“ਇੱਕ ਵਾਰ ਮੇਰੀ ਬੇਟੀ ਬੀ ਜੀ ਨੂੰ ਕਹਿੰਦੀ, ਬੀ ਜੀ, ਮੈਂ ਤੁਹਾਡਾ ਸੰਦੂਕ ਵੇਖਣਾ ਹੈ ਕਿ ਇਸ ਵਿੱਚ ...”
(18 ਮਈ 2025)
1982 ਦਾ ਜਨਵਰੀ ਦਾ ਮਹੀਨਾ, ਤੇ ਕਾਫੀ ਠੰਢ, ਮੈਂ ਆਪਣੇ ਸਿੱਧਵਾਂ ਕਾਲਜ ਦੇ ਹੋਸਟਲ ਵਿੱਚ ਆਰਾਮ ਨਾਲ ਸੁੱਤੀ ਪਈ ਸੀ। ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਲੜਕੀ ਨੇ ਸਲਿੱਪ ਮੇਰੇ ਹੱਥ ਵਿੱਚ ਫੜਾ ਦਿੱਤੀ, ਜਿਸ ਉੱਤੇ ਵਾਰਡਨ ਮੈਡਮ ਨੇ ਲਿਖਿਆ ਸੀ, “ਤੈਨੂੰ ਗੈੱਸਟ ਰੂਮ ਵਿੱਚ ਮਿਲਣ ਲਈ ਕੋਈ ਆਇਆ ਹੈ।” ਮੈਂ ਫਟਾਫਟ ਵਾਲ਼ ਸਵਾਰੇ, ਕੱਪੜੇ ਠੀਕ ਕੀਤੇ ਤੇ ਆਪਣੀ ਇੱਕ ਸਹੇਲੀ ਨੂੰ ਨਾਲ ਲੈ ਕੇ ਗੈੱਸਟ ਰੂਮ ਵੱਲ ਚੱਲ ਪਈ। ਮਨ ਵਿੱਚ ਮੈਂ ਸੋਚਦੀ ਜਾਵਾਂ ਕਿ ਮੈਨੂੰ ਮਿਲਣ ਵਾਲ਼ਾ ਕੌਣ ਆ ਗਿਆ, ਮੈਂ ਤਾਂ ਆਪਣੇ ਘਰ ਤੋਂ ਥੋੜ੍ਹੇ ਦਿਨ ਪਹਿਲੋਂ ਹੀ ਆਈ ਹਾਂ।
ਮੈਂ ਗੈੱਸਟ ਰੂਮ ਵਿੱਚ ਜਾ ਕੇ ਦੇਖਿਆ, ਇੱਕ ਬਣੀ-ਠਣੀ ਲੇਡੀ ਬੈਠੀ ਸੀ, ਜਿਸ ਨੇ ਲੰਬਾ ਕੋਟ ਪਾਇਆ ਹੋਇਆ ਸੀ ਤੇ ਉਸਨੇ ਇੱਕ ਬਹੁਤ ਸੋਹਣਾ ਪਰਸ ਫੜਿਆ ਹੋਇਆ ਸੀ। ਦੇਖਣ ਤੋਂ ਜਾਪਦਾ ਸੀ ਕਿ ਉਹ ਕਿਸ ਖਾਂਦੇ ਪੀਂਦੇ ਪਰਿਵਾਰ ਵਿੱਚੋਂ ਹੈ। ਉਸਦੇ ਨਾਲ ਇੱਕ ਹੋਰ ਲੇਡੀ ਵੀ ਬੈਠੀ ਸੀ। ਮੈਂ ਤੇ ਮੇਰੀ ਸਹੇਲੀ ਨੇ ਉਨ੍ਹਾਂ ਦੋਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕੋਲ ਪਏ ਸੋਫੇ ਉੱਤੇ ਬੈਠ ਗਈਆਂ। ਉਨ੍ਹਾਂ ਨੇ ਮੇਰੇ ਕੋਲ਼ੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਬੇਟਾ ਤੁਹਾਡਾ ਕਿਹੜਾ ਪਿੰਡ ਹੈ? ਤੁਸੀਂ ਕਦੋਂ ਤੋਂ ਇਸ ਕਾਲਜ ਵਿੱਚ ਪੜ੍ਹਦੇ ਹੋ, ਆਦਿ। ਮੈਂ ਆਪਣੇ ਵੱਲੋਂ ਬਣਦੇ ਉੱਤਰ ਦੇ ਦਿੱਤੇ।
ਉਸ ਤੋਂ ਪਿੱਛੋਂ ਅਸੀਂ ਉਨ੍ਹਾਂ ਨੂੰ ਕਾਲਜ ਦੀ ਕੰਟੀਨ ਵਿੱਚ ਲੈ ਗਈਆਂ ਅਤੇ ਚਾਹ-ਪਾਣੀ ਦੀ ਚੰਗੀ ਸੇਵਾ ਕੀਤੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਮੇਰੇ ਕੋਲ ਕਿਸ ਨੇ ਭੇਜਿਆ ਹੈ? ਉਨ੍ਹਾਂ ਨੇ ਇੱਕ ਮੈਡਮ ਦਾ ਨਾਂ ਦੱਸਿਆ, ਜੋ ਸਿੱਧਵਾਂ ਦੇ ਹੀ ਸਕੂਲ ਵਿੱਚ ਪੜ੍ਹਾਉਂਦੀ ਸੀ। ਉਨ੍ਹਾਂ ਦੇ ਜਾਣ ਤੋਂ ਪਿੱਛੋਂ ਮੇਰੀਆਂ ਸਹੇਲੀਆਂ ਮੈਨੂੰ ਛੇੜਨ ਲੱਗ ਪਈਆਂ ਕਿ ਇਹ ਤਾਂ ਤੈਨੂੰ ਦੇਖਣ ਵਾਸਤੇ ਆਈ ਸੀ। ਮੈਂ ਉਨ੍ਹਾਂ ਨੂੰ ਕਿਹਾ ਤੇ ਅਰਦਾਸ ਕੀਤੀ ਹੇ ਰੱਬ ਜੀ, ਮੈਨੂੰ ਇਹੋ ਜਿਹੀ ਸੱਸ ਨਹੀਂ ਚਾਹੀਦੀ ਜੋ ਆਪਣੇ ਆਪ ਨੂੰ ਹੀ ਦੇਖੀ ਜਾਵੇ। ਇਹ ਤਾਂ ਦੇਖਣ ਨੂੰ ਪੂਰੀ ਫੈਸ਼ਨੇਵਲ ਲਗਦੀ ਹੈ। ਇਸ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਹੀ ਨਹੀਂ। ਸਿਆਣੇ ਕਹਿੰਦੇ ਹਨ, ‘ਜਿੱਥੇ ਹੋਵੇ ਸੱਸ ਦਾ ਸ਼ਿੰਗਾਰ, ਉੱਥੇ ਹੋਵੇ ਨੂੰਹ ਦਾ ਕੀ ਵਕਾਰ!’ ਮੈਂ ਮਨੋਂ ਕਿਹਾ ਕਿ ਰੱਬਾ, ਜੇ ਮੇਰੀ ਮੰਨੇ ਤਾਂ ਮੈਨੂੰ ਤਾਂ ਪਿੰਡ ਵਾਲ਼ੀ ਸਧਾਰਣ ਜਿਹੀ ਸੱਸ ਚਾਹੀਦੀ ਹੈ।
ਸੱਸ ਦੇ ਗੁਣਾਂ ਸੰਬੰਧੀ ਜਦੋਂ ਵੀ ਕੋਈ ਬੋਲੀ ਸੁਣਦੇ ਹਾਂ ਤਾਂ ਉਸ ਵਿੱਚੋਂ ਸੱਸ ਦਾ ਇੱਕ ਵਿਕਰਾਲ਼ ਰੂਪ ਹੀ ਲੱਭਦਾ ਹੈ। ਜਿਵੇਂ ਕਿ ਸੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕਿਸ ਬਣਾਈਆਂ। ਮੇਰੇ ਸਤਿਗੁਰ ਨੇ ਮਗਰ ਚੁੜੇਲਾਂ ਪਾਈਆਂ। ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ ਅਤੇ ਮੈਨੂੰ ਨਿੰਮ ਦਾ ਲਿਆ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਉਹਲੇ। ਇਹ ਬੋਲੀਆਂ ਤਾਂ ਲਗਭਗ ਹਰ ਗਿੱਧੇ ਵਿੱਚ ਹੀ ਪਾਈਆਂ ਜਾਂਦੀਆਂ ਹਨ, ਜਿਵੇਂ ਇਨ੍ਹਾਂ ਬਿਨਾਂ ਗਿੱਧੇ ਨੂੰ ਘੁੰਗਰੂ ਹੀ ਨਾ ਲਗਦੇ ਹੋਣ। ਸਾਡੇ ਸਮਾਜ ਦੀ ਸਮੁੱਚੀ ਸੋਚ ਹੀ ਇਹੋ ਜਿਹੀ ਹੈ ਕਿ ਬਚਪਨ ਤੋਂ ਹੀ ਮਾਵਾਂ ਲੜਕੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁਪੱਤੀ ਸੱਸ ਦਾ ਮਿਹਣਾ ਮਾਰਨਾ ਸ਼ੁਰੂ ਕਰ ਦਿੰਦੀਆਂ ਹਨ। ਕਦੇ-ਕਦੇ ਕਿਸੇ ਵਿਰਲੇ ਸਮੇਂ ਵਿੱਚ ਹੀ ਸੁਣਨ ਨੂੰ ਮਿਲ਼ਦਾ ਹੈ, ਨੀ ਮੈਂ ਸੱਸ ਰੱਖਣੀ, ਰੱਖਣੀ ਬਣਾ ਕੇ ਮਾਂ। ਸੱਚੀ ਗੱਲ ਤਾਂ ਇਹ ਹੈ ਕਿ ਚੰਦਰੀ ਸੱਸ ਦਾ ਡਰ ਮੇਰੀਆਂ ਸੋਚਾਂ ਦੇ ਵੀ ਕਿਸੇ ਨਾ ਕਿਸੇ ਖੂੰਜੇ ਬੈਠਾ ਹੋਇਆ ਸੀ। ਪਰ ਪਰਮਾਤਮਾ ਨੇ ਮੇਰੀ ਨੇੜੇ ਹੋ ਕੇ ਸੁਣ ਲਈ।
ਜਦੋਂ ਮੇਰਾ ਰਿਸ਼ਤਾ ਪੱਕਾ ਹੋਇਆ, ਮੇਰਾ ਸਹੁਰਾ ਪਰਿਵਾਰ ਮੈਨੂੰ ਚੁੰਨੀ ਚੜ੍ਹਾਉਣ ਸਾਡੇ ਪਿੰਡ ਆਇਆ, ਜਿਸ ਵਿੱਚ ਮੇਰੀ ਸੱਸ, ਤਿੰਨੇ ਨਣਦਾਂ ਤੇ ਮੇਰੇ ਪਤੀ ਦੀਆਂ ਤਾਈਆਂ ਚਾਚੀਆਂ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਸਨ। ਜਦੋਂ ਚੁੰਨੀ ਚੜ੍ਹਾਉਣ ਦੀ ਰਸਮ ਪੂਰੀ ਹੋ ਗਈ ਤਾਂ ਮਹਿਮਾਨਾਂ ਨੂੰ ਖਾਣੇ ਦਾ ਸੱਦਾ ਦਿੱਤਾ ਗਿਆ। ਉਹ ਖਾਣਾ ਖਾਣ ਲੱਗੇ ਤਾਂ ਮੈਨੂੰ ਕਿਹਾ ਗਿਆ ਕਿ ਮੈਂ ਵੀ ਨਾਲ ਹੀ ਬੈਠ ਜਾਵਾਂ। ਮੇਰੀ ਕੁਰਸੀ ਦੇ ਨਾਲ ਮੇਰੀ ਸੱਸ ਬੈਠ ਗਈ। ਮੈਂ ਦੇਖਿਆ ਕਿ ਉਸ ਦਾ ਫੁਲਕਾ ਠੰਢਾ ਹੋ ਗਿਆ ਹੈ। ਮੈਂ ਆਪਣੀ ਕੁਰਸੀ ਤੋਂ ਉੱਠੀ ਤੇ ਜਾ ਕੇ ਗਰਮ-ਗਰਮ ਫੁਲਕਾ ਲੈ ਆਈ। ਮੈਂ ਆਪ ਉਸ ਨੂੰ ਕਿਹਾ ਕਿ ਇਹ ਖਾਵੋ। ਮੇਰੀ ਸੱਸ ਨੇ ਸਗੋਂ ਅੱਗੋਂ ਕਿਹਾ ਕਿ ਕੋਈ ਨੀ ਪੁੱਤ ਪਹਿਲਾ ਫੁਲਕਾ ਵੀ ਠੀਕ ਹੈ, ਪਰ ਨਾਲ ਦੀ ਨਾਲ ਉਸ ਨੇ ਮੇਰੀ ਬੇਨਤੀ ਮੰਨ ਕੇ ਠੰਢੇ ਦੀ ਥਾਂ ਮੇਰਾ ਲਿਆਂਦਾ ਹੋਇਆ ਗਰਮ ਫੁਲਕਾ ਖਾਣਾ ਸ਼ੁਰੂ ਕਰ ਦਿੱਤਾ। ਮੈਨੂੰ ਬੜਾ ਹੀ ਚੰਗਾ ਲੱਗਿਆ। ਮੇਰਾ ਮਨ ਧੰਨ-ਧੰਨ ਹੋ ਗਿਆ। ਮੈਨੂੰ ਉਸ ਵਿੱਚੋਂ ਇੱਕ ਸੁੱਘੜ ਸਿਆਣੀ ਤੇ ਪਿਆਰ ਕਰਨ ਵਾਲ਼ੀ ਮਾਂ ਦੀ ਝਲਕ ਮਹਿਸੂਸ ਹੋਈ। ਜਦੋਂ ਉਹ ਜਾਣ ਲੱਗੀ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮੈਂ ਆਪਣੇ ਮਨ ਹੀ ਮਨ ਸੋਚਿਆ ਕਿ ਮਾਤਾ ਲਗਦੀ ਤਾਂ ਬੜੇ ਠੰਢੇ ਮਿੱਠੇ ਸੁਭਾਅ ਵਾਲ਼ੀ ਹੈ, ਅੱਗੇ ਤੇਰੇ ਭਾਗ ਲੱਛੀਏ!
ਜਦੋਂ ਮੈਂ ਨਵੀਂ-ਨਵੀਂ ਵਿਆਹੀ ਸਹੁਰੀਂ ਗਈ ਤਾਂ ਮੈਂ ਦੇਖਿਆ ਕਿ ਮੇਰੀ ਸੱਸ ਨੂੰ ਮਣਾਂ ਮੂੰਹ ਚਾਅ ਚੜ੍ਹਿਆ ਹੋਇਆ ਹੈ। ਉਸ ਨੇ ਪਾਣੀ ਵਾਰ ਕੇ ਮੈਨੂੰ ਬੜਾ ਹੀ ਨਿੱਘਾ ਪਿਆਰ ਦਿੱਤਾ। ਵਿਆਹ ਤੋਂ ਕੋਈ 15-20 ਦਿਨ ਬਾਅਦ ਮੈਨੂੰ ਉਸ ਨੇ ਕਿਹਾ ਕਿ ਪੁੱਤ ਆਪਾਂ ਨੇ ਨਾਨਕੇ ਕੋਠੀ-ਝਾੜ ਦੇ ਕੇ ਆਉਣਾ ਹੈ, ਤਿਆਰ ਹੋ ਜਾ। ਫਿਰ ਮੇਰਾ ਪਤੀ ਅਤੇ ਮੇਰੀ ਸੱਸ, ਅਸੀਂ ਤਿੰਨੇ ਹੀ ਨਾਨਕੇ (ਬੀ ਜੀ ਦੇ ਪੇਕੇ ਪਿੰਡ) ਗਏ। ਮੇਰੀ ਸੱਸ ਨੂੰ ਇੱਕ ਤਾਂ ਆਪਣੇ ਪੇਕੀਂ ਜਾਣ ਦਾ ਚਾਅ ਤੇ ਦੂਜਾ ਆਪਣੀ ਨੂੰਹ ਸੋਹਣੀ ਹੋਣ ਦਾ ਮਾਣ। ਸਾਡੇ ਮਾਮਿਆਂ ਦੇ ਦੋ ਘਰ ਸਨ। ਇੱਕ ਪਿੰਡੋਂ ਬਾਹਰ ਤੇ ਦੂਜਾ ਪਿੰਡ ਦੇ ਵਿੱਚ। ਕਾਰ ਨੂੰ ਬਾਹਰਲੇ ਮਾਮੇ ਦੇ ਘਰ ਖੜ੍ਹੀ ਕਰਕੇ ਪਿੰਡ ਦੇ ਅੰਦਰਲੇ ਘਰ ਸਾਨੂੰ ਤੁਰਕੇ ਜਾਣਾ ਪੈਣਾ ਸੀ, ਕਿਉਂਕਿ ਪਿੰਡ ਦੇ ਅੰਦਰ ਗਲ਼ੀਆਂ ਤੰਗ ਸਨ। ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਕੀ ਪੁੱਤ ਤੂੰ ਤੁਰਕੇ ਚਲੀ ਜਾਵੇਂਗੀ? ਮੈਂ ਉੱਤਰ ਦਿੱਤਾ ਕਿ ਹਾਂ ਜੀ।
ਮੇਰਾ ਪਤੀ ਅੱਗੇ-ਅੱਗੇ ਅਤੇ ਮੈਂ ਤੇ ਮੇਰੀ ਸੱਸ ਪਿੱਛੇ-ਪਿੱਛੇ ਤੁਰ ਕੇ ਜਦੋਂ ਪਿੰਡ ਦੇ ਮੁੱਖ ਦਰਵਾਜੇ ਕੋਲ ਪਹੁੰਚੀਆਂ ਤਾਂ ਮੇਰੀ ਸੱਸ ਰੁਕ ਗਈ। ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ। ਮੇਰੀ ਸੱਸ ਨੇ ਪਿੱਛੇ ਮੂੰਹ ਮੋੜਕੇ ਬੱਚਿਆਂ ਨੂੰ ਪੁੱਛਿਆ, ਕਿ ਕੀ ਕਦੀ ਤੁਸੀਂ ਕੋਈ ਨਵਾਂ ਬੰਦਾ ਨਹੀਂ ਦੇਖਿਆ? ਜਾਓ ਪੁੱਤ ਜਾ ਕੇ ਖੇਲ੍ਹੋ। ਇਸ ਤਰ੍ਹਾਂ ਪਿੱਛੇ-ਪਿੱਛੇ ਆਉਂਣਾ ਚੰਗਾ ਨਹੀਂ ਲੱਗਦਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪਿੰਡ ਦੇ ਕਿੰਨੇ ਹੀ ਜੁਆਕ ਇਕੱਠੇ ਹੋਏ ਸਾਡੇ ਪਿੱਛੇ-ਪਿੱਛੇ ਆ ਰਹੇ ਸਨ ਅਤੇ ਕੋਠਿਆਂ ’ਤੇ ਖੜ੍ਹੀਆਂ ਔਰਤਾਂ ਵੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਨੀ ਇਹ ਤਾਂ ਛੋਟੋ ਦੀ ਨੂੰਹ ਲਗਦੀ ਹੈ। ਮੇਰੀ ਸੱਸ ਮੈਨੂੰ ਕਲਾਵੇ ਵਿੱਚ ਲੈ ਕੇ ਸਾਡੇ ਮਾਮੇ ਦੇ ਘਰ ਲੈ ਗਈ। ਮਾਮਾ ਮਾਮੀ ਬਹੁਤ ਖੁਸ਼ ਹੋਏ ਅਤੇ ਆਸ ਪਾਸ ਦੀਆਂ ਗੁਆਂਢਣਾਂ ਵੀ ਮੈਨੂੰ ਸ਼ਗਨ ਦੇਣ ਆਈਆਂ।
ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ, ਮੈਂ ਵੀ ਉਸ ਨੂੰ ਹਮੇਸ਼ਾ ਬੀ ਜੀ ਕਹਿ ਕੇ ਹੀ ਬੁਲਾਉਂਦੀ। ਮੇਰਾ ਵਿਆਹ ਸਾਂਝੇ ਘਰ ਵਿੱਚ ਹੋਇਆ ਸੀ। ਕੰਮ ਵੰਡ ਕੇ ਕੀਤਾ ਜਾਂਦਾ ਸੀ। ਬੀ ਜੀ ਦਾ ਹਮੇਸ਼ਾ ਇਹੋ ਹੀ ਯਤਨ ਹੁੰਦਾ ਸੀ ਕਿ ਉਸਦੀ ਨੂੰਹ ਦੇ ਹਿੱਸੇ ਆਇਆ ਕੰਮ ਵੀ ਓਹੋ ਹੀ ਕਰ ਦੇਵੇ। ਸਾਂਝੇ ਪਰਿਵਾਰ ਵਿੱਚ ਚੁਸਤੀਆਂ ਕਰਨ ਵਾਲ਼ੀਆਂ ਸ਼ਰੀਕਣਾਂ ਨੇ ਮੈਨੂੰ ਨੀਵਾਂ ਦਖਾਉਣ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਮੌਕਾ ਮਿਲ਼ਦੇ ਹੀ ਮੇਰੇ ਨਾਲ ਕੋਈ ਨਾ ਕੋਈ ਚਤਰਾਈ ਖੇਡ ਜਾਣੀ। ਮੇਰੀ ਸੱਸ ਪਰਛਾਵੇਂ ਵਾਂਗ ਸਦਾ ਮੇਰੇ ਨਾਲ਼-ਨਾਲ਼ ਰਹਿੰਦੀ। ਉਸ ਨੇ ਹੋਈਆਂ ਚਤਰਾਈਆਂ ਦੀ ਸੁਲਗਦੀ ਧੂਣੀ ਉੱਤੇ ਸਦਾ ਠੰਢੇ ਪਾਣੀ ਦਾ ਤਰੌਂਕਾ ਦੇਣਾ। ਸ਼ਰੀਕੇ ਦੇ ਰੰਗ ਢੰਗ ਸਮਝਾਉਂਦਿਆਂ ਮੈਨੂੰ ਸਦਾ ਸ਼ਾਂਤੀ ਬਣਾਈ ਰੱਖਣ ਦੀ ਸਿੱਖਿਆ ਦੇਣੀ। ਮਿਲ਼ੇ ਮਿਹਣਿਆਂ ਨਿਹੋਰਿਆਂ ਨੂੰ ਅਸੀਂ ਦੋਹਾਂ ਨੇ ਰਲ਼-ਮਿਲ ਕੇ ਚੱਲ ਹੋਊ ਕਰ ਛੱਡਣਾ।
ਜਦੋਂ ਅਸੀਂ ਸਾਂਝੇ ਪਰਿਵਾਰ ਨਾਲ਼ੋਂ ਅੱਡ ਹੋਏ ਤਾਂ ਸ਼ਰੀਕਾਂ ਨੇ ਸਾਡੇ ਪਰਿਵਾਰ ਨੂੰ ਹਰ ਪਾਸਿਓਂ ਹੀ ਵੱਧ ਤੋਂ ਵੱਧ ਰਗੜਾ ਲਾਇਆ। ਪਰ ਬੀ ਜੀ ਨੇ ਰੋਸਾ ਕਰਨ ਦੀ ਥਾਂ ਸਦਾ ਹੀ ਸਮੇਂ ਨਾਲ ਸਮਝੌਤਾ ਕਰ ਲੈਣਾ ਅਤੇ ਖੁਸ਼ ਹੋ ਕੇ ਕਹਿਣਾ ਕਿ ਸ਼ੁਕਰ ਹੈ ਰੱਬ ਦਾ! ਹੁਣ ਅਸੀਂ ਆਪਣੇ ਘਰ ਦੇ ਆਪ ਮਾਲਕ ਹੋ ਗਏ ਹਾਂ। ਆਪਣੀ ਮਰਜ਼ੀ ਦੀਆਂ ਆਪ ਮਾਲਕ ਵੀ ਮੈਂ ਕਹਿਣਾ। ਬੀ ਜੀ ਨੇ ਕਦੇ ਵੀ ਮੈਨੂੰ ਸੁੱਤੀ ਨੂੰ ਨਹੀਂ ਸੀ ਉਠਾਇਆ। ਅਸੀਂ ਵੀ ਜੇ ਕਿਸੇ ਪਾਸੇ ਜਾਣਾ ਹੁੰਦਾ ਤਾਂ ਬੀ ਜੀ ਤੋਂ ਆਗਿਆ ਲੈ ਕੇ ਜਾਣਾ। ਉਨ੍ਹਾਂ ਨੇ ਆਪਣੇ ਪੋਤੇ ਅਤੇ ਪੋਤੀ ਨੂੰ ਰੱਜ ਕੇ ਪਿਆਰ ਕੀਤਾ। ਉਨ੍ਹਾਂ ਨੂੰ ਕਾਸ਼ਨੀ ਰੰਗ ਪਸ਼ੰਦ ਸੀ ਤੇ ਮੇਰੇ ਬੇਟੇ ਦੇ ਵਿਆਹ ਵੇਲੇ ਉਨ੍ਹਾਂ ਨੇ ਕਾਸ਼ਨੀ ਰੰਗ ਦਾ ਸੂਟ ਮੰਗਿਆ। ਦੁਕਾਨਦਾਰ ਨੇ ਸਾਨੂੰ ਕਾਸ਼ਨੀ ਰੰਗ ਨਾਲ ਮਿਲ਼ਦੇ ਢੇਰ ਸਾਰੇ ਸੈਂਪਲ ਫੜਾ ਦਿੱਤੇ ਪਰ ਸਾਨੂੰ ਲੋੜੀਂਦੇ ਰੰਗ ਦਾ ਪਤਾ ਨਾ ਲੱਗੇ। ਅਸੀਂ ਬੀ ਜੀ ਕੋਲ਼ੋਂ ਸਾਰੇ ਸੈਂਪਲ ਲੈ ਗਏ ਅਤੇ ਉਨ੍ਹਾਂ ਤੋਂ ਪੁੱਛਕੇ ਹੀ ਉਨ੍ਹਾਂ ਦੇ ਪਸੰਦ ਦਾ ਸੂਟ ਲਿਆ। ਗੱਲ ਕੀ ਮੈਨੂੰ ਮੇਰੀ ਸੱਸ ਦਾ ਇੰਨਾ ਮੋਹ ਪਿਆਰ ਸੀ ਕਿ ਮੈਂ ਉਨ੍ਹਾਂ ਦੇ ਹਰ ਬੋਲ ਨੂੰ ਖਿੜੇ ਮੱਥੇ ਮੰਨਦੀ ਸਾਂ ਤੇ ਆਪਣੇ ਧੰਨਭਾਗ ਸਮਝਦੀ ਸਾਂ।
ਆਪਣੀ ਹੱਡ ਬੀਤੀ ਦਾ ਵਰਣਨ ਕਰਨ ਲੱਗਿਆਂ ਉਹ ਆਮ ਹੀ ਕਹਿੰਦੀ ਕਿ ਉਸਦੀ ਸੱਸ ਦਾ ਸੁਭਾਅ ਬੜਾ ਹੀ ਕੈੜਾ ਸੀ। ਉਸਦੇ ਨੱਕ ’ਚੋਂ ਸਦਾ ਹੀ ਠੂੰਹੇਂ ਕਿਰਦੇ ਅਤੇ ਬੁੱਲ੍ਹਾਂ ’ਚੋਂ ਫਨੀਅਰ ਨਾਗ਼ ਫੁੰਕਾਰਦੇ। ਉਹ ਕਿਸੇ ਨਾ ਕਿਸੇ ਬਹਾਨੇ ਹਮੇਸ਼ਾ ਟੋਕਾਟਾਕੀ ਦਾ ਗਿੱਲਾ ਪੀਹਣ ਪਾਈ ਰੱਖਦੀ। ਮੈਂ ਪੁੱਛਣਾ ਕਿ ਬੀ ਜੀ ਤੁਸੀਂ ਜਦੋਂ ਇੰਨਾ ਕੰਮਕਾਰ ਕਰਦੇ ਸੀ ਤਾਂ ਉਹ ਕਿਉਂ ਟੋਕਾਟੋਕੀ ਕਰਦੀ ਰਹਿੰਦੀ ਸੀ? “ਮੇਰੇ ਕਰਮ! ਮੈਂ ਆਪਣੇ ਜੀਵਨ ਵਿੱਚ ਕਦੀ ਸੁਖ ਦਾ ਸਾਹ ਨਹੀਂ ਲਿਆ ਪੁੱਤ।”
