“ਪੀੜਿਤ ਨੌਜਵਾਨਾਂ ਨੂੰ ਮੁਜਰਮ ਸਮਝਣ ਦੀ ਬਜਾਏ ਮਰੀਜ਼ ਸਮਝ ਕੇ ...”
(25 ਨਵੰਬਰ 2026)
ਪੰਜਾਬ ਦੇ ਪਿੰਡਾਂ ਦੀ ਫਿਜ਼ਾ ਵਿੱਚ ਅੱਜ-ਕੱਲ੍ਹ ਮਿੱਟੀ ਦੀ ਮਹਿਕ ਨਾਲੋਂ ਵੱਧ ਨਸ਼ਿਆਂ ਦੇ ਜ਼ਹਿਰ ਦੀ ਬੋਅ ਰਚ-ਮਿਚ ਗਈ ਹੈ। ਖਾਸ ਕਰਕੇ ਪਿੰਡਾਂ ਦਾ ਗਰੀਬ ਅਤੇ ਮਿਹਨਤਕਸ਼ ਤਬਕਾ ਇਸ ਭੈੜੇ ਜਾਲ਼ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਕਮਾਉਣ ਵਾਲੇ ਗੱਭਰੂ ਜਦੋਂ ਇਸ ਘੁੰਮਣਘੇਰੀ ਵਿੱਚ ਇੱਕ ਵਾਰ ਪੈਰ ਧਰ ਲੈਂਦੇ ਹਨ ਤਾਂ ਉਨ੍ਹਾਂ ਦੀ ਸੋਚਣ-ਸਮਝਣ ਦੀ ਸਲਾਹੀਅਤ (ਯੋਗਤਾ, ਸਮਰੱਥਾ) ਇਸ ਕਦਰ ਵਿਗੜ ਜਾਂਦੀ ਹੈ ਕਿ ਉਸ ਨੂੰ ਮੁੜ ਸਿੱਧੇ ਰਾਹ ’ਤੇ ਲਿਆਉਣਾ ਪਹਾੜ ਢਾਹੁਣ ਵਾਂਗ ਔਖਾ ਹੋ ਜਾਂਦਾ ਹੈ। ਇਸ ਤ੍ਰਾਸਦੀ ਦਾ ਸਭ ਤੋਂ ਦਰਦ ਉਹ ਖਵਾਤੀਨ (ਔਰਤਾਂ, ਇਸਤਰੀਆਂ) ਹੰਢਾਉਂਦੀਆਂ ਹਨ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਇਸ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਜੇਕਰ ਨਸ਼ਿਆਂ ਦੀ ਅਸਲ ਤਬਾਹੀ ਵੇਖਣੀ ਹੋਵੇ ਤਾਂ ਕਦੇ ਉਨ੍ਹਾਂ ਮਾਵਾਂ, ਭੈਣਾਂ ਅਤੇ ਸੁਹਾਗਣਾਂ ਕੋਲ ਬਹਿ ਕੇ ਦੇਖੋ, ਜਿਨ੍ਹਾਂ ਦੇ ਘਰ ਦਾ ਕੋਈ ਜੀਅ ਇਸ ਨਿਜ਼ਾਮ ਦੇ ਵਿਛਾਏ ਜਾਲ਼ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਦੀਆਂ ਅੱਖਾਂ ਦੇ ਸੁੱਕੇ ਹੋਏ ਅੱਥਰੂ ਅਤੇ ਟੁੱਟੇ ਹੋਏ ਖਵਾਬ ਇਸ ਗੱਲ ਦੀ ਸ਼ਹਾਦਤ (ਗਵਾਹੀ) ਭਰਦੇ ਹਨ ਕਿ ਨਸ਼ਾ ਸਿਰਫ ਇੱਕ ਬੰਦੇ ਨੂੰ ਨਹੀਂ ਮਾਰਦਾ, ਸਗੋਂ ਪੂਰੇ ਟੱਬਰ ਨੂੰ ਜਿਊਂਦੇ-ਜੀਅ ਨਿਰਜਿੰਦ ਕਰ ਦਿੰਦਾ ਹੈ।
ਅਸੀਂ ਅਕਸਰ ਇਸ ਮਸਲੇ ਨੂੰ ਸਿਰਫ ਪਰਾਏ ਘਰ ਦੀ ਅੱਗ ਸਮਝ ਕੇ ਅੱਖਾਂ ਮੀਟ ਲੈਂਦੇ ਹਾਂ ਪਰ ਹਕੀਕਤ ਇਹ ਹੈ ਕਿ ਜਦੋਂ ਤਕ ਪੂਰਾ ਮੁਆਸ਼ਰਾ (ਭਾਈਚਾਰਾ) ਇਸ ਨੂੰ ਆਪਣੀ ਸਾਂਝੀ ਬਿਮਾਰੀ ਸਮਝ ਕੇ ਇਸਦਾ ਦਾਰੂ ਨਹੀਂ ਕਰਦਾ, ਉਦੋਂ ਤਕ ਹਰ ਘਰ ਅਤੇ ਹਰ ਬੰਦੇ ਦਾ ਮੁਸਤਕਬਿਲ (ਭਵਿੱਖ) ਵੱਡੇ ਖਤਰੇ ਵਿੱਚ ਹੈ। ਇਸ ਬਰਬਾਦੀ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੀਆਂ ਹਕੂਮਤਾਂ ਤੇ ਇੰਤਜ਼ਾਮੀਆ ਪ੍ਰਸ਼ਾਸਨ) ਹੀ ਹਨ, ਜਿਨ੍ਹਾਂ ਦੀ ਨੱਕ ਹੇਠ ਮੌਤ ਦਾ ਇਹ ਕਾਰੋਬਾਰ ਬੇਖੌਫ ਚੱਲ ਰਿਹਾ ਹੈ। ਕਾਨੂੰਨ ਦਾ ਰਾਜ ਕਾਇਮ ਕਰਨਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹਕੂਮਤਾਂ ਦਾ ਮੁਢਲਾ ਫਰਜ਼ ਹੈ, ਜਿਸ ਤੋਂ ਉਹ ਭੱਜ ਨਹੀਂ ਸਕਦੀਆਂ ਪਰ ਜਦੋਂ ਤਕ ਸੁੱਤੀਆਂ ਹੋਈਆਂ ਹਕੂਮਤਾਂ ਦੀ ਅੱਖ ਨਹੀਂ ਖੁੱਲ੍ਹਦੀ, ਉਦੋਂ ਤਕ ਮੁਆਸ਼ਰੇ (ਭਾਈਚਾਰੇ), ਟੱਬਰ, ਤਾਲੀਮੀ ਇਦਾਰਿਆਂ ਅਤੇ ਧਾਰਮਿਕ ਅਸਥਾਨਾਂ ਨੂੰ ਆਪਣੀ ਜਵਾਨੀ ਬਚਾਉਣ ਲਈ ਮਹਿਫੂਜ਼ (ਸੁਰੱਖਿਅਤ) ਅਤੇ ਅਮਲੀ ਕਦਮ ਚੁੱਕਣੇ ਪੈਣਗੇ।
ਇਸ ਵਿੱਚ ਤਾਲੀਮੀ ਇਦਾਰਿਆਂ ਦਾ ਕਿਰਦਾਰ (ਅਮਲ) ਬੜਾ ਅਹਿਮ ਹੈ। ਬਾਲਾਂ ਨੂੰ ਸਿੱਧੇ ਤੌਰ ’ਤੇ ਨਸ਼ਿਆਂ ਦੇ ਨਾਂ ਗਿਣਾਉਣ ਜਾਂ ਡਰਾਉਣ ਦੀ ਬਜਾਏ ਉਨ੍ਹਾਂ ਅੰਦਰ ਖਰੇ ਅਤੇ ਖੋਟੇ ਦੀ ਪਰਖ ਕਰਨ ਵਾਲਾ ‘ਸ਼ਊਰ’ (ਸਿਆਣਪ) ਪੈਦਾ ਕਰਨ ਦੀ ਲੋੜ ਹੈ। ਜਦੋਂ ਬਾਲ ਖੁਦ ਸੋਚਣ, ਸਵਾਲ ਕਰਨ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਸਮਝਣ ਦੇ ਕਾਬਲ ਹੋਵੇਗਾ ਤਾਂ ਉਹ ਕਿਸੇ ਵੀ ਭਟਕਾਅ ਤੋਂ ਖੁਦ ਬਚ ਜਾਵੇਗਾ। ਇਸਦੇ ਨਾਲ ਹੀ ਸਾਡਾ ਤਾਲੀਮੀ ਨਿਜ਼ਾਮ (ਵਿੱਦਿਅਕ ਢਾਂਚਾ) ਅੰਨ੍ਹੇ ਮੁਕਾਬਲੇ ਦੀ ਬਜਾਏ ਆਪਸੀ ਇਮਦਾਦ ਉੱਤੇ ਉਸਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਮੁਕਾਬਲੇਬਾਜ਼ੀ ਬਾਲਾਂ ਵਿੱਚ ਇਕੱਲਤਾ ਅਤੇ ਜ਼ਹਿਨੀ ਦਬਾਅ ਪੈਦਾ ਕਰਦੀ ਹੈ, ਜਦੋਂ ਕਿ ਸਹਿਯੋਗ ਉਨ੍ਹਾਂ ਨੂੰ ਇੱਕ-ਦੂਜੇ ਦਾ ਸਹਾਰਾ ਬਣਨਾ ਸਿਖਾਉਂਦਾ ਹੈ।
