MulakhSingh6“ਦਾਦਾ ਦੁਖੀ ਹੋ ਕੇ ਬੋਲੇ, “ਪਹੀਲ ਨੰਬਰ ਪਰ ਕਾਲੇ ਆਯ ਹਿਸ? ਪਚਾਸ, ਸੌ ਨੰਬਰ ...”
(12 ਨਵੰਬਰ 2026)


ਦੇਸ਼ ਦੀ ਅਜ਼ਾਦੀ ਤੋਂ ਠੀਕ ਪਹਿਲਾਂ ਪੱਛਮੀ ਸਿੰਘਭੂਮ ਦੇ ਜੰਗਲ ਵਿੱਚ ਪਹਿਲੀ ਵਾਰ ਇੱਕ ਮਿਸ਼ਨ ਸਕੂਲ ਖੁੱਲ੍ਹਿਆ ਸੀ
। ਜੰਗਲ ਦੇ ਅੰਦਰ ਇੱਕ ਨਵਾਂ ਸਕੂਲ ਆਇਆ ਸੀ। ਜਿਵੇਂ ਕੋਈ ਨਵੀਂ ਚਿੜੀ ਆਈ ਹੋਵੇ; ਉਸਦੀ ਚਹਿਕ ਨਾਲ ਪੂਰਾ ਜੰਗਲ ਗੂੰਜ ਉੱਠਿਆ ਹੋਵੇ। ਸਕੂਲ ਦੇ ਆਉਣ ਦੀ ਖਬਰ ਦੂਰ-ਦੂਰ ਦੇ ਪਿੰਡਾਂ ਤਕ ਫੈਲ ਗਈ। ਹੌਲੀ-ਹੌਲੀ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲੱਗੇ। ਉਹ ਸਾਰੇ ਆਦਿਵਾਸੀ ਬੱਚੇ ਸਨ - ਹੋ, ਮੁੰਡਾ, ਉਰਾਂਵ ਆਦਿਵਾਸੀ ਭਾਈਚਾਰੇ ਦੇ ਬੱਚੇ।

ਨਿੱਕੇ-ਨਿੱਕੇ ਬੱਚੇ ਝੋਲੇ ਲਮਕਾ ਕੇ ਸਕੂਲ ਜਾਣ ਲੱਗੇ। ਸਹਿਜੇ-ਸਹਿਜੇ, ਹੌਲੀ-ਹੌਲੀ। ਬਹੁਤੇ ਬੱਚਿਆਂ ਕੋਲ ਪਾਉਣ ਲਈ ਢੰਗ ਦੇ ਕੱਪੜੇ ਨਹੀਂ ਸਨ। ਉਨ੍ਹਾਂ ਨੂੰ ਸਕੂਲ ਵਿੱਚ ਪਹਿਨਣ ਲਈ ਇੱਕ-ਇੱਕ ਜੋੜੀ ਕੱਪੜਾ ਵੀ ਮਿਲਿਆ। ਬੱਚੇ ਬਹੁਤ ਦੂਰੋਂ ਨੰਗੇ ਪੈਰੀਂ ਤੁਰ ਕੇ ਸਕੂਲ ਆਉਂਦੇ ਸਨ। ਜੰਗਲਾਂ, ਪਹਾੜਾਂ ਦਾ ਰਸਤਾ ਸੀ। ਸੁੱਕੇ ਖੇਤਾਂ ਦੀਆਂ ਪਗਡੰਡੀਆਂ ਸਨ। ਉਨ੍ਹਾਂ ਦੇ ਪੈਰਾਂ ਵਿੱਚ ਛਾਲੇ ਪੈ ਜਾਂਦੇ। ਗਰਮੀ ਦੇ ਦਿਨਾਂ ਵਿੱਚ ਉਨ੍ਹਾਂ ਦੇ ਪੈਰ ਸੜਦੇ। ਕਦੇ-ਕਦੇ ਉਹ ਭਖਦੇ ਪੱਥਰਾਂ ਅਤੇ ਗਰਮ ਰੇਤੇ ਤੋਂ ਬਚਣ ਲਈ ਆਪਣੇ ਪੈਰਾਂ ’ਤੇ ਸਰਈ (ਸਾਲ) ਦੇ ਪੱਤੇ ਬੰਨ੍ਹ ਲੈਂਦੇ ਸਨ।