ਹਉਕਾ ਭਰ ਕੇ ਬੀ ਜੀ ਨੇ ਅੱਗੇ ਦੱਸਿਆ ਕਿ ਉਸਦੇ ਪਹਿਲਾਂ ਤਿੰਨ ਧੀਆਂ ਪੈਦਾ ਹੋਈਆਂ। ਸ਼ਾਇਦ ਇਹ ਤਿੰਨ ਜਨਨੀਆਂ ਜੰਮਣ ਦਾ ਹੀ ਮੇਰਾ ਵੱਡਾ ਗੁਨਾਹ ਸੀ। ਹਰ ਅਗਲੀ ਧੀ ਜੰਮਣ ਵੇਲੇ ਮੇਰੇ ਸਿਰ ਤੁਹਮਤਾਂ ਦਾ ਇੱਕ ਹੋਰ ਢੇਰ ਚਾੜ੍ਹ ਦਿੱਤਾ ਜਾਂਦਾ, ਜੋ ਮੇਰੇ ਲਈ ਅਸਹਿ ਸੀ। ਮੈਂ ਆਪ ਹੈਰਾਨ ਹਾਂ ਕਿ ਇਹ ਸਾਰਾ ਕੁਝ ਮੈਂ ਸਹਾਰਿਆ ਕਿਵੇਂ। ਸ਼ਾਇਦ, ‘ਜਿਉਂਦੇ ਰਹਿਣ ਦੀ ਚਾਹ!’ ਦੀ ਪ੍ਰਵਿਰਤੀ ਕਰਕੇ ਹੀ ਹੋਇਆ ਹੋਵੇ। ਚੌਥੀ ਵਾਰ ਤਾਂ ਮੈਂ ਪੱਕਾ ਸੋਚ ਲਿਆ ਸੀ ਕਿ ਜੇ ਇਸ ਵਾਰ ਵੀ ਲੜਕੀ ਨੇ ਜਨਮ ਲਿਆ ਤਾਂ ਮੈਂ ਕਿਸੇ ਖੂਹ-ਟੋਭੇ ਵਿੱਚ ਛਾਲ਼ ਮਾਰ ਦੇਣੀ ਹੈ। ਪਰ ਦਾਤੇ ਦੀ ਮਰਜ਼ੀ ਇਸ ਵਾਰ ਮੇਰੀ ਗੋਦੀ ਬੇਟੇ ਨੇ ਚਰਨ ਪਾਏ ਤੇ ਇਸਦਾ ਨਾਂ ਰੱਖਿਆ ਗਿਆ ‘ਗੁਰਚਰਨ।’
ਮੈਂ ਜਦੋਂ ਦੀ ਇਸ ਘਰ ਵਿੱਚ ਆਈ ਹਾਂ, ਸੱਚ ਕਹਿੰਦੀ ਹਾਂ ਕਿ ਮਾਲਕ ਨੇ ਕਸਰ ਕੋਈ ਨਹੀਂ ਰੱਖੀ। ਮੈਂ ਵੀ ਬੀ ਜੀ ਨੂੰ ਆਪਣੀ ਸਕੀ ਮਾਂ ਤੋਂ ਵੱਧ ਸਤਿਕਾਰਿਆ ਹੈ। ਬਾਕੀ ਦੇ ਉਸੇ ਸਾਰੇ ਜੀਵਨ ਵਿੱਚ ਉਸਦੀ ਹਰ ਇੱਛਾ ਪੂਰੀ ਕੀਤੀ। ਕਦੀ ਵੀ ਉਸਦੀ ਆਗਿਆ ਤੋਂ ਬਾਹਰ ਕੋਈ ਕੰਮ ਨਹੀਂ ਕੀਤਾ। ਅਸਲ ਵਿੱਚ ਉਹ ਹੈ ਹੀ ਬਾਹਲ਼ੀ ਚੰਗੀ ਸੀ। ਜਿਵੇਂ ਕੋਈ ਸ਼ਾਂਤੀ ਦੀ ਦੇਵੀ ਹੋਵੇ। ਜਦੋਂ ਵੀ ਮੈਂ ਬੀ ਜੀ ਲਈ ਕੋਈ ਸੂਟ ਜਾਂ ਜੁੱਤੀ ਲੈਣੀ ਤਾਂ ਉਨ੍ਹਾਂ ਨੇ ਸਦਾ ਹੀ ਉਸ ਦੀ ਸ਼ਲਾਘਾ ਕਰਨੀ। ਸ਼ਿਕਾਇਤ ਕਰਨਾ ਤਾਂ ਉਹ ਜਾਣਦੇ ਹੀ ਨਹੀਂ ਸਨ।
ਘਰ ਵਿੱਚ ਜਦੋਂ ਵੀ ਅਸੀਂ ਰਸੋਈ ਦਾ ਕੰਮ ਕਰਨਾ ਤਾਂ ਉਸ ਨੇ ਕਹਿਣਾ, ਪੁੱਤ ਤੂੰ ਸਬਜ਼ੀ ਬਣਾ ਲੈ ਮੈਂ ਦੁੱਧ ਰਿੜਕ ਕੇ ਮੱਖਣ ਕੱਢ ਲੈਂਦੀ ਹਾਂ। ਜੇਕਰ ਰੋਟੀ ਪਕਾਉਣੀ ਤਾਂ ਉਸ ਨੇ ਕਹਿਣਾ ਪੁੱਤ ਤੂੰ ਰੋਟੀਆਂ ਵੇਲ-ਵੇਲ ਕੇ ਤਵੀ ਉੱਤੇ ਪਾਈ ਜਾ ਮੈਂ ਇਨ੍ਹਾਂ ਨੂੰ ਰਾੜ੍ਹੀ ਜਾਂਦੀ ਆਂ। ਸਾਡੇ ਘਰ ਖੇਤੀ ਦਾ ਕੰਮ ਕਾਫੀ ਹੁੰਦਾ ਸੀ, ਸੋ ਸਾਨੂੰ ਰਸੋਈ ਦਾ ਕੰਮ ਬਹੁਤ ਕਰਨਾ ਪੈਂਦਾ ਸੀ। ਪਰ ਬੀ ਜੀ ਨੇ ਕੰਮ ਤੋਂ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ।
