“ਬਥੇਰੇ ਪੰਜਾਬੀ ਮਾਸਟਰ ਇਸੇ ਤਰੀਕੇ ਅੰਗਰੇਜ਼ੀ ਲੈਕਚਰਾਰ ਬਣ ਗਏ। ਕੌਣ ਪੁੱਛਦੈ ਇੱਥੇ ...”
(8 ਅਕਤੂਬਰ 2026)
ਬਚਪਨ ਤੋਂ ਹੀ ਮੈਨੂੰ ਪੜ੍ਹਨ ਦੀ ਤਾਂਘ ਸੀ, ਪਰ ਖੁੱਲ੍ਹ ਕੇ ਪੜ੍ਹਨ ਦਾ ਮੌਕਾ ਕਦੇ ਨਾ ਮਿਲਿਆ। ਸਲਾਇਟ (S.L.I.E.T) ਲੌਂਗੋਵਾਲ ਤੋਂ ਡਿਗਰੀ ਕਰਦਿਆਂ ਹੀ ਜੋ ਨੌਕਰੀ ਮਿਲ ਗਈ, ਉਹ ਸੰਭਾਲ ਲਈ ਪਰ ਪੜ੍ਹਨ ਦੀ ਭੁੱਖ ਸ਼ਾਂਤ ਨਾ ਹੋਈ। ਇਸੇ ਸਿਲਸਿਲੇ ਵਿੱਚ ਐੱਮ ਏ ਰਾਜਨੀਤੀ ਸ਼ਾਸਤਰ ਵਿੱਚ ਪੱਤਰ-ਵਿਹਾਰ ਰਾਹੀਂ ਦਾਖਲਾ ਲੈ ਲਿਆ। ਪਹਿਲੇ ਸਾਲ ਦੇ ਚਾਰ ਪੇਪਰ ਸਨ। ਪਹਿਲਾ ਪੇਪਰ ਠੀਕ-ਠਾਕ ਹੋ ਗਿਆ। ਪ੍ਰੀਖਿਆ ਕਮਰੇ ਵਿੱਚ ਸਿਰਫ ਦਸ ਕੁ ਵਿਦਿਆਰਥੀ ਸਨ ਅਤੇ ਮਾਹੌਲ ਵੀ ਬਿਲਕੁਲ ਆਮ ਜਿਹਾ ਸੀ। ਦੂਜੇ ਪੇਪਰ ਵਾਲੇ ਦਿਨ ਪ੍ਰੀਖਿਆ ਕੇਂਦਰ ਵਿੱਚ ਕਾਫੀ ਚਹਿਲ-ਪਹਿਲ ਸੀ। ਕਮਰਾ ਪ੍ਰੀਖਿਆਰਥੀਆਂ ਨਾਲ ਭਰਿਆ ਹੋਇਆ ਸੀ। ਕੋਈ ਵੀ ਸੀਟ ਖਾਲੀ ਨਹੀਂ ਸੀ। ਜਦੋਂ ਨਿਗਰਾਨ ਅਧਿਆਪਕ ਨੇ ਕਿਹਾ ਕਿ ਕਾਮਰਸ ਦੇ ਪੇਪਰ ਵਾਲੇ ਪ੍ਰੀਖਿਆਰਥੀ ਹੱਥ ਖੜ੍ਹੇ ਕਰਨ ਤਾਂ ਬਹੁਗਿਣਤੀ ਖਿਆਰਥੀਆਂ ਨੇ ਹੱਥ ਖੜ੍ਹੇ ਕਰ ਦਿੱਤੇ। ਨਿਰਧਾਰਿਤ ਸਮੇਂ ’ਤੇ ਪੇਪਰ ਸ਼ੁਰੂ ਹੋ ਗਿਆ।
ਹਾਲੇ ਪੇਪਰ ਸ਼ੁਰੂ ਹੋਏ ਨੂੰ ਕੁਝ ਮਿੰਟ ਹੀ ਹੋਏ ਸਨ ਕਿ ਕਮਰੇ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਨਕਲ ਕਰਨ ਵਾਲੇ ਕਾਮਰਸ ਦੇ ਵਿਦਿਆਰਥੀ ਸਨ, ਜੋ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲਾਂ ਕਰ ਰਹੇ ਸਨ। ਇੰਝ ਜਾਪਦਾ ਸੀ ਜਿਵੇਂ ਉਹ ਪਹਿਲਾਂ ਤੋਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ। ਨਿਗਰਾਨ ਅਧਿਆਪਕ ਦਾ ਇਨ੍ਹਾਂ ਪ੍ਰੀਖਿਆਰਥੀਆਂ ਉੱਤੇ ਕੋਈ ਅਸਰ ਨਹੀਂ ਸੀ ਦਿਸਦਾ। ਸ਼ਾਇਦ ਉਹ ਬੇਵੱਸ ਸੀ ਕਿਉਂਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਆਦਰਸ਼ਾਂ-ਅਸੂਲਾਂ ਨਾਲੋਂ ਮਾਲਕਾਂ ਦੀ ਮਰਜ਼ੀ ਵੱਡੀ ਹੁੰਦੀ ਹੈ ਅਤੇ ਅੰਦਰਲੇ ‘ਮਾਰਕਸ’ ਨੂੰ ਵੀ ਟਿਕਾਣੇ ਰੱਖਣਾ ਪੈਂਦਾ ਹੈ, ਇਸ ਲਈ ਹੋਰ ਕੋਈ ਚਾਰਾ ਵੀ ਨਹੀਂ ਬਚਦਾ।
ਜ਼ਿਆਦਾ ਰੌਲਾ-ਰੱਪਾ ਪੈਣ ਕਰਕੇ ਸਾਡੇ ਤੋਂ ਪੇਪਰ ਨਹੀਂ ਲਿਖਿਆ ਜਾ ਰਿਹਾ ਸੀ। ਮੇਰੇ ਤੋਂ ਅੱਗੇ ਬੈਠਾ ਪ੍ਰੀਖਿਆਰਥੀ ਏਅਰਫੋਰਸ ਦਾ ਮੁਲਾਜ਼ਮ ਸੀ, ਜਿਸਨੇ ਸ਼ੋਰ-ਸ਼ਰਾਬੇ ਬਾਰੇ ਨਿਗਰਾਨ ਅਧਿਆਪਕ ਕੋਲ ਜਾ ਸ਼ਿਕਾਇਤ ਕੀਤੀ। ਮੈਂ ਵੀ ਉਸਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਨਕਲ ਕਰ ਰਹੇ ਸੱਜਣਾਂ ਨੇ ਸਾਡੇ ਵੱਲ ਘੂਰ ਕੇ ਦੇਖਿਆ। ਕੁਝ ਪਲਾਂ ਲਈ ਕਮਰੇ ਵਿੱਚ ਸ਼ਾਂਤੀ ਹੋ ਗਈ। ਪਰ ਨਕਲ ਦੇ ਕੀੜੇ ਕਿੱਥੇ ਮਰਦੇ ਹਨ, ਕੁਝ ਸਮੇਂ ਬਾਅਦ ਫਿਰ ਉਹੀ ਕੁਝ ਸ਼ੁਰੂ ਹੋ ਗਿਆ। ਨਿਗਰਾਨ ਅਧਿਆਪਕ ਨੇ ਮੁੜ ਹਦਾਇਤ ਕੀਤੀ ਕਿ ਅਵਾਜ਼ ਨਹੀਂ ਕਰਨੀ। ਹੁਣ ਬਿਨਾਂ ਅਵਾਜ਼ ਤੋਂ ਢੋਲ ਕਿਵੇਂ ਵੱਜੇ? ਨਤੀਜਾ ਫਿਰ ਉਹੀ ਕਾਂਵਾਂ-ਰੌਲੀ! ਏਅਰਫੋਰਸ ਵਾਲੇ ਸੱਜਣ ਨੇ ਉੱਚੀ ਅਵਾਜ਼ ਵਿੱਚ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਲਿਖ ਕੇ ਸ਼ਿਕਾਇਤ ਕਰੇਗਾ।