ਅਜਿਹੇ ਹੀ ਵੇਲੇ ਬਾਬਾ ਪਹਿਲੀ ਵਾਰ ਸਕੂਲ ਜਾ ਰਹੇ ਸਨ। ਦਾਦਾ ਜੀ ਬਹੁਤ ਖੁਸ਼ ਸਨ। ਪਿੰਡ ਦੇ ਬੱਚੇ ਪੜ੍ਹਨ ਜਾ ਰਹੇ ਸਨ। ਪੂਰਾ ਪਿੰਡ ਖੁਸ਼ ਸੀ। ਬਾਬਾ ਪੜ੍ਹਨ ਵਿੱਚ ਹੁਸ਼ਿਆਰ ਸਨ। ਉਨ੍ਹਾਂ ਦਿਨਾਂ ਵਿੱਚ ਪਿੰਡ ਦੀ ਪਹਿਲੀ ਪੀੜ੍ਹੀ ਸਕੂਲ ਜਾ ਰਹੀ ਸੀ।

ਇੱਕ ਦਿਨ ਸਕੂਲ ਵਿੱਚ ਪਰੀਖਿਆ ਹੋਈ। ਪਰੀਖਿਆ ਵਿੱਚ ਬਾਬਾ ਪਾਸ ਹੋ ਗਏ। ਉਹ ਆਪਣੀ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਏ ਸਨ। ਪਿੰਡ ਆਉਣ ’ਤੇ ਦਾਦਾ ਜੀ ਨੇ ਉਨ੍ਹਾਂ ਨੂੰ ਪੁੱਛਿਆ, “ਕੇਤਨਾ ਨੰਬਰ ਆਨਲੇ?” (ਕਿੰਨੇ ਨੰਬਰ ਲਿਆਏ?)। ਬਾਬਾ ਨੇ ਕਿਹਾ, “ਏਕ ਨੰਬਰ ਪਰ ਆਯਾ ਹੋਂ।” (ਇੱਕ ਨੰਬਰ ’ਤੇ ਆਇਆ ਹਾਂ)। ਇਹ ਸੁਣਦਿਆਂ ਹੀ ਦਾਦਾ ਜੀ ਨੇ ਬਾਬਾ ਦੇ ਇੱਕ ਜ਼ੋਰਦਾਰ ਥੱਪੜ ਮਾਰਿਆ । ਬਾਬਾ ਮੱਥੇ ’ਤੇ ਹੱਥ ਰੱਖ ਕੇ ਬਹੁਤ ਉਦਾਸ ਹੋ ਗਏ। ਦਾਦਾ ਦੁਖੀ ਹੋ ਕੇ ਬੋਲੇ, “ਪਹੀਲ ਨੰਬਰ ਪਰ ਕਾਲੇ ਆਯ ਹਿਸ? ਪਚਾਸ, ਸੌ ਨੰਬਰ ਪਰ ਕਾਲੇ ਨੀ ਆਲੇ?” (ਪਹਿਲੇ ਨੰਬਰ ’ਤੇ ਕਿਉਂ ਆਇਆ? ਪੰਜਾਹ, ਸੌ ਨੰਬਰ ’ਤੇ ਕਿਉਂ ਨਹੀਂ ਆਇਆ?)।

ਬਾਬਾ ਰੋਂਦੇ ਹੋਏ ਸਕੂਲ ਵੱਲ ਭੱਜੇ। ਸਕੂਲ ਵਿੱਚੋਂ ਇੱਕ ਅਧਿਆਪਕ ਪਿੰਡ ਆਇਆ। ਉਸਨੇ ਪਿੰਡ ਦੇ ਆਦਿਵਾਸੀਆਂ ਨੂੰ ਸਮਝਾਇਆ ਕਿ ਸਕੂਲ ਦੀ ਪਰੀਖਿਆ ਵਿੱਚ ਜੋ ਇੱਕ ਨੰਬਰ ’ਤੇ ਆਉਂਦਾ ਹੈ, ਉਹ ਪਹਿਲੇ ਦਰਜੇ ’ਤੇ ਹੁੰਦਾ ਹੈ। ਇਹ ਮਾੜੀ ਗੱਲ ਨਹੀਂ। ਇਹ ਤਾਂ ਖੁਸ਼ੀ ਦੀ ਗੱਲ ਹੈ। ਫਿਰ ਉਨ੍ਹਾਂ ਨੇ ਕਿਹਾ, “ਤੁਹਾਡੇ ਬੱਚੇ ਨੇ ਬਾਕੀ ਸਾਰਿਆਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।”

