“ਕੁਝ ਦਿਨਾਂ ਬਾਅਦ ਉਸ ਔਰਤ ਦਾ ਭਤੀਜਾ ਬੈਂਕ ਆ ਗਿਆ। ਉਹ ਪੜ੍ਹਿਆ ਲਿਖਿਆ ...”
(21 ਅਗਸਤ 2026)
ਤਕਰੀਬਨ ਸੱਤ ਕੁ ਸਾਲ ਪਹਿਲਾਂ ਬੈਂਕਾਂ ਦੇ ਰਲੇਵੇਂ ਮਗਰੋਂ ਮੇਰੀ ਬਦਲੀ ਮਾਲਵੇ ਤੋਂ ਦੋਆਬੇ ਦੀ ਇੱਕ ਤਹਿਸੀਲ ਦੀ ਬੈਂਕ ਸ਼ਾਖਾ ਵਿੱਚ ਹੋ ਗਈ। ਹਾਲੇ ਹਫਤਾ ਹੀ ਹੋਇਆ ਸੀ ਇੱਥੇ ਨਿਯੁਕਤੀ ਨੂੰ ਕਿ ਸ਼ਾਖਾ ਪ੍ਰਬੰਧਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਸੌਂਪ ਕੇ ਵਸੂਲੀ ਲਈ ਘਰ-ਘਰ ਜਾਣ ਦਾ ਹੁਕਮ ਹੋ ਗਿਆ। ਸਕਿਉਰਿਟੀ ਗਾਰਡ ਅਤੇ ਮੈਂ ਮੋਟਰਸਾਈਕਲ ’ਤੇ ਕਈ ਪਿੰਡਾਂ ਵਿੱਚ ਗਏ। ਨਵੇਂ ਲੋਕ, ਨਵਾਂ ਮਾਹੌਲ ਪਰ ਜੋ ਗੱਲ ਸਾਂਝੀ ਸੀ, ਉਹ ਸੀ ਲੋਕਾਈ ਦੀ ਪੀੜਾ। ਹਰੇਕ ਘਰ ਦੀ ਆਪਣੀ ਵਿਲੱਖਣ ਸਮੱਸਿਆ। ਕਿਸੇ ਨੂੰ ਬਿਮਾਰੀ ਨੇ ਦੱਬ ਲਿਆ, ਕਿਸੇ ਨੂੰ ਟਰੈਵਲ ਏਜੰਟ ਨੇ ਠੱਗ ਲਿਆ, ਕਿਸੇ ਪਰਿਵਾਰ ਦੇ ਕਮਾਊ ਮੈਂਬਰ ਦੀ ਮੌਤ ਹੋ ਗਈ, ਕਿਸੇ ਦੀ ਫਸਲ ਮਰ ਗਈ, ਆਦਿ।
ਪਿੰਡਾਂ ਦੇ ਨਾਮ ਵੀ ਨਵੇਂ-ਨਵੇਂ ਜਾਪਦੇ। ਇਨ੍ਹਾਂ ਪਿੰਡਾਂ ਵਿੱਚ ਮਾਲਵੇ ਦੇ ਪਿੰਡਾਂ ਵਰਗੀ ਰੌਣਕ ਨਹੀਂ ਸੀ। ਨਾ ਹੀ ਲੋਕਾਂ ਵਿੱਚ ਮਲਵਈਆਂ ਵਰਗਾ ਮੋਹ-ਪਿਆਰ। ਜ਼ਿਆਦਾਤਰ ਘਰਾਂ ਵਿੱਚ ਪਾਣੀ ਦੀ ਸੁਲ੍ਹਾ ਵੀ ਨਹੀਂ ਸੀ ਮਾਰੀ ਜਾਂਦੀ। ਪਰ ਇੱਕ ਦਿਨ ਦੁਪਹਿਰ ਤੋਂ ਬਾਅਦ ਇੱਕ ਘਰ ਵਿੱਚ ਬਿਲਕੁਲ ਵੱਖਰਾ ਤਜਰਬਾ ਹੋਇਆ। ਅਸੀਂ ਘਰ ਦਾ ਬੂਹਾ ਖੜਕਾਇਆ। ਅੰਦਰੋਂ ਇੱਕ ਅਧਖੜ ਉਮਰ ਦੀ ਔਰਤ ਆਈ। ਅਸੀਂ ਆਪਣੀ ਪਛਾਣ ਦੱਸੀ ਤੇ ਉਸ ਔਰਤ ਨੇ ਬੜੇ ਸਲੀਕੇ ਨਾਲ ਸਾਨੂੰ ਘਰ ਦੇ ਅੰਦਰ ਬਿਠਾਇਆ। ਸਾਡੇ ਇਨਕਾਰ ਕਰਨ ਦੇ ਬਾਵਜੂਦ ਉਸਨੇ ਪਾਣੀ ਪਿਲਾਇਆ ਅਤੇ ਫਿਰ ਚਾਹ ਰੱਖ ਲਈ। ਉਸ ਘਰ ਵਿੱਚ ਨਾ ਕੋਈ ਬੱਚਾ, ਨਾ ਵੱਡਾ, ਕੇਵਲ ਤੇ ਕੇਵਲ ਦੋ ਲਵੇਰੀਆਂ ਮੱਝਾਂ ਸਨ। ਜਦੋਂ ਮੈਂ ਉਸ ਔਰਤ ਤੋਂ ਬੈਂਕ ਦਾ ਕਰਜ਼ ਨਾ ਮੋੜਨ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ। ਪਤੀ ਵਿਦੇਸ਼ ਵਿੱਚ ਸੀ, ਮਿਹਨਤ-ਮੁਸ਼ੱਕਤ ਨਾਲ ਇੱਥੇ ਚੰਗਾ ਘਰ-ਬਾਰ ਬਣਾ ਲਿਆ। ਪਰ ਇਕਲੌਤਾ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਿਆ। ਬਾਪ, ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪੰਜਾਬ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਦਿਲ ਦਾ ਦੌਰਾ ਪੈ ਗਿਆ। ਘਰ ਆਉਣ ਦੀ ਬਜਾਏ ਬਾਪ ਦਿੱਲੀ ਕਿਸੇ ਹਸਪਤਾਲ ਵਿੱਚ ਦਾਖਲ ਰਿਹਾ। ਲੱਖਾਂ ਦਾ ਬਿੱਲ ਬਣ ਗਿਆ ਪਰ ਬਚ ਨਾ ਸਕਿਆ। ਔਰਤ ਦਾ ਨਾ ਪੁੱਤ ਰਿਹਾ ਤੇ ਨਾ ਪਤੀ, ਜੋ ਪੂੰਜੀ ਸੀ, ਸਾਰੀ ਰੁੜ੍ਹ ਗਈ। ਕੋਲ ਰਹਿ ਗਈ ਮੁਟਿਆਰ ਧੀ ਤੇ ਚਾਰ ਏਕੜ ਜ਼ਮੀਨ। ਧੀ ਦੇ ਹੱਥ ਪੀਲੇ ਕਰਨ ਲਈ ਉਸਨੇ ਵੀਹ ਲੱਖ ਦੀ ਲਿਮਟ ਬਣਾ ਲਈ। ਪਰ ਦਿਓਰ ਨੇ ਝਾਂਸੇ ਨਾਲ ਪੈਸੇ ਆਪ ਵਰਤ ਲਏ ਤੇ ਉਹ ਵਿਦੇਸ਼ ਉਡਾਰੀ ਮਾਰ ਗਿਆ।
