“ਇੱਕ ਵਾਰ ਸਰਦੀ ਦੇ ਦਿਨ ਸਨ। ਕਮਰੇ ਵਿੱਚ ਬਹੁਤ ਜ਼ਿਆਦਾ ਠੰਢ ਸੀ। ਸਾਰੀਆਂ ...”
(13 ਫਰਵਰੀ 2025)
ਜਦੋਂ ਮੈਂ ਦਸਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਉਮਰ 16 ਸਾਲ ਦੀ ਸੀ। ਮੇਰਾ ਮਨ ਬਹੁਤ ਖ਼ੁਸ਼ ਸੀ ਕਿ ਹੁਣ ਮੈਂ ਕਾਲਜ ਜਾਵਾਂਗੀ। ਸੁਣਿਆ ਸੀ ਕਿ ਕਾਲਜ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਆਮ ਹੀ ਅਖਾਣ ਸੁਣੀਦਾ ਸੀ, ‘ਨੋ ਲਾਈਫ ਵਿਦਾਊਟ ਵਾਈਫ, ਨੋ ਨੌਲਜ਼ ਵਿਦਾਊਟ ਕੌਲਜ।’ ਸੋ ਜਦੋਂ ਮੈਂ ਕਾਲਜ ਗਈ ਮੈਨੂੰ ਬਹੁਤ ਹੀ ਵਧੀਆ ਲੱਗਿਆ। ਸਾਡਾ ਪਿੰਡ ਜੈਤੋ ਇੱਕ ਮੰਡੀ ਅਤੇ ਪਿੰਡ ਦਾ ਸੁਮੇਲ ਸੀ। ਪਿੰਡ ਦਾ ਕੁਝ ਹਿੱਸਾ ਗੁਰਦੁਆਰੇ ਦੇ ਇੱਕ ਪਾਸੇ ਤੇ ਮੰਡੀ ਗੁਰਦੁਆਰੇ ਦੇ ਦੂਜੇ ਪਾਸੇ। ਸਾਡੇ ਸ਼ਹਿਰ ਨੂੰ ਜੈਤੋ ਮੰਡੀ ਕਿਹਾ ਜਾਂਦਾ ਹੈ। ਇੱਥੇ ਸਾਡਾ ਲੜਕੀਆਂ ਦਾ ਕਾਲਜ ਬੀ.ਏ ਤਕ ਸੀ। ਕਿਉਂਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਲੜਕੀਆਂ ਨੂੰ ਕੇਵਲ ਲੜਕੀਆਂ ਦੇ ਕਾਲਜ ਵਿੱਚ ਹੀ ਪੜ੍ਹਾਉਣਾ ਹੈ, ਸੋ ਅਸੀਂ ਸਾਰੀਆਂ ਭੈਣਾਂ ਉਸੇ ਕਾਲਜ ਵਿੱਚ ਹੀ ਪੜ੍ਹੀਆਂ ਹਾਂ। ਅਸੀਂ ਪਿੰਡ ਵਿੱਚੋਂ ਸੱਤ ਅੱਠ ਕੁੜੀਆਂ ਹੁੰਦੀਆਂ ਸੀ ਜੋ ਕਾਲਜ ਪੜ੍ਹਨ ਜਾਂਦੀਆਂ ਸੀ। ਮੇਰੀ ਛੋਟੀ ਭੈਣ ਤੇ ਤਾਇਆ ਜੀ ਦੀ ਲੜਕੀ ਤੇ ਮੈਂ ਇੱਕ ਗਲ਼ੀ ਵਿੱਚੋਂ ਜਾਂਦੀਆਂ ਜਦੋਂ ਕਿ ਪਿੰਡ ਦੀ ਦੂਜੀ ਪੱਤੀ ਵਿੱਚੋਂ ਚਾਰ ਲੜਕੀਆਂ ਹੋਰ ਸੀ। ਪਰ ਉਹ ਚਾਰੋਂ ਹੀ ਮੇਰੀਆਂ ਜਮਾਤੀ ਸਨ। ਉਨ੍ਹਾਂ ਵਿੱਚੋਂ ਇੱਕ ਬਹੁਤ ਸ਼ਰਾਰਤੀ ਸੀ। ਪਰ ਸਾਡਾ ਛੁੱਟੀ ਪਿੱਛੋਂ ਘਰ ਨੂੰ ਜਾਣ ਦਾ ਇੱਕੋ ਹੀ ਸਮਾਂ ਹੁੰਦਾ ਸੀ।