ਇੱਕ ਵਾਰ ਮੇਰੀ ਬੇਟੀ ਬੀ ਜੀ ਨੂੰ ਕਹਿੰਦੀ, ਬੀ ਜੀ, ਮੈਂ ਤੁਹਾਡਾ ਸੰਦੂਕ ਵੇਖਣਾ ਹੈ ਕਿ ਇਸ ਵਿੱਚ ਕੀ ਹੈ? ਬੀ ਜੀ ਕਹਿਣ ਲੱਗੇ ਕਿ ਬੇਟਾ ਇਸ ਵਿੱਚ ਤਾਂ ਖੇਸ ਚਾਦਰਾਂ ਹੀ ਹਨ। ਮੇਰੇ ਕੋਲ ਕਿਹੜਾ ਕੋਈ ਟੂਮਾਂ ਹਨ। ਮੈਂ ਕੋਲ਼ ਬੈਠੀ ਬੋਲ ਪਈ, ਕਿਉਂ ਬੀ ਜੀ, ਤੁਹਾਡੇ ਕੋਲ ਗਹਿਣੇ ਕਿਉਂ ਨਹੀਂ ਹਨ? ਉਹ ਕਹਿੰਦੀ, “ਮੇਰੀਆਂ ਸਾਰੀਆਂ ਟੂਮਾਂ ਮੇਰੀ ਸੱਸ ਨੇ ਲੈ ਲਈਆਂ ਸਨ। ਜਦੋਂ ਛੋਟੇ ਦਿਉਰ ਦਾ ਵਿਆਹ ਹੋਇਆ, ਸੱਸ ਕਹਿੰਦੀ, ਇਹ ਸਾਰੀਆਂ ਉਸ ਦੀ ਘਰ ਵਾਲ਼ੀ ਨੂੰ ਪਾਉਣੀਆਂ ਹਨ। ਮੁੜ ਕੇ ਮੈਂ ਕਿਸੇ ਗਹਿਣੇ ਦਾ ਮੂੰਹ ਨਹੀਂ ਦੇਖਿਆ।”
ਮੈਨੂੰ ਬੜਾ ਦੁੱਖ ਲੱਗਾ। ਮੈਂ ਇਸ ਗੱਲ ਨੂੰ ਦੋ ਤਿੰਨ ਦਿਨ ਸੋਚਦੀ ਰਹੀ ਤੇ ਫਿਰ ਮੈਂ ਕਿਹਾ, “ਬੀ ਜੀ, ਤੁਹਾਨੂੰ ਕਿਹੋ ਜਿਹੀਆਂ ਚੂੜੀਆਂ ਜਾਂ ਵਾਲ਼ੀਆਂ ਚਾਹੀਦੀਆਂ ਹਨ? ਆਪਾਂ ਨਵੀਂਆਂ ਕਰਵਾ ਲੈਂਦੇ ਹਾਂ। ਬੀ ਜੀ ਕਹਿੰਦੀ, ਪੁੱਤ, ਅਜੇ ਆਪਾਂ ਨਵੇਂ-ਨਵੇਂ ਅੱਡ ਹੋਏ ਹਾਂ। ਤੁਸੀਂ ਆਪਣੀ ਕਬੀਲਦਾਰੀ ਦੇਖੋ। ਕੋਈ ਨਹੀਂ, ਜਦੋਂ ਚਰਨ ਦਾ ਹੱਥ ਸੌਖਾ ਹੋ ਜਾਏਗਾ, ਇਹ ਵੀ ਬਣ ਜਾਣਗੀਆਂ।
ਫਿਰ ਜਦੋਂ ਵੱਡੀ ਭੈਣ ਦੇ ਬੱਚਿਆਂ ਦਾ ਵਿਆਹ ਆਇਆ, ਅਸੀਂ ਉੱਥੇ ਨਾਨਕ ਛਕ ਜਾਣਾ ਸੀ। ਬੀ ਜੀ ਦੀ ਫਰਮਾਇਸ਼ ਸੀ ਕਿ ਆਪਾਂ ਵਧੀਆ ਜਿਹੀ ਨਾਨਕ ਛਕ ਲੈਕੇ ਜਾਣੀ ਹੈ। ਮੈਂ ਕਿਹਾ, ਬੀ ਜੀ, ਹੁਣ ਤੁਸੀਂ ਵੀ ਚੂੜੀਆਂ ਕਰਵਾ ਲਵੋ। ਬੀ ਜੀ ਕਹਿੰਦੇ, ਠੀਕ ਹੈ। ਪਰ ਕਿਸੇ ਮੰਗ ਲਈ ਉਸ ਨੇ ਕਦੇ ਵੀ ਸਾਨੂੰ ਤੰਗ ਨਹੀਂ ਕੀਤਾ। ਬਾਕੀ ਜੋ ਕੁਝ ਵੀ ਹੁੰਦਾ ਸੀ, ਸਾਡੀ ਦੋਹਾਂ ਦੀ ਰਜ਼ਾਮੰਦੀ ਨਾਲ ਹੀ ਹੁੰਦਾ ਸੀ।
ਇੱਕ ਵਾਰ ਬੀ ਜੀ ਮੈਨੂੰ ਕਹਿੰਦੇ, ਪੁੱਤ ਆਹ ਅਲਮਾਰੀ ਖੋਲ੍ਹ। ਖੋਲ੍ਹੀ ਤਾਂ ਉਸ ਵਿੱਚ ਕਾਫੀ ਸਾਰੇ ਨੋਟ ਪਏ ਸਨ। ਮੈਂ ਸਾਰੇ ਕੱਢ ਕੇ ਅਤੇ ਤਰਤੀਬ ਵਿੱਚ ਕਰ ਕੇ ਉਨ੍ਹਾਂ ਨੂੰ ਦੇ ਦਿੱਤੇ। ਮੈਨੂੰ ਕਹਿੰਦੇ, ਇਹ ਤੂੰ ਰੱਖ ਲੈ। ਮੈਂ ਕਿਹਾ, ਬੀ ਜੀ, ਇਹ ਤੁਸੀਂ ਹੀ ਰੱਖੋ। ਭੈਣਾਂ (ਮੇਰੀਆਂ ਨਣਦਾਂ) ਤੁਹਾਨੂੰ ਮਿਲਣ ਆਉਂਦੀਆਂ ਹਨ, ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਦਿੰਦੇ ਰਿਹਾ ਕਰੋ। ਬੀ ਜੀ ਕਹਿੰਦੇ, ਪੁੱਤ! ਨੂੰਹਾਂ ਧੀਆਂ ਨਾਲ਼ੋਂ ਬਹੁਤੀਆਂ ਪਿਆਰੀਆਂ ਅਤੇ ਨੇੜੇ ਹੁੰਦੀਆਂ ਹਨ। ਮੈਂ ਹੈਰਾਨ ਰਹਿ ਗਈ। ਜੀਵਨ ਵਿੱਚ ਇਹ ਮੈਂ ਪਹਿਲੀ ਵਾਰ ਸੁਣ ਰਹੀ ਸਾਂ ਕਿ ਨੂੰਹਾਂ ਧੀਆਂ ਨਾਲ਼ੋਂ …।
