“ਜਦੋਂ ਕਦੇ ਭੈਣਾਂ ਦਾ ਕੋਈ ਅੜਿਆ ਹੋਇਆ ਕੰਮ ਹੁੰਦਾ ਹੈ ਤਾਂ ਮਿੰਦੋ ਨੂੰ ਹੀ ਅਵਾਜ਼ ...”
(18 ਅਗਸਤ 2026)
ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ, ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣਕ ਭਿੰਨਾ ਸੀ। ਨੈਣ ਨਕਸ਼ ਉਸਦੇ ਸੋਹਣੇ ਸਨ। ਮਾਂ ਹਮੇਸ਼ਾ ਮਿੰਦੋ ਨੂੰ ਵੱਡੀ ਹੋਣ ਦੇ ਨਾਤੇ ਨਸੀਹਤਾਂ ਦਿੰਦੀ ਰਹਿੰਦੀ ਸੀ। ਭਾਵੇਂ ਮਿੰਦੋ ਦੀ ਉਮਰ ਅਜੇ ਛੋਟੀ ਹੀ ਸੀ ਪਰ ਫਿਰ ਵੀ ਮਾਂ ਦਾ ਇਹੋ ਕਹਿਣਾ ਹੁੰਦਾ, “ਕੁੜੇ ਮਿੰਦੋ ਪੁੱਤ, ਤੂੰ ਵੱਡੀ ਹੈਂ। ਜੇ ਤੂੰ ਸਿਆਣੀ ਬਣ ਕੇ ਰਹੇਂਗੀ ਤਾਂ ਇਹ ਛੋਟੀਆਂ ਵੀ ਤੇਰੇ ਵਾਂਗ ਸਿਆਣੀਆਂ ਹੋਣਗੀਆਂ। ਪੁੱਤ, ਤੈਨੂੰ ਦੇਖ ਕੇ ਇਨ੍ਹਾਂ ਨੇ ਤੇਰੀ ਪੈੜ ਵਿੱਚ ਪੈਰ ਧਰਨੇ ਹਨ।”
ਮਿੰਦੋ ਮਾਂ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਵੀ ਤੇ ਅਮਲ ਵੀ ਕਰਦੀ। ਉਸਦੀ ਮਾਂ ਜੇਕਰ ਪਾਠ ਕਰਨ ਬੈਠਦੀ ਤਾਂ ਉਹ ਉਸ ਬਾਰੇ ਵੀ ਪੁੱਛਦੀ ਤੇ ਫਿਰ ਆਪ ਵੀ ਪਾਠ ਕਰਨ ਦੀ ਕੋਸ਼ਿਸ਼ ਕਰਦੀ। ਇਸ ਤਰ੍ਹਾਂ ਕਰਨ ਨਾਲ ਉਸਦੇ ਆਪਣੇ ਵਿਚਾਰ ਧਾਰਮਕ ਹੋ ਗਏ। ਉਸਨੇ ਆਪਣੀ ਮਾਂ ਨਾਲ ਆਪਣਾ ਸਾਰਾ ਦੁੱਖ ਸੁੱਖ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਮਾਂ ਹਰ ਇੱਕ ਗੱਲ ਉਸ ਨੂੰ ਪੁੱਛਦੀ ਤੇ ਕਹਿੰਦੀ, ਪੁੱਤ, ਤੂੰ ਸਿਆਣੀ ਹੈਂ। ਮਾਂ ਦੇ ਸਿਆਣੀ ਕਹਿਣ ਤੇ ਮਿੰਦੋ ਹੋਰ ਵੀ ਸੋਚਦੀ ਤੇ ਹੋਰ ਸਿਆਣੀ ਹੁੰਦੀ ਗਈ। ਉਹ ਪੜ੍ਹਾਈ ਵਿੱਚ ਵੀ ਚੰਗੇ ਨੰਬਰ ਲੈ ਕੇ ਪਾਸ ਹੋਣ ਲੱਗ ਪਈ। ਇਸ ਤਰ੍ਹਾਂ ਛੋਟੀਆਂ ਵੀ ਪੜ੍ਹਦੀਆਂ ਗਈਆਂ। ਮਾਂ ਨੂੰ ਵੀ ਸਕੂਨ ਮਿਲਦਾ ਕਿ ਮੇਰੀਆਂ ਬੱਚੀਆਂ ਚੰਗੀ ਪੜ੍ਹਾਈ ਕਰਦੀਆਂ ਹਨ ਤੇ ਇਸ ਤਰ੍ਹਾਂ ਇਨ੍ਹਾਂ ਦੇ ਰਿਸ਼ਤੇ ਵੀ ਚੰਗੇ ਘਰੀਂ ਹੋ ਜਾਣਗੇ। ਪਰ ਛਿੰਦੀ ਤੇ ਬਿੰਦੀ ਦੋਨੋਂ ਹੀ ਕੁਝ ਸ਼ਰਾਰਤੀ ਸਨ।
ਇੱਕ ਵਾਰ ਮਾਂ ਕੁਝ ਸੂਟ ਖਰੀਦ ਕੇ ਲੈਕੇ ਆਈ। ਉਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਕਰ ਕੇ ਮਿੰਦੋ ਲਈ ਸਨ ਕਿਉਂਕਿ ਉਹ ਹੁਣ ਕਾਲਜ ਜਾਣ ਲੱਗ ਪਈ ਸੀ। ਪਰ ਛਿੰਦੀ ਤੇ ਬਿੰਦੀ ਨੇ ਰੌਲਾ ਪਾ ਲਿਆ ਕਿ ਨਹੀਂ, ਇਹ ਸੂਟ ਤਾਂ ਅਸੀਂ ਲੈਣੇ ਹਨ। ਮਾਂ ਕਹਿੰਦੀ, ਕੋਈ ਨਹੀਂ ਪੁੱਤ ਇਹ ਵੱਡੀ ਹੈ, ਤੁਸੀਂ ਇਸ ਨੂੰ ਦੇ ਦੇਵੋ। ਜਦੋਂ ਤੁਸੀਂ ਵੱਡੀਆਂ ਹੋ ਗਈਆਂ, ਉਦੋਂ ਤੁਹਾਨੂੰ ਵੀ ਲੈ ਦੇਵਾਂਗੀ। ਦੋਵੇਂ ਹੀ ਬੋਲਣ ਲੱਗੀਆਂ, ਅਸੀਂ ਤਾਂ ਵੱਡੀਆਂ ਹੋਣਾ ਹੀ ਨਹੀਂ, ਵੱਡੀ ਤਾਂ ਇਹੋ ਹੀ ਰਹੇਗੀ। ਅਸੀਂ ਤਾਂ ਇਸ ਤੋਂ ਪਿੱਛੋਂ ਜੰਮੀਆਂ, ਸਾਨੂੰ ਮਾਂ ਤੂੰ ਕਦੋਂ ਕਹੇਂਗੀ ਕਿ ਅਸੀਂ ਵੱਡੀਆਂ ਹਾਂ?
ਹਾਰ ਕੇ ਮਾਂ ਕਹਿੰਦੀ, ਪੁੱਤ ਮਿੰਦੋ, ਤੂੰ ਸਿਆਣਾ ਪੁੱਤ ਹੈਂ, ਇਹ ਸੂਟ ਇਨ੍ਹਾਂ ਨੂੰ ਸਵਾ ਲੈਣਦੇ। ਮੈਂ ਤੈਨੂੰ ਹੋਰ ਲਿਆ ਦੇਵਾਂਗੀ।
ਇਸੇ ਤਰ੍ਹਾਂ ਦਿਨ ਬੀਤ ਦੇ ਗਏ। ਮਿੰਦੋ ਨੇ ਐੱਮ.ਏ ਪਾਸ ਕਰ ਲਈ। ਉਸਦਾ ਵਿਆਹ ਵੀ ਇੱਕ ਚੰਗੇ ਘਰ ਵਿੱਚ ਹੋ ਗਿਆ।
ਸਮਾਂ ਪਾ ਕੇ ਛਿੰਦੀ ਤੇ ਬਿੰਦੀ ਵੀ ਪੜ੍ਹ ਲਿਖ ਕੇ ਚੰਗੇ ਘਰੀਂ ਵਿਆਹੀਆਂ ਗਈਆਂ। ਮਿੰਦੋ ਚੰਗਾ-ਚੰਗਾ ਅਨੁਭਵ ਕਰਦੀ ਕਿ ਮੇਰੀਆਂ ਭੈਣਾਂ ਮੇਰੀਆਂ ਬਾਹਾਂ ਹਨ ਅਤੇ ਆਪਣੇ ਘਰੀਂ ਸੌਖੀਆਂ ਹਨ। ਪਰ ਉਹ ਐਨੀਆਂ ਸੌਖੀਆਂ ਹੋ ਗਈਆਂ ਕਿ ਉਨ੍ਹਾਂ ਨੇ ਮਿੰਦੋ ਭੈਣ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਜੇ ਮਿੰਦੋ ਨੇ ਛਿੰਦੀ ਨੂੰ ਕਹਿਣਾ ਕਿ ਭੈਣੇ ਦੋ ਦਿਨ ਆ ਕੇ ਮੈਨੂੰ ਮਿਲ ਜਾ। ਦੋਵੇਂ ਭੈਣਾਂ ਬੈਠ ਕੇ ਆਪਣਾ ਦੁੱਖ ਸੁੱਖ ਕਰਾਂਗੀਆਂ; ਤਾਂ ਛਿੰਦੀ ਨੇ ਕਹਿਣਾ ਕਿ ਹਾਂ ਭੈਣ ਆਊਂਗੀ, ਜਦੋਂ ਵਿਹਲ ਮਿਲਿਆ। ਜਾਂ ਉਸਨੇ ਕਹਿਣਾ ਕਿ ਜਦੋਂ ਬਿੰਦੀ ਭੈਣ ਨੂੰ ਵਿਹਲ ਹੋਇਆ, ਫਿਰ ਅਸੀਂ ਦੋਵੇਂ ਗੇੜਾ ਮਾਰ ਕੇ ਜਾਵਾਂਗੀਆਂ। ਇੱਕ ਨੂੰ ਵਿਹਲ ਨਹੀਂ ਸੀ ਮਿਲਦਾ, ਦੋਹਾਂ ਨੂੰ ਇਕੱਠੀਆਂ ਨੂੰ ਕਦੋਂ ਵਿਹਲ ਮਿਲਣਾ ਸੀ। ਗੱਲ ਕੀ, ਨਾ ਨੌ ਮਣ ਤੇਲ ਹੋਇਆ ਤੇ ਨਾ ਰਾਧਕਾ ਨੱਚੀ।
ਸਮਾਂ ਪਾ ਕੇ ਮਿੰਦੋ ਦੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ। ਹੁਣ ਮਿੰਦੋ ਕੋਲ ਕੋਈ ਵੀ ਆਪਣਾ ਸਕਾ ਨਹੀਂ ਸੀ ਸਿਵਾਇ ਆਪਣੀਆਂ ਭੈਣਾਂ ਦੇ।
ਭਾਵੇਂ ਮਿੰਦੋ ਆਪਣੇ ਘਰ ਸੌਖੀ ਸੀ ਪਰ ਫਿਰ ਵੀ ਉਹ ਸੋਚਦੀ ਕਿ ਮੈਂ ਭੈਣਾਂ ਲਈ ਐਨਾ ਕੀਤਾ ਹੈ, ਇਹ ਮੈਨੂੰ ਕਦੇ ਵੀ ਪਿੱਠ ਨਹੀਂ ਦਖਾਉਣਗੀਆਂ। ਮਿੰਦੋ ਨੇ ਛਿੰਦੀ ਨੂੰ ਕਿਹਾ, “ਭੈਣੇ, ਬੱਚਿਆਂ ਨੂੰ ਬੜੇ ਦਿਨਾਂ ਦੀਆਂ ਛੁੱਟੀਆਂ ਹਨ। ਬੱਚੇ ਕਹਿੰਦੇ ਹਨ ਕਿ ਅਸੀਂ ਮਾਸੀ ਨੂੰ ਮਿਲ ਕੇ ਆਉਣਾ ਹੈ।”
ਛਿੰਦੀ ਨੇ ਫਟ ਦੇਣੇ ਜਵਾਬ ਦੇ ਦਿੱਤਾ, “ਭੈਣੇ ਅਸੀਂ ਤਾਂ ਆਪ ਕਿਤੇ ਬਾਹਰ ਜਾ ਰਹੇ ਹਾਂ। ਤੁਸੀਂ ਕਦੇ ਫਿਰ ਪ੍ਰੋਗਰਾਮ ਬਣਾ ਲੈਣਾ।”