ਜਦੋਂ ਮੈਂ ਬੀ.ਏ ਫਸਟ ਈਅਰ ਵਿੱਚੋਂ ਪਾਸ ਹੋਈ ਤਾਂ ਮੈਨੂੰ ਕਲਾਸ ਦੀ ਮਨੀਟਰ (C.R) ਬਣਾ ਦਿੱਤਾ ਗਿਆ। ਮੇਰੀਆਂ ਸ਼ਰਾਰਤਾਂ ਘਟ ਗਈਆਂ ਤੇ ਜ਼ਿੰਮੇਵਾਰੀਆਂ ਵਧ ਗਈਆਂ। ਸਮਾਂ ਬਹੁਤ ਵਧੀਆ ਲੰਘਦਾ ਗਿਆ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੀ.ਏ ਪਾਸ ਕਰ ਲਈ ਤੇ ਕਦੋਂ ਸਹੇਲੀਆਂ ਨਾਲ਼ੋਂ ਵਿਛੜਨ ਦਾ ਸਮਾਂ ਆ ਗਿਆ। ਇੰਜ ਲੱਗ ਰਿਹਾ ਸੀ ਇਹ ਸਮਾਂ ਹੋਰ ਵਧ ਜਾਵੇ ਤਾਂ ਕਿੰਨਾ ਚੰਗਾ ਹੋਵੇ। ਮੈਂ ਬੀ.ਏ ਕਰਨ ਤੋਂ ਬਾਅਦ ਬੀ.ਐੱਡ ਦੇ ਦਾਖਲੇ ਲਈ ਦੋ ਕਾਲਜਾਂ ਵਿੱਚ ਫਾਰਮ ਭਰ ਦਿੱਤਾ, ਇੱਕ ਸਿੱਧਵਾਂ ਕਾਲਜ ਅਤੇ ਦੂਜਾ ਲੋਪੋ ਕਾਲਜ। ਮੈਨੂੰ ਦੋਹਾਂ ਕਾਲਜਾਂ ਵਿੱਚ ਦਾਖਲਾ ਮਿਲ ਗਿਆ। ਪਰ ਮੈਂ ਸਿੱਧਵਾਂ ਕਾਲਜ ਵਿੱਚ ਦਾਖਲਾ ਲੈ ਲਿਆ। ਇੱਥੇ ਹੋਸਟਲ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ। ਪਹਿਲੇ ਦਿਨ ਜਦੋਂ ਮੈਨੂੰ ਮੇਰੀ ਮੰਮੀ ਹੋਸਟਲ ਵਿੱਚ ਛੱਡ ਕੇ ਆਏ ਤਾਂ ਮੇਰਾ ਬਿਲਕੁਲ ਦਿਲ ਨਾ ਲੱਗਾ। ਮੈਂ ਸੋਚ ਰਹੀ ਸੀ ਕਿ ਕਿੱਥੇ ਫਸ ਗਈ। ਕੀ ਲੈਣਾ ਸੀ ਇੱਥੇ ਆ ਕੇ। ਪਰ ਮੇਰੀ ਤੀਬਰ ਇੱਛਾ ਸੀ ਕਿ ਮੈਂ ਹੋਰ ਪੜ੍ਹਨਾ ਹੈ।
ਇੱਕ ਹਫਤਾ ਬਿਤਾਉਣ ਦੇ ਬਾਅਦ ਮੇਰਾ ਦਿਲ ਲੱਗਣਾ ਸ਼ੁਰੂ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ ਤੇ ਪੜ੍ਹਨਾ ਵੀ ਦਿਲ ਲਾ ਕੇ ਜ਼ਰੂਰੀ ਸੀ। ਰੁਝੇਵੇਂ ਅਸਲ ਵਿੱਚ ਬੁੱਲੇ ਅਤੇ ਹੁਲਾਰੇ ਹੁੰਦੇ ਹਨ। ਦਿਨ ਲੰਘਦੇ ਗਏ। ਮੈਂ ਗਿੱਧੇ ਦੀ ਟੀਮ ਵੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਜੇ ਹੋਰ ਵੀ ਜੋ ਕਾਲਜ ਵਿੱਚ ਫੰਕਸ਼ਨ ਹੁੰਦਾ, ਮੈਂ ਉਸ ਵਿੱਚ ਜ਼ਰੂਰ ਹਿੱਸਾ ਲੈਂਦੀ। ਇਸ ਤਰ੍ਹਾਂ ਮੇਰੀ ਟੀਚਰਾਂ ਨਾਲ ਚੰਗੀ ਜਾਣ ਪਛਾਣ ਬਣ ਗਈ। ਹੁਣ ਮੈਨੂੰ ਇਹ ਕਾਲਜ ਆਪਣੇ ਘਰ ਵਾਂਗ ਲੱਗਣ ਲੱਗ ਪਿਆ। ਦਿਲ ਕਰਨਾ ਕਿ ਛੁੱਟੀਆਂ ਹੋਣ ਹੀ ਨਾ, ਬੱਸ ਕਾਲਜ ਵਿੱਚ ਹੀ ਰਹੀਏ। ਅਸੀਂ ਛੇ ਕੁੜੀਆਂ ਇੱਕੋ ਕਮਰੇ ਵਿੱਚ ਰਹਿੰਦੀਆਂ ਸੀ।
ਇੱਕ ਦਿਨ ਮੇਰੀ ਰੂਮਮੇਟ ਬੇਅੰਤ ਜਗਰਾਓਂ ਤੋਂ ਫੋਟੋ ਕਰਵਾ ਕੇ ਆਈ ਤੇ ਉਸ ਨੇ ਆ ਕੇ ਸਾਨੂੰ ਸਾਰੀਆਂ ਨੂੰ ਚਾਅ ਨਾਲ ਆਪਣੀ ਫੋਟੋ ਦਿਖਾਈ। ਮੈਂ ਉਸ ਨੂੰ ਕਿਹਾ ਬੇਅੰਤ ਜੇਕਰ ਤੇਰੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੁੰਦਾ ਤਾਂ ਤੂੰ ਬਹੁਤ ਸੋਹਣਾ ਲੱਗਣਾ ਸੀ। ਆਪਸ ਵਿੱਚ ਠੱਠਾ ਮਖੌਲ ਚੱਲ ਪਿਆ। ਇਸੇ ਰੌਲ਼ੇ ਵਿੱਚ ਤੇ ਗੱਲਾਂ ਕਰਦੀਆਂ ਨੂੰ ਸਾਨੂੰ ਪੜ੍ਹਾਈ ਸ਼ੁਰੂ ਹੋਣ ਦੀ ਘੰਟੀ ਨਹੀਂ ਸੁਣੀ।
