“ਸੜਕ ਦੇ ਕੂਹਣੀ ਮੋੜ ਦੇਖ ਕੇ ਖਿਆਲ ਆਉਂਦਾ ਕਿ ਕਾਰ ਇੱਥੋਂ ਦੀ ਕਿਵੇਂ ਲੰਘੇਗੀ। ਹਰ ਥਾਂ ’ਤੇ ...”
(1 ਜੂਨ 2025)
ਜੁਲਾਈ ਦਾ ਮਹੀਨਾ ਸੀ। ਕਦੇ ਕਣੀਆਂ ਦੀ ਕਿਣਮਿਣ ਤੇ ਕਦੇ ਤੇਜ਼ ਮੀਂਹ ਦਾ ਛਰਾਟਾ ਪੈ ਰਿਹਾ ਸੀ। ਮੇਰੇ ਗੁਆਂਢ ਤੋਂ ਮੇਰੀ ਦਰਾਣੀ, ਜੋ ਮੇਰੀ ਸਹੇਲੀ ਤੇ ਭੈਣ ਵੀ ਬਣੀ ਹੋਈ ਸੀ, ਮੇਰੇ ਕੋਲ ਆਈ। ਕਹਿਣ ਲੱਗੀ. ਭੈਣੇ ਆਪਣੇ ਪਿੰਡ ਵਿੱਚੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ 15-20 ਸ਼ਰਧਾਲੂ ਜਾ ਰਹੇ ਹਨ। ਉਨ੍ਹਾਂ ਵਿੱਚ ਚਾਚਾ ਜੀ ਅਤੇ ਚਾਚੀ ਜੀ ਵੀ ਜਾ ਰਹੇ ਹਨ। ਮੈਂ ਵੀ ਉਨ੍ਹਾਂ ਦੇ ਨਾਲ ਜਾ ਰਹੀ ਹਾਂ। ਮੈਂ ਤੈਨੂੰ ਕਹਿਣ ਆਈ ਹਾਂ ਕਿ ਤੂੰ ਵੀ ਸਾਡੇ ਨਾਲ ਚੱਲ। ਆਪਣਾ ਦੋਹਾਂ ਦਾ ਸਾਥ ਵਧੀਆ ਰਹੇਗਾ। ਜਦੋਂ ਅਸੀਂ ਗੱਲਾਂ ਕਰ ਰਹੀਆਂ ਸੀ ਤਾਂ ਮੇਰੀ ਸੱਸ (ਬੀ ਜੀ) ਵੀ ਸੁਣ ਰਹੇ ਸਨ। ਜਦੋਂ ਮੇਰੀ ਸਹੇਲੀ ਚਲੀ ਗਈ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਪੁੱਤ ਉਹ ਕੀ ਕਹਿੰਦੀ ਸੀ? ਮੈਂ ਦੱਸਿਆ ਤਾਂ ਉਹ ਕਹਿੰਦੇ ਪੁੱਤ ਹੇਮਕੁੰਟ ਜਾਣ ਲਈ ਤਾਂ ਮੇਰਾ ਵੀ ਬਹੁਤ ਦਿਲ ਕਰਦਾ ਹੈ। ਤੇਰੀ ਚਾਚੀ ਨਾਲ ਮੇਰਾ ਵੀ ਸਾਥ ਬਣ ਜਾਏਗਾ। ਮੈਂ ਕਿਹਾ, ਬੀ ਜੀ ਨੇਕੀ ਕੀ ਤੇ ਪੁੱਛ-ਪੁੱਛ ਕੇ, ਤੁਸੀਂ ਵੀ ਚੱਲੋ। ਇਹ ਤਾਂ ਹੋਰ ਵੀ ਵਧੀਆ ਗੱਲ ਹੈ। ਉਹ ਕਹਿੰਦੇ, ਪਰ ਆਪਾਂ ਦੋਹਾਂ ਵਿੱਚੋਂ ਇੱਕ ਨੂੰ ਤਾਂ ਘਰ ਰਹਿਣਾ ਪਏਗਾ। ਬਾਕੀ ਘਰ ਦਿਆਂ ਦਾ ਰੋਟੀ ਟੁੱਕ ਵੀ ਕਰਨਾ ਹੋਇਆ। ਮੈਂ ਕਿਹਾ, ਕਿ ਬੀ ਜੀ, ਹੁਣ ਸਬੱਬ ਬਣਿਆ ਹੋਇਆ ਹੈ, ਅਤੇ ਪਿੰਡ ਦਾ ਸਾਥ ਹੈ। ਹੁਣ ਤੁਸੀਂ ਹੋ ਆਉ, ਮੈਂ ਫਿਰ ਦਰਸ਼ਣ ਕਰ ਲਵਾਂਗੀ।
ਬੀ ਜੀ ਯਾਤਰਾ ਉੱਤੇ ਚਲੇ ਗਏ ਅਤੇ ਹਫ਼ਤੇ ਪਿੱਛੋਂ ਵਾਪਸ ਆਏ। ਉਹ ਬਹੁਤ ਖੁਸ਼ ਸਨ। ਮੈਨੂੰ ਕਹਿੰਦੇ, “ਪੁੱਤ ਤੂੰ ਵੀ ਜ਼ਰੂਰ ਜਾਵੀਂ। ਬਹੁਤ ਸੋਹਣੀ ਥਾਂ ਹੈ।” ਮੈਂ ਉਸ ਦਿਨ ਤੋਂ ਹੀ ਆਪਣੇ ਮਨ ਵਿੱਚ ਇੱਛਾ ਪਾਲ ਲਈ ਕਿ ਹੇਮਕੁੰਟ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਹਨ। ਕੋਈ ਸਾਲ ਕੁ ਪਿੱਛੋਂ 1995 ਦਾ ਅਗਸਤ ਦਾ ਮਹੀਨਾ ਸੀ। ਮੈਂ ਉਸ ਸਮੇਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਖਾਤਰ ਉਨ੍ਹਾਂ ਨਾਲ ਚੰਡੀਗੜ੍ਹ ਰਹਿੰਦੀ ਸੀ। ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲਗਦੇ ਮੇਰੇ ਇੱਕ ਭੂਆ ਜੀ ਮੇਰੇ ਗੁਆਂਢ ਹੀ ਰਹਿੰਦੇ ਸੀ। ਇੱਕ ਦਿਨ ਮੈਨੂੰ ਉਨ੍ਹਾਂ ਨੇ ਪੁੱਛਿਆ, “ਹਰਜੀ ਆਪਾਂ ਹੇਮਕੁੰਟ ਸਾਹਿਬ ਚੱਲੀਏ?”