ਇਹ ਉੱਤਰ ਸੁਣ ਕੇ ਮਿੰਦੋ ਦਾ ਦਿਲ ਬੜਾ ਹੀ ਖਰਾਬ ਹੋਇਆ। ਜਦੋਂ ਕਦੇ ਛਿੰਦੀ ਜਾਂ ਬਿੰਦੀ ਨੂੰ ਕੋਈ ਕੰਮ ਪੈਂਦਾ ਤਾਂ ਮਿੰਦੋ ਵੱਡੀ ਹੋਣ ਦੇ ਨਾਤੇ ਕਦੇ ਵੀ ਇਨਕਾਰ ਨਾ ਕਰਦੀ ਭਾਵੇਂ ਉਸਨੂੰ ਆਪ ਔਖੀ ਹੀ ਕਿਉਂ ਨਾ ਹੋਣਾ ਪਵੇ। ਉਹ ਉਨ੍ਹਾਂ ਦੇ ਹਰ ਇੱਕ ਕੰਮ ਪਹੁੰਚਣ ਲਈ ਤਤਪਰ ਰਹਿੰਦੀ ਕਿਉਂਕਿ ਉਸਦੀ ਮਾਂ ਨੇ ਇਹੋ ਹੀ ਸਿੱਖਿਆ ਦਿੱਤੀ ਸੀ ਕਿ ਪੁੱਤ ਇਹ ਤੇਰੀਆਂ ਛੋਟੀਆਂ ਭੈਣਾਂ ਹਨ। ਮਾਂ ਦੀ ਉਸਾਰੀ ਇਹ ਭਾਵਨਾ ਉਸਦੀ ਰੂਹ ਵਿੱਚ ਰਚ ਗਈ ਸੀ। ਹਾਂ, ਜਦੋਂ ਕਦੇ ਛਿੰਦੀ ਤੇ ਬਿੰਦੀ ਨੇ ਕਹਿ ਦੇਣਾ ਭੈਣ, ਤੂੰ ਤਾਂ ਸਾਡੀ ਮਾਵਾਂ ਵਰਗੀ ਭੈਣ ਹੈਂ, ਸਾਨੂੰ ਪਤਾ ਹੈ ਤੂੰ ਸਾਡਾ ਇਹ ਕੰਮ ਜ਼ਰੂਰ ਕਰ ਦੇਵੇਂਗੀ, ਉਸ ਸਮੇਂ ਮਿੰਦੋ ਨੂੰ ਸਭ ਕੁਝ ਭੁੱਲ ਜਾਂਦਾ ਕਿ ਇਹ ਤਾਂ ਮੈਨੂੰ ਠਾਹ ਕੋਰਾ ਜਵਾਬ ਦੇ ਦਿੰਦੀਆਂ ਹਨ ਤੇ ਉਹ ਫਿਰ ਔਖੀ ਸੌਖੀ ਉਨ੍ਹਾਂ ਦਾ ਬੁੱਤਾ ਸਾਰਦੀ।
ਤਿੰਨ ਕੁ ਸਾਲ ਦੀ ਗੱਲ ਹੈ, ਛਿੰਦੀ ਨੇ ਆਪਣੇ ਮੁੰਡੇ ਦਾ ਵਿਆਹ ਰੱਖ ਲਿਆ ਤੇ ਮਿੰਦੋ ਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਭਾਣਜੇ ਦਾ ਵਿਆਹ ਹੈ। ਉਹ ਮਹੀਨਾ ਪਹਿਲੋਂ ਹੀ ਭੈਣ ਕੋਲ ਚਲੀ ਗਈ ਤੇ ਕਿਹਾ ਕਿ ਭੈਣੇ ਕੋਈ ਕੰਮ ਹੈ ਤਾਂ ਦੱਸ। ਛਿੰਦੀ ਨੇ ਹੋਰ ਗੱਲਾਂ ਕਰਨ ਤੋਂ ਪਿੱਛੋਂ ਕਿਹਾ ਕਿ ਭੈਣੇ ਆਪਾਂ ਮਿਠਿਆਈ ਤਾਂ ਮੁੱਲ ਲੈ ਲਵਾਂਗੇ, ਮੈਨੂੰ ਇਹ ਝੰਜਟ ਘਰੇ ਕਰਨਾ ਔਖਾ ਲਗਦਾ ਹੈ। ਮਿੰਦੋ ਨੇ ਜਦੋਂ ਹਲਵਾਈ ਨੂੰ ਘਰ ਸੱਦ ਕੇ ਮਿਠਿਆਈ ਚੈੱਕ ਕੀਤੀ ਜਿਹੜੀ ਛਿੰਦੀ ਨੇ ਮੰਗਵਾਉਣੀ ਕੀਤੀ ਸੀ, ਉਸ ਵਿੱਚੋਂ ਤਾਂ ਘਟੀਆ ਤੇਲ ਦੀ ਗੰਧ ਆ ਰਹੀ ਸੀ। ਮਿੰਦੋ ਕਹਿੰਦੀ, “ਕੁੜੇ ਭੈਣੇ, ਤੂੰ ਆਹ ਮਿਠਿਆਈ ਮਹਿਮਾਨਾਂ ਨੂੰ ਪਰੋਸੇਂਗੀ? ਸੁੱਖ ਨਾਲ ਤੇਰਾ ਐਨਾ ਵੱਡਾ ਘਰ ਹੈ। ਚੰਗੀ ਜ਼ਮੀਨ ਜਾਇਦਾਦ ਦੀ ਤੂੰ ਮਾਲਕ ਹੈਂ।”
ਛਿੰਦੀ ਕਹਿੰਦੀ, “ਚੰਗਾ ਫਿਰ ਤੂੰ ਹੀ ਕਰੀਂ ਇਹ ਕੰਮ। ਜਿਹੜੇ ਹਲਵਾਈ ਨੂੰ ਲਾਉਣੈ ਹੈ ਓਹੋ ਹੀ ਲਾ ਲੈ। ਮੈਂ ਕਿਸੇ ਨੂੰ ਨਹੀਂ ਸਾਂਭਣਾ।”
ਗੱਲ ਕੀ ਕਿ ਇਹ ਸਾਰੀ ਜ਼ਿੰਮੇਵਾਰੀ ਮਿੰਦੋ ਦੇ ਸਿਰ ਆ ਪਈ। ਮਿੰਦੋ ਨੇ ਸਾਰਾ ਕੁਝ ਬਹੁਤ ਧੀਰਜ ਭਾਅ ਨਾਲ ਨਿਭਾਇਆ ਅਤੇ ਵਧੀਆ ਤਰੀਕੇ ਨਾਲ ਨਿਭਾਇਆ।
ਮਿੰਦੋ ਦਾ ਪਤੀ ਕਹਿਣ ਲੱਗਾ ਕਿ ਤੂੰ ਆਪੇ ਸਿਰਦਰਦੀ ਸਹੇੜ ਲੈਂਦੀ ਹੈਂ, ਫਿਰ ਔਖੀ ਹੁੰਦੀ ਹੈਂ। ਮਿੰਦੋ ਕਹਿੰਦੀ ਕੀ ਕਰਾਂ, ਵੱਡੀ ਜੋ ਹੋਈ। ਇਹ ਰਿਸ਼ਤੇ ਵੀ ਧੁੱਪ ਅਤੇ ਛਾਂ ਵਾਂਗ ਹੁੰਦੇ ਨੇ, ਸਦਾ ਨਾਲ-ਨਾਲ ਚਲਦੇ ਹਨ। ਚਲੋ ਕੋਈ ਗੱਲ ਨਹੀਂ, ਸੋਹਣਾ ਵਿਆਹ ਹੋ ਗਿਆ ਹੈ।
ਸਭ ਖੁਸ਼ੀਆਂ ਕੀਤੀਆਂ ਪਰ ਵਿਆਹ ਤੋਂ ਮਹੀਨੇ ਬਾਅਦ ਜਦੋਂ ਤਿੰਨੇ ਭੈਣਾਂ ਇਕੱਠੀਆਂ ਹੋਈਆਂ ਤਾਂ ਛਿੰਦੀ ਨੇ ਸਭ ਦੇ ਸਾਹਮਣੇ ਮਿੰਦੋ ਨੂੰ ਮਿਹਣਾ ਮਾਰ ਦਿੱਤਾ, “ਤੁਸੀਂ ਮੇਰੇ ਲਈ ਕੀ ਕੀਤਾ ਹੈ? ਤੁਹਾਡੇ ਨਾਲੋਂ ਤਾਂ ਮੇਰੀ ਸਹੇਲੀ ਅਮਰੋ ਹੀ ਚੰਗੀ ਹੈ, ਜਿਸਨੇ ਮੇਰੇ ਬੇਟੇ ਦੇ ਵਿਆਹ ਦਾ ਸਾਰਾ ਕਾਰਜ ਆਪਣਾ ਸਮਝ ਕੇ ਕੀਤਾ। ਮੈਂ ਤਾਂ ਅਮਰੋ ਦਾ ਦੇਣ ਨਹੀਂ ਦੇ ਸਕਦੀ।”
ਅਮਰੋ ਉਨ੍ਹਾਂ ਦੇ ਪਿੰਡ ਦੀ ਹੀ ਲੜਕੀ ਸੀ, ਅਮਰੋ ਅਤੇ ਛਿੰਦੀ ਸਹੇਲੀਆਂ ਬਣੀਆਂ ਹੋਈਆਂ ਸਨ। ਅਮਰੋ ਨੇ ਵਿਆਹ ਵਿੱਚ ਛਿੰਦੀ ਨੂੰ ਸੋਨੇ ਦਾ ਸੈੱਟ ਤੇ ਸ਼ਾਇਦ ਉਸਦੇ ਬੇਟੇ ਨੂੰ ਵੀ ਕੋਈ ਗਹਿਣਾ ਪਾਇਆ ਸੀ। ਬੱਸ ਇਸ ਗੱਲ ਤੋਂ ਹੀ ਉਹ ਅਮਰੋ ਦੇ ਗੁਣ ਗਾਉਂਦੀ ਨਹੀਂ ਸੀ ਥੱਕਦੀ।
