“ਜਦੋਂ ਸਕੂਲ, ਕਾਲਜ, ਵਿਸ਼ਵ-ਵਿਦਿਆਲੇ ਵਿਚਾਰਾਂ ਨੂੰ ਅਜ਼ਾਦੀ ਦਿੰਦੇ ਹਨ, ਉਦੋਂ ਹੀ ਸਮਾਜ ...”
(19 ਅਗਸਤ 2026)
ਹਰ ਬੱਚਾ ਆਪਣੇ ਜਨਮ ਨਾਲ ਕੁਦਰਤ ਵੱਲੋਂ ਇੱਕ ਅਨਮੋਲ ਦਾਤ ਲੈ ਕੇ ਆਉਂਦਾ ਹੈ- ਜਿਗਿਆਸਾ। ਉਹ ਦੁਨੀਆ ਨੂੰ ਸਿਰਫ ਦੇਖਦਾ ਨਹੀਂ, ਉਸ ਨੂੰ ਸਮਝਣਾ ਚਾਹੁੰਦਾ ਹੈ। ਉਸਦਾ ਪਹਿਲਾ ਵਿਗਿਆਨ ‘ਕਿਉਂ? ਹੁੰਦਾ ਹੈ ਅਤੇ ਪਹਿਲਾ ਦਰਸ਼ਨ ਵੀ ‘ਕਿਉਂ?’ ਹੀ ਹੁੰਦਾ ਹੈ। ਉਹ ਹਰ ਘਟਨਾ ਦਾ ਕਾਰਨ ਲੱਭਦਾ ਹੈ, ਹਰ ਅਨੁਭਵ ਦਾ ਅਰਥ ਸਮਝਣਾ ਚਾਹੁੰਦਾ ਹੈ ਅਤੇ ਹਰ ਨਵੀਂ ਗੱਲ ਨੂੰ ਆਪਣੇ ਪੁਰਾਣੇ ਅਨੁਭਵਾਂ ਨਾਲ ਜੋੜ ਕੇ ਦੇਖਦਾ ਹੈ। ਇਸ ਨੂੰ ਸੋਚਣਾ ਕਿਹਾ ਜਾਂਦਾ ਹੈ। ਸੋਚਣ ਦੀ ਇਹ ਪ੍ਰਕਿਰਿਆ ਕਿਸੇ ਪਾਠ-ਪੁਸਤਕ ਤੋਂ ਨਹੀਂ, ਮਨੁੱਖੀ ਸੁਭਾਵ ਤੋਂ ਜਨਮ ਲੈਂਦੀ ਹੈ।
ਇੱਥੇ ‘ਸੋਚਣ’ ਤੋਂ ਭਾਵ ਸਿਰਫ ਜਾਣਕਾਰੀ ਇਕੱਠੀ ਕਰਨਾ ਨਹੀਂ ਹੈ, ਸੋਚਣ ਦਾ ਅਰਥ ਹੈ ਸਵਾਲ ਪੁੱਛਣਾ, ਕਾਰਨਾਂ ਦੀ ਖੋਜ ਕਰਨੀ, ਤਰਕ ਦੀ ਪਰਖ ਕਰਨੀ, ਸਬੂਤਾਂ ਦੇ ਅਧਾਰ ’ਤੇ ਆਪਣੀ ਧਾਰਨਾ ਬਣਾਉਣੀ ਅਤੇ ਲੋੜ ਪੈਣ ’ਤੇ ਉਸ ਨੂੰ ਬਦਲਣ ਦਾ ਸਾਹਸ ਰੱਖਣਾ। ਇਹੀ ਉਹ ਸਮਰੱਥਾ ਹੈ ਜੋ ਮਨੁੱਖ ਨੂੰ ਸਿਰਫ ਜਾਣਕਾਰ ਨਹੀਂ, ਸਗੋਂ ਵਿਵੇਕਸ਼ੀਲ ਬਣਾਉਂਦੀ ਹੈ।
ਦੁਨੀਆ ਦੀ ਹਰ ਸਿੱਖਿਆ-ਪ੍ਰਣਾਲੀ ਅੱਗੇ ਸਭ ਤੋਂ ਵੱਡੀ ਚੁਣੌਤੀ ਬੱਚੇ ਦੀ ਸੋਚ ਨੂੰ ਵਿਕਸਿਤ ਕਰਨ ਦੀ ਹੈ। ਜੇ ਸਕੂਲ ਸਿਰਫ ਜਾਣਕਾਰੀ ਦੇ ਕੇ ਸੰਤੁਸ਼ਟ ਹੋ ਜਾਣ, ਤਾਂ ਉਹ ਚੰਗੇ ਪਰੀਖਿਆਰਥੀ ਤਾਂ ਤਿਆਰ ਕਰ ਸਕਦੇ ਹਨ, ਪਰ ਚੰਗੇ ਚਿੰਤਕ ਨਹੀਂ। ਵਿਚਾਰ ਉਦੋਂ ਵਿਕਸਿਤ ਹੁੰਦੇ ਹਨ ਜਦੋਂ ਬੱਚੇ ਨੂੰ ਪੁੱਛਣ, ਸਮਝਣ, ਅਸਹਿਮਤ ਹੋਣ ਅਤੇ ਦੁਬਾਰਾ ਸੋਚਣ ਦੀ ਅਜ਼ਾਦੀ ਮਿਲਦੀ ਹੈ। ਇਸ ਲਈ ਸਕੂਲ ਦੀ ਸਫਲਤਾ ਦਾ ਮਾਪ ਸਿਰਫ ਇਹ ਨਹੀਂ ਹੋ ਸਕਦਾ ਕਿ ਬੱਚਿਆਂ ਨੇ ਕਿੰਨਾ ਯਾਦ ਕੀਤਾ, ਬਲਕਿ ਕੀ ਉਨ੍ਹਾਂ ਨੇ ਸੋਚਣ ਦਾ ਆਪਣਾ ਘੇਰਾ ਵਧਾਇਆ? ਕੀ ਉਹ ਪਹਿਲਾਂ ਨਾਲੋਂ ਵਧੀਆ ਸਵਾਲ ਪੁੱਛਣ ਲੱਗੇ? ਕੀ ਉਹ ਕਿਸੇ ਵਿਚਾਰ ਨੂੰ ਸਿਰਫ ਇਸ ਲਈ ਸਵੀਕਾਰ ਨਹੀਂ ਕਰਦੇ ਕਿ ਉਹ ਕਿਤਾਬ ਵਿੱਚ ਲਿਖਿਆ ਹੈ, ਸਗੋਂ ਉਸ ਨੂੰ ਸਮਝਣ ਅਤੇ ਪਰਖਣ ਦੀ ਕੋਸ਼ਿਸ਼ ਵੀ ਕਰਦੇ ਹਨ? ਸਿੱਖਿਆ ਦਾ ਕੇਂਦਰ ਸੋਚ ਹੈ, ਤਾਂ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਸੋਚ ਦਾ ਵਿਕਾਸ ਕਿਹੜੇ ਮਾਹੌਲ ਵਿੱਚ ਹੁੰਦਾ ਹੈ ਅਤੇ ਸਕੂਲ ਉਸ ਮਾਹੌਲ ਨੂੰ ਕਿਵੇਂ ਸਿਰਜ ਸਕਦੇ ਹਨ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੀ ਸਾਡੇ ਸਕੂਲ ਬੱਚਿਆਂ ਦੀ ਕੁਦਰਤੀ ਸੋਚ ਨੂੰ ਹੋਰ ਡੂੰਘਾ, ਹੋਰ ਤਰਕਸੰਗਤ ਅਤੇ ਹੋਰ ਮਨੁੱਖੀ ਬਣਾਉਂਦੇ ਹਨ।