ਇਸ ਵਾਰ ਨਿਗਰਾਨ ਅਧਿਆਪਕ ਕੁਝ ਸਖਤ ਹੋਇਆ ਅਤੇ ਉਸਨੇ ਨਕਲ ਕਰ ਰਹੇ ਪ੍ਰੀਖਿਆਰਥੀਆਂ ਤੋਂ ਪਰਚੀਆਂ ਖੋਹ ਲਈਆਂ। ਜਦੋਂ ਉਹ ਪਰਚੀਆਂ ਖੋਹ ਰਿਹਾ ਸੀ ਤਾਂ ਇੱਕ ਪ੍ਰੀਖਿਆਰਥੀ ਬੋਲਿਆ, “ਯਾਰ, ਅਸੀਂ ਮਾਸਟਰ ਆਂ, ਗੱਲ ਕਰ ਕੇ ਹੀ ਆਹ ਸੈਂਟਰ ਭਰਿਐ। ਬਥੇਰੇ ਪੁੰਨ ਖੱਟਦੇ ਆਂ ਅਸੀਂ... ਤੇਰਾ ਵੀ ਕਰਦਾਂਗੇ ਮਾਣ-ਤਾਣ।”
ਜਦੋਂ ਨਿਗਰਾਨ ਅਧਿਆਪਕ ਨੇ ਸਾਡੀ ਸ਼ਿਕਾਇਤ ਦਾ ਹਵਾਲਾ ਦਿੱਤਾ ਤਾਂ ਇਸ ਗੱਲ ਤੋਂ ਮਾਸਟਰ ਜੀ ਹੋਰੀਂ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਵਿੱਚੋਂ ਕੁਝ ਸੱਜਣ ਪੇਪਰ ਛੱਡ ਕੇ ਹੀ ਚਲੇ ਗਏ।
ਦਹਾਕਾ ਪਹਿਲਾਂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਮੂੰਹੋਂ ਸੁਣਿਆ ਕਾਰਲਾਈਲ ਦਾ ਕਥਨ “ਅਧਿਆਪਕ ਜਮਾਤ ਵਿੱਚ ਤਿਆਰੀ ਕਰਕੇ ਜਾਣ ਅਤੇ ਵਿਦਿਆਰਥੀ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਨ ਕਿਉਂਕਿ ਇੱਕ ਵਿਚਾਰ ਹਜ਼ਾਰਾਂ ਸਾਲਾਂ ਤਕ ਲੱਖਾਂ ਦਿਲਾਂ ਦੀ ਯਾਤਰਾ ਕਰੇਗਾ।” ਮੇਰੇ ਅੰਦਰ ਖੌਰੂ ਪਾਉਣ ਲੱਗਿਆ। ਕਿੱਥੇ ਉਹ ਵਿਦਵਾਨ ਅਧਿਆਪਕ, ਜਿਨ੍ਹਾਂ ਨੂੰ ਸੁਣ ਕੇ ਵਿਦਿਆਰਥੀ ਅਸ਼-ਅਸ਼ ਕਰ ਉੱਠਦੇ ਹਨ ਅਤੇ ਕਿੱਥੇ ਇਹ ‘ਪੁੰਨ ਖੱਟਣ ਵਾਲੇ’! ਖੈਰ, ਯਾਦਾਂ ਦੇ ਝੁਰਮਟ ਵਿੱਚੋਂ ਬਾਹਰ ਆ ਕੇ ਬਾਕੀ ਰਹਿੰਦੇ ਇੱਕ ਘੰਟੇ ਦੌਰਾਨ ਠੀਕ-ਠਾਕ ਮਾਹੌਲ ਵਿੱਚ ਪੇਪਰ ਹੋ ਗਿਆ।
ਜਦੋਂ ਅਸੀਂ ਪ੍ਰੀਖਿਆ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਮਾਸਟਰ ਜੀ ਹੋਰੀਂ ਸਾਨੂੰ ਉਡੀਕ ਰਹੇ ਸਨ। ਉਨ੍ਹਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਤਾਂ ਅਸੀਂ ਵੀ ਆਪਣਾ ਤਰਕ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਾਰੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਹਨ ਅਤੇ ਕਾਮਰਸ ਵਿਸ਼ੇ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪ੍ਰਮੋਸ਼ਨ ਇਨ੍ਹਾਂ ਦਿਨਾਂ ਵਿੱਚ ਕਾਮਰਸ ਵਿਸ਼ੇ ਵਿੱਚ ਜਲਦੀ ਹੋ ਜਾਂਦੀ ਹੈ; ਇਸ ਲਈ ਉਹ ਤਾਂ ਸਿਰਫ ਡਿਗਰੀ ਲਈ ਹੀ ਇਹ ਕੋਰਸ ਕਰ ਰਹੇ ਹਨ।
ਏਅਰਫੋਰਸ ਵਾਲੇ ਸੱਜਣ ਨੇ ਜਦੋਂ ਪੁੱਛਿਆ ਕਿ ਇਸ ਤਰ੍ਹਾਂ ਲੈਕਚਰਾਰ ਬਣ ਕੇ ਸਕੂਲਾਂ ਵਿੱਚ ਕੀ ਪੜ੍ਹਾਵੋਗੇ ਤਾਂ ਗਣਿਤ ਦੇ ਇੱਕ ਅਧਿਆਪਕ ਨੇ ਤੁਰੰਤ ਜਵਾਬ ਦਿੱਤਾ, “ਥੋਨੂੰ ਲੱਗਦੈ ਅਸੀਂ ਜਵਾਕ ਟੈਗੋਰ ਬਣਾਉਣੇ ਆ? ਜਿਨ੍ਹਾਂ ਤੋਂ ਅਸੀਂ ਪੜ੍ਹੇ ਆਂ, ਉਨ੍ਹਾਂ ਵਿੱਚੋਂ ਵੀ ਬਹੁਤੇ ਇਵੇਂ ਹੀ ਪ੍ਰਮੋਟ ਹੋਏ ਸਨ। ਬਥੇਰੇ ਪੰਜਾਬੀ ਮਾਸਟਰ ਇਸੇ ਤਰੀਕੇ ਅੰਗਰੇਜ਼ੀ ਲੈਕਚਰਾਰ ਬਣ ਗਏ। ਕੌਣ ਪੁੱਛਦੈ ਇੱਥੇ? ਸੌ ਤਰੀਕੇ ਨੇ ਰਿਜਲਟ ਲਿਆਉਣ ਦੇ, ਆਪਾਂ ਵੀ ਡੰਗ ਟਪਾ ਹੀ ਲਵਾਂਗੇ। ਨਾਲੇ ਗੈਰ-ਵਿੱਦਿਅਕ ਕੰਮਾਂ ਤੋਂ ਮਾਸਟਰਾਂ ਨੂੰ ਵਿਹਲ ਕਦੋਂ ਮਿਲਦੀ ਐ ਜੀ ਪੜ੍ਹਾਉਣ ਲਈ?”
ਟੈਗੋਰ ਦੇ ਜ਼ਿਕਰ ਨੇ ਮੇਰੇ ਅੰਦਰਲਾ ਕੋਈ ਪੁਰਾਣਾ ਜ਼ਖਮ ਕੁਰੇਦ ਦਿੱਤਾ ਅਤੇ ਮੋਹਨ ਭੰਡਾਰੀ ਦੀ ਕਹਾਣੀ “ਮੈਨੂੰ ਟੈਗੋਰ ਬਣਾ ਦੇ ਮਾਂ“ ਯਾਦ ਆ ਗਈ। ਖੌਰੇ, ਹੋਰ ਕਿੰਨੇ ਪ੍ਰਤਿਭਾਵਾਨ ‘ਬਦਰੂ ਘੁਮਿਆਰ’ ਇਸ ਅੰਨ੍ਹੇ ਸਿਸਟਮ ਦੀ ਭੇਟ ਚੜ੍ਹਨਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































