“ਉਸਦੀ ਦੱਸੀ ਗੱਲ ਕੰਨਾਂ ਰਾਹੀਂ ਅੰਦਰ ਨਹੀਂ ਗਈ, ਸਿੱਧੀ ਦਿਲ ਨੂੰ ਪਾੜ ਗਈ ...”
(17 ਸਤੰਬਰ 2026)
ਮੈਂ ਉਹਦੇ ਕੋਲ ਫ਼ਲ ਲੈਣ ਚਲਾ ਗਿਆ। ਉਸਦੇ ਚਿਹਰੇ ’ਤੇ ਅਜੀਬ ਜਿਹੀ ਰੌਣਕ ਸੀ ਪਰ ਉਸ ਰੌਣਕ ਦੇ ਪਿੱਛੇ ਡੂੰਘੀ ਉਦਾਸੀ ਵੀ ਝਲਕ ਰਹੀ ਸੀ। ਇਵੇਂ ਲਗਦਾ ਸੀ ਜਿਵੇਂ ਉਹਦੀ ਖੁਸ਼ੀ ਵਿੱਚ ਵੀ ਕੋਈ ਦਰਦ ਵਸਦਾ ਹੋਵੇ ਅਤੇ ਉਦਾਸੀ ਵਿੱਚ ਵੀ ਕੋਈ ਅਣਕਹੀ ਆਸ ਬਚੀ ਹੋਈ ਹੋਵੇ। ਉਹਦਾ ਫਲਾਂ ਦਾ ਕੰਮ ਕਿਸੇ ਵੇਲੇ ਬਹੁਤ ਵਧੀਆ ਚਲਦਾ ਸੀ। ਦੋਵੇਂ ਪੁੱਤਰ ਉਹਦੇ ਨਾਲ ਹੀ ਕੰਮ ਕਰਦੇ ਸਨ। ਇੱਕ ਪੁੱਤਰ ਫਲ ਵੇਚਣ ਵਿੱਚ ਹੱਥ ਵਟਾਉਂਦਾ ਤੇ ਦੂਜਾ ਉਸੇ ਦੁਕਾਨ ’ਤੇ ਫਲਾਂ ਦਾ ਰਸ ਵੇਚਦਾ ਸੀ। ਗਾਹਕਾਂ ਦੀ ਚੰਗੀ ਰੌਣਕ ਲੱਗੀ ਰਹਿੰਦੀ। ਦੁਕਾਨ ਵੀ ਚੰਗੀ ਚੱਲ ਰਹੀ ਸੀ ਅਤੇ ਘਰ ਦਾ ਗੁਜ਼ਾਰਾ ਵੀ ਚੰਗਾ ਚੱਲ ਰਿਹਾ ਸੀ। ਪਰ ਅੱਜ ਜਦੋਂ ਮੈਂ ਉਸਦੀ ਦੁਕਾਨ ’ਤੇ ਗਿਆ ਤਾਂ ਫਲਾਂ ਦੇ ਰਸ ਵਾਲਾ ਕੰਮ ਬੰਦ ਸੀ ਅਤੇ ਦੁਕਾਨ ’ਤੇ ਉਹ ਇਕੱਲਾ ਹੀ ਬੈਠਾ ਸੀ। ਮੈਂ ਪੁੱਛਿਆ, “ਬੱਚੇ ਕਿੱਥੇ ਨੇ?”
ਉਸਨੇ ਧੁਰ ਅੰਦਰੋਂ ਨਿਕਲੀ ਅਵਾਜ਼ ਵਿੱਚ ਕਿਹਾ, “ਇੱਕ ਬੇਟਾ ਆਰਮੀ ਵਿੱਚ ਭੇਜ ਦਿੱਤਾ ਤੇ ਦੂਜਾ ਕਿਸੇ ਅਰਬ ਦੇਸ਼ ਵਿੱਚ।”
ਮੈਂ ਹੈਰਾਨ ਹੋ ਕੇ ਪੁੱਛਿਆ, “ਇੱਥੇ ਤਾਂ ਤੇਰਾ ਕੰਮ ਇੰਨਾ ਵਧੀਆ ਚਲਦਾ ਸੀ। ਬੱਚਿਆਂ ਨੂੰ ਬਾਹਰ ਭੇਜਣ ਦੀ ਕੀ ਲੋੜ ਪੈ ਗਈ?”