ਇੱਕ ਦਿਨ ਮਿੰਦੋ ਦੇ ਪਤੀ ਨੇ ਕਿਹਾ ਕਿ ਮਿੰਦੋ ਤੈਨੂੰ ਤੇਰੀਆਂ ਦੋਵੇਂ ਭੈਣਾਂ ਵਰਤ ਰਹੀਆਂ ਹਨ। ਤੇਰੇ ਨਾਲ ਉਹ ਢਿੱਡੋਂ ਸੁਥਰੀਆਂ ਨਹੀਂ ਹਨ। ਤੈਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਪੈ ਰਹੀ। ਮਿੰਦੋ ਇਹ ਸੁਣ ਕੇ ਡੂੰਘੀਆਂ ਸੋਚਾਂ ਵਿੱਚ ਪੈ ਗਈ ਤੇ ਵਿਚਾਰਨ ਲੱਗੀ ਕਿ ਗੱਲ ਤਾਂ ਇਨ੍ਹਾਂ ਦੀ ਠੀਕ ਹੈ। ਜਦੋਂ ਕਦੇ ਭੈਣਾਂ ਦਾ ਕੋਈ ਅੜਿਆ ਹੋਇਆ ਕੰਮ ਹੁੰਦਾ ਹੈ ਤਾਂ ਮਿੰਦੋ ਨੂੰ ਹੀ ਅਵਾਜ਼ ਪੈਂਦੀ ਹੈ ਕਿ ਆਜਾ ਭੈਣੇ ਤੂੰ ਵੱਡੀ ਵੀ ਹੈਂ ਅਤੇ ਸਿਆਣੀ ਵੀ। ਇਹ ਤਾਂ ਓਹੀ ਗੱਲ ਹੋਈ ਕਿ ‘ਪੈਸਿਆਂ ਸੰਗ ਰਿਸ਼ਤੇਦਾਰੀ, ਮਾਂ, ਬਾਪ ਨਾ ਭੈਣ ਪਿਆਰੀ।’ ਉਹ ਸੋਚਦੀ ਇਹ ਵੱਡੀ ਭੈਣ ਦੀ ਰਿਸ਼ਤੇਦਾਰੀ ਕੇਵਲ ਦੋਵੇਂ ਭੈਣਾਂ ਦੇ ਆਪਣੇ ਮਤਲਬ ਲਈ ਹੀ ਹੈ।
ਇਨ੍ਹਾਂ ਸੋਚਾਂ-ਵਿਚਾਰਾਂ ਦੇ ਚੱਕਰ ਵਿੱਚ ਮਿੰਦੋ ਨੂੰ ਮਾਂ ਦੀ ਸੁਣਾਈ ਹੋਈ ਇੱਕ ਕਹਾਣੀ ਯਾਦ ਆ ਗਈ। ਇੱਕ ਰਾਜਾ ਸੀ ਪਰ ਸੀ ਉਹ ਬੜਾ ਕੰਜੂਸ। ਨਾ ਉਹ ਆਪ ਕਿਸੇ ਨੂੰ ਇਨਾਮ-ਕਿਨਾਮ ਦਿੰਦਾ ਸੀ ਅਤੇ ਨਾ ਹੀ ਆਪਣੇ ਕਿਸੇ ਅਹਿਲਕਾਰ ਨੂੰ ਦੇਣ ਦਿੰਦਾ ਸੀ। ਇੱਕ ਵਾਰ ਉਸਦੇ ਦਰਬਾਰ ਵਿੱਚ ਇੱਕ ਨਾਟ ਮੰਡਲੀ ਆਈ, ਜਿਨ੍ਹਾਂ ਦਾ ਕੰਮ ਸੀ ਰਾਜਿਆਂ ਮਹਾਰਾਜਿਆਂ ਕੋਲ ਜਾ ਕੇ ਆਪਣੇ ਕਰਤਬ ਪੇਸ਼ ਕਰਨੇ ਅਤੇ ਇਨਾਮ-ਕਿਨਾਮ ਲੈਣੇ।
