ਕਰਤਾ, ਵਰਤਣਾ ਮੈਂ ਤੁਹਾਡੀਆਂ ਕੁੜੀਆਂ ਨਾਲ ਵੀ ਨੀ।”
ਮੈਂ ਵੀ ਫਿਰ ਸੁਣਾ ’ਤਾ, ਮੈਂ ਕਿਹਾ, ਫਿਰ ਜ਼ਮੀਨ ਵੀ ਤਿੰਨ ਹਿੱਸਿਆਂ ਵਿੱਚ ਵੰਡ ਕੇ ਜਾਊਂ, ਤੁਸੀਂ ਨਹੀਂ ਵਰਤਣਾ ਕੁੜੀਆਂ ਨਾਲ, ਨਾ ਵਰਤਿਓ। ਅੱਗੋਂ ਕਹਿੰਦੀ, ਜਦੋਂ ਮਰੋਂਗੇ, ਤੁਹਾਨੂੰ ਕੌਣ ਅੱਗ ਲਾਊਗਾ? ਮੇਰੀ ਘਰਵਾਲੀ ਮੇਰੇ ਮੂੰਹ ਵੱਲ ਝਾਕੇ, ਅੱਖਾਂ ਉਹਦੀਆਂ ਹੰਝੂਆ ਨਾਲ ਭਰੀਆਂ ਹੋਈਆਂ। ਮੈਂ ਵੀ ਕਹਿ ’ਤਾ, ਜਦੋਂ ਮਰ ਗਏ, ਫਿਰ ਕਿਹਨੇ ਦੇਖਣਾ ਵੀ ਅੱਗ ਕੀਹਨੇ ਲਾਈ। ਕੋਈ ਨਾ ਭਾਈ ਪਿੰਡ ਵਿੱਚ ਇੰਨੀ ਕੁ ਤਾਂ ਬਣਾਈ ਹੋਈ ਹੈ। ਕੋਈ ਵੀ ਲਾ ਦੂ। ਨਾਲੇ ਜਿਨ੍ਹਾਂ ਦੇ ਪੁੱਤ ਨੀ ਹੁੰਦੇ, ਉਹਨਾਂ ਨੂੰ ਕੋਈ ਅੱਗ ਨਹੀਂ ਲਾਉਂਦਾ?”
ਦੂਜਾ ਬਜ਼ੁਰਗ ਕਹਿਣ ਲੱਗਾ, “ਬਾਈ ਆਹ ਸਾਡੇ ਪਿੰਡ ਦੀ ਹੀ ਗੱਲ ਐ। ਬਾਪ ਮਰ ਗਿਆ, ਨੂੰਹ ਪੁੱਤ ਮਰੇ ਬਾਪ ਦਾ ਮੂੰਹ ਵੀ ਨਹੀਂ ਦੇਖਣ ਆਏ, ਨਾਲੇ ਕੋਲ ਈ ਰਹਿੰਦੇ ਸੀ। ਸਾਰੇ ਰਿਸ਼ਤੇਦਾਰਾਂ ਨੇ ਜ਼ੋਰ ਲਾ ਲਿਆ ਬਈ ਹੁਣ ਤਾਂ ਉਹ ਮਰ ਗਿਆ, ਹੁਣ ਉਹਦੇ ਨਾਲ ਕਾਹਦਾ ਰੋਸਾ? ਕਹਿੰਦੇ ਜਦੋਂ ਜਿਉਂਦੇ ਨੂੰ ਨਹੀਂ ਬੁਲਾਇਆ ਮਰੇ ਨੂੰ ਦੇਖ ਕੇ ਕੀ ਲੈਣਾ? ਪੱਥਰ ਦਿਲ ਹੋ ਗਈ ਬਾਈ ਔਲਾਦ। ਇਹੋ ਜਿਹੇ ਪੁੱਤ ਵੈਰੀਆਂ ਨਾਲੋਂ ਘੱਟ ਨੀ। ਦੂਰ ਕਾਹਨੂੰ ਜਾਨਾ, ਆਹ ਮੇਰੀ ਅੱਖੀਂ ਦੇਖੀ ਗੱਲ ਐ। ਨੂੰਹ ਨੇ ਸੱਸ ਸਹੁਰੇ ਨੂੰ ਸਬਜ਼ੀ ਵਿੱਚ ਜ਼ਹਿਰ ਪਾ ਕੇ ਦੇ ’ਤੀ। ਵਧੀ ਹੋਈ ਸੀ ਤਾਂ ਮੁੰਡਾ ਹਸਪਤਾਲ ਲੈ ਗਿਆ। ਡਾਕਟਰ ਨੇ ਦੱਸਿਆ ਵੀ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ। ਪੁਲਿਸ ਚੱਕਰਾਂ ਤੋਂ ਡਰਦਿਆਂ ਅਗਲਿਆਂ ਨੇ ਗੱਲ ਦੱਬ ਲਈ। ਹੁਣ ਦੱਸ ਇਹੋ ਜਿਹੀ ਨੂੰਹ ਤੋਂ ਰੋਟੀ ਲੈ ਕੇ ਖਾ ਲੈਣਗੇ?”
“ਕੀ ਨਹੀਂ ਕਰਦਾ ਬੰਦਾ ਆਪਣੀ ਧੀਆਂ ਪੁੱਤਾਂ ਲਈ, ਬੁਢਾਪਾ ਤਾਂ ਬਾਈ ਸਰਾਪ ਈ ਬਣ ਗਿਆ ਅੱਜਕਲ੍ਹ। ਮੌਜ ਤਾਂ ਬਾਈ ਆਪਣੇ ਬਜ਼ੁਰਗ ਕਰਕੇ ਗਏ ਨੇ। ਚੰਮ ਦੀਆਂ ਚਲਾ ਕੇ ਗਏ ਆ ਅਗਲੇ। ਦੇਖ ਲਾ ਸਾਰੇ ਟੱਬਰ ਉੱਪਰ ਕਿੰਨਾ ਰੋਹਬ ਹੁੰਦਾ ਸੀ? ਮਜ਼ਾਲ ਆ ਕੋਈ ਚੂੰ ਵੀ ਕਰ ਜੇ। ਟੌਰ੍ਹ ਨਾਲ ਸੇਵਾ ਕਰਾਉਂਦੇ ਸੀ। ਹੁਣ ਆਪਾਂ ਦੋ ਰੋਟੀਆਂ ਨੂੰ ਵੀ ਤਰਸਦੇ ਫਿਰਦੇ ਆਂ। ਆਪਣਾ ਘਰ ਹੀ ਪਰਾਇਆ ਜਿਹਾ ਲਗਦਾ ਜਿਵੇਂ ਕਿਸੇ ਹੋਰ ਦੇ ਘਰ ਆਏ ਹੋਈਏ। ਘਰ ਦੇ ਚਾਰ ਜੀ ਹੀ ਆਪਸ ਵਿੱਚ ਮੂੰਹ ਫੁਲਾ ਕੇ ਫਿਰੀ ਜਾਂਦੇ ਆ। ਅਜਿਹੇ ਮਾਹੌਲ ਵਿੱਚ ਸਕੂਨ ਕਿੱਦਾਂ ਆ ਜੂ, ਬਿਮਾਰੀਆਂ ਹੀ ਚਿੰਬੜਨੀਆਂ ਨੇ। ਬੱਸ ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਕਰੀਦੀ ਆ ਬਈ ਪਰਮਾਤਮਾ ਚਲਦੇ ਫਿਰਦਿਆਂ ਨੂੰ ਲੈ ਜਾਈਂ, ਬੱਸ ਮੰਜੇ ’ਤੇ ਨਾ ਪਾਈਂ। ਕਿਸੇ ਦੇ ਮੁਹਤਾਜ ਨਾ ਕਰੀਂ। ਸਾਨੂੰ ਕਿਹਨੇ ਪੁੱਛਣਾ।”
