MulakhSingh6“ਆਖਰਕਾਰ, ਇਹ ਬਹੁਤ ਪਹਿਲਾਂ ਮੋਏ ਉਹੀ ਬਾਦਸ਼ਾਹ ਸਨ ਜਿਨ੍ਹਾਂ ਨੇ ਦੇਵਤਿਆਂ ...”YuvalNoahHarari
(23 ਨਵੰਬਰ 2026)

 

YuvalNoahHarariਹੋ ਸਕਦਾ ਹੈ ਕਿ ਅਸੀਂ ਵੱਡੇ ਉਨ੍ਹਾਂ ਨੁਕਸਾਨ ਪਹੁੰਚਾਉਣ ਵਾਲੇ ਕਿੱਸਿਆਂ ਨੂੰ ਆਪਣੇ ਜ਼ਿਹਨ ਵਿੱਚੋਂ ਨਾ ਕੱਢ ਸਕੀਏ ਜਿਹੜੇ ਸਾਨੂੰ ਸੁਣਾਏ ਜਾਂਦੇ ਰਹੇ ਹਨ, ਪਰ ਅਸੀਂ ਨਸਲ-ਦਰ-ਨਸਲ ਜਾਰੀ ਉਨ੍ਹਾਂ ਦੀ ਇਸ ਮੁਹਿੰਮ ਨੂੰ ਤਾਂ ਰੋਕ ਹੀ ਸਕਦੇ ਹਾਂ।

ਅਸੀਂ ਬਾਲਾਂ ਨੂੰ ਤਵਾਰੀਖ ਤੋਂ ਨਹੀਂ ਬਚਾ ਸਕਦੇ। ਯੁਕਰੇਨ ਵਿੱਚ ਲੱਖਾਂ ਟੱਬਰਾਂ ਨੇ ਵਲਾਦੀਮੀਰ ਪੁਤਿਨ ਦੀ ਜੰਗ ਵਿੱਚ ਆਪਣੇ ਘਰ ਗੁਆ ਲਏ ਹਨ। ਦਿੱਲੀ ਵਿੱਚ ਇਸ ਗਰਮੀ ਵਿੱਚ 50 ਡਿਗਰੀ ਦੇ ਰਿਕਾਰਡ-ਤੋੜ ਤਾਪਮਾਨ ਨੇ ਬਾਲਾਂ ਨੂੰ ਘਰਾਂ ਦੇ ਅੰਦਰ ਡੱਕ ਦਿੱਤਾ ਸੀ; ਉਹ ਪੜ੍ਹਨ ਜਾਂ ਖੇਡਣ ਜੋਗੇ ਨਹੀਂ ਰਹਿ ਗਏ ਸਨ। ਖੁਰਾਕ ਦੀਆਂ ਕੀਮਤਾਂ ਆਲਮੀ ਪੱਧਰ ’ਤੇ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਪਾਰੋਂ ਦੁਨੀਆ ਭਰ ਦੇ ਬਾਲ ਭੁੱਖ ਨਾਲ ਵਿਲਕ ਰਹੇ ਹਨ। ਇਸ ਵਾਸਤੇ ਯਕੀਨੀ ਤੌਰ ’ਤੇ ਹੁਣ ਇਹ ਲਾਜ਼ਮੀ ਹੈ ਕਿ ਆਉਣ ਵਾਲੀ ਨਸਲ ਇਸ ਵੱਡੇ ਸਵਾਲ ਦਾ ਸਾਹਮਣਾ ਕਰਨਾ ਚਾਹੁੰਦੀ ਹੈ: ਜੰਗਾਂ ਕਿਉਂ ਹੋ ਰਹੀਆਂ ਹਨ? ਕੁਦਰਤ ਵਿੱਚ ਸਾਡੀ ਕੀ ਥਾਂ ਹੈ? ਪੈਸਾ ਕੀ ਹੈ ਤੇ ਉਹ ਐਨਾ ਜ਼ਿਆਦਾ ਅਹਿਮ ਕਿਉਂ ਹੈ?

ਅਕਸਰ ਬਾਲ ਇਨ੍ਹਾਂ ਸਵਾਲਾਂ ਨੂੰ ਵੱਡਿਆਂ ਦੇ ਮੁਕਾਬਲੇ ਜ਼ਿਆਦਾ ਸੰਜੀਦਗੀ ਨਾਲ ਲੈਂਦੇ ਹਨ। ਉਹ ਉਨ੍ਹਾਂ ਗੱਲਾਂ ਉੱਤੇ ਸਵਾਲ ਚੁੱਕਦੇ ਹਨ ਜਿਨ੍ਹਾਂ ਨੂੰ ਵੱਡੇ ਬਹੁਤੀ ਤਰਜੀਹ ਨਹੀਂ ਦਿੰਦੇ। ਜਦੋਂ ਕੋਈ ਬਾਲ ਸਾਡੇ ਹਰ ਜਵਾਬ ’ਤੇ “ਕਿਉਂ?” ਆਖਦਾ ਹੈ ਤਾਂ ਮੁਮਕਿਨ ਹੈ ਕਿ ਵੱਡਿਆਂ ਨੂੰ ਇਸ ਗੱਲੋਂ ਖਿਝ ਆਉਂਦੀ ਹੋਵੇ। ਪਰ ਆਮ ਤੌਰ ’ਤੇ ਉਹ ਬਾਲ ਕੁਝ ਇਸ ਤਰ੍ਹਾਂ ਗੱਲਾਂ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਜਿਨ੍ਹਾਂ ਨੂੰ ਵੱਡੇ ਚੋਖਾ ਚਿਰ ਪਹਿਲਾਂ ਬੰਦ ਕਰ ਚੁੱਕੇ ਹੁੰਦੇ ਹਨ।

ਜਿਸ ਇੱਕ ਹੋਰ ਸ਼ੈਅ ਤੋਂ ਅਸੀਂ ਬਾਲਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ, ਉਹ ਹੈ ਝੂਠੇ ਤਵਾਰੀਖੀ ਬਿਰਤਾਂਤਾਂ ਨਾਲ ਬਾਲਾਂ ਦਾ ਟਾਕਰਾ। ਬਾਲਾਂ ਉੱਤੇ ਬਹੁਤ ਨਿੱਕੀ ਉਮਰੇ ਹੀ ਮਿਥਕਾਂ ਅਤੇ ਝੂਠੀਆਂ ਜਾਣਕਾਰੀਆਂ ਦਾ ਹੱਲਾ ਹੋਣ ਲੱਗ ਪੈਂਦਾ ਹੈ। ਨਿਰਾ ਤਾਜ਼ਾ ਵਾਕਿਆਤ ਬਾਰੇ ਹੀ ਨਹੀਂ, ਸਗੋਂ ਖੁਦ ਇਨਸਾਨੀਅਤ ਦੇ ਬੁਨਿਆਦੀ ਕਿੱਸਿਆਂ ਬਾਰੇ ਵੀ ਕਿ ਅਸੀਂ ਕੌਣ ਹਾਂ? ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਇੱਥੇ ਕਿਵੇਂ ਅੱਪੜੇ?

ਮਿਸਾਲ ਵਜੋਂ, ਮੇਰੇ ਆਪਣੇ ਮੁਲਕ ਇਜ਼ਰਾਈਲ ਵਿੱਚ ਸੈਕੂਲਰ ਸਕੂਲਾਂ ਦੇ ਬਾਲ ਵੀ ਨੀਐਂਡਰਥਲਸ ਬਾਰੇ ਜਾਣਨ ਜਾਂ ਲਾਸਕੌਕਸ ਅਤੇ ਸੁਲਾਵੇਸੀ ਦੇ ਗੁਫਾ-ਚਿੱਤਰਾਂ ਨੂੰ ਦੇਖਣ ਤੋਂ ਬਹੁਤ ਪਹਿਲਾਂ ਆਮ ਤੌਰ ’ਤੇ ‘ਗਾਰਡਨ ਆਫ ਈਡਨ’ (ਈਡਨ ਦੇ ਬਾਗ) ਬਾਰੇ ਪੜ੍ਹ ਲੈਂਦੇ ਹਨ ਅਤੇ ਨੂਹ ਦੀ ਬੇੜੀ ਦੀਆਂ ਰੰਗੀਨ ਤਸਵੀਰਾਂ ਦੇਖ ਲੈਂਦੇ ਹਨ। ਇਸਦਾ ਇੱਕ ਅਸਰ ਪੈਂਦਾ ਹੈ। ‘ਜੈਨੇਸਿਸ’ ਯਹੂਦੀ ਅਤੇ ਇਸਾਈ ਧਰਮ-ਗ੍ਰੰਥਾਂ (ਬਾਈਬਲ/ਓਲਡ ਟੈਸਟਾਮੈਂਟ) ਦੀ ਸਭ ਤੋਂ ਪਹਿਲੀ ਪੁਸਤਕ ਹੈ, ਜਿਸ ਵਿੱਚ ਸ੍ਰਿਸ਼ਟੀ ਦੀ ਰਚਨਾ ਅਤੇ ਮਨੁੱਖਜਾਤੀ ਦੇ ਮੁੱਢ ਦਾ ਬਿਰਤਾਂਤ ਦਰਜ ਹੈ। ਇਸਦੇ ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਪ੍ਰਮਾਤਮਾ ਨੇ ਮਨੁੱਖ (ਆਦਮ ਅਤੇ ਹੱਵਾ) ਦੀ ਰਚਨਾ ਕੀਤੀ, ਤਾਂ ਉਸ ਨੂੰ ਅਸੀਸ ਦਿੰਦਿਆਂ ਇਹ ਹੁਕਮ ਦਿੱਤਾ ਸੀ; “ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਸ ਨੂੰ ਆਪਣੇ ਅਧੀਨ (ਤਾਬੇ) ਕਰ ਲਵੋ। ਸਮੁੰਦਰ ਦੀਆਂ ਮੱਛੀਆਂ, ਆਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਤੁਰਨ ਵਾਲੇ ਹਰ ਜੀਵ ਉੱਤੇ ਰਾਜ ਕਰੋ।” ਤੋਂ ਲੈ ਕੇ ਸਨਅਤੀ ਇਨਕਲਾਬ ਅਤੇ ਅੱਜ ਦੇ ਮਾਹੌਲਿਆਤੀ ਬੁਹਰਾਨ (ਵਾਤਾਵਰਣਕ ਸੰਕਟ) ਤੀਕਰ ਇੱਕ ਸਿੱਧੀ ਲੀਕ ਖਿੱਚੀ ਜਾ ਸਕਦੀ ਹੈ। ਅਸਰ ਦੀ ਇਹੋ ਜਿਹੀ ਹੀ ਇੱਕ ਹੋਰ ਸਿੱਧੀ ਲੀਕ ਰੂਸ ਦੇ ਬਾਲਾਂ ਵੱਲੋਂ ਪੜ੍ਹੇ ਜਾ ਰਹੇ ਤਵਾਰੀਖੀ ਬਿਰਤਾਂਤਾਂ ਤੋਂ ਲੈ ਕੇ ਯੁਕਰੇਨ ਉੱਤੇ ਪੁਤਿਨ ਦੇ ਹਮਲੇ ਅਤੇ ਉਸਦੇ ਨਤੀਜੇ ਵਜੋਂ ਪੈਦਾ ਹੋਏ ਅਨਾਜ ਦੇ ਆਲਮੀ ਬੁਹਰਾਨ (ਸੰਕਟ) ਤੀਕਰ ਖਿੱਚੀ ਜਾ ਸਕਦੀ ਹੈ।

ਜੇਕਰ ਅਸੀਂ ਬਾਲਾਂ ਨੂੰ ਮਿਥਕਾਂ ਦੇ ਆਸਰੇ ਛੱਡ ਦਿੰਦੇ ਹਾਂ ਤਾਂ ਮਗਰੋਂ ਦੀ ਜ਼ਿੰਦਗੀ ਵਿੱਚ ਇਨ੍ਹਾਂ ਖਿਆਲਾਂ ਨੂੰ ਜ਼ਿਹਨ ਵਿੱਚੋਂ ਕੱਢਣਾ ਔਖਾ ਅਤੇ ਕਦੇ-ਕਦਾਈਂ ਨਾਮੁਮਕਿਨ ਕੰਮ ਹੋ ਜਾਂਦਾ ਹੈ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਬਾਲਾਂ ਨਾਲ ਵੱਡੇ ਮਸਲਿਆਂ ’ਤੇ ਕੱਟੜ ਅਕੀਦਿਆਂ ਦੀ ਬਜਾਏ ਸਬੂਤਾਂ ’ਤੇ ਮਬਨੀ ਸਾਇੰਸੀ (ਮਬਨੀ ਦਾ ਅਰਥ ਹੈ ਅਧਾਰਿਤ, ਅਰਥਾਤ ਵਿਗਿਆਨ ਅਧਾਰਿਤ) ਅਤੇ ਜ਼ਿੰਮੇਵਾਰਾਨਾ ਤਰੀਕੇ ਨਾਲ ਖੁੱਲ੍ਹ ਕੇ ਗੱਲ ਕਰੀਏ। ਇਹ ਉਹ ਚੁਣੌਤੀ ਹੈ ਜਿਸ ਨਾਲ ਮੈਂ ਆਪ ਵੀ ਬਾਲਾਂ ਵਾਸਤੇ ਦੁਨੀਆ ਦੀ ਤਵਾਰੀਖ ਲਿਖਦਿਆਂ ਜੂਝਦਾ ਰਿਹਾ ਹਾਂ।

ਇਸ ਲਿਖਤ ਤੋਂ ਮੈਨੂੰ ਇਹ ਸਬਕ ਮਿਲਿਆ ਹੈ ਕਿ ਬਾਲਾਂ ਵਾਸਤੇ ਵੱਡੇ ਮਸਲਿਆਂ ’ਤੇ ਗੱਲ ਕਰਨਾ ਬੜਾ ਹੀ ਨਾਜ਼ਕ ਕੰਮ ਹੈ। ਕੁਝ ਮਜ਼ਮੂਨ ਇਹੋ ਜਿਹੇ ਹਨ ਜਿਹੜੇ ਮਜ਼ੇਦਾਰ ਹਨ, ਜਿਵੇਂ ਕਿ ਪੱਥਰ ਦੌਰ ਦੇ ਸ਼ਿਕਾਰੀ ਅਤੇ ਖੁਰਾਕ ਇਕੱਠੀ ਕਰਨ ਵਾਲਿਆਂ ਦੀ ਉਸ ਰੋਜ਼ਮਰ੍ਹਾ ਜ਼ਿੰਦਗੀ ਬਾਰੇ ਖੋਜਬੀਨ ਕਰਨਾ, ਜਦੋਂ ਲੋਕ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਬਾਲ ਰੁੱਖਾਂ ’ਤੇ ਚੜ੍ਹਨਾ, ਜਾਨਵਰਾਂ ਨੂੰ ਲੱਭਣਾ ਤੇ ਅੱਗ ਬਾਲਣਾ ਸਿੱਖਦਿਆਂ ਆਪਣਾ ਦਿਹਾੜੀ ਲੰਘਾਉਂਦੇ ਸਨ। ਪਰ ਦੂਜੇ ਮਜ਼ਮੂਨ ਵਧੇਰੇ ਇਮਤਿਹਾਨ ਲੈਣ ਵਾਲੇ ਹੁੰਦੇ ਹਨ। ਮਿਸਾਲ ਵਜੋਂ, ਜਦੋਂ ਅਸੀਂ ਇਸ ਗੱਲ ਦੀ ਘੋਖ ਕਰਨ ਬਹਿੰਦੇ ਹਾਂ ਕਿ ਜਦੋਂ ਸੇਪੀਅਨਜ਼  ਨੀਐਂਡਰਥਲਸ ਨੂੰ ਟੱਕਰੇ ਤਾਂ ਕੀ ਵਾਪਰਿਆ, ਤਾਂ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ’ਤੇ ਬਹਿਸ ਕਰਨੀ ਪੈਂਦੀ ਹੈ ਕਿ ਜਦੋਂ ਕਿਸੇ ਬਾਲ ਦੀ ਮਾਂ ਸੇਪੀਅਨਜ਼ ਅਤੇ ਪਿਓ ਨੀਐਂਡਰਥਲ ਰਿਹਾ ਹੋਵੇਗਾ ਤਾਂ ਉਸ ਬਾਲ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਰਹੀ ਹੋਵੇਗੀ। ਇਹ ਬਹਿਸ ਨਸਲਪ੍ਰਸਤੀ, ਜੰਗ, ਸਮੂਹਿਕ ਕਤਲੇਆਮ ਅਤੇ ਨਸਲਾਂ ਦੇ ਮੁੱਕ ਜਾਣ ਵਰਗੇ ਮਸਲਿਆਂ ਵੱਲ ਲੈ ਜਾਂਦੀ ਹੈ।

ਤਵਾਰੀਖ ਦੇ ਇਨ੍ਹਾਂ ਸਿਆਹ ਪੱਖਾਂ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ, ਪਰ ਇਹ ਸਭ ਗੱਲਾਂ ਸੁਣ ਕੇ ਬਾਲ ਦਹਿਸ਼ਤ ਦਾ ਸ਼ਿਕਾਰ ਨਾ ਹੋ ਜਾਣ, ਇਹ ਕਿਵੇਂ ਯਕੀਨੀ ਬਣਾਇਆ ਜਾਵੇ? ਇਸਦਾ ਇੱਕ ਰਹਿਨੁਮਾ ਅਸੂਲ ਤਾਂ ਇਹ ਹੈ ਕਿ ਅਸੀਂ ਦਹਿਸ਼ਤ ਦੇ ਸਾਫ-ਸਪਸ਼ਟ ਬਿਆਨਾਂ ਵਾਸਤੇ ਉਦੋਂ ਤੀਕਰ ਉਡੀਕ ਕਰੀਏ ਜਦੋਂ ਤੀਕਰ ਕਿ ਸੁਣਨ ਵਾਲਾ ਐਨਾ ਸਿਆਣਾ ਨਾ ਹੋ ਜਾਵੇ ਕਿ ਉਹ ਉਸ ਨੂੰ ਠੀਕ ਤਰ੍ਹਾਂ ਹਜ਼ਮ ਕਰ ਸਕੇ। ਇਸਦੀ ਬਜਾਏ, ਆਫਤਾਂ ਅਤੇ ਬੇਇਨਸਾਫੀ ਦੀ ਚਰਚਾ ਕਰਦਿਆਂ ਸਭ ਤੋਂ ਚੰਗਾ ਹੈ ਕਿ ਅਮਲ ਕਰਨ ਦੀ ਤਾਕਤ ’ਤੇ ਜ਼ੋਰ ਦਿੱਤਾ ਜਾਵੇ: ਹਾਲਾਤ ਕਿੰਨੇ ਵੀ ਭਿਆਨਕ ਕਿਉਂ ਨਾ ਹੋਣ, ਲੋਕ ਬਿਹਤਰ ਹਾਲਤ ਵਾਸਤੇ ਆਮ ਤੌਰ ’ਤੇ ਤਬਦੀਲੀ ਲਿਆਉਂਦੇ ਹਨ। ਇਹ ਖਿਆਲੀ ਪੁਲਾਓ ਨਹੀਂ, ਸਗੋਂ ਤਵਾਰੀਖ ਦਾ ਨਿਚੋੜ ਹੈ। ਆਖਰਕਾਰ, ਤਵਾਰੀਖ ਮਾਜ਼ੀ (ਬੀਤੇ ਵੇਲੇ) ਦਾ ਮੁਤਾਲਿਆ, ਜਾਂ ਨਿਰਾ ਜੰਗਾਂ, ਤਬਾਹੀਆਂ ਅਤੇ ਉਨ੍ਹਾਂ ਮੋਏ ਬਾਦਸ਼ਾਹਾਂ ਦੀ ਫਹਿਰਿਸਤ ਨਹੀਂ ਹੈ ਜਿਹੜੇ ਹਜ਼ਾਰਾਂ ਵਰ੍ਹੇ ਪਹਿਲਾਂ ਹਕੂਮਤ ਕਰਦੇ ਸਨ। ਤਵਾਰੀਖ ਇਸ ਗੱਲ ਦਾ ਮੁਤਾਲਿਆ ਹੈ ਕਿ ਹਾਲਾਤ ਕਿਸ ਤਰ੍ਹਾਂ ਬਦਲਦੇ ਹਨ।

ਜੇਕਰ ਅਸੀਂ ਸੋਚਦੇ ਹਾਂ ਕਿ ਦੁਨੀਆ ਹਮੇਸ਼ਾ ਤੋਂ ਇੱਕੋ ਜਿਹੀ ਰਹੀ ਹੈ, ਅਤੇ ਅੱਜ ਅਸੀਂ ਜਿਸ ਤਰ੍ਹਾਂ ਰਹਿੰਦੇ ਹਾਂ ਉਹੀ ਇਨਸਾਨਾਂ ਦੇ ਰਹਿਣ ਦਾ ਢੰਗ ਹੈ, ਤਾਂ ਅਜਿਹਾ ਲੱਗਣਾ ਕੁਦਰਤੀ ਹੈ ਕਿ ਤਬਦੀਲੀ ਨਾਮੁਮਕਿਨ ਹੈ ਅਤੇ ਜਿਨ੍ਹਾਂ ਮਸਲਿਆਂ ਦਾ ਸਾਹਮਣਾ ਅਸੀਂ ਕਰ ਰਹੇ ਹਾਂ, ਉਨ੍ਹਾਂ ਦਾ ਕੋਈ ਹੱਲ ਨਹੀਂ ਹੈ। ਜੇਕਰ ਹਾਲਾਤ ਬੜੇ ਬੇਇਨਸਾਫੀ ਭਰੇ ਵੀ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ? ਦੁਨੀਆ ਇਹੋ ਜਿਹੀ ਹੀ ਹੈ, ਅਸੀਂ ਖੁਦ ਨੂੰ ਆਖਦੇ ਹਾਂ। ਪਰ ਤਵਾਰੀਖ ਦਾ ਮੁਤਾਲਿਆ ਕਰਦਿਆਂ ਸਾਨੂੰ ਪਤਾ ਲਗਦਾ ਹੈ ਕਿ ਇਨਸਾਨ ਹਮੇਸ਼ਾ ਤੋਂ ਉਸੇ ਤਰ੍ਹਾਂ ਨਹੀਂ ਰਹਿੰਦੇ ਆਏ ਸਨ ਜਿਵੇਂ ਅਸੀਂ ਰਹਿੰਦੇ ਹਾਂ, ਤੇ ਦੁਨੀਆ ਹਰ ਵੇਲੇ ਬਦਲਦੀ ਰਹੀ ਹੈ, ਬਦਲ ਰਹੀ ਹੈ। ਦੁਨੀਆ ਜਿਹੋ ਜਿਹੀ ਹੈ, ਉਹੋ ਜਿਹੀ ਇਸ ਨੂੰ ਲੋਕਾਂ ਨੇ ਬਣਾਇਆ ਹੈ - ਤੇ ਇਸੇ ਕਰਕੇ ਲੋਕ ਉਸ ਨੂੰ ਬਦਲ ਸਕਦੇ ਹਨ। ਬੇਸ਼ਕ ਇਹ ਕੋਈ ਸੌਖਾ ਕੰਮ ਨਹੀਂ ਹੈ, ਪਰ ਇਹ ਪਹਿਲਾਂ ਕਈ ਵਾਰ ਕੀਤਾ ਜਾ ਚੁੱਕਿਆ ਹੈ।

ਇਹੀ ਵਜਾਹ ਹੈ ਕਿ ਤਵਾਰੀਖ ਐਨੀ ਤਾਕਤਵਰ ਹੈ। ਉਹ ਦੁਨੀਆ ਨੂੰ ਬਦਲਣ ਦੀ ਕੁੰਜੀ ਹੈ। ਇਸ ਕਦਰ ਕਿ ਕਈ ਥਾਂਵਾਂ ’ਤੇ ਹਕੂਮਤਾਂ ਤਵਾਰੀਖ ਤੋਂ ਡਰਦੀਆਂ ਹਨ। ਲੀਡਰ ਸ਼ਾਇਦ ਹੀ ਕਦੇ ਲੋਕਾਂ ਨੂੰ ਹਿਸਾਬ ਜਾਂ ਭੌਤਿਕ ਵਿਗਿਆਨ ਪੜ੍ਹਨ ’ਤੇ ਪਾਬੰਦੀ ਲਾਉਂਦੇ ਹਨ ਪਰ ਬਹੁਤੀਆਂ ਹਕੂਮਤਾਂ ਲੋਕਾਂ ਨੂੰ, ਤੇ ਖਾਸ ਤੌਰ ’ਤੇ ਨੌਜਵਾਨਾਂ ਨੂੰ, ਤਵਾਰੀਖ ਦੇ ਘੱਟੋ-ਘੱਟ ਕੁਝ ਹਿੱਸੇ ਪੜ੍ਹਨ ਤੋਂ ਡੱਕਦੀਆਂ ਹਨ। ਇਹ ਸਭ ਉਨ੍ਹਾਂ ਪੁਰਾਣੇ ਬਾਦਸ਼ਾਹਾਂ ਦੇ ਜ਼ਮਾਨੇ ਤੋਂ ਜਾਰੀ ਰਿਹਾ ਹੈ ਜਿਨ੍ਹਾਂ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਹਕੂਮਤ ਕੀਤੀ ਸੀ। ਉਨ੍ਹਾਂ ਦੇ ਬਰਫੀਲੇ ਹੱਥ ਕਬਰਾਂ ਵਿੱਚੋਂ ਬਾਹਰ ਆ ਕੇ ਸਾਡੇ ਜ਼ਿਹਨਾਂ (ਦਿਮਾਗ਼ਾਂ) ਨੂੰ ਜਕੜਦੇ ਹਨ ਅਤੇ ਤਬਦੀਲੀ ਉੱਤੇ ਰੋਕ ਲਾ ਦਿੰਦੇ ਹਨ।

ਆਖਰਕਾਰ, ਇਹ ਬਹੁਤ ਪਹਿਲਾਂ ਮੋਏ ਉਹੀ ਬਾਦਸ਼ਾਹ ਸਨ ਜਿਨ੍ਹਾਂ ਨੇ ਦੇਵਤਿਆਂ, ਕੌਮਾਂ, ਪੈਸੇ ਅਤੇ ਮੁਹੱਬਤ ਬਾਰੇ ਵੱਖ-ਵੱਖ ਕਿਸਮ ਦੇ ਕਿੱਸੇ ਘੜੇ ਸਨ ਅਤੇ ਉਨ੍ਹਾਂ ਦਾ ਪ੍ਰਚਾਰ ਕੀਤਾ ਸੀ, ਜਿਨ੍ਹਾਂ ਵਿੱਚ ਅੱਜ ਵੀ ਬਹੁਤੇ ਲੋਕ ਯਕੀਨ ਰੱਖਦੇ ਹਨ ਅਤੇ ਉਨ੍ਹਾਂ ਨਾਲ ਚਿੰਬੜੇ ਰਹਿੰਦੇ ਹਨ। ਇਨ੍ਹਾਂ ਬਿਰਤਾਂਤਾਂ ਤੋਂ ਕੁਝ ਅਜ਼ਾਦੀ ਹਾਸਲ ਕਰਨ ਵਾਸਤੇ ਅਤੇ ਵੱਖਰੀ ਤਰ੍ਹਾਂ ਦਾ ਵਰਤਾਓ ਕਰਨ ਵਾਸਤੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਕਿੱਸੇ ਕਿਸ ਤਰ੍ਹਾਂ ਘੜੇ ਅਤੇ ਫੈਲਾਏ ਗਏ ਸਨ। ਜੇਕਰ ਅਸੀਂ ਇਹ ਨਹੀਂ ਕਰਾਂਗੇ ਤਾਂ ਉਨ੍ਹਾਂ ਦੀ ਇਸ ਹਕੀਕਤ ਨੂੰ ਕਦੇ ਨਹੀਂ ਸਮਝ ਸਕਾਂਗੇ ਕਿ ਉਹ ਨਿਰੇ ਕਿੱਸੇ ਹਨ। ਬਾਲਾਂ ਵੱਲੋਂ ‘ਕਿਉਂ?’ ਪੁੱਛਿਆ ਜਾਣਾ ਉਹ ਜ਼ੋਰਾਵਰ ਤਾਕਤ ਹੈ ਜਿਹੜੀ ਇਨ੍ਹਾਂ ਪੁਰਾਣੇ ਕਿੱਸਿਆਂ ਦੀ ਬੁਨਿਆਦ ਹਿਲਾ ਸਕਦੀ ਹੈ। ਪਰ ਦਹਿਸ਼ਤ ਨੂੰ ਟਾਲਣ ਤੋਂ ਇਲਾਵਾ, ਸਾਨੂੰ ਇਸ ਗੱਲ ਨੂੰ ਲੈ ਕੇ ਵੀ ਖਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਬਾਲਾਂ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਭਾਰ ਪਾਉਣ ਤੋਂ ਬਚੀਏ। ਬਾਲਾਂ ਤੋਂ ਇਹ ਉਮੀਦ ਕਰਨੀ ਕਿ ਉਹ ਸਾਡੇ ਮਨਸੂਬਿਆਂ ਉੱਤੇ ਅਮਲ ਕਰਨ, ਅਤੇ ਖਾਸ ਤੌਰ ’ਤੇ ਇਹ ਕਿ ਉਹ ਉਨ੍ਹਾਂ ਮਸਲਿਆਂ ਨੂੰ ਹੱਲ ਕਰਨ ਜਿਨ੍ਹਾਂ ਨੂੰ ਅਸੀਂ ਹੱਲ ਕਰਨਾ ਚਾਹੁੰਦੇ ਹਾਂ, ਵੱਡਿਆਂ ਦੀ ਨਿਯਮ-ਕਿਤਾਬ ਦਾ ਸਭ ਤੋਂ ਪੁਰਾਣਾ ਗੁਨਾਹ ਹੈ। ਬਾਲਾਂ ਨਾਲ ਵੱਡੇ ਮਸਲਿਆਂ ’ਤੇ ਗੱਲ ਕਰਦਿਆਂ ਸਾਨੂੰ ਜਦੋਂ-ਕਦੋਂ ਆਪ ਨੂੰ ਇਹ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਇੰਜ ਕਿਉਂ ਕਰ ਰਹੇ ਹਾਂ।

ਦੁਨੀਆ ਦਾ ਹਰ ਬੰਦਾ ਇੱਕ ਭਾਰੀ ਬੋਝ ਚੁੱਕੀ ਬੈਠਾ ਹੈ। ਜਦੋਂ ਅਸੀਂ ਨੌਜਵਾਨਾਂ ਨੂੰ ਤਵਾਰੀਖ ਪੜ੍ਹਾਉਂਦੇ ਹਾਂ ਤਾਂ ਕਦੇ-ਕਦਾਈਂ ਅਸੀਂ ਆਪਣਾ ਬੋਝ ਅਗਲੀ ਨਸਲ ਦੇ ਮੋਢਿਆਂ ਉੱਤੇ ਪਾਉਣ ਵਾਸਤੇ ਇੰਜ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਲੋਕ ਉਨ੍ਹਾਂ ਅਕੀਦਿਆਂ, ਯਾਦਾਂ, ਪਛਾਣਾਂ ਅਤੇ ਟਕਰਾਵਾਂ ਨੂੰ ਢੋਣ ਜਿਨ੍ਹਾਂ ਦਾ ਭਾਰ ਅਸੀਂ ਆਪਣੀ ਸਾਰੀ ਉਮਰ ਢੋਂਦੇ ਰਹੇ ਹਾਂ। “ਦੇਖੋ ਬੱਚਿਓ, ਇੱਥੋਂ ਤੀਕਰ ਇਨ੍ਹਾਂ ਚੀਜ਼ਾਂ ਨੂੰ ਮੈਂ ਢੋਂਦਾ ਰਿਹਾ ਹਾਂ -ਹੁਣ ਤੁਹਾਡੀ ਵਾਰੀ ਹੈ!”