ਜਦੋਂ ਪ੍ਰਿੰਸੀਪਲ ਸਰ ਰਾਊਂਡ ਦੇ ਆਏ, ਉਹ ਸਭ ਤੋਂ ਪਹਿਲਾਂ ਸਾਡੇ ਕਮਰੇ ਵੱਲ ਆਏ ਕਿਉਂਕਿ ਸਾਡੇ ਕਮਰੇ ਵਿੱਚ ਹੀ ਰੌਲ਼ਾ ਵੱਧ ਪੈ ਰਿਹਾ ਸੀ। ਸਾਨੂੰ ਇਹ ਸਮਝ ਨਾ ਆਵੇ ਕਿ ਅਸੀਂ ਹੁਣ ਕੀ ਕਰੀਏ। ਮੇਰੇ ਨਾਲ ਦੀ ਮੇਰੀ ਸਹੇਲੀ ਸਰ ਨੂੰ ਦੇਖ ਕੇ ਮੰਜੇ ’ਤੇ ਚੜ੍ਹ ਗਈ ਤੇ ਫਿਰ ਦੂਜੇ ਪਾਸੇ ਉੱਤਰ ਗਈ, ਜਦੋਂ ਕਿ ਸਰ ਸਾਡੇ ਸਿਰ ’ਤੇ ਖੜ੍ਹੇ ਸਨ। ਸਾਨੂੰ ਕਾਫੀ ਝਿੜਕਾਂ ਪਈਆਂ ਤੇ ਸਰ ਨੇ ਕਿਹਾ, ਕੱਲ੍ਹ ਨੂੰ ਛੇ ਹੀ ਜਣੀਆਂ ਮੇਰੇ ਦਫਤਰ ਵਿੱਚ ਆਉਣੀਆਂ ਚਾਹੀਦੀਆਂ ਹਨ। ਨੋਟਿਸ ਬੋਰਡ ’ਤੇ ਸਾਡੇ ਰੂਮ ਦਾ ਨਾਂ ਲਿਖ ਕੇ ਲਾਇਆ ਗਿਆ ਕਿ ਇਨ੍ਹਾਂ ਨੂੰ ਦਫਤਰ ਵਿੱਚ ਬੁਲਾਇਆ ਗਿਆ ਹੈ।
ਅਸੀਂ ਬਹੁਤ ਡਰ ਗਈਆਂ। ਪਰ ਉਦੋਂ ਉਮਰ ਹੀ ਇਹੋ ਜਿਹੀ ਸੀ ਤੇ ਗਰੁੱਪ ਵਿੱਚ ਡਰ ਵੀ ਘਟ ਜਾਂਦਾ ਹੈ। ਦੂਜੇ ਦਿਨ ਅਸੀਂ ਦੇਖਿਆ ਕਿ ਪ੍ਰਿੰਸੀਪਲ ਸਰ ਦਫਤਰ ਵਿੱਚ ਹੈ ਨਹੀਂ। ਸਾਨੂੰ ਵੀ ਸ਼ਰਾਰਤ ਸੁੱਝੀ। ਅਸੀਂ ਸਾਰੀਆਂ ਜਾ ਕੇ ਦਫਤਰ ਅੱਗੇ ਖੜ੍ਹ ਗਈਆਂ। ਥੋੜ੍ਹਾ ਚਿਰ ਖੜ੍ਹਨ ਤੋਂ ਬਾਅਦ ਵਾਰਡਨ ਮੈਡਮ ਨੂੰ ਕਿਹਾ, “ਮੈਡਮ ਅਸੀਂ ਕਿੰਨਾ ਚਿਰ ਹੋਰ ਖੜ੍ਹੀਏ?”
ਮੈਡਮ ਕਹਿੰਦੇ, “ਤੁਸੀਂ ਜਾਓ, ਮੈਂ ਕਹਿ ਦੇਵਾਂਗੀ ਕਿ ਲੜਕੀਆਂ ਆਈਆਂ ਸਨ।”
ਸ਼ਾਮ ਦੀ ਅਸੈਂਬਲੀ ਵਿੱਚ ਫਿਰ ਪ੍ਰਿੰਸੀਪਲ ਸਰ ਆ ਗਏ ਤੇ ਸਾਨੂੰ ਪੁੱਛਿਆ ਕਿ ਤੁਸੀਂ ਸਾਰੀਆਂ ਮੇਰੇ ਦਫਤਰ ਕਿਉਂ ਨਹੀਂ ਆਈਆਂ? ਵਾਰਡਨ ਮੈਡਮ ਨੇ ਸਾਡੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ, “ਸਰ ਤੁਸੀਂ ਹੀ ਦਫਤਰ ਨਹੀਂ ਸੀ ਆਏ, ਇਹ ਤਾਂ ਸਾਰੀਆਂ ਆਈਆਂ ਸਨ।”