ਉਸਨੇ ਇੱਕ ਲੰਮਾ ਹਉਕਾ ਲਿਆ। ਫਿਰ ਬੋਲਿਆ, “ਹਰ ਰੋਜ਼ ਸਵੇਰੇ ਛੇ ਵਜੇ ਤੋਂ ਸ਼ਾਮ ਦੇ ਅੱਠ ਵਜੇ ਤਕ ਇਸੇ ਚੌਂਕ ਵਿੱਚ ਖੜ੍ਹਾ ਰਹਿੰਦਾ ਹਾਂ। ਜੋ ਕੁਝ ਇਹ ਅੱਖਾਂ ਹਰ ਰੋਜ਼ ਦੇਖਦੀਆਂ ਨੇ, ਉਹ ਧੁਰ ਅੰਦਰ ਤਕ ਰੂਹ ਕੰਬਾ ਦਿੰਦੀਆਂ ਨੇ। ਆਂਦਰਾਂ ਪਾੜ ਦੇਣ ਵਾਲਾ ਮੰਜ਼ਰ ਹੁੰਦਾ ਹੈ। ਨਾ ਦਿਨ ਚੈਨ ਨਾਲ ਲੰਘਦਾ ਹੈ ਅਤੇ ਨਾ ਰਾਤ ਨੂੰ ਨੀਂਦ ਆਉਂਦੀ ਹੈ। ਡਰ ਲੱਗਿਆ ਰਹਿੰਦਾ ਹੈ ਕਿ ਚਿੱਟੇ ਦੀ ਚੱਲੀ ਹਨੇਰੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਦੋਵਾਂ ਬੱਚਿਆਂ ਨੂੰ ਹੂੰਝ ਕੇ ਲੈ ਜਾਵੇ।”
ਉਸਦੀਆਂ ਅੱਖਾਂ ਵਿੱਚ ਆਪਣੇ ਪੁੱਤਰਾਂ ਦਾ ਭਵਿੱਖ ਹੀ ਨਹੀਂ, ਸਗੋਂ ਪੂਰੀ ਪੀੜ੍ਹੀ ਦਾ ਡਰ ਤੈਰ ਰਿਹਾ ਸੀ। ਗਲੀ ਵਿੱਚ ਹਰ ਵੇਲੇ ਡਰ ਬਣਿਆ ਰਹਿੰਦਾ ਹੈ। ਉਹ ਬੋਲਿਆ, “ਕੋਈ ਜਵਾਕਾਂ ਨੂੰ ਭੈੜੇ ਨਸ਼ੇ ਦੀ ਲੱਤ ਨਾ ਲਾ ਦੇਵੇ, ਵਗ ਰਹੀ ਏ ਤੱਤੜੀ ਤੇ ਕਲਹਿਣੀ ਹਵਾ ...। ਬਹੁਤ ਡਰ ਲਗਦਾ ਏ ਇਸ ਹਵਾ ਤੋਂ।”
ਉਸਦੀ ਗੱਲ ਨੇ ਮੇਰੀ ਉਤਸੁਕਤਾ ਹੋਰ ਵਧਾ ਦਿੱਤੀ। ਮੈਂ ਪੁੱਛ ਲਿਆ, “ਤੁਸੀਂ ਚੌਂਕ ਵਿੱਚ ਅਜਿਹਾ ਕੀ ਦੇਖਦੇ ਹੋ?”
ਉਸਦੀ ਦੱਸੀ ਗੱਲ ਕੰਨਾਂ ਰਾਹੀਂ ਅੰਦਰ ਨਹੀਂ ਗਈ, ਸਿੱਧੀ ਦਿਲ ਨੂੰ ਪਾੜ ਗਈ। ਉਹ ਕਹਿਣ ਲੱਗਾ, “ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਆਇਆ। ਭੈਣ ਦੀ ਉਮਰ ਬਹੁਤ ਛੋਟੀ ਸੀ। ਉਸ ਭਰਾ ਨੇ ਇੱਕ ਕਾਰ ਵਾਲੇ ਮੁੰਡੇ ਤੋਂ ਕੁਝ ਪੈਸੇ ਲਏ ਤੇ ਭੈਣ ਨੂੰ ਕਾਰ ਵਿੱਚ ਚੜ੍ਹਾ ਦਿੱਤਾ।”
ਇੱਕ ਪਲ ਲਈ ਉਹ ਚੁੱਪ ਹੋ ਗਿਆ। ਇਹ ਕਿਹੋ ਜਿਹਾ ਸਮਾਂ ਆ ਗਿਆ ਹੈ? ਜਿਨ੍ਹਾਂ ਰਿਸ਼ਤਿਆਂ ਨੂੰ ਅਸੀਂ ਪਵਿੱਤਰਤਾ ਦੀਆਂ ਮਿਸਾਲਾਂ ਮੰਨਦੇ ਆਏ ਹਾਂ, ਉਹੀ ਰਿਸ਼ਤੇ ਜਦੋਂ ਨਸ਼ੇ ਦੇ ਭਾਰ ਹੇਠ ਦੱਬ ਜਾਣ ਤਾਂ ਸਮਾਜ ਦੀ ਰੂਹ ਕਿੱਥੇ ਬਚਦੀ ਹੈ? ਰੱਖੜੀ ਦਾ ਧਾਗਾ ਸਿਰਫ ਇੱਕ ਧਾਗਾ ਨਹੀਂ ਹੁੰਦਾ, ਇਸ ਵਿੱਚ ਭਰਾ ਵੱਲੋਂ ਭੈਣ ਦੀ ਰੱਖਿਆ ਦਾ ਵਾਅਦਾ ਬੱਝਿਆ ਹੁੰਦਾ ਹੈ। ਪਰ ਜਦੋਂ ਉਹੀ ਰੱਖਿਆ ਕਰਨ ਵਾਲੇ ਹੱਥ ਨਸ਼ੇ ਦੀ ਲੱਤ ਪੂਰੀ ਕਰਨ ਲਈ ਰਿਸ਼ਤਿਆਂ ਦੀਆਂ ਤੰਦਾਂ ਲੀਰੋ-ਲੀਰ ਕਰਨ ਲੱਗ ਪੈਣ ਤਾਂ ਇਹ ਸਿਰਫ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ ਰਹਿੰਦੀ, ਇਹ ਪੂਰੇ ਸਮਾਜ ਲਈ ਚਿਤਾਵਣੀ ਬਣ ਜਾਂਦੀ ਹੈ। ਉਹ ਅੱਗੇ ਬੋਲਿਆ, “ਨਸ਼ੇ ਦੀ ਭਲ ਪੂਰੀ ਕਰਨ ਲਈ ਇੱਕ ਪਤੀ ਆਪਣੀ ਪਤਨੀ ਨੂੰ ਕਿਸੇ ਪਰਾਏ ਮਰਦ ਕੋਲ ਦੋ ਘੰਟਿਆਂ ਲਈ ਖੁਦ ਛੱਡ ਕੇ ਆਉਂਦਾ ਹੈ।”
ਉਸਦੇ ਸ਼ਬਦਾਂ ਵਿੱਚ ਗੁੱਸਾ ਨਹੀਂ ਸੀ। ਸਿਰਫ ਇੱਕ ਡੂੰਘੀ ਹਾਰ ਸੀ, ਇੱਕ ਅਜਿਹੇ ਸਮਾਜ ਅੱਗੇ ਹਾਰ, ਜਿੱਥੇ ਨਸ਼ਾ ਮਨੁੱਖ ਤੋਂ ਉਸਦੀ ਸੋਚ, ਉਸਦਾ ਸਵੈਮਾਣ, ਉਸਦੇ ਰਿਸ਼ਤੇ ਅਤੇ ਆਖਰਕਾਰ ਉਸਦੀ ਜ਼ਿੰਦਗੀ ਤਕ ਖੋਹ ਰਿਹਾ ਹੈ। ਇਸ ਤੱਤੜੀ ਹਵਾ ਦੇ ਵਹਿਣ ਵਿੱਚ ਮਾਵਾਂ-ਭੈਣਾਂ ਦੀਆਂ ਬਾਲੀਆਂ ਖੋਹਣ ਲਈ ਕੰਨਾਂ ਤਕ ਪਾੜ ਦਿੱਤੇ ਜਾਂਦੇ ਹਨ। ਝਟਕੇ ਮਾਰ ਕੇ ਔਰਤਾਂ ਨੂੰ ਗਲੀਆਂ ਵਿੱਚ ਘੜੀਸਿਆ ਜਾਂਦਾ ਹੈ। ਔਰਤ ਪੂਰੀ ਤਰ੍ਹਾਂ ਸਹਿਮ ਵਿੱਚ ਹੈ। ਘਰ ਦੀ ਚਾਰਦਿਵਾਰੀ, ਗਲੀ ਦਾ ਮੋੜ, ਬਜ਼ਾਰ ਦਾ ਚੌਂਕ, ਕਿਤੇ ਵੀ ਉਸਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਨਹੀਂ।
ਇਹ ਕਿਹੜੀ ਹਵਾ ਵਗ ਪਈ ਹੈ? ਇਹ ਉਹ ਪੰਜਾਬ ਤਾਂ ਨਹੀਂ ਜਿਸਦੀ ਧਰਤੀ ਨੇ ਦੁਨੀਆ ਨੂੰ ਹਿੰਮਤ, ਮਿਹਨਤ, ਸਾਂਝ, ਭਾਈਚਾਰੇ ਅਤੇ ਕੁਰਬਾਨੀ ਦੇ ਅਰਥ ਸਿਖਾਏ ਸਨ। ਜ਼ਰਖੇਜ਼ ਧਰਤੀ ਨੂੰ ਜਿਵੇਂ ਬਹੁਤ ਭੈੜੀ ਨਜ਼ਰ ਲੱਗ ਗਈ ਹੈ। ਬੁਰੀਆਂ ਬਲਾਵਾਂ ਨੇ ਇਸ ਧਰਤੀ ਨੂੰ ਜਕੜ ਲਿਆ ਹੈ। ਖੇਤਾਂ ਵਿੱਚ ਫਸਲਾਂ ਉੱਗ ਰਹੀਆਂ ਹਨ ਪਰ ਸਮਾਜ ਦੀ ਰੂਹ ਵਿੱਚ ਡਰ, ਨਸ਼ਾ, ਬੇਵਸੀ ਅਤੇ ਬੇਵਿਸ਼ਵਾਸੀ ਦੀ ਫਸਲ ਉੱਗਦੀ ਜਾਪਦੀ ਹੈ। ਅੱਜ ਲੋੜ ਸਿਰਫ ਇਹ ਸੋਚਣ ਦੀ ਨਹੀਂ ਕਿ ਸਾਡੇ ਬੱਚੇ ਕਿੱਥੇ ਜਾਣ, ਲੋੜ ਇਹ ਸੋਚਣ ਦੀ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਸਮਾਜ ਛੱਡ ਕੇ ਜਾ ਰਹੇ ਹਾਂ।
ਬੱਚਿਆਂ ਨੂੰ ਵਿਦੇਸ਼ ਭੇਜਣਾ ਜਾਂ ਫੌਜ ਵਿੱਚ ਭੇਜਣਾ ਕਿਸੇ ਮਾਪੇ ਦਾ ਸੁਪਨਾ ਵੀ ਹੋ ਸਕਦਾ ਹੈ ਪਰ ਜੇਕਰ ਉਨ੍ਹਾਂ ਨੂੰ ਆਪਣੇ ਹੀ ਪਿੰਡ, ਆਪਣੇ ਹੀ ਸ਼ਹਿਰ ਅਤੇ ਆਪਣੀ ਹੀ ਧਰਤੀ ’ਤੇ ਭਵਿੱਖ ਸੁਰੱਖਿਅਤ ਨਾ ਕਰ ਪਾਏ ਤਾਂ ਇਹ ਸਾਡੇ ਸਮਾਜ ਲਈ ਵੱਡਾ ਸਵਾਲ ਹੈ।