ਇਹ ਸੁਣਕੇ ਮੈਨੂੰ ਤਾਂ ਚੜ੍ਹ ਗਿਆ ਚਾਅ। ਅਸੀਂ ਅਗਲੇ ਹਫ਼ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸਾਡੇ ਨਾਲ ਦੋ ਕਾਰਾਂ ਹੋਰ ਵੀ ਜਾ ਰਹੀਆਂ ਸਨ।
ਸਫਰ ਤੋਂ ਪਹਿਲੀ ਰਾਤ ਮੈਂ ਪਲ ਵੀ ਨਾ ਸੁੱਤੀ। ਸਾਰੀ ਰਾਤ ਪਾਸੇ ਮਾਰਦਿਆਂ ਕੱਢੀ। ਮੇਰਾ ਦਿਲ ਹੇਮਕੁੰਟ ਜਾਣ ਲਈ ਬਹੁਤ ਉਤਾਵਲਾ ਸੀ। ਦਿਲ ਕਹੇ ਮੇਰੇ ਖੰਭ ਹੋਣ ਅਤੇ ਹੁਣੇ ਉਡਾਰੀ ਮਾਰ ਪਹੁੰਚ ਜਾਵਾਂ ਬਾਬਿਆਂ ਦੇ ਦੁਆਰ। ਇਸਦੇ ਨਾਲ-ਨਾਲ ਮੇਰੇ ਮਨ ਅੰਦਰ ਡਰ ਅਤੇ ਖੁਸ਼ੀ ਦੇ ਵਲਵਲਿਆਂ ਨੇ ਯੁੱਧ ਛੇੜਿਆ ਹੋਇਆ ਸੀ। ਡਰ, ਕਿ ਕਹਿੰਦੇ ਹਨ ਉੱਥੋਂ ਦਾ ਰਸਤਾ ਬਹੁਤ ਮੁਸ਼ਕਿਲ ਹੈ ਅਤੇ ਉੱਤੋਂ ਚੜ੍ਹਾਈ ਵੱਟ ਕੱਢ, ਮੈਂ ਸਫਰ ਕਿਵੇਂ ਪੂਰਾ ਕਰਾਂਗੀ? ਖੁਸ਼ੀ, ਕਿ ਬਾਬਿਆਂ ਦੇ ਚਰਨ ਛੋਅ ਉਸ ਪਵਿੱਤਰ ਧਰਤੀ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਕਰ ਸਕਾਂਗੀ। ਸਵੇਰ ਮਸਾਂ ਹੋਈ। ਮੈਂ ਉੱਠੀ, ਨਹਾ ਧੋ ਕੇ ਪਾਠ ਕੀਤਾ ਤੇ ਆਪਣੀ 11-12 ਸਾਲ ਦੀ ਬੇਟੀ ਨੂੰ ਉਠਾਇਆ, ਜਿਸ ਨੂੰ ਮੈਂ ਆਪਣੇ ਨਾਲ ਲੈ ਕੇ ਜਾਣਾ ਸੀ। ਅਸੀਂ ਲੋੜੀਂਦਾ ਸਾਮਾਨ ਆਪਣੇ ਬੈਗ ਵਿੱਚ ਪਾ ਕੇ ਤਿਆਰ ਹੋ ਗਈਆਂ। ਡੋਰ ਬੈੱਲ ਵੱਜੀ ਤਾਂ ਮੈਂ ਭੱਜ ਕੇ ਦਰਵਾਜਾ ਖੋਲ੍ਹਿਆ। ਅੱਗੋਂ ਭੂਆ ਜੀ ਬੋਲੇ ਕਿ ਬਈ ਤਿਆਰ ਹੋ? ਮੈਂ ਕਿਹਾ, ਹਾਂ ਭੂਆ ਜੀ, ਬਿਲਕੁਲ ਤਿਆਰ-ਬਰ-ਤਿਆਰ।
ਅਸੀਂ ਚੰਡੀਗੜ੍ਹ ਤੋਂ ਨਾਢਾ ਸਾਹਿਬ ਗੁਰਦੁਆਰੇ ਜਾ ਕੇ ਸੀਸ ਨਿਵਾਇਆ ਅਤੇ ਅੱਗੇ ਚਾਲੇ ਪਾ ਦੱਤੇ। ਥੋੜ੍ਹੀ ਦੇਰ ਪਿੱਛੋਂ ਪਹਾੜਾਂ ਦੀ ਚੜ੍ਹਾਈ ਸ਼ੁਰੂ ਹੋ ਗਈ। ਪਹਿਲਾਂ ਤਾਂ ਮੈਂ ਠੀਕਠਾਕ ਬੈਠੀ ਰਹੀ ਪਰ ਜਦੋਂ ਜ਼ਿਆਦਾ ਚੜ੍ਹਾਈ ਆਉਣ ਲੱਗੀ ਤਾਂ ਮੈਨੂੰ ਡਰ ਜਿਹਾ ਲੱਗਣ ਲੱਗਾ। ਫਿਰ ਬੱਸ ਵਾਹਿਗੁਰੂ ਦਾ ਜਾਪ ਅਰੰਭ ਕਰ ਦਿੱਤਾ। ਜਦੋਂ ਅਸੀਂ ਰਿਸ਼ੀਕੇਸ ਟੱਪ ਗਏ, ਮੈਂ ਇਸ ਦੁਨਿਆਂ ਦੀਆਂ ਸਾਰੀਆਂ ਲਾਲਸਾਵਾਂ ਭੁੱਲ ਗਈ। ਮੇਰਾ ਧਿਆਨ ਸੁੰਦਰ ਵਾਦੀ ਦੇ ਲੁਭਾਉਣੇ ਰੰਗਾਂ ਨੇ ਮੋਹ ਲਿਆ। ਸੜਕ ਦੇ ਨਾਲ-ਨਾਲ ਗੰਗਾ ਨਦੀ ਆਪਣੇ ਰੰਗ ਵਿੱਚ ਮਸਤ ਰਾਗ ਅਲਾਪਦੀ ਕਦੇ ਸੜਕ ਦੇ ਨੇੜੇ ਆ ਜਾਂਦੀ ਅਤੇ ਕਦੇ ਦੂਰ ਹੋ ਜਾਂਦੀ। ਸੜਕ ਦੇ ਕੂਹਣੀ ਮੋੜ ਦੇਖ ਕੇ ਖਿਆਲ ਆਉਂਦਾ ਕਿ ਕਾਰ ਇੱਥੋਂ ਦੀ ਕਿਵੇਂ ਲੰਘੇਗੀ। ਹਰ ਥਾਂ ’ਤੇ ਹੀ ਨਜ਼ਾਰਾ ਵਿਲੱਖਣ ਸੀ। ਦੇਖ-ਦੇਖ ਕੇ ਸੋਚ ਹੈਰਾਨ ਹੋ ਰਹੀ ਸੀ ਕਿ ਸੱਚੇ ਸਤਿਗੁਰ ਨੇ ਰਚਨਾ ਕਿਸ ਤਰ੍ਹਾਂ ਦੀ ਬਣਾਈ ਹੈ। ਉੱਚੇ ਪਰਬਤਾਂ ਨੂੰ ਦੇਖ-ਦੇਖ ਅਤੇ ਗੰਗਾ ਦੇ ਗੀਤ ਸੁਣ-ਸੁਣ ਕੇ ਮਨ ਗਦਗਦ ਹੋ ਉੱਠਿਆ। ਉੱਚੀਆਂ ਚੋਟੀਆਂ ਵਾਲੇ ਪਹਾੜਾਂ ਵਿੱਚੋਂ ਗਿਰਦੇ ਝਰਨਿਆਂ ਦੀ ਸ਼ਾਂ-ਸ਼ਾਂ ਇਸ ਤਰ੍ਹਾਂ ਅਨੁਭਵ ਹੋ ਰਹੀ ਸੀ. ਜਿਵੇਂ ਕਿ ਉਹ ਸਾਗਰ ਸ਼ਹੁ ਵੱਲ ਜਾ ਰਹੀ ਗੰਗਾ ਨੂੰ ਪੁਕਾਰ ਕਰ ਰਹੇ ਹੋਣ ਕਿ ਉਹ ਉਨ੍ਹਾਂ ਨੂੰ ਵੀ ਨਾਲ ਲੈ ਚੱਲੇ।
ਅਸੀਂ ਸ਼ਾਮ ਨੂੰ ਗੋਬਿੰਦ ਘਾਟ ਪਹੁੰਚ ਗਏ, ਜਿੱਥੋਂ ਗੰਗਾ ਨਦੀ ਸਾਨੂੰ ਬਿਲਕੁਲ ਨੇੜੇ ਦਿਖਾਈ ਦੇ ਰਹੀ ਸੀ। ਸਵੇਰੇ ਜਲਦੀ ਉੱਠ ਕੇ ਅਸੀਂ ਟੂਟੀਆਂ ’ਤੇ ਇਸ਼ਨਾਨ ਕੀਤਾ ਅਤੇ ਅਗਲੀ ਯਾਤਰਾ ਲਈ ਤਿਆਰ ਹੋ ਗਏ। ਜਦੋਂ ਅਸੀਂ ਗੋਬਿੰਦ ਘਾਟ ਤੋਂ ਤੁਰਨਾ ਸੀ ਤਾਂ ਸਾਨੂੰ ਕਿਹਾ ਗਿਆ ਕਿ ਜੋ ਰਸਤੇ ਵਿੱਚ ਚਾਹੀਦਾ ਹੈ ਆਪਣਾ ਸਮਾਨ ਲੈ ਲਵੋ। ਅਸੀਂ ਦੋ-ਦੋ ਸੋਟੀਆਂ ਬਾਕੀ ਥੋੜ੍ਹਾ-ਬਹੁਤ ਖਾਣ ਦਾ ਸਾਮਾਨ ਵਗੈਰਾ ਲੈ ਲਿਆ। 1995 ਦੇ ਦਿਨਾਂ ਵਿੱਚ ਘੱਟ ਲੋਕ ਹੀ ਯਾਤਰਾ ਉੱਤੇ ਜਾਂਦੇ ਸਨ। ਮੇਰੇ ਨਾਲ ਭੂਆ ਜੀ ਦੀ ਲੜਕੀ ਸੀ ਜੋ ਉਮਰ ਵਿੱਚ 20 ਕੁ ਸਾਲ ਦੀ ਹੋਵੇਗੀ। ਉਹ ਇਸ਼ਾਰਾ ਕਰ ਕੇ ਮੈਨੂੰ ਕਹਿੰਦੀ, ਦੀਦੀ ਆਪਾਂ ਬਰਫ ਨਾਲ ਢਕੀ ਉਸ ਚੋਟੀ ’ਤੇ ਜਾਣਾ ਹੈ। ਮੈਂ ਦੇਖ ਕੇ ਘਬਰਾ ਗਈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਮਾਲਕਾ! ਜਿਵੇਂ ਤੂੰ ਸਾਨੂੰ ਇੱਥੇ ਤਕ ਲੈ ਕੇ ਆਇਆ ਹੈਂ, ਉਵੇਂ ਹੀ ਹੁਣ ਅੱਗੇ ਵੀ ਤੂੰ ਹੀ ਸਹਾਈ ਹੋਣਾ। ਚੱਲੋ ਜੀ, ਅਸੀਂ ਗੋਬਿੰਦ ਘਾਟ ਤੋਂ ਪੁਲ ਪਾਰ ਕਰਕੇ ਉੱਪਰ ਜਾਣ ਲਈ ਤਿਆਰ ਹੋ ਗਏ। ਸਾਰੀ ਸੰਗਤ ਸਲਾਹ ਕਰਨ ਲੱਗੀ ਕਿ ਕੀ ਖੱਚਰ ਦੀ ਸਵਾਰੀ ਲੈਣੀ ਹੈ ਜਾਂ ਤੁਰ ਕੇ ਜਾਣਾ ਹੈ। ਮੈਂ ਕਿਹਾ ਕਿ ਭੂਆ ਜੀ, ਜੇ ਤੁਸੀਂ ਤੁਰ ਕੇ ਚੱਲੋਗੇ ਤਾਂ ਮੈਂ ਵੀ ਤੁਰ ਕੇ ਹੀ ਜਾਵਾਂਗੀ। ਮੈਂ ਆਪਣੀ ਬੇਟੀ ਨੂੰ ਖੱਚਰ ਉੱਤੇ ਬਿਠਾ ਦਿੱਤਾ। ਮੈਂ ਅਤੇ ਭੂਆ ਜੀ ਦੀਆਂ ਬੇਟੀਆਂ ਨੇ ਤੁਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਤਾਂ ਮੈਨੂੰ ਇੰਝ ਲੱਗਿਆ ਕਿ ਮੇਰੇ ਕੋਲੋਂ ਚੜ੍ਹਾਈ ਨਹੀਂ ਚੜ੍ਹੀ ਜਾਣੀ। ਪਰ ਜਦੋਂ ਚੜ੍ਹਾਈ ਸ਼ੁਰੂ ਹੋਈ ਆਪਣੇ ਆਪ ਹੀ ਮਨ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਅਰੰਭ ਹੋ ਗਿਆ। ਪਤਾ ਵੀ ਨਾ ਲੱਗਿਆ ਕਿ ਕਦੋਂ ਚੜ੍ਹਾਈ ਦਾ ਭੈਅ ਲਾਪਤਾ ਹੋ ਗਿਆ ਅਤੇ ਕੁਦਰਤ ਦੇ ਰੂਪ ਵਿੱਚ ਉਸ ਦਾਤੇ ਦੇ ਤਰ੍ਹਾਂ-ਤਰ੍ਹਾਂ ਦੇ ਰੰਗ ਨਜ਼ਾਰੇ ਅੱਖਾਂ ਨੂੰ ਪਿਆਰੇ ਲੱਗਣ ਲੱਗੇ। ਮਨ ਵਿੱਚ ਕਵਿਤਾ ਨੇ ਮਸਤੀ ਦਿੱਤੀ - ਕੁਝ ਦੁਰਾਡੇ ਉੱਚ ਚੋਟੀਆਂ ਬਰਫਾਂ ਦੇ ਨਾਲ ਭਰੀਆਂ, ਚਿੱਟਾ ਸ਼ਾਲ ਜਿਵੇਂ ਲੈ ਖੜ੍ਹੀਆਂ, ਇੰਦਰ ਦੇ ਖਾੜੇ ਦੀਆਂ ਪਰੀਆਂ। ਮਨ ਵਿੱਚ ਵਿਚਾਰ ਆਇਆ, ‘ਛਾਤੀ ਨਾਲ ਲਗਾਕੇ ਕਿਰਨਾਂ ਸਾਗਰ ਅੰਬਰੀ ਉੱਡਿਆ, ਚੋਟੀ ਉੱਤੇ ਬੈਠਾ ਪਾਣੀ, ਇਹੋ ਰਾਗ ਅਲਾਪਦਾ।’ ਉਨ੍ਹਾਂ ਦੇ ਪੈਰਾਂ ਵਿੱਚ ਕੁਦਰਤ ਦੀ ਵਿਛਾਈ ਹੋਈ ਖੀਨਖਾਬੀ ਹਰਿਆਲੀ ਕਾਰਪਟ ਵੀ ਜੀ ਆਇਆਂ ਦਾ ਗੀਤ ਗਾ ਰਹੀ ਸੀ। ਜਦੋਂ ਅਸੀਂ ਕਿਸੇ ਬਰਫੀਲੇ ਪਹਾੜ ਕੋਲ਼ੋਂ ਦੀ ਲੰਘਣਾ ਤਾਂ ਸਰੀਰ ਨੂੰ ਛੇੜ ਕੇ ਲੰਘਦੀ ਠੰਢੀ-ਠੰਢੀ ਹਵਾ ਚੰਗੀ-ਚੰਗੀ ਲੱਗਣੀ। ਕਦੇ-ਕਦੇ ਰਾਹ ਵਿੱਚ ਬੈਠ ਕੇ ਸਾਹ ਵੀ ਲੈ ਲੈਣਾ ਤੇ ਫਿਰ ਅੱਗੇ ਤੁਰ ਪੈਣਾ। ਮਨ ਨੂੰ ਸੱਚੀ-ਮੁੱਚੀਂ ਇੰਜ ਲਗਦਾ ਸੀ ਜਿਵੇਂ ਸਮੁੱਚੀ ਕੁਦਰਤ ਨੂੰ ਗਲਵੱਕੜੀ ਵਿੱਚ ਲੈ ਕੇ ਮੈਂ ਉਸਦਾ ਮੱਥਾ ਚੁੰਮ ਰਹੀ ਹੋਵਾਂ। ਗੁਰੂ ਨਾਨਕ ਦੇਵ ਜੀ ਦਾ ਸ਼ਬਦ, ‘ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ’ ਤਨ ਮਨ ਵਿੱਚ ਰਚਕੇ ਇੱਕ-ਮਿੱਕ ਹੋਕੇ ਰੂਹ ਨੂੰ ਖੇੜੇ ਅਤੇ ਸਰੂਰ ਵਿੱਚ ਲੈ ਗਿਆ।
ਰਸਤੇ ਵਿੱਚ ਮੈਨੂੰ ਇੱਕ ਬੀਬੀ ਮਿਲੀ, ਜੋ ਹੇਮਕੁੰਟ ਤੋਂ ਹੇਠਾਂ ਨੂੰ ਜਾ ਰਹੀ ਸੀ ਅਤੇ ਮੈਨੂੰ ਇੱਕ ਰੱਜੇ ਪੁੱਜੇ ਘਰ ਦੀ ਕੋਮਲ ਲੜਕੀ ਵਜੋਂ ਜਾਣਦੀ ਸੀ। ਉਹ ਮੈਨੂੰ ਕਹਿਣ ਲੱਗੀ, ਅੱਗੇ ਪੈਂਡਾ ਬੜਾ ਕਠਨ ਹੈ, ਥੱਕ ਜਾਵੇਂਗੀ, ਚੰਗਾ ਇਹੋ ਹੀ ਹੈ ਕਿ ਸਵਾਰੀ ਲਈ ਖੱਚਰ ਕਰ ਲੈ। ਸ਼ਿਸ਼ਟਾਚਾਰ ਦੇ ਨਾਤੇ ਮੈਂ ਕਿਹਾ, ਤੇਰੀ ਗੱਲ ਠੀਕ ਐ। ਪਰ ਮੇਰਾ ਦਿਲ ਕੁਝ ਹੋਰ ਹੀ ਕਹਿ ਰਿਹਾ ਸੀ, ‘ਜਿਸਦਾ ਮਨ ਜੋਤ ਸਰੂਪ ਨਾਲ ਜੁੜਿਆ ਹੋਵੇ ਉਸ ਵਾਸਤੇ ਕਿਹੜੀਆਂ ਚੜ੍ਹਾਈਆਂ, ਕਿਹੜੀਆਂ ਉਚਾਈਆਂ ਤੇ ਕਿਹੜੀਆਂ ਥਕਾਈਆਂ?’ ਉਸ ਵੇਲੇ ਮੈਂ ਜਿਸ ਅਵਸਥਾ ਵਿੱਚ ਸੀ, ਮੈਨੂੰ ਜੋ ਨਜ਼ਾਰਾ ਆ ਰਿਹਾ ਸੀ, ਉਹ ਮੈਂ ਹੀ ਜਾਣਦੀ ਸਾਂ। ਉਸ ਅਨੰਦ ਨੇ ਸ਼ਬਦਾਂ ਦੇ ਵਰਣਨ ਵਿੱਚ ਕਦੋਂ ਆਉਣੈ ਤੇ ਕਿਵੇਂ ਆਉਣੈ? ਮੇਰਾ ਤਾਂ ਦਿਲ ਲੋਚਦਾ ਸੀ ਕਿ ਇੱਥੇ ਹੀ ਕਿਸੇ ਗੁਫਾ ਵਿੱਚ ਚੌਕੜੀ ਮਾਰ ਕੇ ਪੱਕੀ ਹੀ ਰਹਿ ਪਵਾਂ। ਪਰ … ਅਸੀਂ 13 ਕਿਲੋਮੀਟਰ ਦੀ ਚੜ੍ਹਾਈ ਚੜ੍ਹ ਕੇ ਗੋਬਿੰਦ ਧਾਮ ਪਹੁੰਚ ਗਏ।
ਉੱਥੇ ਜਾ ਕੇ ਸਾਡੇ ਸਾਥੀਆਂ ਨੇ ਦੋ ਤਿੰਨ ਕਮਰੇ ਲੈ ਲਏ। ਉਨ੍ਹਾਂ ਦੀ ਸਫਾਈ ਠੀਕ ਨਹੀਂ ਸੀ। ਮੱਕੜੀਆਂ ਦੇ ਜਾਲੇ ਵਗੈਰਾ ਲੱਗੇ ਹੋਏ ਸਨ। ਪਰ ਅਣਸਰਦੇ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਮੇਰੀ ਬੇਟੀ ਡਰ ਰਹੀ ਸੀ ਕਿ ਮੰਮਾ ਕੋਈ ਭੂੰਡ ਆ ਜਾਵੇਗਾ। ਪਰ ਮੈਂ ਕਿਹਾ ਕਿ ਰੱਬ-ਰੱਬ ਕਰਕੇ ਸੌਂ ਜਾ, ਕੁਝ ਨਹੀਂ ਹੁੰਦਾ। ਕਮਰੇ ਵਿੱਚ ਇੱਕ ਬਾਰੀ ਸੀ, ਜਿਸ ਵਿੱਚੋਂ ਬਰਫ ਨਾਲ ਢਕੇ ਹੋਏ ਚਾਂਦੀ ਰੰਗੇ ਪਹਾੜ ਨਜ਼ਰ ਆ ਰਹੇ ਸਨ। ਚੰਦ ਚਾਨਣੀ ਰਾਤ ਇਨ੍ਹਾਂ ਉੱਤੇ ਹੋਰ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਹੀ ਸੀ। ਚੰਨ ਬੱਦਲਾਂ ਨਾਲ ਲੁਕਣ ਮੀਚੀ ਖੇਡ ਰਿਹਾ ਸੀ। ਵਿੱਚੋਂ ਹੀ ਕਦੇ-ਕਦੇ ਉਹ ਸਾਨੂੰ ਵੀ ਝਾਤ ਆਖ ਜਾਂਦਾ। ਕੁਦਰਤ ਦੇ ਇਹ ਕਲੋਲ ਦੇਖਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ।
ਫਿਰ ਉਹਲੇ ਹੋ ਗਈ ਰਾਤ ਸੀ, ਸੰਦਲੀ ਹੋਈ ਸਵੇਰ। ਚਾਨਣ ਸਾਰੇ ਪਸਰਿਆ, ਹੋਇਆ ਦੂਰ ਹਨੇਰ। ਪਹਾੜੀ ਪੰਛੀਆਂ ਨੇ ਆਪਣੇ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਸਾਰੇ ਯਾਤਰੀ ਉੱਠ ਗਏ। ਸਾਡੀ ਸੰਗਤ ਛੇਤੀ-ਛੇਤੀ ਤਿਆਰ ਹੋ ਗਈ ਤਾਂ ਕਿ ਸਮੇਂ ਸਿਰ ਹੇਮਕੁੰਟ ਵੱਲ ਜਾਇਆ ਜਾਵੇ। ਤੁਰਨ ਵੇਲੇ ਦੇਖਿਆ ਕਿ ਆਸਮਾਨ ਵਿੱਚ ਬੱਦਲਾਂ ਨੇ ਝੁਰਮਟ ਪਾਇਆ ਹੋਇਆ ਹੈ, ਸ਼ਾਇਦ ਮੀਂਹ ਪਵੇਗਾ। ਸਾਰਿਆਂ ਨੇ ਸਲਾਹ ਕੀਤੀ ਕਿ ਆਪਾਂ ਹੁਣ ਖੱਚਰਾਂ ਲੈ ਲਈਏ। ਕੱਲ੍ਹ ਦੇ ਵੀ ਥੱਕੇ ਹੋਏ ਹਾਂ ਤੇ ਉੱਪਰ ਜਾਣ ਲਈ ਚੜ੍ਹਾਈ ਵੀ ਤਿੱਖੀ ਹੈ। ਸਾਰੇ ਇਸ ਵਿਚਾਰ ਨਾਲ ਸਹਿਮਤ ਹੋ ਗਏ।
