“ਜੇ ਉਸ ਦਿਨ ਮੇਰੇ ਮਾਮਾ ਜੀ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਭਰਤੀ ਲਈ ...”
(22 ਅਗਸਤ 2026)
ਇਹ ਸਾਲ 1987 ਦੀ ਗੱਲ ਹੈ, ਇੱਕ ਛੋਟੇ ਜਿਹੇ ਪਿੰਡ ਵਿੱਚ ਭੀਮ ਚੰਦ ਨਾਂ ਦਾ ਇੱਕ ਨੌਜਵਾਨ ਆਪਣੇ ਨਾਨਕੇ ਘਰ ਰਹਿੰਦਾ ਸੀ। ਗਰੀਬੀ ਉਸਦੇ ਪਰਿਵਾਰ ਦੀ ਸਦੀਵੀ ਸਾਥੀ ਸੀ। ਘਰ ਕੱਚੀਆਂ ਇੱਟਾਂ ਦਾ ਬਣਿਆ ਇੱਕ ਹੀ ਕਮਰਾ ਸੀ, ਜਿਸਦੀਆਂ ਕੰਧਾਂ ਵੀ ਜਿਵੇਂ ਤੰਗਹਾਲੀ ਦੀ ਕਹਾਣੀ ਸੁਣਾਉਂਦੀਆਂ ਸਨ। ਕਈ ਵਾਰ ਚੁੱਲ੍ਹੇ ਵਿੱਚ ਭੰਗ ਭੁੱਜਦੀ ਸੀ, ਪਰ ਪਕਾਉਣ ਲਈ ਅੰਨ ਦਾ ਇੱਕ ਦਾਣਾ ਵੀ ਨਹੀਂ ਹੁੰਦਾ ਸੀ। ਮਾਂ-ਬਾਪ ਦਿਹਾੜੀ-ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਪਰਿਵਾਰ ਦਾ ਪੇਟ ਪਾਲਦੇ ਸਨ।
ਇਨ੍ਹਾਂ ਔਖੀਆਂ ਹਾਲਤਾਂ ਵਿੱਚ ਵੀ ਭੀਮ ਚੰਦ ਨੇ ਹਿੰਮਤ ਨਹੀਂ ਹਾਰੀ। ਦਿਹਾੜੀਆਂ ਕਰਨ ਦੇ ਨਾਲ-ਨਾਲ ਉਸਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ। ਨਤੀਜਾ ਹੱਥ ਵਿੱਚ ਸੀ, ਪਰ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ। ਅੱਗੇ ਪੜ੍ਹਨ ਦੀ ਨਾ ਸਮਰੱਥਾ ਸੀ ਅਤੇ ਨਾ ਹੀ ਕੋਈ ਰੁਜ਼ਗਾਰ ਦਾ ਸਾਧਨ। ਉਸੇ ਸਮੇਂ ਪਿੰਡ ਵਿੱਚ ਸਾਬਕਾ ਫੌਜੀ ਮੁਖਤਿਆਰ ਸਿੰਘ, ਫੌਜ ਤੋਂ ਸੇਵਾਮੁਕਤ ਹੋ ਕੇ ਇੱਕ ਛੋਟਾ ਜਿਹਾ ਮੈਡੀਕਲ ਕਲੀਨਿਕ ਚਲਾ ਰਹੇ ਸਨ। ਉਹ ਸੁਭਾਅ ਤੋਂ ਬਹੁਤ ਹੀ ਨਿਮਰ ਅਤੇ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿਣ ਵਾਲੇ ਇਨਸਾਨ ਸਨ। ਅਖਬਾਰ ਪੜ੍ਹਨਾ ਉਨ੍ਹਾਂ ਦੀ ਰੋਜ਼ਾਨਾ ਦੀ ਆਦਤ ਸੀ।
ਇੱਕ ਦਿਨ ਭੀਮ ਚੰਦ ਕਲੀਨਿਕ ਦੇ ਸਾਹਮਣੇ ਤੋਂ ਲੰਘ ਰਿਹਾ ਸੀ। ਮੁਖਤਿਆਰ ਸਿੰਘ ਨੇ ਪਿਆਰ ਨਾਲ ਅਵਾਜ਼ ਮਾਰੀ, “ਆ ਭੀਮਿਆ, ਕੀ ਹਾਲ ਹੈ?”
ਭੀਮ ਚੰਦ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਮਾਮਾ ਜੀ, (ਨਾਨਕੇ ਘਰ ਰਹਿਣ ਕਰਕੇ ਪਿੰਡ ਦੇ ਬੰਦਿਆਂ ਨੂੰ ਉਹ ਮਾਮਾ ਕਹਿੰਦਾ ਸੀ) ਮੈਂ ਦਸਵੀਂ ਪਾਸ ਕਰ ਲਈ ਹੈ। ਅੱਗੇ ਪੜ੍ਹਨ ਦੀ ਹਾਲਤ ਨਹੀਂ। ਘਰ ਦੀ ਗਰੀਬੀ ਨੇ ਹੱਥ ਬੰਨ੍ਹ ਦਿੱਤੇ ਹਨ। ਜੇ ਕੋਈ ਛੋਟਾ-ਮੋਟਾ ਕੰਮ ਮਿਲ ਜਾਵੇ ਤਾਂ ਪਰਿਵਾਰ ਦਾ ਸਹਾਰਾ ਬਣ ਸਕਾਂ।”
ਉਸ ਵੇਲੇ ਮੁਖਤਿਆਰ ਸਿੰਘ ਦੇ ਹੱਥ ਵਿੱਚ ਪਿਆ ਅਖਬਾਰ ਖੁੱਲ੍ਹਾ ਹੋਇਆ ਸੀ। ਉਸ ਵਿੱਚ ਪੁਲਿਸ ਦੀ ਭਰਤੀ ਦਾ ਇਸ਼ਤਿਹਾਰ ਛਪਿਆ ਹੋਇਆ ਸੀ। ਮੁਖਤਿਆਰ ਸਿੰਘ ਨੇ ਅਖਬਾਰ ਦੀ ਤਹਿ ਲਾਉਂਦਿਆਂ ਭੀਮੇ ਨੂੰ ਕਿਹਾ, “ਪੰਜਾਂ ਦਿਨਾਂ ਬਾਅਦ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਆ ਜਾਵੀਂ।”
ਨਿਸ਼ਚਿਤ ਦਿਨ ਭੀਮ ਚੰਦ ਸਵੇਰੇ ਹੀ ਕਲੀਨਿਕ ਪਹੁੰਚ ਗਿਆ। ਮੁਖਤਿਆਰ ਸਿੰਘ ਨੇ ਆਪਣਾ ਸਾਈਕਲ ਕੱਢਿਆ ਅਤੇ ਭੀਮ ਚੰਦ ਨੂੰ ਪਿੱਛੇ ਬਿਠਾ ਕੇ ਭਰਤੀ ਵਾਲੇ ਕੇਂਦਰ ਵੱਲ ਚੱਲ ਪਿਆ। ਲਗਭਗ ਚਾਲੀ ਕਿਲੋਮੀਟਰ ਦਾ ਸਫਰ ਸੀ। ਉਹ ਸਮਾਂ ਸਾਦਗੀ ਦਾ ਸੀ; ਸੜਕਾਂ ਘੱਟ ਸਨ, ਸਾਧਨ ਘੱਟ ਸਨ, ਪਰ ਇਨਸਾਨੀਅਤ ਬਹੁਤ ਵੱਡੀ ਸੀ। ਫੌਜੀਆਂ ਦਾ ਹਰ ਥਾਂ ਆਦਰ ਕੀਤਾ ਜਾਂਦਾ ਸੀ।
ਮੁਖਤਿਆਰ ਸਿੰਘ ਨੇ ਭਰਤੀ ਕੇਂਦਰ ਪਹੁੰਚ ਕੇ ਭੀਮ ਚੰਦ ਦੇ ਸਰਟੀਫਿਕੇਟ ਚੈੱਕ ਕਰਵਾਏ। ਭੀਮ ਚੰਦ ਨੂੰ ਕੁਝ ਸਵਾਲ ਪੁੱਛੇ ਗਏ। ਭੀਮ ਚੰਦ ਦੀ ਸਿਹਤ ਅਤੇ ਯੋਗਤਾ ਦੇਖ ਕੇ ਉਸੇ ਦਿਨ ਉਸਦੀ ਪੁਲਿਸ ਵਿੱਚ ਭਰਤੀ ਹੋ ਗਈ।