ਰਾਤ ਨੂੰ ਰਾਜੇ ਦੇ ਦਰਬਾਰ ਵਿੱਚ ਮਹਿਫਲ ਸਜੀ। ਨਾਟ ਮੰਡਲੀ ਨੇ ਆਪਣੀ ਕਲਾ ਦੇ ਕਮਾਲ ਦੇ ਜੌਹਰ ਦਿਖਾਏ। ਪਰ ਨਾ ਰਾਜੇ ਨੇ ਕੋਈ ਇਨਾਮ ਦਿੱਤਾ ਅਤੇ ਨਾ ਹੀ, ਚਾਹੁੰਦੇ ਹੋਏ ਵੀ, ਕਿਸੇ ਦਰਬਾਰੀ ਨੇ ਕੋਈ ਇਨਾਮ ਦਿੱਤਾ। ਕਿਉਂਕਿ ਰਾਜੇ ਦੀ ਮਰਯਾਦਾ ਸੀ ਕਿ ਰਾਜੇ ਤੋਂ ਪਹਿਲੋਂ ਕੋਈ ਦਰਬਾਰੀ ਕਿਸੇ ਨੂੰ ਇਨਾਮ ਨਹੀਂ ਦੇ ਸਕਦਾ ਸੀ ਅਤੇ ਨਾ ਕੋਈ ਰਾਜੇ ਤੋਂ ਵੱਧ ਦੇ ਸਕਦਾ ਸੀ। ਜਦੋਂ ਰਾਤ ਦਾ ਚੌਥਾ ਪਹਿਰ ਚੱਲ ਪਿਆ ਤਾਂ ਨਟਣੀ ਨੇ ਸਾਜ਼ ਬਜਾ ਰਹੇ ਆਪਣੇ ਪਤੀ ਨਰ ਨੂੰ ਗਾਇਕੀ ਵਿੱਚ ਸੈਨਤ ਕੀਤੀ, “ਬਹੁਤੀ ਗਈ ਥੋੜ੍ਹੀ ਰਹੀ, ਥੋੜ੍ਹੀ ਵੀ ਹੁਣ ਜਾਏ। ਨਟਣੀ ਕਹੇ ਸੁਣ ਨਾਟ ਰੇ, ਤਾਲ ਨੂੰ ਧੀਮਾਂ ਪਾਏ।” ਅੱਗੋਂ ਨਟ ਨੇ ਤਾਲ ਨੂੰ ਟੌਪ ਗੇਅਰ ਵਿੱਚ ਹੀ ਰੱਖਦਿਆਂ ਉੱਤਰ ਦਿੱਤਾ, “ਬਹੁਤੀ ਗਈ ਥੋੜ੍ਹੀ ਰਹੀ, ਥੋੜ੍ਹੀ ਵੀ ਹੁਣ ਜਾਏ। ਨਟ ਕਹੇ ਸੁਣ ਨਟਣੀ ਤਾਲ ਨਾ ਧੀਮਾ ਪਾਏ।”
ਇਹ ਸੁਣਦੇ ਸਾਰ ਹੀ ਰਾਜ-ਕੁਮਾਰ ਨੇ ਵੇਗ ਵਿੱਚ ਆ ਕੇ ਆਪਣਾ ਸਭ ਤੋਂ ਕੀਮਤੀ ਮੋਤੀਆਂ ਦਾ ਹਾਰ ਗਲ ਵਿੱਚੋਂ ਲਾਹ ਕੇ ਨਟਣੀ ਉੱਤੋਂ ਵਾਰ ਦਿੱਤਾ। ਉਸਦੇ ਮਗਰ ਹੀ ਹੌਸਲਾ ਕਰ ਕੇ ਰਾਜ-ਕੁਮਾਰੀ ਨੇ ਵੀ ਆਪਣਾ ਕੀਮਤੀ ਹਾਰ ਨਟਣੀ ਤੋਂ ਵਾਰ ਦਿੱਤਾ। ਦੇਖਦਿਆਂ-ਦੇਖਦਿਆਂ ਦਰਬਾਰੀਆਂ ਨੇ ਵੀ ਤੋਹਫਿਆਂ ਦੇ ਢੇਰ ਲਾ ਦਿੱਤੇ। ਪੂਰੀ ਨਾਟ ਮੰਡਲੀ ਦੇ ਪੁਸ਼ਤਾਂ ਦੇ ਧੋਣੇ ਧੋਤੇ ਗਏ। ਪਰ ਰਾਜੇ ਨੂੰ ਚੜ੍ਹ ਗਿਆ ਵੱਟ।