ਧੀ ਦੇ ਵਿਆਹ ਤੋਂ ਪਹਿਲਾਂ ਹੀ ਉਸ ਔਰਤ ਦਾ ਬੈਂਕ ਦੀ ਡਿਫਾਲਟਰ ਸੂਚੀ ਵਿੱਚ ਨਾਮ ਪੈ ਗਿਆ। ਬੈਂਕ ਮੁਲਾਜ਼ਮਾਂ ਦੇ ਰਿਕਵਰੀ ਲਈ ਗੇੜੇ ਸ਼ੁਰੂ ਹੋ ਗਏ। ਜਦੋਂ ਦਿਓਰ ਪੈਸੇ ਮੋੜਨ ਤੋਂ ਮੁੱਕਰ ਗਿਆ ਤਾਂ ਉਸ ਔਰਤ ਨੇ ਮਿੰਨਤਾਂ-ਤਰਲਿਆਂ ਨਾਲ ਕਿਸੇ ਸ਼ਾਹੂਕਾਰ ਤੋਂ ਹੋਰ ਕਰਜ਼ ਚੁੱਕ ਲਿਆ। ਕਿਸੇ ਰਿਸ਼ਤੇਦਾਰ ਨੇ ਧੀ ਦਾ ਰਿਸ਼ਤਾ ਕੈਨੇਡਾ ਵਸਨੀਕ ਲੜਕੇ ਨਾਲ ਕਰਵਾ ਦਿੱਤਾ। ਧੀ ਵਿਆਹ ਪਿੱਛੋਂ ਕੈਨੇਡਾ ਚਲੀ ਗਈ।
ਗੱਲਾਂ ਦੱਸਦਿਆਂ ਉਹ ਔਰਤ ਭਾਵੁਕ ਹੋ ਗਈ। ਫਿਰ ਬੋਲੀ, “ਬੰਦੇ ਖਰੇ ਨਹੀਂ ਨਿਕਲੇ ਪੁੱਤ, ਸਾਰੀ ਮੰਗ ਵੀ ਪੂਰੀ ਕੀਤੀ ਸੀ ਮੈਂ। ਹੁਣ ਤੰਗ ਕਰਦੇ ਆ ਕੁੜੀ ਨੂੰ, ਅਖੇ ਜ਼ਮੀਨ ਲਿਆ ਆਪਣੀ ਮਾਂ ਤੋਂ।”
“ਮੁੰਡੇ ਵਾਲਿਆਂ ਦਾ ਪਿੱਛਾ ਪੁੱਛਣ ’ਤੇ ਉਹ ਬੋਲੀ, “ਪਿੱਛਾ ਉਨ੍ਹਾਂ ਦਾ ਮੌੜਾਂ ਪਿੰਡ ਦਾ ਐ, ਜਿਉਣੇ ਆਲੀਆਂ ਮੌੜਾਂ ਆਖਦੇ ਨੇ।”
ਮੈਨੂੰ ਇਹ ਸੁਣ ਕੇ ਝਟਕਾ ਜਿਹਾ ਲੱਗਾ। ਮੈਂ ਦੱਸਿਆ ਕਿ ਮੇਰਾ ਪਿੰਡ ਵੀ ਜਿਉਣੇ ਆਲੀਆਂ ਮੌੜਾਂ ਦੇ ਨਾਲ ਹੀ ਐ। ਸਾਰੀ ਵਿਥਿਆ ਸੁਣਾ ਕੇ ਉਹ ਆਪ ਹੀ ਬੋਲੀ, “ਪੁੱਤ, ਤੁਸੀਂ ਮੁਲਾਜ਼ਮ ਹੋ, ਗੇੜਾ ਮਾਰਨਾ ਤੁਹਾਡਾ ਫਰਜ਼ ਐ। ਪਰ ਇਸ ਵਕਤ ਪੈਸਾ ਤਾਰਨਾ ਮੇਰੇ ਵੱਸ ਦੀ ਗੱਲ ਨਹੀਂ। ਤੁਸੀਂ ਜੀ ਸਦਕੇ ਜਦੋਂ ਮਰਜ਼ੀ ਆਉ। ਚਾਹ ਪਾਣੀ ਪੀਓ। ਜਦੋਂ ਮੈਨੂੰ ਠੀਕ ਭਾਅ ਮਿਲਿਆ ਤਾਂ ਮੈਂ ਨਿਆਈਂ ਵਾਲਾ ਇੱਕ ਕਿੱਲਾ ਵੇਚ ਕੇ ਪੈਸੇ ਤਾਰ ਦਿਆਂਗੀ।”