ਇਵੇਂ ਸਾਡਾ ਖਹਿੜਾ ਛੁੱਟਿਆ। ਉਸ ਦਿਨ ਤੋਂ ਬਾਅਦ ਅਸੀਂ ਸਰ ਨੂੰ ਗੁੱਸੇ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।
ਮੇਰੀ ਬੀ.ਐੱਡ ਵਿੱਚ ਫਸਟ ਡਿਵੀਜਨ ਸੀ। ਮੈਨੂੰ ਵਜੀਫ਼ਾ ਲੱਗ ਗਿਆ। ਬੀ.ਐੱਡ ਕਰਨ ਤੋਂ ਬਾਅਦ ਮੈਂ ਸਿੱਧਵਾਂ ਹੀ ਐੱਮ.ਏ. ਵਿੱਚ ਦਾਖਲਾ ਲੈ ਲਿਆ। ਕੁਝ ਕੁ ਸਹੇਲੀਆਂ ਬੀ.ਐੱਡ ਵਾਲੀਆਂ ਹੀ ਐੱਮ.ਏ ਵਿੱਚ ਮੇਰੇ ਨਾਲ ਆ ਗਈਆਂ, ਬਾਕੀ ਹੋਰ ਨਾਲ ਵਾਲੇ ਪਿੰਡਾਂ ਜਾਂ ਸ਼ਹਿਰ ਤੋਂ ਆਉਂਦੀਆਂ ਸਨ। ਸਾਡੀ ਕਲਾਸ ਵਿੱਚ 25-30 ਲੜਕੀਆਂ ਸਨ। ਸਾਡੇ ਚਾਰ ਵਿਸ਼ੇ ਸਨ ਤੇ ਚਾਰੋਂ ਲੈਕਚਰਾਰ ਅਲੱਗ-ਅਲੱਗ। ਇੱਕ ਸਬਜੈਕਟ ਜੋ ਪਾਂਗਲੀ ਸਰ ਪੜ੍ਹਾਉਂਦੇ ਸਨ, ਬਹੁਤਾ ਚੰਗਾ ਲਗਦਾ ਸੀ। ਕਿਉਂਕਿ ਸਰ ਵੀ ਕੁਝ ਮਖੌਲੀਆ ਸੁਭਾਅ ਦੇ ਸਨ। ਉਨ੍ਹਾਂ ਲਈ ਅਸੀਂ ਉਨ੍ਹਾਂ ਦੀਆਂ ਬੱਚੀਆਂ ਸੀ।
ਇੱਕ ਵਾਰ ਸਰਦੀ ਦੇ ਦਿਨ ਸਨ। ਕਮਰੇ ਵਿੱਚ ਬਹੁਤ ਜ਼ਿਆਦਾ ਠੰਢ ਸੀ। ਸਾਰੀਆਂ ਕੁੜੀਆਂ ਕਹਿਣ ਲੱਗੀਆਂ ਕਿ ਸਰ ਸਾਨੂੰ ਧੁੱਪੇ ਲੈ ਚੱਲੋ। ਸਰ ਸਾਨੂੰ ਹਾਕੀ ਦੀ ਗਰਾਊਂਡ ਵਿੱਚ ਧੁੱਪੇ ਲੈ ਗਏ। ਪਰ ਹਵਾ ਬਹੁਤ ਠੰਢੀ ਚੱਲ ਰਹੀ ਸੀ। ਉੱਥੇ ਹਵਾ ਤੋਂ ਓਟ ਵੀ ਕੋਈ ਨਹੀਂ ਸੀ, ਜਿਸ ਕਰਕੇ ਠੰਢ ਵੀ ਬਹੁਤ ਲੱਗ ਰਹੀ ਸੀ। ਜਦੋਂ ਸਰ ਨੇ ਲੈਕਚਰ ਪੂਰਾ ਕਰ ਲਿਆ ਤਾਂ ਕਹਿਣ ਲੱਗੇ, “ਹੁਣ ਠੀਕ ਹੈ ਇੱਥੇ ਧੁੱਪ ਵਿੱਚ ਆਕੇ?”
ਅਸੀਂ ਕਿਹਾ, “ਸਰ, ਠੰਢ ਬਹੁਤ ਲੱਗ ਰਹੀ ਹੈ।”
ਉਹ ਕਹਿੰਦੇ, “ਹੁਣ ਕੀ ਕਰੀਏ?”