ਮੁਖਤਿਆਰ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈ। ਉਨ੍ਹਾਂ ਨੇ ਨੇੜੇ ਦੀ ਦੁਕਾਨ ਤੋਂ ਲੱਡੂਆਂ ਦਾ ਡੱਬਾ ਖਰੀਦਿਆ ਅਤੇ ਉੱਥੇ ਮੌਜੂਦ ਸਭ ਨਾਲ ਇਹ ਖੁਸ਼ੀ ਸਾਂਝੀ ਕੀਤੀ। ਸ਼ਾਮ ਨੂੰ ਦੋਵੇਂ ਉਸੇ ਸਾਈਕਲ ’ਤੇ ਵਾਪਸ ਪਿੰਡ ਆ ਗਏ। ਉਸ ਦਿਨ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਇਹ ਸਧਾਰਨ ਜਿਹਾ ਸਫਰ ਇੱਕ ਪਰਿਵਾਰ ਦੀ ਕਿਸਮਤ ਬਦਲਣ ਵਾਲਾ ਬਣ ਜਾਵੇਗਾ।
ਸਮੇਂ ਦਾ ਪਹੀਆ ਘੁੰਮਦਾ ਰਿਹਾ।
ਲਗਭਗ ਚਾਰ ਦਹਾਕਿਆਂ ਦਾ ਸਮਾਂ ਬੀਤ ਗਿਆ।
ਅੱਜ ਮੁਖਤਿਆਰ ਸਿੰਘ ਦੀ ਅੰਤਿਮ ਅਰਦਾਸ ਸੀ। ਪਿੰਡ ਦੇ ਗੁਰਦੁਆਰੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੋਏ ਸਨ। ਉਨ੍ਹਾਂ ਵਿੱਚ ਭੀਮ ਚੰਦ ਵੀ ਮੌਜੂਦ ਸੀ। ਹੁਣ ਉਹ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਪੋਸਟ ’ਤੇ ਸੀ।
ਸਭ ਦੇ ਸਾਹਮਣੇ ਖੜ੍ਹ ਕੇ ਭੀਮ ਚੰਦ ਨੇ ਕੰਬਦੀ ਅਵਾਜ਼ ਵਿੱਚ ਕਿਹਾ, “ਮੈਨੂੰ ਕੱਲ੍ਹ ਸ਼ਾਮ ਪਤਾ ਲੱਗਿਆ ਕਿ ਅੱਜ ਮੇਰੇ ਮਾਮਾ ਜੀ ਦੀ ਅੰਤਿਮ ਅਰਦਾਸ ਹੈ। ਅੱਜ ਮੇਰੀ ਡਿਊਟੀ ਬਹੁਤ ਮਹੱਤਵਪੂਰਨ ਸੀ, ਜਿਸ ਤੋਂ ਛੁੱਟੀ ਮਿਲਣੀ ਲਗਭਗ ਅਸੰਭਵ ਸੀ। ਫਿਰ ਵੀ ਮੈਂ ਆਪਣੇ ਅਫਸਰ ਕੋਲ ਗਿਆ ਅਤੇ ਸਾਰੀ ਗੱਲ ਦੱਸੀ ਕਿ ਅੱਜ ਮੇਰੇ ਗੁਰੂ, ਮੇਰੇ ਮਾਰਗਦਰਸ਼ਕ ਅਤੇ ਮੇਰੇ ਅੰਨਦਾਤਾ ਦੀ ਅੰਤਿਮ ਅਰਦਾਸ ਹੈ। ਮੇਰੇ ਅਫਸਰ ਨੇ ਮੇਰੀ ਗੱਲ ਸੁਣ ਕੇ ਕਿਹਾ, “ਤੈਨੂੰ ਇੱਕ ਪਲ ਵੀ ਇੱਥੇ ਨਹੀਂ ਰੁਕਣਾ ਚਾਹੀਦਾ। ਜਿਸ ਇਨਸਾਨ ਨੇ ਤੇਰੀ ਜ਼ਿੰਦਗੀ ਨੂੰ ਦਿਸ਼ਾ ਦਿੱਤੀ, ਉਸ ਨੂੰ ਅੰਤਿਮ ਸਿਜਦਾ ਕਰਨਾ ਤੇਰਾ ਫਰਜ਼ ਹੈ।” ਇਹ ਕਹਿੰਦੇ-ਕਹਿੰਦੇ ਭੀਮ ਚੰਦ ਦਾ ਗੱਚ ਭਰ ਆਇਆ। ਉਸਨੇ ਭਿੱਜੀਆਂ ਅੱਖਾਂ ਨਾਲ ਸਭ ਵੱਲ ਦੇਖਦਿਆਂ ਕਿਹਾ, “ਜਿਸ ਘਰ ਵਿੱਚ ਕਦੇ ਭੰਗ ਭੱਜਦੀ ਸੀ, ਘਰ ਦਾਣੇ ਵੀ ਮੁੱਕ ਜਾਂਦੇ ਸਨ, ਅੱਜ ਉਸੇ ਘਰ ਵਿੱਚ ਰੱਬ ਦੀ ਅਥਾਹ ਮਿਹਰ ਹੈ। ਮੇਰਾ ਵੱਡਾ ਪੁੱਤਰ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ। ਮੇਰੀ ਧੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੌਲੋਜੀ ਤੋਂ ਪੀਐੱਚ.ਡੀ. ਕਰਕੇ ਜਪਾਨ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਮੇਰਾ ਛੋਟਾ ਪੁੱਤਰ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣ ਗਿਆ ਹੈ ...”
ਭੀਮ ਚੰਦ ਦੀ ਅਵਾਜ਼ ਕੰਬ ਗਈ, “ਜੇ ਉਸ ਦਿਨ ਮੇਰੇ ਮਾਮਾ ਜੀ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਭਰਤੀ ਲਈ ਨਾ ਲੈ ਜਾਂਦੇ ਤਾਂ ਸ਼ਾਇਦ ਮੈਂ ਅੱਜ ਵੀ ਗਰੀਬੀ ਨਾਲ ਲੜ ਰਿਹਾ ਹੁੰਦਾ। ਅੱਜ ਮੈਂ ਜੋ ਕੁਝ ਵੀ ਹਾਂ, ਜੋ ਮੇਰਾ ਪਰਿਵਾਰ ਹੈ, ਜੋ ਮੇਰੇ ਬੱਚਿਆਂ ਦੀਆਂ ਕਾਮਯਾਬੀਆਂ ਹਨ, ਇਹ ਸਭ ਮੇਰੇ ਮਾਮਾ ਮੁਖਤਿਆਰ ਸਿੰਘ ਦੀ ਨੇਕੀ ਦਾ ਫਲ ਹਨ। ਉਹ ਮੇਰੇ ਗੁਰੂ ਸਨ, ਮੇਰੇ ਰਾਹ-ਦਿਖਾਉਣ ਵਾਲੇ ਸਨ, ਮੇਰੇ ਅਸਲ ਅੰਨਦਾਤਾ ਸਨ।”
ਇੰਨਾ ਕਹਿ ਕੇ ਭੀਮ ਚੰਦ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਉੱਥੇ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