ਅਗਲੀ ਸਵੇਰ ਹੀ ਰਾਜੇ ਨੇ ਸਾਰਿਆਂ ਨੂੰ ਤਲਬ ਕਰ ਲਿਆ। ਸਭ ਤੋਂ ਪਹਿਲੋਂ ਉਸਨੇ ਰਾਜ-ਕੁਮਾਰ ਨੂੰ ਹੀ ਉਸਦੀ ਗੁਸਤਾਖੀ ਦਾ ਸਬੱਬ ਪੁੱਛਿਆ। ਰਾਜ-ਕੁਮਾਰ ਬੋਲਿਆ, “ਹਜ਼ੂਰ, ਮੇਰੀ ਜਵਾਨੀ ਢਲ ਚੱਲੀ ਹੈ। ਨਾ ਤੁਸੀਂ ਆਪ ਰਾਜ ਦਾ ਸੁਖ ਮਾਣਦੇ ਹੋ ਅਤੇ ਨਾ ਹੀ ਮੈਨੂੰ ਮਾਣਨ ਦਿੰਦੇ ਹੋ। ਦੁਖੀ ਹੋ ਕੇ ਮੈਂ ਤੁਹਾਨੂੰ ਕਤਲ ਕਰਨ ਦਾ ਮਨ ਬਣਾ ਲਿਆ ਸੀ। ਨਟ ਦੇ ਬਚਨ ਸੁਣਕੇ ਮੈਂ ਫੈਸਲਾ ਕਰ ਲਿਆ ਹੈ ਕਿ ਪਿਤਾ ਸ਼੍ਰੀ ਕਿੰਨੀ ਕੁ ਦੇਰ ਬੈਠੇ ਰਹਿਣਗੇ, ਮੈਨੂੰ ਸਬਰ ਕਰਨਾ ਚਾਹੀਦਾ ਹੈ ਅਤੇ ਇਸ ਪਾਪ ਦਾ ਕਲੰਕ ਆਪਣੇ ਮੱਥੇ ਉੱਤੇ ਨਹੀਂ ਲਾਉਣਾ ਚਾਹੀਦਾ।”
ਰਾਜੇ ਨੇ ਰਾਜ-ਕੁਮਾਰੀ ਨੂੰ ਪੁੱਛਿਆ, “ਰਾਜ-ਕੁਮਾਰ ਦੀ ਦਲੀਲ ਸਹੀ ਹੈ। ਪਰ ਤੂੰ ਕਿਉਂ ਗੁਸਤਾਖੀ ਕੀਤੀ।”
ਰਾਜ-ਕੁਮਾਰੀ ਬੋਲੀ, “ਮੇਰੀ ਆਪਣੀ ਸਮੱਸਿਆ ਹੈ। ਮੇਰੀ ਵੀ ਜਵਾਨੀ ਢਲ ਚੱਲੀ ਹੈ ਪਰ ਹਜ਼ੂਰ ਮੇਰਾ ਵਿਆਹ ਨਹੀਂ ਕਰਦੇ। ਮੈਂ ਵੀ ਫੈਸਲਾ ਕੀਤਾ ਸੀ ਕਿ ਮੌਕਾ ਮਿਲਦਿਆਂ ਹੀ ਵਜ਼ੀਰ ਦੇ ਲੜਕੇ ਨਲ ਕਿਧਰੇ ਦੌੜ ਜਾਣਾ ਹੈ। ਮੈਂ ਵੀ ਨਟ ਦੇ ਬੋਲ ਸੁਣਕੇ ਆਪਣਾ ਇਰਾਦਾ ਬਦਲ ਕੇ ਧੀਰਜ ਦਾ ਪੱਲਾ ਫੜ ਲਿਆ ਹੈ ਕਿ ਆਖਰ ਕਦੇ ਤਾਂ ਮੇਰਾ ਵਿਆਹ ਹੋਵੇਗਾ ਹੀ। ਮੈਂ ਕਿੱਡੇ ਵੱਡੇ ਗੁਨਾਹ ਤੋਂ ਬਚ ਗਈ ਹਾਂ। ਇਸ ਲਈ ਮੈਂ ਆਪਣਾ ਕੀਮਤੀ ਹਾਰ ਉਨ੍ਹਾਂ ਨੂੰ ਦੇ ਦਿੱਤਾ।”
ਇਸ ਤੋਂ ਅੱਗੇ ਪੁੱਛ ਪੜਤਾਲ ਕਰਨ ਦੀ ਰਾਜੇ ਦੀ ਹਿੰਮਤ ਹੀ ਨਾ ਰਹੀ, ਉਹ ਆਪਣੇ ਵਿਵਹਾਰ ਨੂੰ ਨਵਾਂ ਰੂਪ ਦੇਣ ਬਾਰੇ ਸੋਚਣ ਲੱਗਾ।
“ਕੀ ਮੈਨੂੰ ਵੀ ਚੰਗਿਆਈ ਦਾ ਪੱਲਾ ਅਡੋਲ ਨਹੀਂ ਫੜੀ ਰੱਖਣਾ ਚਾਹੀਦਾ?” ਮਿੰਦੋ ਸੋਚ ਰਹੀ ਸੀ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