ਉਸੇ ਵਕਤ ਮੇਰੇ ਨਾਮ ਦੀ ਆਵਾਜ਼ ਪਈ ਅਤੇ ਮੈਨੂੰ ਡਾਕਟਰ ਕੋਲ ਜਾਣਾ ਪਿਆ। ਘਰ ਵਾਪਸ ਆਉਂਦਿਆਂ ਮੇਰੇ ਜ਼ਿਹਨ ਵਿੱਚ ਉਹਨਾਂ ਦੋਵਾਂ ਬਜ਼ੁਰਗਾਂ ਦੀਆਂ ਗੱਲਾਂ ਹੀ ਰੀਲ ਵਾਂਗ ਘੁੰਮਦੀਆਂ ਰਹੀਆਂ। ਕਿਹੋ ਜਿਹੇ ਸਮਾਜ ਵਿੱਚ ਜੀ ਰਹੇ ਹਾਂ ਅਸੀਂ। ਜ਼ਮੀਰਾਂ ਮਰ ਚੁੱਕੀਆਂ ਨੇ ਸਾਡੀਆਂ। ਕਿਉਂ ਅਸੀਂ ਬਜ਼ੁਰਗਾਂ ਨੂੰ ਪਿਛਲੀ ਉਮਰੇ ਦੁੱਖ ਦੇ ਕੇ ਸਕੂਨ ਭਾਲ਼ ਰਹੇ ਹਾਂ। ਨਫਰਤਾਂ ਨਾਲ ਭਰੇ ਹੋਏ ਅਸੀਂ ਕੀ ਸੇਧ ਦੇਵਾਂਗੇ ਆਪਣੇ ਬੱਚਿਆਂ ਨੂੰ? ਜਿਹੜੀ ਔਲਾਦ ਘਰਾਂ ਵਿੱਚ ਇਹੋ ਜਿਹਾ ਵਿਵਹਾਰ ਕਰਦੀ ਹੈ ਬਜ਼ੁਰਗਾਂ ਨਾਲ, ਕੀ ਉਸਦੇ ਅਹਿਸਾਸ, ਜਜ਼ਬਾਤ ਖਤਮ ਹੋ ਚੁੱਕੇ ਨੇ। ਇਸ ਉਮਰੇ ਬਜ਼ੁਰਗ ਬੱਚਿਆਂ ਵਰਗੇ ਹੋ ਜਾਂਦੇ ਨੇ, ਬਖਸ਼ ਦਿਆ ਕਰੋ ਉਹਨਾਂ ਨੂੰ ਜੇ ਉਹਨਾਂ ਕੋਲੋਂ ਜਾਣੇ ਅਣਜਾਣੇ ਕੋਈ ਗਲਤੀ ਹੋ ਜਾਵੇ। ਤੁਹਾਡੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਜਾਵੇ। ਬੱਸ ਥੋੜ੍ਹਾ ਵਕਤ ਰਹਿ ਗਿਆ ਹੈ ਉਹਨਾਂ ਦਾ। ਮੁੜ ਇਹ ਲੱਭਣੇ ਨਹੀਂ, ਨਾ ਮੁੜ ਕਦੇ ਆਪਾਂ ਟੱਬਰ ਦੇ ਜੀਆਂ ਨੇ ਇਕੱਠੇ ਹੋਣਾ। ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਕਤ ਬਿਤਾਉਣ ਦਿਓ ਉਹਨਾਂ ਨਾਲ ਜੇਕਰ ਤੁਹਾਡੇ ਕੋਲ ਵਕਤ ਹੈ ਨਹੀਂ। ਬੱਸ ਉਹ ਖੁਸ਼ੀ ਖੁਸ਼ੀ ਜਾਣ ਇਸ ਸੰਸਾਰ ਤੋਂ, ਕੋਈ ਗਿਲਾ ਸ਼ਿਕਵਾ ਨਾ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5355)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: