AmrinderMaan 7ਹੁਣ ਇਸ ਅਖਾਣ ਦਾ ਮਤਲਬ ਸਿਆਸੀ ਲੀਡਰਾਂ ਦੇ ਲਾਰਿਆਂ ਨੇ ਉਸ ਨੂੰ ...”PunjabKarza2
(6 ਨਵੰਬਰ 2026)

 

PunjabKarza2

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਬੜੀਆਂ ਆਸਾਂ-ਉਮੰਗਾਂ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਕੇ ਜਿਤਾਇਆ। ਬੇਰੋਜ਼ਗਾਰ ਅਧਿਆਪਕਾਂ ਨੂੰ ਵੀ ਆਸ ਸੀ ਕਿ ਹੁਣ ਸਿੱਖਿਆ ਕ੍ਰਾਂਤੀ ਆਵੇਗੀ। ਹਰ ਸਾਲ ਭਰਤੀ ਕੈਲੰਡਰ ਜਾਰੀ ਹੋਵੇਗਾ ਤੇ ਉਨ੍ਹਾਂ ਕੋਲ ਰੁਜ਼ਗਾਰ ਹਾਸਲ ਕਰਨ ਲਈ ਪੇਪਰ ਦੇਣ ਦਾ ਮੌਕਾ ਹੋਵੇਗਾ। ਅਧਿਆਪਨ ਨੂੰ ਕੇਵਲ ਕਿੱਤਾ ਨਹੀਂ, ਸਗੋਂ ਮਿਸ਼ਨ ਮੰਨਣ ਵਾਲੇ ਜ਼ਹੀਨ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਜਾਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਚਾਹੁੰਦੇ ਸਨ। ਉਹ ਸਿਰੜ ਨਾਲ ਪਿਛਲੇ ਚਾਰ ਸਾਲਾਂ ਤੋਂ ਨੌਕਰੀ ਲਈ ਪੇਪਰ ਦੀ ਤਿਆਰੀ ਕਰ ਰਹੇ ਹਨ।

ਪਰ ਦੁੱਖ ਤੇ ਤ੍ਰਾਸਦੀ ਦੀ ਗੱਲ ਹੈ ਕਿ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਮਾਸਟਰ ਕਾਡਰ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਬਜਾਏ, ਪਿਛਲੇ ਚਾਰ ਸਾਲਾਂ ਤੋਂ ਸਰਕਾਰ ਲਾਰੇ-ਲੱਪੇ ਵਾਲੀ ਬਿਆਨਬਾਜ਼ੀ ਕਰਕੇ ਡੰਗ ਟਪਾ ਗਈ ਹੈ। ਕਦੇ ਪ੍ਰਮੋਸ਼ਨਾਂ ਕਰਕੇ ਅਤੇ ਕਦੇ ਭਰਤੀ ਪ੍ਰਪੋਜ਼ਲ ਵਿੱਚ ਤਰੁਟੀਆਂ, ਇਸ਼ਤਿਹਾਰ ਵਿੱਚ ਦੇਰੀ ਦੇ ਕਾਰਨ ਦੱਸੇ ਜਾਂਦੇ ਰਹੇ। ਇਸਦਾ ਨਤੀਜਾ ਇਹ ਨਿਕਲਿਆ ਕਿ ਗ਼ਰੀਬ ਘਰਾਂ ਦੇ ਸੈਂਕੜੇ ਉਮੀਦਵਾਰ, ਜੋ ਨਿੱਕੀ-ਮੋਟੀ ਪ੍ਰਾਈਵੇਟ ਨੌਕਰੀ ਕਰਦੇ ਸੀ, ਉਹ ਛੱਡਕੇ ਪਿਛਲੇ ਚਾਰ ਸਾਲਾਂ ਤੋਂ ਕਿਤਾਬਾਂ ਵਿੱਚ ਦਿਨ-ਰਾਤ ਅੱਖਾਂ ਕਾਲੀਆਂ ਕਰ ਰਹੇ ਹਨ। ਜਦੋਂ ਵੀ ਉਨ੍ਹਾਂ ਦਾ ਪੜ੍ਹਾਈ ਤੋਂ ਮਨ ਉਚਾਟ ਹੁੰਦਾ, ਸਰਕਾਰ ਵੱਲੋਂ ਕਿਸੇ ਨਾ ਕਿਸੇ ਮੰਤਰੀ ਦਾ ਬਿਆਨ ਆ ਜਾਂਦਾ ਕਿ ਅਧਿਆਪਕਾਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ। ਤੇ ਉਹ ਫਿਰ ਕਿਤਾਬਾਂ ਚੁੱਕ ਲੈਂਦੇ। ਇਸ ਵਰਤਾਰੇ ਨਾਲ ਕੋਚਿੰਗ ਸੈਂਟਰਾਂ ਦੀਆਂ ਪੌਂ-ਬਾਰਾਂ ਜ਼ਰੂਰ ਹੋਈਆਂ।