ਸੋਚ ਨੂੰ ਵਿਕਸਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਸੰਵਾਦ ਹੈ। ਕੋਈ ਵੀ ਮਨੁੱਖ ਸਿਰਫ ਜਾਣਕਾਰੀ ਸੁਣ ਕੇ ਚਿੰਤਕ ਨਹੀਂ ਬਣਦਾ; ਚਿੰਤਨ ਉਦੋਂ ਵਿਕਸਿਤ ਹੁੰਦਾ ਹੈ ਜਦੋਂ ਉਹ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਦੂਜਿਆਂ ਦੇ ਵਿਚਾਰ ਸੁਣਦਾ ਹੈ, ਆਪਣੇ ਤਰਕ ਦੀ ਪਰਖ ਕਰਦਾ ਹੈ ਅਤੇ ਨਵੇਂ ਸਬੂਤਾਂ ਦੇ ਅਧਾਰ ’ਤੇ ਆਪਣੇ ਨਤੀਜਿਆਂ ਦੀ ਸਮੀਖਿਆ ਕਰਦਾ ਹੈ। ਇਸੇ ਲਈ ਬ੍ਰਾਜ਼ੀਲ ਦੇ ਸਿੱਖਿਆ ਸ਼ਾਸਤਰੀ ਪਾਓਲੋ ਫਰੇਰੇ (1921-1997) ਨੇ ਸਿੱਖਿਆ ਨੂੰ ਸੰਵਾਦ ਦੀ ਪ੍ਰਕਿਰਿਆ ਮੰਨਿਆ। ਉਨ੍ਹਾਂ ਅਨੁਸਾਰ ਸਿੱਖਿਆ ਉਹ ਨਹੀਂ ਜਿਸ ਵਿੱਚ ਅਧਿਆਪਕ ਸਿਰਫ ਗਿਆਨ ਦੇਵੇ ਅਤੇ ਵਿਦਿਆਰਥੀ ਉਸ ਨੂੰ ਚੁੱਪ-ਚਾਪ ਸਵੀਕਾਰ ਕਰ ਲਵੇ। ਅਸਲ ਸਿੱਖਿਆ ਵਿੱਚ ਅਧਿਆਪਕ ਅਤੇ ਵਿਦਿਆਰਥੀ, ਦੋਵੇਂ ਸਿੱਖਣ ਦੀ ਸਾਂਝੀ ਪ੍ਰਕਿਰਿਆ ਦਾ ਹਿੱਸਾ ਹੁੰਦੇ ਹਨ। ਇਸ ਨਾਲ ਅਧਿਆਪਕ ਦਾ ਮਹੱਤਵ ਘੱਟ ਨਹੀਂ ਹੁੰਦਾ ਸਗੋਂ ਉਸਦੀ ਭੂਮਿਕਾ ਹੋਰ ਅਹਿਮ ਬਣ ਜਾਂਦੀ ਹੈ। ਉਹ ਜਵਾਬ ਦੇਣ-ਸੁਣਨ ਵਾਲਾ ਨਹੀਂ ਰਹਿੰਦਾ, ਸਗੋਂ ਵਿਚਾਰਾਂ ਨੂੰ ਦਿਸ਼ਾ ਦੇਣ ਵਾਲਾ ਬਣ ਜਾਂਦਾ ਹੈ।
ਹਰ ਸਵਾਲ ਸੋਚ ਨੂੰ ਜਨਮ ਨਹੀਂ ਦਿੰਦਾ। ਬੰਦ ਜਵਾਬ ਵਾਲੇ ਸਵਾਲ ਯਾਦਦਾਸ਼ਤ ਪਰਖਦੇ ਹਨ ਅਤੇ ਖੁੱਲ੍ਹੇ ਜਵਾਬ ਵਾਲੇ ਸਵਾਲ ਚਿੰਤਨ ਲਈ ਪ੍ਰੇਰਦੇ ਹਨ। ਪਹਿਲੇ ਜਾਣਕਾਰੀ ਮਾਪਦੇ ਹਨ, ਦੂਜੇ ਸਮਝ ਦੀ ਡੁੰਘਾਈ। ਇਸੇ ਕਰਕੇ ਚੰਗੀ ਕਲਾਸ ਦੀ ਪਛਾਣ ਸਿਰਫ ਸਹੀ ਜਵਾਬਾਂ ਨਾਲ ਨਹੀਂ ਹੁੰਦੀ; ਉਸਦੀ ਪਛਾਣ ਇਸ ਗੱਲ ਨਾਲ ਹੁੰਦੀ ਹੈ ਕਿ ਉੱਥੇ ਵਿਚਾਰਾਂ ਅਤੇ ਕਲਪਨਾ ਨੂੰ ਕਿੰਨੀ ਥਾਂ ਮਿਲਦੀ ਹੈ। ਕੀ ਬੱਚੇ ਆਪਣੇ ਵਿਚਾਰਾਂ ਦੇ ਹੱਕ ਵਿੱਚ ਤਰਕ ਕਰ ਸਕਦੇ ਹਨ? ਕੀ ਉਹ ਅਸਹਿਮਤੀ ਪ੍ਰਗਟ ਕਰ ਸਕਦੇ ਹਨ? ਕੀ ਉਹ ਦੂਜਿਆਂ ਦੀ ਗੱਲ ਸੁਣ ਕੇ ਆਪਣੀ ਧਾਰਨਾ ਬਦਲਣ ਲਈ ਵੀ ਤਿਆਰ ਹੁੰਦੇ ਹਨ? ਸਵਾਲ ਹੀ ਦੱਸਦੇ ਹਨ ਕਿ ਕਲਾਸ ਵਿੱਚ ਸਿੱਖਿਆ ਆਪਣਾ ਉਦੇਸ਼ ਪੂਰਾ ਕਰ ਰਹੀ ਹੈ ਜਾਂ ਸਿਰਫ ਪਾਠ ਪੂਰਾ ਕੀਤਾ ਜਾ ਰਿਹਾ ਹੈ।
ਸਿੱਖਿਆ ਦਾ ਮਕਸਦ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਸੋਚਣ ਲਈ ਤਿਆਰ ਕਰਨਾ ਨਹੀਂ ਹੈ; ਇਸਦਾ ਮਕਸਦ ਉਨ੍ਹਾਂ ਨੂੰ ਸੁਤੰਤਰ ਤੌਰ ’ਤੇ ਸੋਚਣ ਦੇ ਯੋਗ ਬਣਾਉਣਾ ਹੈ। ਸੁਤੰਤਰ ਸੋਚ ਦਾ ਅਰਥ ਮਨਮਰਜ਼ੀ ਨਹੀਂ, ਸਗੋਂ ਤਰਕ, ਸਬੂਤ ਅਤੇ ਸੰਵਾਦ ਦੇ ਅਧਾਰ ’ਤੇ ਆਪਣੀ ਰਾਏ ਬਣਾਉਣ ਦੀ ਸਮਰੱਥਾ ਹੈ। ਇਸ ਲਈ ਇੱਕ ਚੰਗਾ ਅਧਿਆਪਕ ਹਰ ਸਵਾਲ ਦਾ ਜਵਾਬ ਦੇਣ ਦੀ ਜਲਦੀ ਨਹੀਂ ਕਰਦਾ; ਉਹ ਬੱਚਿਆਂ ਦੇ ਮਨ ਵਿੱਚ ਅਜਿਹੇ ਸਵਾਲ ਜਗਾਉਂਦਾ ਹੈ, ਜਿਨ੍ਹਾਂ ਦੇ ਜਵਾਬ ਲੱਭਣ ਦੀ ਯਾਤਰਾ ਹੀ ਉਨ੍ਹਾਂ ਨੂੰ ਹੋਰ ਡੂੰਘਾ, ਹੋਰ ਵਿਵੇਕਸ਼ੀਲ ਅਤੇ ਹੋਰ ਮਨੁੱਖੀ ਬਣਾਉਂਦੀ ਹੈ।