ਅਸੀਂ ਦਿਲਾਸਾ ਦੇਣ ਜੋਗੇ ਵੀ ਨਹੀਂ ਸੀ, ਤਕਦੀਰਾਂ ਦੇ ਸੌਦੇ ਜੋ ਨੇ।
ਅਸੀਂ ਭਰੇ ਮਨ ਨਾਲ ਵਾਪਸ ਆ ਗਏ। ਹਫਤੇ-ਦਸ ਦਿਨ ਪਿੱਛੋਂ ਸਾਨੂੰ ਹਦਾਇਤਾਂ ਅਨੁਸਾਰ ਗੇੜਾ ਤਾਂ ਮਾਰਨਾ ਪੈਂਦਾ ਪਰ ਅਸੀਂ ਕਰਜ਼ੇ ਦੀ ਗੱਲ ਨਾ ਕਰਦੇ। ਇਵੇਂ ਲਗਭਗ ਡੇਢ ਸਾਲ ਲੰਘ ਗਿਆ। ਫਿਰ ਇੱਕ ਦਿਨ ਉਸ ਔਰਤ ਨੇ ਸਾਨੂੰ ਫੋਨ ਕਰਕੇ ਘਰ ਬੁਲਾਇਆ। ਉਹ ਬੋਲੀ, “ਪੁੱਤ ਨਿਆਈਂ ਵਾਲੇ ਕਿਲੇ ਦਾ ਸੌਦਾ ਲਗਭਗ ਤੈਅ ਹੈ। ਮੇਰਾ ਭਤੀਜਾ ਆਊਗਾ ਅਗਲੇ ਹਫਤੇ ਤਕ। ਓਹੀ ਪੱਕੀ ਗੱਲ ਕਰੂਗਾ ਡੀਲਰ ਨਾਲ। ਨਾਲੇ ਬੈਂਕ ਦੇ ਪੈਸੇ ਭਰਨ ਆਊ ਤੁਹਾਡੇ ਕੋਲ। ਆਪਣਾ ਖੂਨ ਆ ਪੁੱਤ!ਬੇਗਾਨੇ ਬੰਦਿਆਂ ’ਤੇ ਕਾਹਦਾ ਭਰੋਸਾ ਕਲਯੁੱਗ ਵਿੱਚ।”
ਔਰਤ ਵੱਲੋਂ ਬੈਂਕ ਦੇ ਪੈਸੇ ਭਰਨ ਦੀ ਆਖੀ ਗੱਲ ਅਸੀਂ ਆਪਣੇ ਸ਼ਾਖਾ ਪ੍ਰਬੰਧਕ ਨੂੰ ਦੱਸੀ। ਬਿਆਜ ਲੱਗ ਕੇ ਕੁੱਲ ਰਾਸ਼ੀ ਪੈਂਤੀ ਲੱਖ ਰੁਪਏ ਬਣਦੀ ਸੀ। ਸੈਟਲਮੈਂਟ ਸਕੀਮ ਤਹਿਤ ਸਾਰਾ ਬਿਆਜ ਛੱਡਿਆ ਜਾ ਸਕਦਾ ਸੀ। ਸਾਨੂੰ ਤਾਕੀਦ ਸੀ ਕਿ ਜ਼ਿਆਦਾ ਪੁਰਾਣਾ ਕੇਸ ਹੈ, ਜਿੱਥੇ ਵੀ ਸਹਿਮਤੀ ਬਣਦੀ ਹੈ, ਕੇਸ ਨਿਬੇੜ ਦਿੱਤਾ ਜਾਵੇ।
