ਅੱਜ ਸਾਡੇ ਸਕੂਲ ਅੰਕਾਂ, ਨਤੀਜਿਆਂ ਅਤੇ ਮੁਕਾਬਲਿਆਂ ਤਕ ਸੀਮਿਤ ਹੋ ਗਏ ਹਨ। ਪਰ ... ”
(8 ਸਤੰਬਰ 2026)
ਇੱਕ ਦਿਨ ਬਾਰੂ ਦਾ ਵਟਸਐਪ ’ਤੇ ਸੁਨੇਹਾ ਆਇਆ, “ਅਧਿਆਪਕ ਦਿਵਸ ਮੁਬਾਰਕ, ਗੁਰੂ ਜੀ।”
ਇਸ ਸੁਨੇਹੇ ਦੇ ਨਾਲ ਕੁਝ ਸਤਰਾਂ ਸਨ। ਆਮ ਜਿਹੀਆਂ ਲਗਦੀਆਂ ਇਹ ਸਤਰਾਂ ਪੜ੍ਹਦਿਆਂ ਪਤਾ ਨਹੀਂ ਕਿਉਂ ਮਨ ਅੰਦਰ ਤਕ ਭਿੱਜ ਗਿਆ। ਸ਼ਬਦ ਤਾਂ ਥੋੜ੍ਹੇ ਸਨ, ਪਰ ਉਨ੍ਹਾਂ ਦੇ ਅਰਥਾਂ ਦੀ ਗਹਿਰਾਈ ਪਤਾਲ ਤੋਂ ਡੂੰਘੀ ਸੀ। ਉਸਨੇ ਲਿਖਿਆ ਕਿ ਅੱਜ ਉਹ ਜੋ ਵੀ ਹਾਂ ਅਤੇ ਜਿੱਥੇ ਵੀ ਹਾਂ, ਉਸ ਵਿੱਚ ਤੁਹਾਡੀ ਮਿਹਨਤ, ਸੇਧ ਅਤੇ ਅਸੀਸਾਂ ਦਾ ਵੱਡਾ ਯੋਗਦਾਨ ਹੈ। ਤੁਸੀਂ ਮੈਨੂੰ ਸਿਰਫ ਕਿਤਾਬਾਂ ਦਾ ਗਿਆਨ ਨਹੀਂ ਦਿੱਤਾ, ਸਗੋਂ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਦਾ ਹੁਨਰ ਵੀ ਦਿੱਤਾ।
ਪਰ ਇਨ੍ਹਾਂ ਸਤਰਾਂ ਵਿੱਚੋਂ ਇੱਕ ਵਾਕ ਨੇ ਮੈਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ, “ਮੈਨੂੰ ਅੱਜ ਵੀ ਯਾਦ ਆਉਂਦਾ ਹੈ, ਜਦੋਂ ਤੁਸੀਂ ਸਾਡੀ ਪਹਿਲੀ ਕਲਾਸ ਲਈ ਸੀ। ਮੈਂ ਅੱਠਵੀਂ ਕਲਾਸ ਵਿੱਚ ਸੀ ਤੇ ਫੇਲ੍ਹ ਹੋ ਕੇ ਆਇਆ ਸੀ। ਤੁਸੀਂ ਕਿਹਾ ਸੀ ਕਿ ਜਦੋਂ ਵੀ ਸਕੂਲ ਆਉ, ਆਪਣੇ ਮਾਂ-ਬਾਪ ਦੀਆਂ ਅੱਖਾਂ ਵਿੱਚ ਦੇਖ ਕੇ ਆਇਆ ਕਰੋ।”
ਕਿੰਨਾ ਸਧਾਰਨ ਵਾਕ! ਪਰ ਕਿੰਨਾ ਡੂੰਘਾ ਅਰਥ!