ਮੈਂ ਕਿਹਾ, “ਸਰ, ਤੁਹਾਡਾ ਕੋਟ ਚਾਹੀਦਾ ਹੈ।”
ਸਰ ਕਹਿੰਦੇ, “ਭਾਈ ਇਹ ਕੁੜੀ ਬਹੁਤ ਸ਼ਰਾਰਤੀ ਹੈ, ਇਸ ਨੇ ਤਾਂ ਆਪਣੇ ਵਿਆਹ ਵਿੱਚ ਵੀ ਨਹੀਂ ਚੁੱਪ ਰਹਿਣਾ।”
ਇਸ ਤਰ੍ਹਾਂ ਦੀਆਂ ਕਈ ਯਾਦਾਂ ਕਾਲਜ ਜੀਵਨ ਵਿੱਚ ਅਮਿੱਟ ਛਾਪ ਛੱਡ ਗਈਆਂ।
ਇੱਕ ਵਾਰੀ ਮੇਰੀ ਸਹੇਲੀ ਰਣਧੀਰ ਕਹਿਣ ਲੱਗੀ, “ਅੜੀਏ, ਚਾਹ ਪੀਣੀ ਹੈ ਤੇ ਪੀਣੀ ਵੀ ਆਪਣੇ ਰੂਮ ਵਿੱਚ ਹੈ।”
ਸਾਨੂੰ ਰੂਮ ਵਿੱਚ ਚਾਹ ਪੀਣ ਦੀ ਆਗਿਆ ਨਹੀਂ ਸੀ। ਮੈਂ ਕਿਹਾ, ਇਹ ਕਿਹੜੀ ਵੱਡੀ ਗੱਲ ਹੈ। ਜਾਓ, ਤੁਸੀਂ ਇੱਕ ਜਣੀ ਜਾ ਕੇ ਦੁਕਾਨ ’ਤੇ ਚਾਹ ਦਾ ਆਰਡਰ ਦੇ ਆਉ ਜਿੰਨੇ ਕੱਪ ਚਾਹੀਦੇ ਹਨ ਤੇ ਕਹਿਣਾ ਵਾਰਡਨ ਮੈਡਮ ਨੇ ਰੂਮ ਵਿੱਚ ਚਾਹ ਮੰਗਵਾਈ ਹੈ। ਵਾਰਡਨ ਮੈਡਮ ਦਾ ਰੂਮ ਸਾਡੇ ਰੂਮ ਦੇ ਬਿਲਕੁਲ ਨਾਲ ਲਗਦਾ ਸੀ। ਰਣਧੀਰ ਕਹਿੰਦੀ ਫਿਰ ਕੀ ਕਰੇਂਗੀ ਜਦੋਂ ਮੁੰਡਾ ਚਾਹ ਲੈ ਕੇ ਆ ਗਿਆ। ਮੈਂ ਕਿਹਾ, ਦੇਖ ਲੈਣਾ ਜਦੋਂ ਚਾਹ ਲੈ ਕੇ ਆਵੇਗਾ, ਮੈਨੂੰ ਦੂਰੋਂ ਦੱਸ ਦੇਣਾ। ਬੱਸ ਫਿਰ ਕੀ ਸੀ, ਮੈਂ ਚਾਦਰ ਲੈ ਕੇ ਪੈ ਗਈ। ਛੋਟੂ ਚਾਹ ਲੈ ਕੇ ਗਿਆ। ਕਹਿੰਦਾ, “ਮੈਡਮ ਜੀ ਚਾਹ।”
ਮੈਂ ਚਾਦਰ ਦੇ ਅੰਦਰੋਂ ਬੋਲੀ, “ਬੇਟਾ, ਇੱਥੇ ਰੱਖ ਦੇ।” ਜਦੋਂ ਛੋਟੂ ਚਲਾ ਗਿਆ, ਅਸੀਂ ਸਾਰੀਆਂ ਨੇ ਚਾਹ ਦੀਆਂ ਚੁਸਕੀਆਂ ਲੈਂਦੀਆਂ ਰਹੀਆਂ ਤੇ ਨਾਲ-ਨਾਲ ਹੱਸਦੀਆਂ ਰਹੀਆਂ ਕਿ ਅੱਜ ਤਾਂ ਮੁਫਤ ਵਿੱਚ ਹੀ ਚਾਹ ਪੀਤੀ ਹੈ। ਉਹ ਵੀ ਕਮਰੇ ਵਿੱਚ। ਚੜ੍ਹਦੀ ਉਮਰ ਵਿੱਚ ਮਸਤੀ ਕਰਨ ਦਾ ਵੀ ਆਪਣਾ ਹੀ ਚਾਅ ਹੁੰਦਾ ਹੈ।