ਕੁਝ ਦਿਨਾਂ ਬਾਅਦ ਉਸ ਔਰਤ ਦਾ ਭਤੀਜਾ ਬੈਂਕ ਆ ਗਿਆ। ਉਹ ਪੜ੍ਹਿਆ ਲਿਖਿਆ ਸਿੱਖ ਨੌਜਵਾਨ ਸੀ। ਉਹਨੇ ਮੇਰੇ ਤੋਂ ਖਾਤਾ ਬੰਦ ਕਰਨ ਵਾਸਤੇ ਕੁੱਲ ਰਾਸ਼ੀ ਪੁੱਛੀ। ਹਦਾਇਤਾਂ ਅਨੁਸਾਰ ਪੈਂਤੀ ਲੱਖ ਦਾ ਵੇਰਵਾ ਪਾ ਕੇ, ਸੈਟਲਮੈਂਟ ਸਕੀਮ ਨਾਲ ਲੋਨ ਪੱਚੀ ਲੱਖ ਵਿੱਚ ਬੰਦ ਕਰਨ ਦੀ ਤਜਵੀਜ਼ ਮੈਂ ਰੱਖ ਦਿੱਤੀ। ਸਾਰਾ ਕੁਝ ਮੈਂ ਨਾਲੋ ਨਾਲ ਕਾਗਜ਼ ’ਤੇ ਲਿਖ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਉਹ ਨੌਜਵਾਨ ਬਿਆਜ ਵਿੱਚੋਂ ਹੋਰ ਛੋਟ ਮੰਗੇਗਾ ਤੇ ਅਸੀਂ ਵੀਹ-ਬਾਈ ਲੱਖ ਵਿੱਚ ਲੋਨ ਕੇਸ ਬੰਦ ਕਰ ਦੇਵਾਂਗੇ। ਪਰ ਉਹ ਬੋਲਿਆ, “ਮੈਨੇਜਰ ਸਾਬ੍ਹ, ਤੁਸੀਂ ਭੂਆ ਨੂੰ ਸਤਾਈ ਲੱਖ ਆਖ ਦੇਣਾ। ਦੋ ਲੱਖ ਮੇਰਾ।”
ਇਹ ਸੁਣ ਕੇ ਮੈਂ ਸੁੰਨ ਹੋ ਗਿਆ ਤੇ ਮੇਰੇ ਹੱਥੋਂ ਪੈੱਨ ਡਿਗ ਪਿਆ। ਉਹਦੇ ਕਈ ਵਾਰ ਬੁਲਾਉਣ ਤੋਂ ਬਾਅਦ ਮੈਂ ਕਿਹਾ, “ਕੀ ਤੂੰ ਸੱਚਮੁੱਚ ਉਹਦਾ ਆਪਣਾ ਖ਼ੂਨ ਐ? ਕਿੱਥੇ ਦੇਵੇਂਗਾ ਲੇਖਾ, ਮਰਿਆਂ ਦਾ ਮਾਸ ਖਾ ਕੇ।”
ਇਸ ਘਟਨਾ ਤੋਂ ਬਾਅਦ ਉਹ ਕਦੇ ਨਹੀਂ ਆਇਆ ਤੇ ਕੁਝ ਮਹੀਨਿਆਂ ਪਿੱਛੋਂ ਮੇਰੀ ਬਦਲੀ ਮੁੜ ਮਾਲਵੇ ਦੇ ਇੱਕ ਪਿੰਡ ਵਿੱਚ ਹੋ ਗਈ।
ਉਸ ਔਰਤ ਦਾ ਕੀ ਬਣਿਆ, ਪਤਾ ਨਹੀਂ, ਪਰ ਜਦੋਂ ਵੀ ਇਹ ਘਟਨਾ ਯਾਦ ਆ ਜਾਂਦੀ ਹੈ ਤਾਂ ਉਸ ਔਰਤ ਦੇ ਬੋਲ, “ਆਪਣਾ ਖੂਨ ਆ ਪੁੱਤ!” ਮੇਰੇ ਅੰਦਰ ਗੂੰਜਣ ਲੱਗ ਜਾਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