ਅਜੇ ਅਸੀਂ ਤਿੰਨ ਕੁ ਕਿਲੋਮੀਟਰ ਹੀ ਗਏ ਹੋਵਾਂਗੇ ਕਿ ਕਿਣ ਮਿਣ ਸ਼ੁਰੂ ਹੋ ਗਈ। ਉਚਾਈ ਜ਼ਿਆਦਾ ਹੋਣ ਕਰਕੇ ਘੋੜੇ ਅਤੇ ਖੱਚਰਾਂ ਚੰਗੀ ਤਰ੍ਹਾਂ ਨਹੀਂ ਚੱਲ ਰਹੀਆਂ ਸਨ। ਉਨ੍ਹਾਂ ਦੇ ਮਾਲਕਾਂ ਨੇ ਕਿਹਾ ਕਿ ਆਗੇ ਚੜ੍ਹਾਈ ਜ਼ਿਆਦਾ ਹੈ, ਮੀਂਹ ਪੜ੍ਹ ਰਹਾ ਹੈ, ਜਾਨਵਰ ਕਾ ਪਾਓਂ ਫਿਸਲ ਰਹਾ ਹੈ, ਹਮ ਆਗੇ ਨਹੀਂ ਜਾ ਸਕਤੇ। ਕਿਸੇ ਜਾਨਵਰ ਕਾ ਨੁਕਸਾਨ ਹੋ ਸਕਤਾ ਹੈ। ਸੋ ਅਸੀਂ ਅੱਧ ਵਿੱਚ ਹੀ ਘੋੜੇ ਖੱਚਰਾਂ ਤੋਂ ਉੱਤਰ ਗਏ। ਅਜੇ ਤਿੰਨ ਕਿਲੋਮੀਟਰ ਦਾ ਹੋਰ ਸਫਰ ਰਹਿੰਦਾ ਸੀ। ਮੈਂ ਆਪਣੀ ਬੇਟੀ ਨੂੰ ਕਾਂਡੀ ਵਿੱਚ ਬੈਠਾ ਦਿੱਤਾ। ਕਾਂਡੀ- ਜੋ ਆਦਮੀ ਦੀ ਪਿੱਠ ਉੱਤੇ ਇੱਕ ਟੋਕਰੀ ਲੱਗੀ ਹੁੰਦੀ ਹੈ। ਮੈਂ ਹੌਲੀ-ਹੌਲੀ ਅੱਗੇ ਤੁਰਦੀ ਗਈ ਅਤੇ ਨਾਲ-ਨਾਲ ਹੀ ਚੋਟੀਆਂ ਦੇ ਬਰਫ ਲੱਦੇ ਤਿੱਖੇ ਨੈਣ ਨਕਸ਼ ਮਾਣਦੀ ਗਈ। ਕਦੇ-ਕਦੇ ਮੈਂ ਡੂੰਘੀਆਂ ਖੱਡਾਂ ਨੂੰ ਵੀ ਦੇਖ ਲੈਂਦੀ। ਅਸੀਂ ਸਾਰੇ 11 ਵਜੇ ਦੇ ਕਰੀਬ ਗੁਰੂ ਦੇ ਦਰਬਾਰ ਪਹੁੰਚ ਗਏ। ਉੱਥੇ ਜਾ ਕੇ ਸਭ ਤੋਂ ਪਹਿਲਾਂ ਕੁੰਡ ਵਿੱਚ ਇਸ਼ਨਾਨ ਕੀਤਾ। ਜਦੋਂ ਪਹਿਲੀ ਡੁਬਕੀ ਲਾਈ ਤਾਂ ਸਾਰੇ ਸਰੀਰ ਵਿੱਚ ਕੰਬਣੀ ਛਿੜ ਗਈ। ਬੱਸ ਫਿਰ ਵਾਹਿਗੁਰੂ-ਵਾਹਿਗੁਰੂ ਕਰਦਿਆਂ ਪੂਰਾ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਵਿੱਚ ਜਾ ਕੇ ਗੁਰੂ ਨੂੰ ਮੱਥਾ ਟੇਕਿਆ ਕਿਉਂਕਿ ਉੱਥੇ 12 ਵਜੇ ਤੋਂ ਪਹਿਲੋਂ ਸਮਾਪਤੀ ਦੀ ਅਰਦਾਸ ਹੋ ਜਾਂਦੀ ਹੈ। ਉਸ ਤੋਂ ਪਿੱਛੋਂ ਫਿਰ ਉੱਥੋਂ ਹੀ ਉਨ੍ਹਾਂ ਸੱਤਾਂ ਚੋਟੀਆਂ ਦੇ ਦਰਸ਼ਨ ਕੀਤੇ ਜਿਨ੍ਹਾਂ ਵਿੱਚੋਂ ਚਸ਼ਮੇ ਫੁੱਟ ਕੇ ਤੇ ਝਰਨਿਆਂ ਦਾ ਜਲ ਆ ਕੇ ਉਸ ਕੁੰਡ ਵਿੱਚ ਪੈ ਰਿਹਾ ਸੀ। ਉੱਥੋਂ ਵਿਹਲੇ ਹੋ ਕੇ ਇੱਕ ਵਾਰ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਇਆ।