ਵਕਤਾਂ ਦੇ ਮਾਰੇ ਇਹ ਬੱਚੇ ਜਾਣ ਵੀ ਕਿੱਧਰ। ਹੁਣ ਉਹ ਠੱਗੇ-ਠੱਗੇ ਮਹਿਸੂਸ ਕਰ ਰਹੇ ਨੇ। ਕਈ ਬੱਚੀਆਂ ਮਾਪਿਆਂ ਨੂੰ ਤਰਲੇ ਕਰਦੀਆਂ ਰਹੀਆਂ ਕਿ ਬੱਸ ਹੁਣ ਪੋਸਟਾਂ ਆ ਜਾਣਗੀਆਂ ਤੇ ਉਹ ਅਧਿਆਪਕ ਲੱਗਣ ਤੋਂ ਬਾਅਦ ਹੀ ਵਿਆਹ ਕਰਵਾਉਣਗੀਆਂ। ਹਾਂ, ਮੌਜੂਦਾ ਸਰਕਾਰ ਦੇ ਕਈ ਨੇਤਾਵਾਂ ਦੇ ਵਿਆਹ ਪਿਛਲੇ ਚਾਰ ਸਾਲਾਂ ਵਿੱਚ ਜ਼ਰੂਰ ਹੋਏ ਹਨ।

ਕਿਰਤੀਆਂ ਦੇ ਬੱਚੇ ਕਿਹੜੇ ਹਾਲਾਤ ਵਿੱਚ ਪੜ੍ਹੇ ਹਨ, ਸ਼ਾਇਦ ਇਹ ਮੰਤਰੀ ਅਤੇ ਮੁੱਖ-ਮੰਤਰੀ ਸਾਹਬ ਭੁੱਲ ਗਏ ਹਨ। ਇਨ੍ਹਾਂ ਬੱਚੇ-ਬੱਚੀਆਂ ਕੋਲ ਕੋਈ ਵਿਕਲਪ ਨਹੀਂ ਹੁੰਦਾ। ਇਹ ਕਰੋ ਜਾਂ ਮਰੋ ਵਾਲੀ ਸਥਿਤੀ ਵਿੱਚ ਹੁੰਦੇ ਹਨ। ਸਰਕਾਰ ਵੱਲੋਂ ਭਰਤੀ ਕੈਲੰਡਰ ਤਾਂ ਦੂਰ ਦੀ ਗੱਲ, ਮਾਸਟਰ ਕਾਡਰ ਭਰਤੀ ਦਾ ਇੱਕ ਵੀ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇਸ ਕਰਕੇ ਬੇਰੋਜ਼ਗਾਰ ਅਧਿਆਪਕ ਨਿਰਾਸ਼ਾ ਦੇ ਆਲਮ ਵਿੱਚ ਹਨ।