ਮੈਂ ਅਕਸਰ ਸਵੇਰ ਦੀ ਸਭਾ ਵਿੱਚ ਜਾਂ ਅਧਿਆਪਕਾਂ ਦੇ ਸੈਮੀਨਾਰਾਂ ਵਿੱਚ ਇਹ ਗੱਲ ਕਹਿੰਦਾ ਹਾਂ ਕਿ ਸਕੂਲ ਵਿੱਚ ਸਿਰਫ ਵਿਦਿਆਰਥੀ ਨਹੀਂ ਆਉਂਦੇ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਦੀਆਂ ਆਸਾਂ, ਉਮੀਦਾਂ ਅਤੇ ਸੱਧਰਾਂ ਵੀ ਯਾਤਰਾ ਕਰਦੀਆਂ ਹਨ। ਵਿਦਿਆਰਥੀ ਮਹਿਜ਼ ਹੱਡ-ਮਾਸ ਦਾ ਪੁਤਲਾ ਨਹੀਂ ਹੁੰਦਾ; ਉਸਦੇ ਅੰਦਰ ਸੰਵੇਦਨਾਵਾਂ ਦਾ ਇੱਕ ਸਮੁੰਦਰ ਵਹਿੰਦਾ ਹੈ। ਉਸ ਸਮੁੰਦਰ ਵਿੱਚ ਉਸਦੇ ਆਪਣੇ ਸੁਪਨੇ ਵੀ ਹੁੰਦੇ ਹਨ ਅਤੇ ਮਾਪਿਆਂ ਦੀਆਂ ਉਮੀਦਾਂ ਵੀ। ਪਰ ਸਵਾਲ ਇਹ ਹੈ ਕਿ ਅਸੀਂ ਇਨ੍ਹਾਂ ਉਮੀਦਾਂ ਨੂੰ ਪਛਾਣੀਏ ਕਿਵੇਂ? ਅੱਖਾਂ ਕੇਵਲ ਦੇਖਣ ਲਈ ਨਹੀਂ ਹੁੰਦੀਆਂ; ਕਈ ਵਾਰ ਅੱਖਾਂ ਉਹ ਕੁਝ ਕਹਿ ਜਾਂਦੀਆਂ ਹਨ ਜੋ ਜ਼ੁਬਾਨ ਕਹਿਣ ਤੋਂ ਅਸਮਰੱਥ ਰਹਿੰਦੀ ਹੈ। ਮਾਪਿਆਂ ਦੀਆਂ ਅੱਖਾਂ ਵਿੱਚ ਝਾਤ ਮਾਰੋ ਤਾਂ ਉੱਥੇ ਪੂਰੀ ਜ਼ਿੰਦਗੀ ਦੀ ਕਹਾਣੀ ਦਿਸਦੀ ਹੈ। ਉੱਥੇ ਸਖਤ ਮਿਹਨਤ ਦੇ ਚਸ਼ਮੇਂ ਵਗਦੇ ਹੁੰਦੇ ਹਨ। ਉੱਥੇ ਪਸੀਨੇ ਦੀ ਖੁਸ਼ਬੂ ਹੈ। ਉੱਥੇ ਰੋਟੀ ਦੀ ਕੀਮਤ ਹੈ। ਉੱਥੇ ਉਹ ਹੱਥ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਆਪਣੇ ਵਰਤਮਾਨ ਨੂੰ ਥਕਾ ਦਿੱਤਾ।
ਇਨ੍ਹਾਂ ਅੱਖਾਂ ਵਿੱਚ ਕਈ ਅਣਕਹੀਆਂ ਕਹਾਣੀਆਂ ਵਸਦੀਆਂ ਹਨ। ਕਿਸੇ ਪਿਤਾ ਦੀਆਂ ਅੱਖਾਂ ਵਿੱਚ ਸਵੇਰ ਤੋਂ ਸ਼ਾਮ ਤਕ ਕੀਤੀ ਮਿਹਨਤ ਦਿਸਦੀ ਹੈ। ਕਿਸੇ ਮਾਂ ਦੀਆਂ ਅੱਖਾਂ ਵਿੱਚ ਆਪਣੇ ਬੱਚੇ ਲਈ ਕੀਤੀ ਹਰ ਛੋਟੀ-ਵੱਡੀ ਕੁਰਬਾਨੀ ਦਿਸਦੀ ਹੈ। ਕਿਸੇ ਘਰ ਦੀਆਂ ਸੀਮਿਤ ਸਹੂਲਤਾਂ ਵਿੱਚੋਂ ਬੱਚੇ ਦੀ ਪੜ੍ਹਾਈ ਲਈ ਕੱਢਿਆ ਦਸਵੰਧ ਰੂਪੀ ਹਰ ਰੁਪਇਆ ਦਿਸਦਾ ਹੈ। ਪਰ ਇਨ੍ਹਾਂ ਸਭ ਤੋਂ ਉੱਪਰ ਇੱਕ ਹੋਰ ਚੀਜ਼ ਦਿਸਦੀ ਹੈ- ਸੁਪਨੇ।
ਮਾਪਿਆਂ ਦੀਆਂ ਅੱਖਾਂ ਵਿੱਚ ਆਪਣੇ ਬੱਚਿਆਂ ਲਈ ਤੈਰਦੇ ਸੁਪਨੇ ਹੁੰਦੇ ਹਨ। ਇਹ ਸੁਪਨੇ ਸਿਰਫ ਵੱਡੀ ਨੌਕਰੀ ਜਾਂ ਵੱਡੇ ਅਹੁਦੇ ਦੇ ਨਹੀਂ ਹੁੰਦੇ; ਅਸਲ ਵਿੱਚ ਇਹ ਸੁਪਨੇ ਇਸ ਤੋਂ ਵੀ ਵੱਡੇ ਹੁੰਦੇ ਹਨ। ਮਾਪਿਆਂ ਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਤੋਂ ਬਿਹਤਰ ਜ਼ਿੰਦਗੀ ਜੀਵੇ। ਜਿਹੜੀਆਂ ਮੁਸ਼ਕਿਲਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਦੇਖੀਆਂ ਹਨ, ਉਨ੍ਹਾਂ ਦਾ ਬੱਚਾ ਉਨ੍ਹਾਂ ਵਿੱਚੋਂ ਨਾ ਲੰਘੇ।
ਇੱਕ ਮਜ਼ਦੂਰ ਪਿਤਾ ਦੀਆਂ ਅੱਖਾਂ ਵਿੱਚ ਹੋ ਸਕਦਾ ਹੈ ਕਿ ਉਸਦੇ ਬੱਚੇ ਲਈ ਕਿਤਾਬਾਂ ਦਾ ਸੁਪਨਾ ਹੋਵੇ। ਇੱਕ ਕਿਸਾਨ ਦੀਆਂ ਅੱਖਾਂ ਵਿੱਚ ਬੱਚੇ ਦੀ ਪੜ੍ਹਾਈ ਰਾਹੀਂ ਬਿਹਤਰ ਭਵਿੱਖ ਦੀ ਆਸ ਹੋ ਸਕਦੀ ਹੈ। ਇੱਕ ਮਾਂ ਦੀਆਂ ਅੱਖਾਂ ਵਿੱਚ ਆਪਣੇ ਬੱਚੇ ਨੂੰ ਸਫਲ ਅਤੇ ਚੰਗਾ ਇਨਸਾਨ ਬਣਿਆ ਦੇਖਣ ਦੀ ਅਰਦਾਸ ਹੋ ਸਕਦੀ ਹੈ। ਇਸ ਲਈ ਜਦੋਂ ਕੋਈ ਬੱਚਾ ਸਕੂਲ ਦੀ ਦਹਿਲੀਜ਼ ਪਾਰ ਕਰਦਾ ਹੈ ਤਾਂ ਉਸਦੇ ਮੋਢਿਆਂ ਨੇ ਸਿਰਫ ਇੱਕ ਬਸਤਾ ਹੀ ਨਹੀਂ ਚੁੱਕਿਆ ਹੁੰਦਾ, ਉਸਨੇ ਇੱਕ ਪਰਿਵਾਰ ਦੀਆਂ ਉਮੀਦਾਂ ਵੀ ਚੁੱਕਿਆਂ ਹੋਈਆ ਹੁੰਦੀਆਂ ਹਨ। ਉਸਦੀ ਕਾਪੀ ਵਿੱਚ ਸਿਰਫ ਪਾਠ ਨਹੀਂ ਹੁੰਦੇ; ਉਨ੍ਹਾਂ ਪੰਨਿਆਂ ਦੇ ਪਿੱਛੇ ਕਿਸੇ ਮਾਂ ਦੀ ਅਰਦਾਸ ਅਤੇ ਕਿਸੇ ਪਿਤਾ ਦੀ ਮਿਹਨਤ ਵੀ ਹੁੰਦੀ ਹੈ।