ਕੁਦਰਤ ਦੇ ਰੰਗਲੇ ਰੂਪ ਦਾ ਸੁਹੱਪਣ ਮਾਣਦੇ ਹੋਏ ਅਸੀਂ ਵਾਪਸ ਚਾਲੇ ਪਾ ਦਿੱਤੇ। ਮੇਰੀ ਬੇਟੀ ਮੈਨੂੰ ਕਹਿਣ ਲੱਗੀ ਕਿ ਮੱਮਾ ਮੈਂ ਨਹੀਂ ਹੁਣ ਕਾਂਡੀ ’ਤੇ ਬੈਠਣਾ। ਮੈਨੂੰ ਡਰ ਲਗਦਾ ਹੈ ਅਤੇ ਨਾਲੇ ਚੱਕਰ ਆਉਂਦੇ ਹਨ। ਮੈਂ ਕਿਹਾ, ਚਲੋ ਫਿਰ ਤੁਰ ਕੇ ਚੱਲਦੇ ਹਾਂ। ਪਰ ਆਸੇ ਪਾਸੇ ਬਿਲਕੁਲ ਨਹੀਂ ਦੇਖਣਾ। ਬੱਸ ਆਪਣੇ ਪੈਰਾਂ ਵੱਲ ਦੇਖ ਕੇ ਅੱਗੇ ਤੁਰੀ ਜਾਣਾ ਹੈ। ਅਸੀਂ 6 ਕਿਲੋਮੀਟਰ ਚੱਲ ਕੇ ਨੀਚੇ ਗੋਬਿੰਦ ਧਾਮ ਪਹੁੰਚ ਗਏ। ਸਾਡੇ ਨਾਲ ਦੇ ਸਾਥੀ ਕਹਿੰਦੇ ਕਿ ਆਪਾਂ ਹੁਣ ਘੋੜੇ ਲੈ ਲਈਏ। ਗੋਬਿੰਦ ਘਾਟ ਤੋਂ ਅੱਗੇ ਜਾਣ ਵਿੱਚ ਸਮਾਂ ਬਚ ਜਾਵੇਗਾ ਤੇ ਆਪਾਂ ਚੰਡੀਗੜ੍ਹ ਨੂੰ ਜਲਦੀ ਚਾਲੇ ਪਾ ਦੇਵਾਂਗੇ। ਘੋੜੇ ਵਾਲੇ ਨਾਲ ਗੱਲ ਕੀਤੀ ਤਾਂ ਉਸ ਨੇ ਸਾਰਿਆਂ ਲਈ ਸਵਾਰੀ ਦਾ ਪ੍ਰਬੰਧ ਕਰ ਦਿੱਤਾ। ਜਿਸ ਘੋੜੀ ਉੱਤੇ ਮੈਂ ਚੜ੍ਹਨਾ ਸੀ ਉਸਦਾ ਮਾਲਕ ਸ਼ੋਹਲੇ ਫਿਲਮ ਦਾ ਡਾਇਲੌਗ ਮਾਰ ਕੇ ਕਹਿੰਦਾ, “ਅਰੇ ਬਸੰਤੀ ਤੂੰ ਬਸੰਤੀ ਕੋ ਬਿਠਾ ਲੇ।” ਇਹ ਸੁਣ ਕੇ ਸਾਰੇ ਸਾਥੀ ਹੱਸਣ ਲੱਗ ਪਏ। ਵਾਪਸੀ ਸਮੇਂ ਮੈਨੂੰ ਉਸ ਘੋੜੀ ਦੀ ਸਵਾਰੀ ਬਹੁਤੀ ਚੰਗੀ ਨਹੀਂ ਲੱਗੀ ਕਿਉਂਕਿ ਜਦੋਂ ਤਾਂ ਘੋੜੀ ਦੀ ਸਵਾਰੀ ਹੁੰਦੀ ਸੀ, ਉਦੋਂ ਤਾਂ ਚੰਗਾ ਲਗਦਾ ਸੀ ਪਰ ਵਿੱਚ-ਵਿੱਚ ਜਦੋਂ ਉੱਤਰ ਕੇ ਪੈਦਲ ਤੁਰਨਾ ਪੈਂਦਾ ਸੀ ਤਾਂ ਬਹੁਤ ਔਖਾ ਲਗਦਾ ਸੀ। ਦੂਸਰਾ, ਘੋੜੀ ਰਸਤੇ ਦੇ ਨਾਲੇ ਵਾਲੇ ਕਿਨਾਰੇ ਨਾਲ ਚਲਦੀ ਸੀ। ਇੱਥੇ ਮੈਨੂੰ ਆਪਣੀ ਭੈਣ ਦੀ ਕਹੀ ਹੋਈ ਗੱਲ ਯਾਦ ਆ ਗਈ, ਜਿਹੜੀ ਮੇਰੇ ਤੋਂ ਪਹਿਲਾਂ ਹੇਮਕੁੰਡ ਸਾਹਿਬ ਦੀ ਯਾਤਰਾ ਕਰਕੇ ਗਈ ਸੀ। ਉਸਦਾ ਕਹਿਣਾ ਸੀ ਕਿ ਭੈਣੇ ਖੱਚਰਾਂ ਰਸਦੇ ਦੇ ਖੱਡ ਵਾਲੇ ਕਿਨਾਰੇ ਨਾਲ ਚਲਦੀਆਂ ਹਨ। ਜਦੋਂ ਇਸ ਬਾਰੇ ਮੈਂ ਭਾਈ ਨੂੰ ਕਿਹਾ ਬਈ ਇਸ ਨੂੰ ਦੂਸਰੇ ਪਾਸੇ ਕਰ ਤਾਂ ਕਹਿੰਦਾ ਆਰਾਮ ਸੇ ਬੈਠ ਜਾਓ, ਕੁਛ ਨਹੀਂ ਹੋਤਾ। ਭੈਣ ਨੇ ਅੱਗੇ ਦੱਸਿਆ ਸੀ ਕਿ ਮੈਂ ਤਾਂ ਰੱਬ ਅੱਗੇ ਹੱਥ ਜੋੜੇ ਤੇ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਇਸ ਵਾਰ ਸਹੀ ਸਲਾਮਤ ਲੈ ਚੱਲੋ, ਮੈਂ ਮੁੜਕੇ ਇੱਧਰ ਮੂੰਹ ਨਹੀਂ ਕਰਦੀ। ਮੇਰੇ ਗੋਬਿੰਦ! ਮੇਰੀ ਤਾਂ ਇਹ ਪਹਿਲੀ ਤੇ ਆਖਰੀ ਯਾਤਰਾ ਹੈ।