ਸਾਡੇ ਰਹਿਬਰਾਂ ਅਤੇ ਬਜ਼ੁਰਗਾਂ ਨੇ ਹਮੇਸ਼ਾ ਇਹੀ ਸਬਕ ਦਿੱਤਾ ਹੈ ਕਿ ਅਸਲ ਬੰਦਗੀ ਸਿਰਫ ਰਸਮਾਂ-ਰਿਵਾਜ਼ਾਂ ਜਾਂ ਅਗਲੇ ਜਹਾਨ ਦਾ ਫਿਕਰ ਤਕ ਹੀ ਮਹਿਦੂਦ (ਸੀਮਤ) ਨਹੀਂ ਹੁੰਦੀ, ਸਗੋਂ ਇਸੇ ਧਰਤੀ ’ਤੇ ਦੁਖੀ ਇਨਸਾਨੀਅਤ ਦੀ ਬਾਂਹ ਫੜਨਾ ਅਤੇ ਹਾਲਾਤ ਨਾਲ ਜੂਝਣ ਦਾ ਹੌਸਲਾ ਦੇਣਾ ਹੀ ਸੱਚਾ ਧਰਮ ਹੈ। ਜੇਕਰ ਸਾਡੇ ਧਾਰਮਿਕ ਅਸਥਾਨਾਂ ਤੋਂ ਅਗਲੇ ਜਨਮ ਦੀਆਂ ਬਹਿਸ਼ਤਾਂ ਦੇ ਨਾਲ-ਨਾਲ ਇਸੇ ਜਹਾਨ ਨੂੰ ਸਵਰਗ ਬਣਾਉਣ ਦਾ ਹੋਕਾ ਗੂੰਜੇ, ਤਾਂ ਇਹ ਅਦਾਰੇ ਭਟਕੇ ਹੋਏ ਗੱਭਰੂਆਂ ਲਈ ਜ਼ਹਿਨੀ ਸਕੂਨ, ਖਿਦਮਤ ਅਤੇ ਸਾਂਝੀਵਾਲਤਾ ਦੇ ਵੱਡੇ ਮਰਕਜ਼ (ਕੇਂਦਰ) ਬਣ ਸਕਦੇ ਹਨ।
ਦੂਜੇ ਬੰਨੇ, ਘਰਾਂ ਦੀ ਬੁਨਿਆਦ ਸਾਂਭਣ ਵਾਲੀਆਂ ਖਵਾਤੀਨ ਨੂੰ ਜ਼ਹਿਨੀ ਤੌਰ ’ਤੇ ਤਕੜਾ ਕਰਨਾ ਬੇਹੱਦ ਜ਼ਰੂਰੀ ਹੈ। ਪਿੰਡਾਂ ਵਿੱਚ ਔਰਤਾਂ ਦੇ ਸਾਂਝੇ ਇਕੱਠ ਅਤੇ ਸੰਵਾਦ ਮੰਚ ਉਸਾਰੇ ਜਾਣ, ਜਿੱਥੇ ਉਹ ਆਪਣੇ ਦੁੱਖ-ਸੁਖ ਫੋਲ ਸਕਣ। ਜਦੋਂ ਔਰਤਾਂ ਮਾਲੀ ਤੌਰ ’ਤੇ ਖੁਦਮੁਖਤਾਰ ਅਤੇ ਜ਼ਹਿਨੀ ਤੌਰ ’ਤੇ ਹੌਸਲੇ ਵਾਲੀਆਂ ਹੋਣਗੀਆਂ ਤਾਂ ਉਹ ਲੋਕ-ਲਾਜ ਹੇਠ ਦੱਬਣ ਦੀ ਬਜਾਏ ਸਿਆਣਪ ਨਾਲ ਆਪਣੇ ਘਰ ਦੇ ਜੀਆਂ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਣਗੀਆਂ ਅਤੇ ਇਤਫਾਕ ਨਾਲ ਕੋਈ ਨਸ਼ੇ ਵਿੱਚ ਮੁਲੱਵਸ (ਲਿਪਤ) ਹੋ ਜਾਵੇ ਤਾਂ ਉਸ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਵੱਲ ਤੋਰਨ ਜੋਗੀਆਂ ਹੋ ਸਕਣਗੀਆਂ।