ਇੱਥੇ ਅਧਿਆਪਕ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ। ਅਧਿਆਪਕ ਦਾ ਕੰਮ ਕੇਵਲ ਪਾਠ ਪੜ੍ਹਾਉਣਾ ਨਹੀਂ; ਅਧਿਆਪਕ ਨੂੰ ਬੱਚੇ ਦੇ ਅੰਦਰਲੇ ਮਨੁੱਖ ਨੂੰ ਵੀ ਪੜ੍ਹਨਾ ਪੈਂਦਾ ਹੈ। ਹਰ ਕਮਜ਼ੋਰ ਵਿਦਿਆਰਥੀ ਆਲਸੀ ਨਹੀਂ ਹੁੰਦਾ; ਹਰ ਪਿੱਛੇ ਰਹਿ ਜਾਣ ਵਾਲਾ ਬੱਚਾ ਅਯੋਗ ਨਹੀਂ ਹੁੰਦਾ; ਕਈ ਵਾਰ ਉਸਦੇ ਪਿੱਛੇ ਅਜਿਹੀਆਂ ਪਰਿਵਾਰਕ, ਮਾਨਸਿਕ ਜਾਂ ਸਮਾਜਿਕ ਸਥਿਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਮਝਣ ਲਈ ਅਧਿਆਪਕ ਨੂੰ ਕਿਤਾਬ ਤੋਂ ਬਾਹਰ ਵੀ ਪੜ੍ਹਨਾ ਪੈਂਦਾ ਹੈ।
ਅਮਨਦੀਪ ਸਿੰਘ ਉਰਫ ਬਾਰੂ, ਜਿਹੜਾ ਅੱਜ ਦਿੱਲੀ ਵਿਖੇ ਪੰਜਾਬੀ ਅਧਿਆਪਕ ਹੈ, ਨੂੰ ਅੱਠਵੀਂ ਕਲਾਸ ਵਿੱਚ ਮਿਲੀ ਉਹ ਸਿੱਖਿਆ ਇਸੇ ਸੱਚ ਦੀ ਗਵਾਹੀ ਹੈ। ਇੱਕ ਅਸਫਲਤਾ ਨੂੰ ਅੰਤ ਸਮਝਣ ਦੀ ਥਾਂ ਉਸਨੇ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਦੇਖਣ ਨੂੰ ਤਰਜੀਹ ਦਿੱਤੀ। ਉਸ ਇੱਕ ਵਾਕ ਨੇ ਸ਼ਾਇਦ ਉਸਦੇ ਅੰਦਰ ਜ਼ਿੰਮੇਵਾਰੀ ਦੀ ਉਹ ਚਿਣਗ ਜਗਾਈ, ਜਿਸਨੇ ਅੱਗੇ ਚੱਲ ਕੇ ਉਸਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ। ਇਹੀ ਤਾਂ ਇੱਕ ਸੱਚੇ ਅਧਿਆਪਕ ਦੀ ਅਸਲ ਪ੍ਰਾਪਤੀ ਹੈ। ਅਧਿਆਪਕ ਦਾ ਪੜ੍ਹਾਇਆ ਹੋਇਆ ਪਾਠ ਜੇ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਉੱਤਰ ਜਾਵੇ ਤਾਂ ਉਹ ਪਾਠ ਜ਼ਿੰਦਗੀ ਦਾ ਸਬਕ ਬਣ ਜਾਂਦਾ ਹੈ।