ਬੱਸ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਦੇ ਦਿਨ ਬੀਤ ਗਏ। ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਫਾਈਨਲ ਪੇਪਰ ਦੇ ਕੇ ਆਪੋ ਆਪਣੇ ਘਰ ਜਾਣਾ ਸੀ। ਕਿਸੇ ਦਾ ਦਿਲ ਨਹੀਂ ਸੀ ਕਰਦਾ ਘਰ ਜਾਣ ਲਈ। ਪਰ ਜਾਣਾ ਤਾਂ ਪੈਣਾ ਹੀ ਸੀ। ਸਿੱਧਵਾਂ ਰਹਿਕੇ ਪਾਈਆਂ ਗਿੱਧੇ ਦੀਆਂ ਧੁੰਮਾਂ, ਉਹ ਫੰਕਸ਼ਨਾਂ ਦੀਆਂ ਰੀਹਰਸਲਾਂ ਅੱਜ ਵੀ ਬਹੁਤ ਯਾਦ ਆਉਂਦੀਆਂ ਹਨ।
ਇੱਕ ਵਾਰ ਮੈਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਜਦੋਂ ਮੈਂ ਦੇਖਿਆ ਸਾਡੇ ਪਾਂਗਲੀ ਸਰ ਇੱਕ ਖੂੰਡੀ ਦੇ ਸਹਾਰੇ ਤੁਰੇ ਆ ਰਹੇ ਹਨ, ਮੈਂ ਉਨ੍ਹਾਂ ਨੂੰ ਦੂਰੋਂ ਦੇਖ ਕੇ ਖੜ੍ਹੀ ਹੋ ਗਈ ਤੇ ਨੇੜੇ ਆਉਣ ਉੱਤੇ ਸਤਿ ਸ੍ਰੀ ਅਕਾਲ ਬੁਲਾਈ। ਫਿਰ ਮੈਂ ਪੁੱਛਿਆ, “ਸਰ, ਤੁਸੀਂ ਮੈਨੂੰ ਪਛਾਣਿਆ?”
ਉਹ ਕਹਿੰਦੇ, “ਕਿਉਂ ਨਹੀਂ? ਤੂੰ ਹਰਜੋਗਿੰਦਰ ਹੈਂ।”
ਮੈਂ ਕਿਹਾ, “ਸਰ, ਪੈਂਤੀ ਸਾਲ ਹੋ ਗਏ ਸਾਨੂੰ ਤੁਹਾਡੇ ਕੋਲ਼ੋਂ ਪੜ੍ਹ ਕੇ ਆਇਆਂ ਨੂੰ।”
ਸਰ ਕਹਿੰਦੇ, “ਅੱਛੇ ਸਟੂਡੈਂਟ ਕਦੀ ਨਹੀਂ ਭੁੱਲਦੇ।”
ਮਨ ਬੜਾ ਖ਼ੁਸ਼ ਹੋਇਆ। ਜੋ ਇੱਜ਼ਤ ਮਾਣ ਮੈਨੂੰ ਮਿਲਿਆ, ਉਸ ਸਮੇਂ ਪੜ੍ਹਾਈ ਦਿੱਤੀ, ਇੱਜ਼ਤ ਦਿੱਤੀ, ਟੀਚਰ ਵੱਲੋਂ ਮਾਣ ਇੱਜ਼ਤ ਦਿੱਤੀ, ਇਹ ਸਭ ਨੂੰ ਮਿਲੇ!
ਕਹਿੰਦੇ ਹਨ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸੁਆਦ ਤਾਂ, ਤਾਂ ਹੈ, ਜੇ ਸਾਡੇ ਕਾਲਜ ਦਾ ਜੀਵਨ ਵੀ ਕਿਧਰੇ ਮੁੜਕੇ ਆ ਜਾਵੇ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)