ਸੋਚਣਾ ਇੱਕ ਵਿਅਕਤੀਗਤ ਸਮਰੱਥਾ ਹੈ, ਪਰ ਉਸਦਾ ਵਿਕਾਸ ਸਮਾਜਿਕ ਮਾਹੌਲ ਵਿੱਚ ਹੁੰਦਾ ਹੈ। ਦੇਖਣਾ ਬਣਦਾ ਹੈ ਕਿ ਕੀ ਸਾਡੇ ਘਰ, ਸਮੁਦਾਇ, ਸਕੂਲ, ਕਾਲਜ, ਵਿਸ਼ਵ-ਵਿਦਿਆਲੇ ਅਜਿਹਾ ਮਾਹੌਲ ਬਣਾਉਂਦੇ ਹਨ, ਜਿੱਥੇ ਸੋਚ ਵਿਕਸਿਤ ਹੋ ਸਕੇ? ਸੋਚ ਲਈ ਅਜ਼ਾਦੀ ਦੀ ਲੋੜ ਹੁੰਦੀ ਹੈ, ਪਰ ਇਕੱਲੀ ਅਜ਼ਾਦੀ ਕਾਫੀ ਨਹੀਂ। ਸੋਚ ਨੂੰ ਭਰੋਸੇ, ਸੰਵਾਦ ਅਤੇ ਗਲਤੀ ਕਰਨ ਦੇ ਅਧਿਕਾਰ ਦੀ ਵੀ ਲੋੜ ਹੁੰਦੀ ਹੈ। ਜਿੱਥੇ ਬੱਚਾ ਗਲਤ ਜਵਾਬ ਦੇਣ ਤੋਂ ਡਰਦਾ ਹੋਵੇ, ਉੱਥੇ ਉਹ ਨਵਾਂ ਵਿਚਾਰ ਰੱਖਣ ਦਾ ਜੋਖਮ ਵੀ ਨਹੀਂ ਲੈਂਦਾ। ਡਰ ਅਨੁਸ਼ਾਸਨ ਤਾਂ ਪੈਦਾ ਕਰ ਸਕਦਾ ਹੈ, ਪਰ ਚਿੰਤਨ ਨਹੀਂ। ਇਸੇ ਲਈ ਚੰਗੀ ਸਿੱਖਿਆ ਗਲਤੀ ਨੂੰ ਅਸਫਲਤਾ ਨਹੀਂ ਮੰਨਦੀ। ਉਹ ਉਸ ਨੂੰ ਸਿੱਖਣ ਦੀ ਪ੍ਰਕਿਰਿਆ ਦਾ ਸੁਭਾਵਿਕ ਹਿੱਸਾ ਸਮਝਦੀ ਹੈ। ਵਿਗਿਆਨ ਦੀ ਹਰ ਖੋਜ, ਦਰਸ਼ਨ ਦਾ ਹਰ ਨਵਾਂ ਵਿਚਾਰ ਅਤੇ ਸਾਹਿਤ ਦੀ ਹਰ ਮਹਾਨ ਰਚਨਾ ਅਨੇਕਾਂ ਸਵਾਲਾਂ, ਸੰਦੇਹਾਂ ਅਤੇ ਕੋਸ਼ਿਸ਼ਾਂ ਵਿੱਚੋਂ ਲੰਘ ਕੇ ਹੀ ਜਨਮ ਲੈਂਦੀ ਹੈ। ਜੇ ਸਕੂਲ ਬੱਚਿਆਂ ਨੂੰ ਗਲਤੀ ਤੋਂ ਹੀ ਡਰਾਉਣ ਲੱਗ ਪੈਣ ਤਾਂ ਉਹ ਖੋਜ ਦੀ ਥਾਂ ਸਿਰਫ ਦੁਹਰਾਅ ਸਿੱਖਣਗੇ।
ਸਾਨੂੰ ਇਮਤਿਹਾਨਾਂ ਦੀ ਭੂਮਿਕਾ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ। ਇਮਤਿਹਾਨ ਸਿੱਖਣ ਦਾ ਇੱਕ ਸਾਧਨ ਹਨ, ਸਿੱਖਿਆ ਦਾ ਉਦੇਸ਼ ਨਹੀਂ। ਜਦੋਂ ਪੂਰੀ ਸਿੱਖਿਆ ਪਰੀਖਿਆ ਦੇ ਆਲੇ-ਦੁਆਲੇ ਘੁੰਮਣ ਲੱਗ ਪੈਂਦੀ ਹੈ ਤਾਂ ਸਵਾਲਾਂ ਦੀ ਥਾਂ ਜਵਾਬ ਅਤੇ ਸਮਝ ਦੀ ਥਾਂ ਯਾਦਦਾਸ਼ਤ ਅਹਿਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਬੱਚੇ ਸਫਲ ਤਾਂ ਹੋ ਸਕਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਵਿਚਾਰਸ਼ੀਲ ਵੀ ਬਣਨ।
ਇੱਕ ਚੰਗੇ ਸਕੂਲ ਦੀ ਪਛਾਣ ਉਸਦੀਆਂ ਇਮਾਰਤਾਂ, ਨਤੀਜਿਆਂ ਜਾਂ ਇਨਾਮਾਂ ਨਾਲ ਨਹੀਂ ਹੁੰਦੀ; ਉਸਦੀ ਅਸਲ ਪਛਾਣ ਉਸਦੇ ਬੌਧਿਕ ਮਾਹੌਲ ਨਾਲ ਹੁੰਦੀ ਹੈ। ਕੀ ਉੱਥੇ ਸਵਾਲਾਂ ਦਾ ਸਤਿਕਾਰ ਹੁੰਦਾ ਹੈ? ਕੀ ਉੱਥੇ ਤਰਕ ਨੂੰ ਥਾਂ ਮਿਲਦੀ ਹੈ? ਕੀ ਉੱਥੇ ਅਸਹਿਮਤੀ ਨੂੰ ਵੀ ਸਿੱਖਣ ਦਾ ਮੌਕਾ ਸਮਝਿਆ ਜਾਂਦਾ ਹੈ? ਜੇ ਇਹ ਸਭ ਮੌਜੂਦ ਹੈ ਤਾਂ ਉਹ ਸਕੂਲ ਸਿਰਫ ਪਾਠ ਨਹੀਂ ਪੜ੍ਹਾ ਰਿਹਾ ਹੁੰਦਾ; ਉਹ ਸੋਚਣ ਦੀ ਸੰਸਕ੍ਰਿਤੀ ਦਾ ਨਿਰਮਾਣ ਕਰ ਰਿਹਾ ਹੁੰਦਾ ਹੈ। ਅਜਿਹਾ ਸਕੂਲ ਹੀ ਉਹ ਥਾਂ ਹੁੰਦਾ ਹੈ ਜਿੱਥੇ ਸਿੱਖਿਆ ਕਿਤਾਬਾਂ ਦੀ ਹੱਦ ਤੋਂ ਬਾਹਰ ਨਿਕਲ ਕੇ ਸਮਾਜ ਦੇ ਭਵਿੱਖ ਨਾਲ ਜੁੜ ਜਾਂਦੀ ਹੈ ਕਿਉਂਕਿ ਜਿਹੜੇ ਸਕੂਲ ਸੋਚਣ ਦੀ ਸੰਸਕ੍ਰਿਤੀ ਬਣਾਉਂਦੇ ਹਨ, ਉਹੀ ਅੱਗੇ ਚੱਲ ਕੇ ਸੋਚਣ ਵਾਲਾ ਸਮਾਜ ਵੀ ਬਣਾਉਂਦੇ ਹਨ।
ਸਾਡਾ ਇਹ ਵਿਚਾਰ ਅਧੂਰਾ ਹੈ ਜਦੋਂ ਤਕ ਅਸੀਂ ਇਸ ਨੂੰ ‘ਸਕੂਲ ਬੱਚਿਆਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਹਨ ਜਾਂ ਨਹੀਂ’ ਤਕ ਮਹਿਦੂਦ ਰੱਖਦੇ ਹਾਂ। ਇਸਦੀ ਪੂਰਨਤਾ ਇਸ ਨਾਲ ਹੈ ਕਿ ਕੀ ਅਧਿਆਪਕਾਂ ਨੂੰ ਵੀ ਆਪਣੇ ਕੰਮ, ਪਾਠਕ੍ਰਮ ਅਤੇ ਪੂਰੀ ਸਿੱਖਿਆ-ਪ੍ਰਣਾਲੀ ਬਾਰੇ ਸਵਾਲ ਪੁੱਛਣ ਦੀ ਅਜ਼ਾਦੀ ਹੈ? ਜੇ ਅਧਿਆਪਕ ਖੁਦ ਸਵਾਲ ਨਹੀਂ ਪੁੱਛ ਸਕਦਾ, ਨਵੇਂ ਵਿਚਾਰਾਂ ’ਤੇ ਚਰਚਾ ਨਹੀਂ ਕਰ ਸਕਦਾ ਅਤੇ ਆਪਣੇ ਅਨੁਭਵਾਂ ਦੇ ਅਧਾਰ ’ਤੇ ਪ੍ਰਣਾਲੀ ਬਾਰੇ ਸੋਚ ਨਹੀਂ ਸਕਦਾ, ਉਸ ਨੂੰ ਬਦਲਣ ਲਈ ਕੋਸ਼ਿਸ਼ ਨਹੀਂ ਕਰਦਾ ਤਾਂ ਉਹ ਬੱਚਿਆਂ ਵਿੱਚ ਸੁਤੰਤਰ ਚਿੰਤਨ ਦੀ ਸੰਸਕ੍ਰਿਤੀ ਕਿਵੇਂ ਪੈਦਾ ਕਰੇਗਾ? ਸੋਚ ਇੱਕ ਪਾਸੇ ਤੋਂ ਦੂਜੇ ਪਾਸੇ ਨਹੀਂ ਜਾਂਦੀ; ਇਹ ਇੱਕ ਅਜਿਹਾ ਵਾਤਾਵਰਣ ਮੰਗਦੀ ਹੈ ਜਿੱਥੇ ਹਰ ਪੱਧਰ ’ਤੇ ਸੰਵਾਦ ਅਤੇ ਆਤਮ-ਚਿੰਤਨ ਨੂੰ ਮਹੱਤਵ ਦਿੱਤਾ ਜਾਵੇ।
ਸੋਚਣ ਨੂੰ ਦਿਸ਼ਾ ਦੇਣ ਲਈ ਸਾਹਿਤ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਵਿਗਿਆਨ ਸਾਨੂੰ ਤੱਥਾਂ ਦੀ ਪਰਖ ਕਰਨੀ ਸਿਖਾਉਂਦਾ ਹੈ, ਦਰਸ਼ਨ ਸਾਨੂੰ ਤਰਕ ਕਰਨਾ ਸਿਖਾਉਂਦਾ ਹੈ, ਪਰ ਸਾਹਿਤ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਸਿਖਾਉਂਦਾ ਹੈ। ਇਹ ਸਾਨੂੰ ਦੂਜਿਆਂ ਦੇ ਅਨੁਭਵਾਂ ਨਾਲ ਜੋੜਦਾ ਹੈ, ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਇਹ ਸਮਝ ਦਿੰਦਾ ਹੈ ਕਿ ਹਰ ਮਨੁੱਖ ਦੀ ਆਪਣੀ ਕਹਾਣੀ ਅਤੇ ਆਪਣਾ ਨਜ਼ਰੀਆ ਹੁੰਦਾ ਹੈ। ਇਸੇ ਕਰਕੇ ਤਰਕ ਅਤੇ ਸੰਵੇਦਨਾ ਮਿਲ ਕੇ ਹੀ ਪੂਰਾ ਮਨੁੱਖ ਬਣਾਉਂਦੇ ਹਨ।