ਮੇਰੇ ਮਨ ਵਿੱਚ ਭੈਣ ਦੀ ਕਹੀ ਹੋਈ ਗੱਲ ਯਾਦ ਆਈ ਤਾਂ ਮੈਂ ਵੀ ਕਿਹਾ ਕਿ ਬਾਈ ਜੀ, ਯਹ ਘੋੜੀ ਕਿਨਾਰੇ ਪੇ ਕਿਉਂ ਚਲਤੀ ਹੈ? ਉਹ ਕਹਿੰਦਾ ਕਿ ਇਨ ਕੀ ਆਦਤ ਬਣ ਗਈ ਹੈ ਕਿਉਂਕਿ ਦੂਸਰੀ ਤਰਫ਼ ਤੋਂ ਲੋਕ ਚਲਤੇ ਹੈਂ। ਇਸ ਲਈ ਯਹ ਫਿਰ ਏਕ ਸਾਈਡ ਪੇ ਹੋ ਜਾਤੀ ਹੈਂ। ਆਪ ਚਿੰਤਾ ਮੱਤ ਕਰੋ। ਮੈਂ ਕਿਹਾ ਮੇਰੀ ਚਿੰਤਾ ਤੋ ਮੇਰੇ ਗੋਬਿੰਦ ਕੋ ਹੈ, ਮੇਰੇ ਕੋ ਨਹੀਂ। ਮੈਂ ਗੋਬਿੰਦ ਘਾਟ ਪਹੁੰਚਕੇ ਘੋੜੀ ਤੋਂ ਉੱਤਰੀ ਲੱਤਾਂ ਦਾ ਬੁਰਾ ਹਾਲ ਸੀ। ਧਰਤੀ ਉੱਤੇ ਖੜ੍ਹਨਾ ਔਖਾ ਲਗਦਾ ਸੀ। ਪਰ ਫਿਰ ਹੌਲੀ-ਹੌਲੀ ਸਭ ਠੀਕ ਹੋ ਗਿਆ। ਗੁਰਦੁਆਰਾ ਗੋਬਿੰਦ ਘਾਟ ਪਹੁੰਚ ਕੇ ਗੁਰੂ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਵਾਰ-ਵਾਰ ਸ਼ੁਕਰਾਨਾ ਕੀਤਾ, ਜਿਸ ਨੇ ਹੱਥ ਦੇ ਕੇ ਸਾਡੀ ਰੱਖਿਆ ਕੀਤੀ।
ਵਾਪਸ ਆ ਕੇ ਅਸੀਂ ਆਪੋ ਆਪਣੀਆਂ ਕਾਰਾਂ ਵਿੱਚ ਬੈਠੇ ਅਤੇ ਚੰਡੀਗੀੜ੍ਹ ਵਾਸਤੇ ਵੱਲ ਚਾਲੇ ਪਾ ਦਿੱਤੇ। ਉੱਪਰੋਂ ਮੀਂਹ ਦੀ ਝੜੀ ਲੱਗ ਗਈ। ਰਸਤੇ ਵਿੱਚ ਉਸ ਦਾਤੇ ਦੀਆਂ ਸਿਫ਼ਤਾਂ ਦੇ ਇਲਾਹੀ ਦਰਸ਼ਨਾਂ ਦੀਆਂ ਝਲਕੀਆਂ ਆਪਣੇ ਮਨ ਵਿੱਚ ਸੰਭਾਲ ਲਈਆਂ। ਬਾਹਰ ਕੁਦਰਤ ਵਿੱਚ ਮੀਂਹ ਦੀ ਝੜੀ ਅਤੇ ਮਨ ਅੰਦਰ ਉਸ ਦਾਤੇ ਦੀਆਂ ਸਿਫਤਾਂ ਦੀ ਰਹਿਮਤ ਵਰਸਦੀ ਰਹੀ। ਵਾਪਸ ਆਉਂਦੇ ਸਮੇਂ ਕੁਝ ਸਮੇਂ ਲਈ ਅਸੀਂ ਪਾਉਂਟਾ ਸਾਹਿਬ ਵੀ ਰੁਕੇ। ਇਹ ਗੁਰਦੁਆਰਾ ਦਸਵੇਂ ਪਾਤਿਸ਼ਾਹ ਦਾ ਹੈ, ਜੋ ਇੱਕ ਬੜੀ ਹੀ ਰਮਣੀਕ ਜਗ੍ਹਾ ਉੱਤੇ ਨਦੀ ਦੇ ਕਿਨਾਰੇ ਹੈ। ਉਸ ਥਾਂ ਦੇ ਜੀਅ ਭਰ ਕੇ ਦਰਸ਼ਨ ਕੀਤੇ। ਫਿਰ ਸਿੱਧੇ ਚੰਡੀਗੜ੍ਹ ਆਪੋ ਆਪਣੇ ਘਰ ਪਹੁੰਚ ਗਏ। ਮੈਂ ਤਾਂ ਘਰ ਪਹੁੰਚ ਕੇ ਵੀ ਕਈ ਦਿਨ ਉਨ੍ਹਾਂ ਨਦੀਆਂ-ਨਾਲਿਆਂ, ਚਸ਼ਮਿਆਂ, ਝਰਨਿਆਂ ਅਤੇ ਪਹਾੜਾਂ ਨਾਲ ਗੱਲਾਂ ਕਰਦੀ ਰਹੀ, ਜਿਹੜੇ ਕਿ ਮੇਰੀ ਯਾਦ ਵਿੱਚ ਅਜੇ ਵੀ ਉੱਕਰੇ ਹੋਏ ਹਨ। ਹੁਣ ਵੀ ਜਦੋਂ ਮੈਂ ਨਿੱਤਨੇਮ ਕਰਨ ਬੈਠਦੀ ਹਾਂ, ਆਪਣੀ ਸੁਰਤੀ ਨੂੰ ਹਰ ਪਾਸੇ ਤੋਂ ਸਮੇਟ ਕੇ ਹੇਮਕੁੰਟ ਦੀ ਯਾਤਰਾ ਨਾਲ ਜੋੜ ਲੈਂਦੀ ਹਾਂ। ਉਹ ਕਿਹੋ ਜਿਹੀ ਸੁਲੱਖਣਾ ਸਮਾਂ ਸੀ, ਜਦੋਂ ਅਸੀਂ ਹੇਮ ਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)