ਇਹ ਨਾਜਾਇਜ਼ ਹੈ। ਤਵਾਰੀਖ ਪੜ੍ਹਾਉਣ ਦੀ ਇੱਕ ਬਿਹਤਰ ਵਜਾਹ ਬਾਲਾਂ ਨੂੰ ਘੱਟੋ-ਘੱਟ ਉਨ੍ਹਾਂ ਦੇ ਕੁਝ ਖੌਫਾਂ, ਵਹਿਮਾਂ ਅਤੇ ਨਫਰਤਾਂ ਤੋਂ ਆਜ਼ਾਦ ਕਰਨਾ ਹੈ - “ਇਨ੍ਹਾਂ ਚੀਜ਼ਾਂ ਨੂੰ ਦੇਖ ਰਹੇ ਓ ਬੱਚਿਓ? ਮੈਂ ਇਨ੍ਹਾਂ ਵਿੱਚ ਵਰ੍ਹਿਆਂ ਤੋਂ ਫਸਿਆ ਰਿਹਾ ਹਾਂ ਅਤੇ ਇਨ੍ਹਾਂ ਨੇ ਮੈਨੂੰ ਤਰਸਯੋਗ ਹਾਲਤ ਵਿੱਚ ਲਿਆ ਛੱਡਿਆ ਹੈ। ਧਿਆਨ ਰਹੇ, ਤੁਸੀਂ ਵੀ ਇਨ੍ਹਾਂ ਵਿੱਚ ਨਾ ਉਲਝ ਜਾਣਾ!”

ਮੈਂ ਉਮੀਦ ਕਰਦਾ ਹਾਂ ਕਿ ਤਵਾਰੀਖ ਲੋਕਾਂ ਨੂੰ ਬੰਧਨ ਵਿੱਚ ਪਾਉਣ ਦੀ ਬਜਾਏ ਉਨ੍ਹਾਂ ਨੂੰ ਆਜ਼ਾਦ ਕਰਨ ਦਾ ਵਸੀਲਾ ਬਣੇਗੀ। ਅਜਿਹਾ ਵਸੀਲਾ ਜਿਹੜਾ ਪੁਰਾਣੇ ਟਕਰਾਵਾਂ ਨੂੰ ਸਦੀਵੀ ਬਣਾਈ ਰੱਖਣ ਦੀ ਬਜਾਏ ਨਵੇਂ ਤਾਲਮੇਲ (ਇਕਸੁਰਤਾ) ਸਿਰਜਣ ਵਿੱਚ ਮਦਦ ਕਰੇ। ਆਖਰ, ਤਵਾਰੀਖ ਪੜ੍ਹਨ ਦੀ ਸਾਰਥਕਤਾ ਬੀਤੇ ਵੇਲੇ ਨੂੰ ਚੇਤੇ ਕਰਨ ਵਿੱਚ ਨਹੀਂ, ਸਗੋਂ ਉਸ ਤੋਂ ਨਜਾਤ ਪਾਉਣ ਵਿੱਚ ਹੈ।

ਲਿਖਾਰੀ ਨਾਲ ਜਾਣ-ਪਛਾਣ:

ਯੁਵਾਲ ਨੋਆ ਹਰਾਰੀ: ਔਕਸਫੋਰਡ ਯੂਨੀਵਰਸਿਟੀ ਤੋਂ ਤਵਾਰੀਖ ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ ਤੇ ਹੁਣ ਆਲਮੀ ਤਵਾਰੀਖ ਵਿੱਚ ਮੁਹਾਰਤ ਹਾਸਲ ਕਰਨ ਮਗਰੋਂ ਉਹ ਹਿਬਰੂ ਯੂਨੀਵਰਸਿਟੀ, ਯੇਰੂਸ਼ਲਮ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਦੀਆਂ ਦੋ ਕਿਤਾਬਾਂ ‘ਸੇਪੀਅਨਜ਼. ਏ ਬ੍ਰੀਫ ਹਿਸਟਰੀ ਆਫ ਹਿਊਮਨਕਾਈਂਡ’ (Sapiens: A Brief History of Humankind) ਅਤੇ ‘ਹੋਮੋ ਡਿਊਸ. ਏ ਬ੍ਰੀਫ ਹਿਸਟਰੀ ਆਫ ਟੂਮੌਰੋ’ (Homo Deus: A Brief History of Tomorrow) ਕੌਮਾਂਤਰੀ ਪੱਧਰ ’ਤੇ ਮਸ਼ਹੂਰ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 21 Lessons for the 21st Century, 2018), ਅਤੇ Nexus: A Brief History of Information Networks from the Stone Age to AI, 2024 ਛਪੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਆਜ਼ਾਦ ਮਰਜ਼ੀ (ਇਰਾਦੇ ਦੀ ਅਜ਼ਾਦੀ), ਸ਼ਊਰ (ਚੇਤਨਾ), ਅਕਲਮੰਦੀ, ਖੁਸ਼ੀ, ਦੁੱਖ-ਤਕਲੀਫ ਅਤੇ ਇਨਸਾਨੀ ਵਿਕਾਸ ਵਿੱਚ ਕਿੱਸਾਗੋਈ ਦੇ ਕਿਰਦਾਰ ਵਰਗੇ ਮਜ਼ਮੂਨਾਂ ਦੀ ਘੋਖ ਕਰਦੀਆਂ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)