ਸਿੱਖਿਆ ਦਾ ਮਕਸਦ ਸਿਰਫ ਜਾਣਕਾਰੀ ਨਾਲ ਭਰੇ ਹੋਏ ਜਾਂ ਇਮਤਿਹਾਨਾਂ ਵਿੱਚ ਸਫਲ ਰਹਿਣ ਵਾਲੇ ਵਿਦਿਆਰਥੀ ਤਿਆਰ ਕਰਨਾ ਨਹੀਂ ਹੋ ਸਕਦਾ; ਇਸਦਾ ਮਕਸਦ ਅਜਿਹੇ ਮਨੁੱਖ ਤਿਆਰ ਕਰਨਾ ਹੈ ਜੋ ਸੱਚ ਦੀ ਖੋਜ ਕਰਨ, ਤਰਕ ਦਾ ਸਤਿਕਾਰ ਕਰਨ, ਅਸਹਿਮਤੀ ਨੂੰ ਧੀਰਜ ਨਾਲ ਸੁਣਨ, ਆਪਣੇ ਵਿਚਾਰਾਂ ਦੀ ਸਮੀਖਿਆ ਕਰਨ ਅਤੇ ਆਪਣੇ ਗਿਆਨ ਨੂੰ ਸਮਾਜ ਦੀ ਭਲਾਈ ਨਾਲ ਜੋੜ ਕੇ ਦੇਖਣ। ਇਹੋ ਜਿਹੀ ਸੋਚ ਮਨੁੱਖ ਨੂੰ ਸਿਰਫ ਸਫਲ ਨਹੀਂ, ਸਗੋਂ ਜ਼ਿੰਮੇਵਾਰ ਵੀ ਬਣਾਉਂਦੀ ਹੈ।
ਸਾਡੇ ਲਈ ਇਹ ਸੋਚਣਾ ਅਹਿਮ ਹੈ ਕਿ ਕੀ ਅਸੀਂ ਆਪਣੇ ਸਕੂਲਾਂ ਵਿੱਚ ਅਜਿਹਾ ਬੌਧਿਕ ਅਤੇ ਮਨੁੱਖੀ ਮਾਹੌਲ ਸਿਰਜ ਸਕੇ ਹਾਂ ਜਿੱਥੇ ਬੱਚੇ, ਅਧਿਆਪਕ ਅਤੇ ਪੂਰੀ ਸਿੱਖਿਆ-ਪ੍ਰਣਾਲੀ ਲਗਾਤਾਰ ਸਿੱਖ ਸਕੇ, ਆਪਣੇ ਆਪ ਤੋਂ ਸਵਾਲ ਪੁੱਛ ਸਕੇ ਅਤੇ ਸੱਚ ਨੂੰ ਹੋਰ ਡੁੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰ ਸਕੇ? ਕਿਉਂਕਿ ਸੋਚਣ ਵਾਲੇ ਬੱਚੇ ਆਪਣੇ ਆਪ ਨਹੀਂ ਬਣਦੇ, ਉਹ ਸੋਚਣ ਵਾਲੇ ਅਧਿਆਪਕਾਂ, ਸੋਚਣ ਵਾਲੇ ਸਕੂਲਾਂ ਅਤੇ ਸੋਚਣ ਵਾਲੇ ਸਮਾਜ ਵਿੱਚ ਹੀ ਵਿਕਸਿਤ ਹੁੰਦੇ ਹਨ। ਜਦੋਂ ਸਕੂਲ, ਕਾਲਜ, ਵਿਸ਼ਵ-ਵਿਦਿਆਲੇ ਵਿਚਾਰਾਂ ਨੂੰ ਅਜ਼ਾਦੀ ਦਿੰਦੇ ਹਨ, ਉਦੋਂ ਹੀ ਸਮਾਜ ਆਪਣੇ ਭਵਿੱਖ ਨੂੰ ਵੀ ਅਜ਼ਾਦੀ ਦਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