ਪਿੰਡ ਵਿੱਚ ਕਿਸੇ ਨੂੰ ਕੁਝ ਸਮਝ ਨਾ ਆਇਆ। “ਕਿਸ ਨੂੰ ਹਰਾਇਆ ਹੈ?” ਉਹ ਸੋਚਣ ਲੱਗੇ। ਸਾਰੇ ਹੀ ਤਾਂ ਆਦਿਵਾਸੀ ਬੱਚੇ ਹਨ, ਪਿੰਡ ਦੇ ਬੱਚੇ ਹਨ, ਉਹ ਕੋਈ ਦੁਸ਼ਮਣ ਤਾਂ ਨਹੀਂ ਹਨ। ਫਿਰ ਕੌਣ ਕਿਸ ਨੂੰ ਹਰਾ ਰਿਹਾ ਹੈ? ਅਧਿਆਪਕ ਦੇ ਚਲੇ ਜਾਣ ਪਿੱਛੋਂ ਉਨ੍ਹਾਂ ਨੇ ਸੋਚਿਆ ਕਿ ਸਕੂਲ ਵਿੱਚ ਸ਼ਾਇਦ ਇੰਜ ਹੀ ਹੁੰਦਾ ਹੋਵੇਗਾ। ਉੱਥੇ ਨਵੇਂ ਢੰਗ ਦੀ ਪੜ੍ਹਾਈ ਹੋ ਰਹੀ ਹੈ। ਉਸ ਦਿਨ ਪਹਿਲੀ ਵਾਰ ਪਿੰਡ ਦੇ ਆਦਿਵਾਸੀਆਂ ਨੇ ਜਾਣਿਆ ਕਿ ਮੁਕਾਬਲੇਬਾਜ਼ੀ (ਹੋੜ) ਕੀ ਹੁੰਦੀ ਹੈ - ਇੱਕ ਨੰਬਰ ’ਤੇ ਆਉਣ ਦੀ ਹੋੜ।

ਇੱਧਰ ਦਾਦਾ ਜੀ ਤਾਂ ਖੁਸ਼ ਸਨ, ਪਰ ਪਿੰਡ ਵਾਲੇ ਇਹ ਨਾ ਸਮਝ ਸਕੇ ਕਿ ਇਹ ਕਿਹੋ ਜਿਹੀ ਮੁਕਾਬਲੇਬਾਜ਼ੀ ਹੈ। ਉਹ ਤਾਂ ਪਿੰਡ ਵਿੱਚ ਇੱਕ-ਦੂਜੇ ਦੀ ਮਦਦ ਕਰਦਿਆਂ ਜਿਊਂਦੇ ਹਨ, ਮੁਕਾਬਲੇ ਕਰਦਿਆਂ ਨਹੀਂ।

ਪਿੰਡ ਆਪਸੀ ਸਹਿਯੋਗ ਨਾਲ ਚਲਦਾ ਸੀ। ਪਿੰਡ ਦੇ ਲੋਕਾਂ ਲਈ ਹੋੜ ਇੱਕ ਬਿਲਕੁਲ ਨਵੀਂ ਗੱਲ ਸੀ। ਉਨ੍ਹਾਂ ਨੇ ਉਸ ਦਿਨ ਸਮਝਿਆ ਕਿ ਸ਼ਾਇਦ ਸ਼ਹਿਰ ਜਾਣ ਅਤੇ ਉੱਥੇ ਜਿਊਣ ਲਈ ਮੁਕਾਬਲੇਬਾਜ਼ੀ ਜ਼ਰੂਰੀ ਹੈ। ਇਹੀ ਸ਼ਹਿਰ ਦਾ ਤੌਰ-ਤਰੀਕਾ ਹੈ। ਸਕੂਲ ਉਹੀ ਸਿਖਾਉਣ ਲਈ ਤਾਂ ਜੰਗਲ ਵਿੱਚ ਆਇਆ ਹੈ, ਤਾਂ ਜੋ ਆਦਿਵਾਸੀ ਵੀ ਸ਼ਹਿਰ ਦੇ ਲੋਕਾਂ ਵਾਂਗ ਜਿਊਣਾ ਸਿੱਖ ਸਕਣ, ਸ਼ਹਿਰ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣ - ਜਿਵੇਂ ਛੋਟੀਆਂ ਨਦੀਆਂ ਵੱਡੀ ਨਦੀ ਵਿੱਚ ਜਾ ਕੇ ਮਿਲ ਜਾਂਦੀਆਂ ਹਨ। ਫਿਰ ਪੜ੍ਹਦੇ-ਲਿਖਦੇ ਹੋਏ ਆਦਿਵਾਸੀ ਬੱਚੇ ਸ਼ਹਿਰ ਜਾਣ ਅਤੇ ਉੱਥੇ ਜਿਊਣ ਲਈ ਹੌਲੀ-ਹੌਲੀ ਆਪਸ ਵਿੱਚ ਹੀ ਮੁਕਾਬਲੇਬਾਜ਼ੀ ਕਰਨਾ ਸਿੱਖਣ ਲੱਗੇ।

