“ਅਧਿਆਪਕ ਹੱਸ ਕੇ ਬੋਲਿਆ, “ਪੀ ਲਓ ਪਾਣੀ ਜਿੰਨਾ ਪੀਤਾ ਜਾਂਦਾ ਹੈ।” ਅਤੇ ਮੈਨੂੰ ...”
(10 ਅਗਸਤ 2026)
ਦਿੱਲੀ ਹਾਈਕੋਰਟ ਨੇ ਪੇਪਰਾਂ ਵਿੱਚ ਹੁੰਦੀ ਨਕਲ ਨਾਲ ਸੰਬੰਧਤ ਇੱਕ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਨਕਲ ਨੂੰ ਭਿਆਨਕ ਮਹਾਂਮਾਰੀ ਦੱਸਿਆ ਹੈ। ਨਕਲ ਦੇ ਕੋਹੜ ਨਾਲ ਸਮਾਜ ਬਰਬਾਦ ਹੋ ਜਾਂਦਾ ਹੈ। ਇਹ ਖਬਰ ਪੜ੍ਹ ਕੇ ਮੈਨੂੰ ਇੱਕ ਪੁਰਾਣਾ ਵਾਕਿਆ ਯਾਦ ਆ ਗਿਆ।
ਸਾਲ 2005 ਦੀ ਗੱਲ ਹੈ। ਸਾਡੇ ਅੱਠਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਦਿੜਬੇ ਦੇ ਸਰਕਾਰੀ ਸਕੂਲ ਵਿੱਚ ਹੋ ਰਹੇ ਸਨ। ਦੋਂਹ ਵਿਸ਼ਿਆਂ ਦੇ ਪੇਪਰ ਹੋ ਚੁੱਕੇ ਸਨ। ਤੀਜਾ ਪੇਪਰ ਕੰਪਿਊਟਰ ਵਿਸ਼ੇ ਦਾ ਸੀ। ਇਸ ਵਿਸ਼ੇ ਦਾ ਸਾਡੇ ਸਕੂਲ ਵਿੱਚ ਕੋਈ ਅਧਿਆਪਕ ਹੀ ਨਹੀਂ ਸੀ। ਜਮਾਤ ਦੇ 24 ਵਿਦਿਆਰਥੀਆਂ ਵਿੱਚੋਂ ਕਿਸੇ ਦੀ ਇਸ ਵਿਸ਼ੇ ਉੱਪਰ ਪਕੜ ਹੋਣਾ ਤਾਂ ਦੂਰ ਦੀ ਗੱਲ, ਸਗੋਂ ਸਾਰੇ ਮੁਢਲੀ ਸਮਝ ਤੋਂ ਵੀ ਕੋਰੇ ਸਨ। ਪੇਂਡੂ ਪ੍ਰਾਈਵੇਟ ਸਕੂਲ ਅਨਪੜ੍ਹ ਮਾਂ-ਬਾਪ ਨੂੰ ਪ੍ਰਭਾਵਿਤ ਕਰਨ ਲਈ ਵਿਦਿਆਰਥੀਆਂ ਨੂੰ ਕੰਪਿਊਟਰ ਵਾਧੂ ਵਿਸ਼ੇ ਵਜੋਂ ਅਤੇ ਮਾਧਿਆਮ ਅੰਗਰੇਜ਼ੀ ਰਖਵਾ ਦਿੰਦੇ ਸਨ। ਅਜਿਹਾ ਹੀ ਸਾਡੇ ਨਾਲ ਹੋਇਆ ਸੀ। ਪੇਪਰ ਵਾਲੇ ਦਿਨ ਸਾਰੇ ਵਿਦਿਆਰਥੀ ਘਬਰਾਏ ਹੋਏ ਸਨ। ਪਿਛਲੇ ਦੋਂਹ ਪੇਪਰਾਂ ਵਿੱਚ ਹਰ ਕਿਸੇ ਨੂੰ ਕੁਝ ਨਾ ਕੁਝ ਜ਼ਰੂਰ ਆਉਂਦਾ ਸੀ, ਪ੍ਰੰਤੂ ਇਸ ਪੇਪਰ ਵਿੱਚ ਸਾਰੇ ਕੋਰੀ ਸਲੇਟ ਸਨ। ਉੱਪਰੋਂ ਅੰਗਰੇਜ਼ੀ ਲਿਖਣ-ਸਮਝਣ ਵਿੱਚ ਹੱਥ ਤੰਗ ਹੀ ਸੀ। ਪੇਪਰ ਦਿਵਾਉਣ ਸਾਡੇ ਪ੍ਰਾਈਵੇਟ ਸਕੂਲ ਦਾ ਇੱਕ ਅਧਿਆਪਕ ਨਾਲ ਆਇਆ ਸੀ। ਵਿਦਿਆਰਥੀਆਂ ਨੇ ਪੇਪਰ ਨੂੰ ਲੈ ਕੇ ਆਪਣੀ ਘਬਰਾਹਟ ਅਧਿਆਪਕ ਨੂੰ ਦੱਸੀ। ਅਧਿਆਪਕ ਨੇ ਸਾਰੇ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਗਾਈਡਾਂ ਪ੍ਰੀਖਿਆ ਕੇਂਦਰ ਤੋਂ ਬਾਹਰ ਖੜ੍ਹੀ ਸਕੂਲ ਵੈਨ ਵਿੱਚ ਇਕੱਠੀਆਂ ਰੱਖ ਦੇਣ ਲਈ ਕਿਹਾ। ਅਧਿਆਪਕ ਦਾ ਹੁਕਮ ਮੰਨ ਕੇ ਵਿਦਿਆਰਥੀ ਪ੍ਰੀਖਿਆ ਕੇਂਦਰ ਅੰਦਰ ਚਲੇ ਗਏ। ਸਹਿਮੇ ਹੋਏ ਵਿਦਿਆਰਥੀ ਪ੍ਰੀਖਿਆ ਵਾਲੇ ਕਮਰੇ ਵਿੱਚ ਜਾ ਕੇ ਚੁੱਪ-ਚਾਪ ਭੁੰਜੇ ਬੈਠ ਗਏ।
ਪ੍ਰੀਖਿਆ ਕਮਰੇ ਵਿੱਚ ਤਾਇਨਾਤ ਨਿਗਰਾਨ ਅਧਿਆਪਕ ਕੁਝ ਮਜ਼ਾਕੀਆ ਜਿਹਾ ਪ੍ਰਤੀਤ ਹੋ ਰਿਹਾ ਸੀ। ਸਾਰੇ ਪ੍ਰੀਖਿਆਰਥੀਆਂ ਨੂੰ ਉੱਤਰ-ਕਾਪੀਆਂ ਅਤੇ ਪ੍ਰਸ਼ਨ-ਪੱਤਰ ਵੰਡਣ ਤੋਂ ਬਾਅਦ ਨਿਗਰਾਨ ਅਧਿਆਪਕ ਨੇ ਇੱਕ ਅਜਿਹਾ ਭੱਦਾ ਮਜ਼ਾਕ ਸੁਣਾਇਆ ਕਿ ਪੂਰੇ ਪ੍ਰੀਖਿਆ ਕਮਰੇ ਵਿੱਚ ਜ਼ੋਰ ਦੇ ਠਹਾਕੇ ਵੱਜਣ ਲੱਗ ਪਏ। ਸਹਿਮ ਦਾ ਮਾਹੌਲ ਹਾਸੇ-ਠੱਠੇ ਵਿੱਚ ਬਦਲ ਗਿਆ। ਪੇਪਰ ਸ਼ੁਰੂ ਹੋ ਚੁੱਕਿਆ ਸੀ। ਮੈਂ ਪ੍ਰਸ਼ਨ-ਪੱਤਰ ਪੜ੍ਹਿਆ ਤਾਂ ਕੁਝ ਵੀ ਸਮਝ ਨਾ ਲੱਗਿਆ। ਨਿਗਰਾਨ ਅਧਿਆਪਕ ਕੁਝ ਮਿੰਟਾਂ ਬਾਅਦ ਹੀ ਪ੍ਰੀਖਿਆ ਕਮਰੇ ਵਿੱਚੋਂ ਬਾਹਰ ਚਲਾ ਜਾਂਦਾ ਸੀ। ਪੇਪਰ ਦੇ ਰਹੇ ਵਿਦਿਆਰਥੀ ਵੀ ਪਾਣੀ ਪੀਣ ਦੇ ਬਹਾਨੇ ਬਾਹਰ ਆ ਜਾ ਰਹੇ ਸਨ। ਵਿਹਲਾ ਬੈਠਾ ਮੈਂ ਇਹੋ ਕੁਝ ਦੇਖ ਰਿਹਾ ਸੀ। ਮੈਨੂੰ ਕੁਝ ਅਲੱਗ ਕਿਸਮ ਦਾ ਵਾਤਾਵਰਣ ਮਹਿਸੂਸ ਹੋ ਰਿਹਾ ਸੀ। ਮੇਰੇ ਤੋਂ ਅੱਗੇ ਬੈਠਾ ਵਿਦਆਰਥੀ ਬੜੀ ਤੇਜ਼ੀ ਨਾਲ ਪੇਪਰ ਲਿਖ ਰਿਹਾ ਸੀ। ਮੈਂ ਉਸ ਤੋਂ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਇੱਕ ਪੂਰੇ ਉੱਤਰ ਦੀ ਪਰਚੀ ਦੇ ਦਿੱਤੀ ਅਤੇ ਨਾਲ ਹੀ ਪਾਣੀ ਪੀ ਕੇ ਆਉਣ ਦਾ ਇਸ਼ਾਰਾ ਕਰ ਦਿੱਤਾ। ਮੈਂ ਸਮਝ ਗਿਆ ਕਿ ਕਮਰੇ ਵਿੱਚ ਸਾਰੇ ਹੀ ਪਰਚੀਆਂ ਤੋਂ ਨਕਲ ਕਰ ਰਹੇ ਹਨ। ਮੈਂ ਪਰਚੀ ਤੋਂ ਇੱਕ ਉੱਤਰ ਪੂਰਾ ਲਿਖ ਲਿਆ ਅਤੇ ਨਿਗਰਾਨ ਅਧਿਆਪਕ ਤੋਂ ਪਾਣੀ ਪੀਣ ਦੀ ਇਜਾਜ਼ਤ ਮੰਗੀ। ਅਧਿਆਪਕ ਹੱਸ ਕੇ ਬੋਲਿਆ, “ਪੀ ਲਓ ਪਾਣੀ ਜਿੰਨਾ ਪੀਤਾ ਜਾਂਦਾ ਹੈ।” ਅਤੇ ਮੈਨੂੰ “ਪਾਣੀ ਪੀਣ” ਦੀ ਇਜਾਜ਼ਤ ਦੇ ਦਿੱਤੀ। ਮੈਂ ਜਦੋਂ ਪਾਣੀ ਪੀਣ ਗਿਆ ਤਾਂ ਦੇਖਿਆ ਕਿ ਸਾਡੇ ਨਾਲ ਪੇਪਰ ਦਿਵਾਉਣ ਆਏ ਸਕੂਲ ਦੇ ਅਧਿਆਪਕ ਪਰਚੀਆਂ ਪ੍ਰਸ਼ਾਦ ਵਾਂਗ ਵੰਡ ਰਹੇ ਸਨ। ਉਨ੍ਹਾਂ ਮੈਨੂੰ ਪੂਰੇ ਪੇਪਰ ਦੀਆਂ ਪਰਚੀਆਂ ਦੇ ਦਿੱਤੀਆਂ ਤੇ ਖੁਦ ਕਰਨ ਤੋਂ ਬਾਅਦ ਬਾਕੀ ਵਿਦਿਆਰਥੀਆਂ ਵਿੱਚ ਵੰਡ ਦੇਣ ਲਈ ਕਿਹਾ। ਨਕਲ ਦੇ ਸਹਾਰੇ ਸਾਰੇ ਵਿਦਿਆਰਥੀਆਂ ਨੇ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਲਿਖ ਦਿੱਤੇ। ਪੇਪਰ ਦੇਣ ਤੋਂ ਬਾਅਦ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਦੁਨੀਆਂ ਜਿੱਤ ਲਈ ਹੋਵੇ।
ਚੰਗੇ-ਮਾੜੇ ਦੀ ਸਮਝ ਤੋਂ ਅਣਜਾਣ ਬਾਲ-ਮਨਾਂ ’ਤੇ ਇਸ ਪੇਪਰ ਦਾ ਅਜਿਹਾ ਅਸਰ ਹੋਇਆ ਕਿ ਅਸੀਂ ਅਗਲੇ ਪੇਪਰ ਵਿੱਚ ਨਕਲ ਕਰਨ ਲਈ ਪੌਕੇਟ ਗਾਈਡਾਂ ਕੱਪੜਿਆਂ ਵਿੱਚ ਲੁਕਾ ਕੇ ਲੈ ਗਏ। ਅਗਲਾ ਪੇਪਰ ਸਮਾਜਿਕ ਸਿੱਖਿਆ ਵਿਸ਼ੇ ਦਾ ਸੀ। ਉਂਝ ਇਸ ਵਿਸ਼ੇ ਦੀ ਤਿਆਰੀ ਅਸੀਂ ਸਾਰਾ ਸਾਲ ਕੀਤੀ ਹੋਈ ਸੀ ਪ੍ਰੰਤੂ ਪਿਛਲੇ ਪੇਪਰ ਵਿੱਚ ਹੋਈ ਨਕਲ ਤੋਂ ਬਾਅਦ ਪੜ੍ਹਿਆ ਹੀ ਨਾ ਗਿਆ। ਮਨ ਵਿੱਚ ਵਿਚਾਰ ਸੀ ਕਿ ਨਕਲ ਤਾਂ ਹੋਣੀ ਹੀ ਹੈ। ਇਸ ਪੇਪਰ ਵਿੱਚ ਨਿਗਰਾਨ ਅਧਿਆਪਕ ਬਦਲਿਆ ਹੋਇਆ ਸੀ। ਇਹ ਅਧਿਆਪਕ ਨਾ ਤਾਂ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਨਾ ਹੀ ਕਮਰੇ ਤੋਂ ਬਾਹਰ ਜਾ ਰਿਹਾ ਸੀ। ਮੈਂ ਤੇ ਮੇਰੇ ਤੋਂ ਪਿੱਛੇ ਬੈਠਾ ਵਿਦਿਆਰਥੀ ਪੌਕੇਟ ਗਾਈਡ ਖੋਲ੍ਹਣ ਲਈ ਢੁਕਵੇਂ ਮੌਕੇ ਦੀ ਤਲਾਸ਼ ਕਰ ਹੀ ਰਹੇ ਸੀ ਕਿ ਨਿਗਰਾਨ ਅਧਿਆਪਕ ਨੇ ਦੱਸਿਆ ਕਿ ਚਾਲੀ ਮਿੰਟ ਹੋ ਚੁੱਕੇ ਹਨ, ਜਿਹੜੇ ਵਿਦਿਆਰਥੀ ਪੇਪਰ ਨਹੀਂ ਕਰ ਰਹੇ, ਉਹ ਪੇਪਰ ਕਰ ਲੈਣ। ਸ਼ਾਇਦ ਉਸ ਅਧਿਆਪਕ ਨੂੰ ਪਤਾ ਹੋਵੇਗਾ ਕਿ ਵਿਦਿਆਰਥੀਆਂ ਦੇ ਮਨਾਂ ਵਿੱਚ ਕੀ ਹੈ। ਫਿਰ ਕੁਝ ਮਿੰਟਾਂ ਬਾਅਦ ਉਸ ਅਧਿਆਪਕ ਨੇ ਘੋਸ਼ਣਾ ਕੀਤੀ ਕਿ ਬੋਰਡ ਦਾ ਉਡਣ ਦਸਤਾ ਪ੍ਰੀਖਿਆ ਕੇਂਦਰ ਵਿੱਚ ਚੈਕਿੰਗ ਲਈ ਪਹੁੰਚ ਚੁੱਕਾ ਹੈ, ਜੇਕਰ ਕਿਸੇ ਵਿਦਿਆਰਥੀ ਕੋਲ ਕੋਈ ਵੀ ਨਕਲ ਸਮਗਰੀ ਹੈ ਤਾਂ ਉਹ ਪਹਿਲਾਂ ਹੀ ਕੱਢ ਦੇਣ, ਨਹੀਂ ਤਾਂ ਉਡਣ ਦਸਤੇ ਵੱਲੋਂ ਨਕਲ ਦਾ ਕੇਸ ਬਣਾ ਦਿੱਤਾ ਜਾਵੇਗਾ। ਮੇਰੇ ਤੋਂ ਪਿੱਛੇ ਬੈਠੇ ਮਿੱਤਰ ਵੱਲੋਂ ਪਹਿਲ ਕਰਨ ਦੀ ਦੇਰ ਸੀ ਕਿ ਕੁਝ ਪਲਾਂ ਵਿੱਚ ਕਰੀਬ ਸਾਰੇ ਹੀ ਵਿਦਿਆਰਥੀਆਂ ਵੱਲੋਂ ਪਰਚੀਆਂ ਅਤੇ ਪੌਕੇਟ ਗਾਈਡਾਂ ਕੱਢ ਕੇ ਢੇਰ ਲਾ ਦਿੱਤਾ ਗਿਆ। ਨਿਗਰਾਨ ਅਧਿਆਪਕ ਨੇ ਚਪੜਾਸੀ ਨੂੰ ਬਾਲਟੀ ਲੈ ਕੇ ਆਉਣ ਲਈ ਬੋਲ ਮਾਰਿਆ। ਨਕਲ ਸਮਗਰੀ ਨਾਲ ਭਰੀ ਬਾਲਟੀ ਲੈ ਕੇ ਜਾ ਰਿਹਾ ਚਪੜਾਸੀ ਮੈਨੂੰ ਇੰਝ ਲੱਗਿਆ ਜਿਵੇਂ ਮਨ ਦਾ ਸਾਰਾ ਬੋਝ ਲਾਹ ਕੇ ਲੈ ਗਿਆ ਹੋਵੇ। ਪੇਪਰ ਦਾ ਅੱਧਾ ਸਮਾਂ ਬੀਤ ਚੁੱਕਿਆ ਸੀ। ਪੌਕੇਟ ਗਾਈਡ ਦੇ ਭਾਰ ਤੋਂ ਮੁਕਤ ਹੋ ਕੇ ਹੀ ਮੈਂ ਆਪਣਾ ਪੇਪਰ ਲਿਖ ਸਕਿਆ।
ਇਸ ਪੇਪਰ ਤੋਂ ਬਾਅਦ ਮੇਰੇ ਦਿਮਾਗ ਵਿੱਚੋਂ ਨਕਲ ਦਾ ਭੂਤ ਉੱਤਰ ਗਿਆ। ਅਗਲੇ ਪੇਪਰ ਪੜ੍ਹ ਕੇ ਦਿੱਤੇ। ਜਦੋਂ ਨਤੀਜੇ ਆਏ ਤਾਂ ਕੰਪਿਊਟਰ ਦੇ ਪੇਪਰ ਵਿੱਚ ਸਾਰੇ ਵਿਦਿਆਰਥੀ ਹੀ ਚੰਗੇ ਨੰਬਰਾਂ ਨਾਲ ਪਾਸ ਸਨ। ਇਹ ਨਕਲ ਦੀ ਕਰਾਮਾਤ ਸੀ। ਪ੍ਰੰਤੂ ਸਮਾਜਿਕ ਸਿੱਖਿਆ ਦੇ ਪੇਪਰ ਵਿੱਚ ਅੱਧੀ ਤੋਂ ਜ਼ਿਆਦਾ ਜਮਾਤ ਫੇਲ ਸੀ। ਮੈਂ ਕੁਝ ਨੰਬਰਾਂ ਨਾਲ ਹੀ ਪਾਸ ਹੋਇਆ। ਕੰਪਿਊਟਰ ਦੇ ਪੇਪਰ ਵਿੱਚ ਹੋਈ ਨਕਲ ਤੋਂ ਬਾਅਦ ਬਾਲ ਮਨਾਂ ’ਤੇ ਅਜਿਹਾ ਡੂੰਘਾ ਅਸਰ ਹੋਇਆ ਕਿ ਕਈ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਉਚਾਟ ਹੋ ਗਿਆ। ਬਾਅਦ ਦੇ ਪੇਪਰਾਂ ਵਿੱਚ ਨਕਲ ਨਾ ਹੋਣ ਕਾਰਨ ਉਹ ਸੁਖਾਲੇ ਵਿਸ਼ਿਆਂ ਵਿੱਚੋਂ ਵੀ ਫੇਲ ਹੋ ਗਏ। ਫੇਲ ਹੋਏ ਵਿਦਿਆਰਥੀ ਪੜ੍ਹਾਈ ਅਧਵਾਟੇ ਹੀ ਛੱਡ ਗਏ। ਨਸ਼ਿਆਂ ਦੀ ਗ੍ਰਿਫਤ ਵਿੱਚ ਆਇਆ ਇੱਕ ਅਜਿਹਾ ਦੋਸਤ ਕੁਝ ਸਮਾਂ ਪਹਿਲਾਂ ਮਿਲਿਆ ਤਾਂ ਉਸਨੇ ਕੰਪਿਊਟਰ ਦਾ ਪੇਪਰ ਯਾਦ ਕੀਤਾ। ਬੋਲਿਆ, ਕਾਸ਼! ਉਸ ਪੇਪਰ ਵਿੱਚ ਨਕਲ ਨਾ ਹੋਈ ਹੁੰਦੀ। ਨਕਲ ਨਾਲ ਇੱਕ ਪੇਪਰ ਪਾਸ ਕਰਕੇ ਕਈ ਤਾਂ ਜ਼ਿੰਦਗੀ ਵਿੱਚੋਂ ਹੀ ਫੇਲ ਹੋ ਗਏ ਹਨ। ਸੁਣਨ ਵਿੱਚ ਆਉਂਦਾ ਹੈ ਕਿ ਸਿੱਖਿਆ ਮਹਿਕਮਾ ਅੰਕੜਿਆਂ ਦੀ ਖੇਡ ਵਿੱਚ ਉਲਝਿਆ ਪਿਆ ਹੈ। ਸਥਿਤੀ ਪਹਿਲਾਂ ਤੋਂ ਵੀ ਬਦਤਰ ਹੋ ਚੁੱਕੀ ਹੈ। ਆਸ ਹੈ ਕਿ ਸਰਕਾਰ ਸਿੱਖਿਆ ਗੁਣਵੱਤਾ ਵੱਲ ਧਿਆਨ ਦੇਵੇਗੀ ਅਤੇ ਅਧਿਆਪਕ ਜਥੇਬੰਦੀਆਂ ਨਿੱਜੀ ਹਿਤਾਂ ਤਕ ਸੀਮਿਤ ਨਾ ਰਹਿ ਕੇ ਸਮਾਜਿਕ ਸਰੋਕਾਰਾਂ ਵੱਲ ਗ਼ੌਰ ਕਰਨਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