ਅੱਜ ਸਾਡੇ ਸਕੂਲ ਅੰਕਾਂ, ਨਤੀਜਿਆਂ ਅਤੇ ਮੁਕਾਬਲਿਆਂ ਤਕ ਸੀਮਿਤ ਹੋ ਗਏ ਹਨ। ਪਰ ਜੇ ਹੋ ਸਕੇ ਤਾਂ ਅਧਿਆਪਕ ਨੂੰ ਮਾਪਿਆਂ ਦੀਆਂ ਅੱਖਾਂ ਵਿੱਚ ਤੈਰਦੇ ਸੁਪਨਿਆਂ ਦਾ ਵੀ ਮੰਥਨ ਕਰਨਾ ਚਾਹੀਦਾ ਹੈ। ਸ਼ਾਇਦ ਉੱਥੇ ਤੁਹਾਨੂੰ ਉਹ ਸਭ ਕੁਝ ਦਿਸ ਜਾਵੇ, ਜੋ ਬੱਚਾ ਸ਼ਬਦਾਂ ਵਿੱਚ ਕਦੇ ਨਹੀਂ ਕਹਿ ਸਕਦਾ। ਹਰ ਬੱਚਾ ਆਪਣੇ ਨਾਲ ਇੱਕ ਸੁਪਨਾ ਲੈ ਕੇ ਸਕੂਲ ਆਉਂਦਾ ਹੈ ਅਤੇ ਹਰ ਮਾਪੇ ਆਪਣੀਆਂ ਅੱਖਾਂ ਵਿੱਚ ਉਸ ਸੁਪਨੇ ਦਾ ਭਵਿੱਖ ਲੈ ਕੇ। ਸਾਡੀ ਜ਼ਿੰਮੇਵਾਰੀ ਸਿਰਫ ਇਨ੍ਹਾਂ ਸੁਪਨਿਆਂ ਨੂੰ ਦੇਖਣਾ ਨਹੀਂ, ਸਗੋਂ ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਉਡਾਣ ਦੇਣਾ ਵੀ ਹੈ ਕਿਉਂਕਿ ਕਈ ਵਾਰ ਅਧਿਆਪਕ ਦਾ ਇੱਕ ਸਹੀ ਵਾਕ, ਇੱਕ ਸਹੀ ਨਜ਼ਰ ਅਤੇ ਇੱਕ ਸਹੀ ਸੇਧ ਕਿਸੇ ਬੱਚੇ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ।
ਅਧਿਆਪਕ ਦੇ ਬੋਲੇ ਸ਼ਬਦ ਭਾਵੇਂ ਪਲ ਭਰ ਲਈ ਹੁੰਦੇ ਹਨ, ਪਰ ਜੇ ਉਹ ਦਿਲ ਤਕ ਪਹੁੰਚ ਜਾਣ ਤਾਂ ਉਮਰ ਭਰ ਲਈ ਯਾਦ ਅਤੇ ਸਬਕ ਬਣ ਜਾਂਦੇ ਹਨ। ਮਾਪਿਆਂ ਦੀਆਂ ਅੱਖਾਂ ਵਿੱਚ ਤੈਰਦੇ ਸੁਪਨਿਆਂ ’ਤੇ ਅੰਤਰਝਾਤ ਕਰਨ ਵਾਲੇ ਬੱਚੇ ਸਦਾ ਸਫਲ ਹੁੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