ਪਿੰਡ ਵਿੱਚ ਆਦਿਵਾਸੀਆਂ ਕੋਲ ਆਪਣੀਆਂ ਜ਼ਮੀਨਾਂ ਸਨ। ਜੰਗਲ ਵਿੱਚੋਂ ਉਨ੍ਹਾਂ ਨੂੰ ਲੋੜ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਨੇੜੇ ਹੀ ਇੱਕ ਵੱਡੀ ਸਾਰੀ ਨਦੀ ਸੀ, ਬਹੁਤ ਨਿਰਮਲ ਨਦੀ। ਐਨੀ ਸਾਫ ਕਿ ਨਦੀ ਦੇ ਪਾਣੀ ਵਿੱਚ ਤਰਦੀਆਂ ਮੱਛੀਆਂ ਨਜ਼ਰ ਆਉਂਦੀਆਂ ਸਨ। ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੇ ਪੂਟੂ, ਖੁਖੜੀ, ਰੂਗੜਾ (ਜੰਗਲੀ ਖੁੰਬਾਂ) ਮਿਲ ਜਾਂਦੇ ਸਨ। ਕਈ ਕਿਸਮਾਂ ਦੇ ਸਾਗ-ਸਬਜ਼ੀਆਂ ਵੀ। ਖਾਣ-ਪੀਣ ਦੀ ਕੋਈ ਥੁੜ ਨਹੀਂ ਸੀ। ਪਰ ਲੋਕਾਂ ਕੋਲ ਪੈਸੇ ਨਹੀਂ ਸਨ ਹੁੰਦੇ। ਪੜ੍ਹ-ਲਿਖ ਕੇ ਉਨ੍ਹਾਂ ਦੇ ਬੱਚੇ ਸ਼ਹਿਰ ਜਾ ਕੇ ਪੈਸੇ ਕਮਾ ਸਕਣਗੇ; ਪੜ੍ਹਾਈ ਦਾ ਬੱਸ ਐਨਾ ਹੀ ਮਤਲਬ ਉਹ ਸਮਝਦੇ ਸਨ।

ਪਰ ਪਤਾ ਨਹੀਂ ਕਿਉਂ, ਅਜਿਹੀ ਪੜ੍ਹਾਈ ਤੋਂ ਪਿੰਡ ਦੇ ਸਾਰੇ ਲੋਕ ਖੁਸ਼ ਨਹੀਂ ਸਨ। ਸਕੂਲ ਬੱਚਿਆਂ ਨੂੰ ਹੋੜ ਵਿੱਚ ਜਿਊਣਾ ਕਿਉਂ ਸਿਖਾਉਂਦਾ ਹੈ? ਉਨ੍ਹਾਂ ਨੂੰ ਉੱਥੇ ਮਿਲ ਕੇ ਕੰਮ ਕਰਨਾ ਅਤੇ ਮਿਲ-ਜੁਲ ਕੇ ਜਿਊਣਾ ਕਿਉਂ ਨਹੀਂ ਸਿਖਾਇਆ ਜਾਂਦਾ?