ਹੁਣ ਤਾਂ ਸਰਕਾਰ ਦਾ ਕਾਰਜਕਾਲ ਵੀ ਨੇੜੇ ਲੱਗ ਚੁੱਕਿਆ ਹੈ। ਚੜ੍ਹਦੇ ਸਾਲ ਵਿਧਾਨ ਸਭਾ ਦੀਆਂ ਵੋਟਾਂ ਹਨ। ਪਿਛਲੀਆਂ ਸਰਕਾਰਾਂ ਵੋਟਾਂ ਵੇਲੇ ਤਾਂ ਨੌਕਰੀਆਂ ਦੇ ਦਿੰਦੀਆਂ ਸਨ। ਇਹ ਤਾਂ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਏ, ਭਾਵੇਂ ਵੋਟਾਂ ਸਿਰ ’ਤੇ ਹਨ। ਇਨ੍ਹਾਂ ਨੂੰ ਮਤਲਬ ਵੀ ਕੀ ਹੈ, ਅਗਲਿਆਂ ਨੇ ਹਜ਼ਾਰ-ਪੰਦਰਾਂ ਸੌ ਰੁਪਈਆ ਬੀਬੀਆਂ ਦੇ ਖਾਤਿਆਂ ਵਿੱਚ ਪਾਕੇ ਵੋਟਾਂ ਵਾਸਤੇ ਟੂੰ-ਟੂੰ ਜੋ ਕਰਾ ਦਿੱਤੀ ਹੈ।

ਜ਼ਿੰਦਗੀ ਵਿੱਚ ਸਾਹਿਤ ਅਤੇ ਨੌਕਰੀ ਲਈ ਜਥੇਬੰਦਕ ਸੰਘਰਸ਼ ਦਾ ਕੀ ਮੁੱਲ ਹੁੰਦਾ, ਕਾਸ਼ ਸਾਰੇ ਹੀ ਬੇਰੋਜ਼ਗਾਰ ਅਧਿਆਪਕਾਂ ਨੂੰ ਪਹਿਲਾਂ ਪਤਾ ਹੁੰਦਾ! ਹਾਂ ਕੁਝ ਅਧਿਆਪਕ ਸਲਾਮ ਦੇ ਹੱਕਦਾਰ ਜ਼ਰੂਰ ਨੇ। ਇਹ ਬੇਰੋਜ਼ਗਾਰਾਂ ਦੀ ਅਵਾਜ਼ ਸਰਕਾਰ ਦੇ ਕੰਨਾਂ ਤਕ ਪਹੁੰਚਾਉਂਦੇ ਰਹੇ ਹਨ। ਸੰਗਰੂਰ ਵਿਖੇ ਚੱਲ ਰਿਹਾ ਪੱਕਾ ਮੋਰਚਾ ਇਸਦਾ ਪ੍ਰਤੀਕ ਹੈ। ਚਾਹੇ ਸਰਕਾਰ ਨੂੰ ਲਗਦਾ ਹੈ ਕਿ ਕੀ ਫਰਕ ਪੈਂਦਾ ਇਸ ਸੌ-ਦੋ ਸੌ ਬੰਦੇ ਨਾਲ ਪਰ ਭਗਤ ਸਿੰਘ ਤੇ ਭੀਮ ਰਾਓ ਅੰਬੇਡਕਰ ਦੀਆਂ ਰੂਹਾਂ ਜ਼ਰੂਰ ਕੁਰਲਾਉਂਦੀਆਂ ਹੋਣਗੀਆਂ, ਸਰਕਾਰੀ ਦਫਤਰਾਂ ਵਿੱਚ ਆਪਣੀਆਂ ਤਸਵੀਰਾਂ ਲਟਕਦੀਆਂ ਦੇਖਕੇ। ਹੁਣ ਤਾਂ ਲਗਦਾ ਹੈ ਇਹ ਦਿਵਾਲੀ ਵੀ ਮਾਸਟਰ ਕਾਡਰ ਭਰਤੀ ਦੇ ਇਸ਼ਤਿਹਾਰ ਤੋਂ ਬਿਨਾਂ, ਸੁੱਕੀ ਹੀ ਜਾਊ। ਅਗਾਂਹ ਵੋਟਾਂ ਤੋਂ ਬਾਅਦ ਤਾਂ ਸਾਰ ਲੈਣੀ ਹੀ ਕਿਸਨੇ ਹੈ।