ਇਸਦੇ ਨਾਲ ਹੀ ਪਿੰਡਾਂ ਦੇ ਮੁਆਸ਼ਰੇ ਦੀ ਮਨਫੀ ਫਿਜ਼ਾ ਨੂੰ ਬਦਲ ਕੇ ਹਾਂ-ਪੱਖੀ ਮਾਹੌਲ ਸਿਰਜਣਾ ਪਵੇਗਾ। ਪਿੰਡਾਂ ਵਿੱਚ ਸੱਥਾਂ ਦੀਆਂ ਰੌਣਕਾਂ ਮੁੜ ਬਹਾਲ ਕਰਕੇ ਉੱਥੇ ਕਿੱਸਾਗੋਈ, ਲੋਕ-ਗੀਤਾਂ ਅਤੇ ਅਦਬੀ ਬੈਠਕਾਂ ਦਾ ਸਿਲਸਿਲਾ ਤੋਰਿਆ ਜਾਵੇ, ਤਾਂ ਜੋ ਗੱਭਰੂਆਂ ਨੂੰ ਸਿਹਤਮੰਦ ਮਨੋਰੰਜਨ ਮਿਲ ਸਕੇ। ਨਸ਼ੇ ਤੋਂ ਬਾਹਰ ਨਿਕਲ ਚੁੱਕੇ ਨੌਜਵਾਨਾਂ ਨੂੰ ਸੱਥਾਂ ਵਿੱਚ ਮਾਣ-ਸਤਿਕਾਰ ਦੇ ਕੇ ਉਨ੍ਹਾਂ ਦੀਆਂ ਕਾਮਯਾਬੀ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਦੂਜਿਆਂ ਨੂੰ ਵੀ ਹੌਸਲਾ ਮਿਲੇ। ਪੀੜਿਤ ਨੌਜਵਾਨਾਂ ਨੂੰ ਮੁਜਰਮ ਸਮਝਣ ਦੀ ਬਜਾਏ ਮਰੀਜ਼ ਸਮਝ ਕੇ ਲੁਕਵੇਂ ਤਰੀਕੇ ਨਾਲ ਇਲਾਜ ਕਰਵਾਉਣਾ, ਖੇਡ ਪਿੜਾਂ ਅਤੇ ਕਿਤਾਬ-ਘਰਾਂ ਨੂੰ ਅਬਾਦ ਕਰਨਾ ਅਤੇ ਸਾਂਝੀਆਂ ਕਮੇਟੀਆਂ ਰਾਹੀਂ ਗੁਪਤ ਹੈਲਪਲਾਈਨਾਂ ’ਤੇ ਨਸ਼ੇ ਦੇ ਸੌਦਾਗਰਾਂ ਦੀ ਇਤਲਾਹ ਦੇਣਾ ਅਜਿਹੇ ਪੁਰ-ਅਮਨ ਉਪਰਾਲੇ ਹਨ, ਜਿਨ੍ਹਾਂ ਨਾਲ ਕਿਸੇ ਆਮ ਬਸ਼ਰ (ਇਨਸਾਨ) ਨੂੰ ਕੋਈ ਖਤਰਾ ਵੀ ਪੈਦਾ ਨਹੀਂ ਹੁੰਦਾ।
ਇਸ ਬਰਬਾਦੀ ਲਈ ਹਕੂਮਤਾਂ ਸਿਰ ਭਾਂਡਣਾ ਅਤੇ ਉਨ੍ਹਾਂ ਨੂੰ ਹਰ ਮੰਚ ’ਤੇ ਜਵਾਬਦੇਹ ਬਣਾਉਣਾ ਸਾਡਾ ਹੱਕ ਹੈ। ਪਰ ਇਸਦੇ ਨਾਲ ਹੀ ਸ਼ਊਰ ਵਾਲੀ ਤਾਲੀਮ, ਰਹਿਬਰਾਂ ਦੀ ਸੱਚੀ ਸੇਧ, ਖੁਸ਼ਗਵਾਰ ਪੇਂਡੂ ਮਾਹੌਲ ਅਤੇ ਜ਼ਹਿਨੀ ਤੌਰ ’ਤੇ ਤਕੜੀਆਂ ਔਰਤਾਂ ਦੀ ਤਾਕਤ ਨਾਲ ਹੀ ਅਸੀਂ ਬਿਨਾਂ ਕਿਸੇ ਟਕਰਾਅ ਦੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਸ ਜ਼ਹਿਰ ਤੋਂ ਮਹਿਫੂਜ਼ (ਸਰੱਖਿਅਤ) ਰੱਖ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