ਇੱਕ ਦਿਨ ਬਾਬਾ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਸ਼ਹਿਰ ਚਲੇ ਗਏ, ਕੰਮ ਦੀ ਭਾਲ ਵਿੱਚ। ਉਨ੍ਹਾਂ ਨੇ ਸਕੂਲ ਵਿੱਚ ਹੀ ਸ਼ਹਿਰ ਦੀ ਭਾਸ਼ਾ ਵੀ ਸਿੱਖ ਲਈ ਸੀ। ਉਹ ਹੌਲੀ-ਹੌਲੀ ਆਪਣੀ ਭਾਸ਼ਾ ਛੱਡਣ ਲੱਗੇ। ਸ਼ਹਿਰ ਵਿੱਚ ਉਨ੍ਹਾਂ ਨੇ ਪੈਸੇ ਕਮਾਏ, ਪਰ ਪੈਸਾ ਰੱਖਣਾ ਅਤੇ ਉਸ ਨੂੰ ਸਾਂਭਣਾ ਉਨ੍ਹਾਂ ਨੂੰ ਨਾ ਆਇਆ। ਉਹ ਅਕਸਰ ਉਨ੍ਹਾਂ ਪੈਸਿਆਂ ਨਾਲ ਬਾਜ਼ਾਰੋਂ ਕੋਈ ਸਮਾਨ ਖਰੀਦਦੇ ਅਤੇ ਬਾਕੀ ਪੈਸਿਆਂ ਦੀ ਸ਼ਰਾਬ ਪੀ ਜਾਂਦੇ। ਪਿੰਡ ਦੇ ਲੋਕ ਨਹੀਂ ਜਾਣਦੇ ਸਨ ਕਿ ਪੈਸਿਆਂ ਦੇ ਆਸਰੇ ਕਿਵੇਂ ਜੀਵਿਆ ਜਾਂਦਾ ਹੈ।

ਵੱਖ-ਵੱਖ ਪਿੰਡਾਂ ਦੇ ਜੰਗਲਾਂ ਵਿੱਚੋਂ ਪਹਿਲੀ ਪੀੜ੍ਹੀ ਦੇ ਬਹੁਤ ਸਾਰੇ ਆਦਿਵਾਸੀ ਬੱਚੇ ਵੱਡੇ ਹੋ ਕੇ, ਪੜ੍ਹ-ਲਿਖ ਕੇ ਸ਼ਹਿਰ ਚਲੇ ਗਏ। ਸ਼ਹਿਰ ਵਿੱਚ ਆਦਿਵਾਸੀ ਹੋਣ ਕਾਰਨ ਬਹੁਤਿਆਂ ਨੇ ਭਾਰੀ ਵਿਤਕਰਾ ਝੱਲਿਆ। ਉਹ ਭੱਜ ਕੇ ਵਾਪਸ ਪਿੰਡ ਆ ਗਏ। ਬਹੁਤ ਸਾਰੇ ਲੋਕ ਪਿੰਡ ਕਦੇ ਨਹੀਂ ਪਰਤੇ। ਪਿੰਡ ਦੇ ਲੋਕ ਦੁਖੀ ਸਨ। ਉਨ੍ਹਾਂ ਨੂੰ ਦੁੱਖ ਸੀ ਕਿ ਅਜਿਹੀ ਮੁਕਾਬਲੇਬਾਜ਼ੀ ਵਾਲੀ ਦੁਨੀਆ ਵਿੱਚ ਅਸਲ ਅਰਥਾਂ ਵਿੱਚ ਉਹ ਹਾਰ ਰਹੇ ਹਨ। ਉਨ੍ਹਾਂ ਦੀ ਬੋਲੀ ਹਾਰ ਰਹੀ ਹੈ। ਪਿੰਡ, ਜੰਗਲ, ਪਹਾੜ, ਨਦੀ, ਜੀਵ-ਜੰਤੂ ਅਤੇ ਸਮੂਹਿਕ ਤੌਰ ’ਤੇ ਮਨੁੱਖ ਹਾਰ ਰਹੇ ਹਨ।

**

ਇਸ ਵਿੱਚ ਆਖਰ ਜਿੱਤ ਕੌਣ ਰਿਹਾ ਹੈ?

(ਹਿੰਦੀ ਬਾਲ ਵਿਗਿਆਨ ਪੱਤਰਿਕਾ ਚਕਮਕ ਦੇ ਅਕਤੂਬਰ 2026 ਅੰਕ ਵਿੱਚੋਂ ਧੰਨਵਾਦ ਸਹਿਤ ਅਨੁਵਾਦ)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)