ਸਾਨੂੰ ਉਸ ਤੱਤੜੀ ਹਵਾ ਦਾ ਰੁਖ ਬਦਲਣਾ ਪਵੇਗਾ, ਸਾਨੂੰ ਆਪਣੇ ਚੌਂਕਾਂ, ਗਲੀਆਂ ਅਤੇ ਪਿੰਡਾਂ ਨੂੰ ਮੁੜ ਅਜਿਹੀ ਥਾਂ ਬਣਾਉਣਾ ਪਵੇਗਾ ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਡਰ ਦੇ ਹੱਸਦੇ ਖੇਡਦੇ, ਜਵਾਨ ਹੁੰਦੇ ਅਤੇ ਜ਼ਿੰਮੇਵਾਰੀਆਂ ਸੰਭਾਲਦੇ ਦੇਖ ਸਕਣ। ਜਿੱਥੇ ਧੀਆਂ ਦੀ ਸੁਰੱਖਿਆ ਸਮਾਜਿਕ ਜ਼ਿੰਮੇਵਾਰੀ ਹੋਵੇ, ਜਿੱਥੇ ਨਸ਼ਾ ਜਵਾਨੀ ਦਾ ਰਾਹ ਨਾ ਬਣੇ ਅਤੇ ਕੋਈ ਆਪਣੀ ਅਣਖ ਮਿੱਟੀ ਵਿੱਚ ਰੋਲਣ ਲਈ ਮਜਬੂਰ ਨਾ ਹੋਵੇ।
ਸੁਰਜੀਤ ਪਾਤਰ ਲਿਖਦੇ ਹਨ:
ਵਗਦੀਆਂ ਪੌਣਾਂ ਕਪੱਤੀਆਂ
... ਤੂੰ ਜਗਾ ਦੇ ਮੋਮਬੱਤੀਆਂ।”
ਹੁਣ ਸੱਚਮੁੱਚ ਸਮਾਂ ਆ ਗਿਆ ਹੈ ਕਿ ਹਨੇਰੇ ਅੱਗੇ ਮੋਮਬੱਤੀਆਂ ਜਗਾਈਆਂ ਜਾਣ। ਧਰਤੀ ਤੋਂ ਖੁੱਸਿਆ ਉਸਦਾ ਅਹੁਦਾ, ਉਸਦੀ ਜਰਖੇਜ਼ੀ, ਉਸਦੀ ਪਵਿੱਤਰਤਾ, ਉਸਦੀ ਸਾਂਝ ਅਤੇ ਉਸਦੀ ਰੂਹ ਉਸਨੂੰ ਮੁੜ ਵਾਪਸ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਜੇ ਹਵਾ ਦਾ ਰੁਖ ਨਾ ਬਦਲਿਆ ਤਾਂ ਡਰ ਸਿਰਫ ਇੱਕ ਫਲਾਂ ਦੀ ਦੁਕਾਨ ਵਾਲੇ ਬਾਪ ਦੀਆਂ ਅੱਖਾਂ ਵਿੱਚ ਨਹੀਂ ਸਗੋਂ ਇਹ ਡਰ ਹਰ ਘਰ ਦੀ ਦਹਿਲੀਜ਼ ’ਤੇ ਖੜ੍ਹਾ ਹੋਵੇਗਾ।
ਇੱਥੇ ਵਗਦੀ ਏ ਤੱਤੜੀ ਹਵਾ ਪਰ ਹਵਾ ਦਾ ਰੁਖ ਬਦਲਣਾ ਅਜੇ ਵੀ ਸਾਡੇ ਹੱਥ ਵਿੱਚ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