ਬੀ ਜੀ ਸਾਰਿਆਂ ਦੀ ਹੀ ਬਹੁਤ ਇੱਜ਼ਤ ਕਰਦੇ ਸਨ। ਚਾਹੇ ਉਹ ਮੇਰੇ ਰਿਤੇਸ਼ਦਾਰ ਹੁੰਦੇ ਜਾਂ ਦੂਰ ਨੇੜੇ ਦੇ ਕੋਈ ਹੋਰ। ਮੈਨੂੰ ਬੀ ਜੀ ਮੇਰੇ ਪਤੀ ਦੀ ਮਾਂ ਨਹੀਂ ਸਗੋਂ ਮੇਰੀ ਆਪਣੀ ਮਾਂ ਹੀ ਲੱਗਦੇ ਸਨ। ਮੇਰੇ ਪਤੀ ਦਾ ਸੁਭਾਅ ਕੁਝ ਸਖਤ ਅਤੇ ਟੋਕਾਟੋਕੀ ਕਰਨ ਵਾਲ਼ਾ ਹੈ। ਉਹ ਮੈਨੂੰ ਇਕੱਲੀ ਨੂੰ ਹੀ ਨਹੀਂ ਟੋਕਦੇ, ਸਗੋਂ ਬੀ ਜੀ ਨੂੰ ਵੀ ਕੁਝ ਨਾ ਕੁਝ ਬੋਲ ਦਿੰਦੇ ਸਨ। ਜਦੋਂ ਮੈਂ ਅਤੇ ਬੀ ਜੀ ਨੇ ਇਕੱਠੀਆਂ ਬੈਠੀਆਂ ਹੋਣਾ ਜਾ ਕੁਝ ਕਰਦੀਆਂ ਹੋਣਾ ਤੇ ਮੇਰੇ ਪਤੀ ਨੇ ਉੱਥੇ ਆ ਜਾਣਾ ਤਾਂ ਮੈਂ ਕਹਿਣਾ, ਲਉ ਬੀ ਜੀ, ਆਪਣੀ ਦੋਹਾਂ ਦੀ ਸੱਸ ਆ ਗਈ। ਬੀ ਜੀ ਨੇ ਅੱਗੋਂ ਹੱਸਣ ਲੱਗ ਜਾਣਾ।
ਜਦੋਂ ਮੈਨੂੰ, ਮੇਰੇ ਪਤੀ ਅਤੇ ਦੋਵੇਂ ਬੱਚਿਆਂ ਨੂੰ ਪੁਆਇੰਟ ਸਿਸਟਮ ਦੇ ਅਧੀਨ ਕੈਨੇਡਾ ਦੀ ਪੀ.ਆਰ. ਮਿਲ਼ ਗਈ, ਮੇਰੇ ਕਹਿਣ ਉੱਤੇ ਅਸੀਂ ਨਾਲ ਬੀ ਜੀ ਦਾ ਵੀ ਵਿਜ਼ਟਰ ਵੀਜ਼ਾ ਲਵਾ ਲਿਆ ਤੇ ਉਹ ਸਾਡੇ ਨਾਲ ਹੀ ਕੈਨੇਡਾ ਆ ਗਏ। ਬੀ ਜੀ ਨੂੰ ਮੇਰੇ ਬੇਟੇ ਨੇ ਕੈਨੇਡਾ ਵਿੱਚ ਚੰਗਾ ਘੁਮਾਇਆ, ਫਿਰਾਇਆ। ਇੱਕ ਦਿਨ ਬੇਟੇ ਦਾ ਪੇਪਰ ਸੀ। ਬੀ ਜੀ ਨੂੰ ਮੈਂ ਇਕੱਲੀ ਹੀ ਸਟੋਰ ਲੈ ਗਈ। ਬੀ ਜੀ ਕਹਿੰਦੇ ਮੇਰੇ ਕੋਲ਼ੋਂ ਤੁਰਿਆ ਨਹੀਂ ਜਾਣਾ। ਕੁਦਰਤੀ ਗੇਟ ਉੱਤੇ ਇੱਕ ਗੋਰੀ ਆਪਣੀ ਜੌਬ ਉੱਤੇ ਖੜ੍ਹੀ ਸੀ। ਮੈਂ ਉਸ ਨੂੰ ਬੇਨਤੀ ਕੀਤੀ ਤਾਂ ਉਸ ਨੇ ਸਾਨੂੰ ਇੱਕ ਵੀਲ ਚੇਅਰ ਲਿਆ ਦਿੱਤੀ। ਸਾਰਾ ਸਟੋਰ ਚੰਗੀ ਤਰ੍ਹਾਂ ਨਾਲ ਅਸੀਂ ਘੁੰਮ ਫਿਰ ਕੇ ਦੇਖਿਆ, ਜੋ ਸਮਾਨ ਲੈਣਾ ਸੀ, ਲਿਆ। ਉਸੇ ਗੇਟ ’ਤੇ ਆ ਕੇ ਉਸੇ ਗੋਰੀ ਕੋਲ ਅਸੀਂ ਵੀਲ ਚੇਅਰ ਵਾਪਸ ਕਰ ਦਿੱਤੀ ਤੇ ਬੀ ਜੀ ਉਸ ਨੂੰ ਕਹਿੰਦੇ, “ਆਪ ਕਾ ਬਹੁਤ ਧੰਨਵਾਦ।” ਮੈਂ ਹੱਸ ਕੇ ਕਿਹਾ ਕਿ ਬੀ ਜੀ ਇਹ ਗੋਰੀ ਹੈ, ਇਹ ਤੁਹਾਡੀ ਭਾਸ਼ਾ ਨਹੀਂ ਸਮਝਦੀ। ਬੀ ਜੀ ਕਹਿੰਦੇ, ਚੱਲ ਪੁੱਤ ਕੋਈ ਨਾ, ਮੇਰੀ ਭਾਵਨਾ ਉਸ ਨੂੰ ਜ਼ਰੂਰ ਸਮਝ ਆ ਗਈ ਹੋਵੇਗੀ। ਕੁਝ ਸਮੇਂ ਪਿੱਛੋਂ ਅਸੀਂ ਦੋਵੇਂ ਹੀ ਇੰਡੀਆ ਵਾਪਸ ਆ ਗਈਆਂ।
ਸਾਡੇ ਬਾਪੂ ਜੀ (ਮੇਰੇ ਸਹੁਰਾ ਸਾਹਬ) ਸੁਭਾਅ ਪੱਖੋਂ ਕੌੜਤੁੰਮੇ ਦੇ ਵੱਡੇ ਭਰਾ ਸਨ। ਬੱਸ, ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ। ਮੈਂ ਕਈ ਵਾਰ ਪੁੱਛਣਾ ਕਿ ਬੀ ਜੀ ਤੁਹਾਡਾ ਰਿਸ਼ਤਾ ਇਨ੍ਹਾਂ ਨਾਲ ਕਿਸ ਨੇ ਕਰਵਾਇਆ ਸੀ? ਉਨ੍ਹਾਂ ਦੱਸਣਾ ਕਿ ਮੇਰੀ ਭੈਣ ਨੇ ਪੁੱਤ, ਤੁਹਾਡੀ ਮਾਸੀ ਨੇ। ਨਾਲ ਹੀ ਇਹ ਵੀ ਸੁਣਾ ਦੇਣਾ ਕਿ ਆਪ ਤਾਂ ਡੁੱਬੀ ਸੀ ਨਾਲ ਮੈਨੂੰ ਵੀ ਲੈ ਬੈਠੀ ਬੇਹੇ ਪਾਣੀ ਵਿੱਚ। ਉਸ ਨੇ ਇਹ ਮੁਹਾਵਰਾ ਆਮ ਹੀ ਵਰਤਣਾ, ‘ਤੰਗ ਜੁੱਤੀ ਨਾਲ਼ੋਂ ਨੰਗੀ ਚੰਗੀ, ਕੱਬੇ ਖਸਮ ਨਾਲ਼ੋਂ ਰੰਡੀ ਚੰਗੀ।’ ਫਿਰ ਅਸੀਂ ਦੋਹਾਂ ਨੇ ਹੱਸ ਪੈਣਾ। ਮੈਂ ਸੋਚਣਾ ਕਿ ਬੀ ਜੀ ਨੇ ਆਪਣੇ ਪਤੀ ਨਾਲ ਕਿਹੜੇ ਹਾਲ਼ੀਂ ਵਕਤ-ਕਟੀ ਕੀਤੀ ਹੋਵੇਗੀ?
ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਬੀ ਜੀ ਦਾ ਪਿਆਰ ਬਹੁਤ ਮਿਲਿਆ ਤੇ ਰੱਜ ਕੇ ਮਿਲਿਆ। 2013 ਵਿੱਚ ਉਹ ਥੋੜ੍ਹਾ ਬਿਮਾਰ ਰਹਿਣ ਲੱਗ ਪਏ। ਕੁਝ ਕੁ ਦਿਨਾਂ ਪਿੱਛੋਂ ਉਨ੍ਹਾਂ ਨੂੰ ਆਕਸੀਜਨ ਦੇਣ ਦੀ ਲੋੜ ਪੈ ਗਈ। ਥੋੜ੍ਹੇ ਦਿਨ ਹਸਪਤਾਲ ਰੱਖਣ ਪਿੱਛੋਂ ਡਾਕਟਰ ਕਹਿੰਦੇ ਇਨ੍ਹਾਂ ਨੂੰ ਘਰ ਲੈ ਜਾਵੋ, ਉੱਥੇ ਹੀ ਆਕਸੀਜਨ ਲਾ ਦਿਆ ਕਰੋ। ਹੁਣ ਇਹ ਅੱਗੇ ਨਾਲ਼ੋਂ ਠੀਕ ਹਨ। ਮੈਨੂੰ ਉਨ੍ਹਾਂ ਦਿਨਾਂ ਵਿੱਚ ਆਪਣੀ ਬੇਟੀ ਦੇ ਬੱਚੇ ਸੰਭਾਲਣ ਲਈ ਕੈਨੇਡਾ ਜਾਣਾ ਪੈ ਗਿਆ। ਮਜਬੂਰੀ ਬੱਸ ਮੈਨੂੰ ਜ਼ਿਆਦਾ ਸਮਾਂ ਕੈਨੇਡਾ ਵਿੱਚ ਹੀ ਲੱਗ ਗਿਆ। ਮੈਂ ਤਾਂ ਛੇਤੀ ਤੋਂ ਛੇਤੀ ਆਪਣੀ ਬਿਮਾਰ ਬੀ ਜੀ ਕੋਲ ਮੁੜ ਆਉਣਾ ਚਾਹੁੰਦੀ ਸੀ ਪਰ ਨਾ ਮੁੜ ਹੋਇਆ। ਇਸੇ ਸਮੇਂ ਵਿੱਚ ਬੀ ਜੀ ਪੂਰੇ ਹੋ ਗਏ। ਮੈਨੂੰ ਕੈਨੇਡਾ ਫੋਨ ਗਿਆ, ਮੈਂ ਬਹੁਤ ਰੋਈ। ਵੱਡਾ ਦੁੱਖ ਤਾਂ ਮੈਨੂੰ ਇਸੇ ਗੱਲ ਦਾ ਸੀ ਕਿ ਅਖੀਰਲੇ ਸਮੇਂ ਮੈਂ ਬੀ ਜੀ ਦੇ ਕੋਲ ਨਹੀਂ ਸੀ। ਮੈਂ ਕਿਹਾ ਕਿ ਮੇਰੇ ਇੰਡੀਆ ਆਈ ਬਿਨਾਂ ਬੀ ਜੀ ਦਾ ਸਸਕਾਰ ਨਾ ਕਰਿਓ।
ਮੈਂ ਗਈ ਤਾਂ ਉਨ੍ਹਾਂ ਦਾ ਸਸਕਾਰ ਹੋਇਆ। ਬੀ ਜੀ ਤੋਂ ਬਿਨਾਂ ਮੇਰਾ ਦਿਲ ਬਿਲਕੁਲ ਨਾ ਲੱਗਿਆ ਕਰੇ। ਮੈਂ ਇਕੱਲੀ ਬੈਠੀ ਨੇ ਰੋਂਦੇ ਰਹਿਣਾ। ਇੱਕ ਦਿਨ ਮੇਰਾ ਪਤੀ ਕਹਿੰਦਾ ਕਿ ਮੈਂ ਕਿਉਂ ਰੋਈ ਜਾਂਦੀ ਹਾਂ। ਰੋਣ ਨਾਲ ਕਿਹੜਾ ਬੀ ਜੀ ਨੇ ਮੁੜ ਆਉਣਾ ਹੈ। ਸਗੋਂ ਤੂੰ ਆਪਣੇ ਸਰੀਰ ਨੂੰ ਵੀ ਕੋਈ ਰੋਗ ਲਾ ਲਵੇਂਗੀ। ਮੈਂ ਕਿਹਾ ਕਿ ਬੀ ਜੀ ਮੇਰੀਆਂ ਸੋਚਾਂ ਤੋਂ ਪਲ ਭਰ ਲਈ ਵੀ ਦੂਰ ਨਹੀਂ ਹੁੰਦੇ। ਕੀ ਕਰਾਂ, ਇਹ ਕਿਹੜਾ ਮੇਰੇ ਵੱਸ ਵਿੱਚ ਹੈ। ਮੇਰੇ ਪਤੀ ਨੇ ਮੈਨੂੰ ਮੈਡੀਸਨ ਲਿਆ ਕੇ ਦਿੱਤੀ ਤਾਂ ਕਿਤੇ ਜਾ ਕੇ ਮੈਨੂੰ ਥੋੜ੍ਹਾ ਚੈਨ ਆਇਆ। ਮੈਂ ਤਾਂ ਸਦਾ ਇਹੋ ਹੀ ਅਰਦਾਸ ਕਰਦੀ ਹਾਂ ਕਿ ਬੀ ਜੀ ਦਾ ਵਾਸਾ ਸਵਰਗਾਂ ਵਿੱਚ ਹੋਵੇ।
ਮੈਂ ਲੋਕਾਂ ਨੂੰ ਬਹੁਤ ਵਾਰ ਕਹਿੰਦਿਆਂ ਸੁਣਿਆ ਹੈ ਕਿ ਜੇ ਫਿਰ ਜਨਮ ਮਿਲ਼ੇ ਤਾਂ ਮੈਨੂੰ ਮੇਰੇ ਇਸ ਪਤੀ ਵਰਗਾ ਹੀ ਫਿਰ ਪਤੀ ਮਿਲ਼ੇ। ਪਰ ਮੈਂ ਅਰਦਾਸ ਕਰਦੀ ਹਾਂ ਕੇ ਮੈਨੂੰ ਜੇ ਫਿਰ ਜਨਮ ਮਿਲ਼ੇ ਤਾਂ ਮੈਨੂੰ ਮੇਰੀ ਇਸੇ ਬੀ ਜੀ ਵਰਗੀ ਹੀ ਸੱਸ ਮਿਲ਼ੇ। ਹੁਣ ਜਦੋਂ ਕਿ ਮੈਂ ਇਹ ਸਤਰਾਂ ਲਿਖ ਰਹੀ ਹਾਂ ਤਾਂ ਮੁੜ ਕੇ ਬੀ ਜੀ ਦਾ ਵੈਰਾਗ ਜਾਗ ਪਿਆ ਹੈ। ਮੇਰੀਆਂ ਅੱਖਾਂ ਬੇਰੋਕ ਪਰਲ-ਪਰਲ ਵਗ ਰਹੀਆਂ ਹਨ। ਥੰਮ੍ਹਣ ਦਾ ਨਾਂ ਹੀ ਨਹੀਂ ਲੈ ਰਹੀਆਂ…। ਉਹ! ਬੀ ਜੀ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)