ਵਕਤ ਦੀ ਮਾਰੀ ਇੱਕ ਬੇਰੋਜ਼ਗਾਰ ਅਧਿਆਪਕਾ ਦੱਸਦੀ ਹੈ ਕਿ ਉਸਨੂੰ ਪੰਜਾਬੀ ਦਾ ਇੱਕ ਅਖਾਣ, ਜੋ ਪਹਿਲਾਂ ਕਦੇ ਸਮਝ ਨਹੀਂ ਲੱਗਿਆ, ਉਹ ਸੀ, “ਉੱਜੜੇ ਬਾਗ਼ਾਂ ਦੇ ਗਾਲ੍ਹੜ ਪਟਵਾਰੀ।” ਪਰ ਹੁਣ ਇਸ ਅਖਾਣ ਦਾ ਮਤਲਬ ਸਿਆਸੀ ਲੀਡਰਾਂ ਦੇ ਲਾਰਿਆਂ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਸਰਕਾਰ ਦੇ ਲਾਰਿਆਂ ਲੱਪਿਆਂ ਤੋਂ ਉਹ ਅੱਕ-ਥੱਕ ਕੇ ਨਿਰਾਸ ਹੋ ਚੁੱਕੀ ਹੈ। ਬੇਰੋਜ਼ਗਾਰ ਨਿਰਾਸ ਕਿਉਂ ਨਾ ਹੋਣ, ਕੋਈ ਆਸ ਦੀ ਕਿਰਨ ਵੀ ਦਿਖਾਈ ਨਹੀਂ ਦੇ ਰਹੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਾਂ ਅੱਜਕਲ੍ਹ ਮਾਸਟਰ ਕਾਡਰ ਭਰਤੀ ਬਾਰੇ ਬੋਲਦੇ ਹੀ ਨਹੀਂ। ਡਰ ਹੈ ਕਿ ਗਿਆਨ ਦਾ ਬੋਝ ਚੁੱਕੀ ਇਹ ਰੋਸ਼ਨ ਦਿਮਾਗ਼ ਬੱਚੇ ਕਿਤੇ ਕੁਰਾਹੇ ਨਾ ਪੈ ਜਾਣ। ਹੇ ਰੱਬਾ, ਇਨ੍ਹਾਂ ਨੂੰ ਨਸ਼ਿਆਂ ਤੋਂ ਬਚਾਈ ਰੱਖੀਂ ਤੇ ਕਿਸੇ ਦਰਦੀ ਨੂੰ ਇਨ੍ਹਾਂ ਦੀ ਬਾਂਹ ਫੜਾ! ਹਾਂ ਸਤੌਜ ਦੀਆਂ ਕੱਚੀਆਂ ਗਲੀਆਂ ਵਿੱਚੋਂ ਉੱਠਕੇ ਮੁੱਖ-ਮੰਤਰੀ ਦੀ ਕੁਰਸੀ ਤਕ ਪਹੁੰਚੇ ਮਾਸਟਰ ਦੇ ਮੁੰਡੇ ਤੋਂ ਵੱਡਾ ਦਰਦੀ ਕੌਣ ਹੋਊ ਇਨ੍ਹਾਂ ਵਕਤਾਂ ਦੇ ਮਾਰਿਆਂ ਦਾ। ਪਰ ਗੱਲ ਤਾਂ ਬਣੇ ਜੇ ਪਹੁੰਚੇ ਉਸ ਤੀਕ... ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਅਮਰਿੰਦਰ ਸਿੰਘ ਮਾਨ

ਅਮਰਿੰਦਰ ਸਿੰਘ ਮਾਨ

Mehlan, Sangrur, Punjab, India.
Whatsapp: (91 - 80547 - 22260)
Email: (ehsaas.amrinder@gmail.com)