“ਮੈਨੂੰ ਉਸ ਰਾਤ ਬਹੁਤ ਵੱਡਾ ਝਟਕਾ ਲੱਗਾ ਜਦੋਂ ਮੇਰੀ ਬੇਟੀ ਨੇ ਕੈਨੇਡਾ ਤੋਂ ਫੋਨ ਕੀਤਾ, “ਮੰਮਾ! ...”
(4 ਅਪਰੈਲ 2025)
ਇੱਕ ਸੁੰਦਰ-ਸਡੌਲ, ਰੰਗ ਗੋਰਾ, ਮੋਟੀਆਂ ਅੱਖਾਂ, ਕੱਦ ਨਾ ਬਹੁਤਾ ਛੋਟਾ ਤੇ ਨਾ ਹੀ ਬਹੁਤਾ ਲੰਮਾ, ਦੇਖਣ ਨੂੰ ਸੋਹਣਾ ਬਣਦਾ ਫਬਦਾ। ਅਸੀਂ ਦੋਵੇਂ ਜਣੀਆਂ ਲਗਭਗ ਹਮਉਮਰ, ਉਹ ਮੇਰੇ ਤੋਂ ਛੇ ਕੁ ਮਹੀਨੇ ਵੱਡੀ। ਪਰ ਸਾਡਾ ਦੋਨਾਂ ਦਾ ਖੇਡਣਾ ਮੱਲ੍ਹਣਾ, ਸਕੂਲ ਜਾਣਾ ਸਦਾ ਇਕੱਠਾ ਤੇ ਸਾਡੀ ਜਮਾਤ ਵੀ ਇੱਕ ਸੀ। ਮੇਰੀਆਂ ਸਹੇਲੀਆਂ ਦਾ ਇੱਕ ਤਕੜਾ ਖ਼ਜ਼ਾਨਾ ਹੈ। ਅਸਲ ਵਿੱਚ ਮੈਨੂੰ ਕਿਸੇ ਨਾਲ ਵੀ ਬੋਲ-ਵਿਗਾੜ ਕਰਨ ਦੀ ਆਦਤ ਨਹੀਂ। ਮੇਰੀ ਸਹੇਲੀ ਪੰਮੀ ਤਾਂ ‘ਹੀਰ ਗੁੱਝੀ ਨਾ ਰਹੇ ਹਜ਼ਾਰ ਵਿੱਚੋਂ’ ਦੇ ਵਿਚਾਰ ਅਤੇ ਵਿਹਾਰ ਉੱਤੇ ਖਰੀ ਉੱਤਰਦੀ ਸੀ। ਸਾਡਾ ਖੇਡਦੀਆਂ ਖਿਡਾਉਂਦੀਆਂ ਦਾ ਸਮਾਂ ਲੰਘਦਾ ਗਿਆ। ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕਦੋਂ ਵੱਡੀਆਂ ਹੋ ਗਈਆਂ ਤੇ ਨਾਲ-ਨਾਲ ਸਾਡੀਆਂ ਜਾਮਾਤਾਂ ਵੀ ਵੱਡੀਆਂ ਹੋ ਗਈਆਂ।
ਦਸਵੀਂ ਪਾਸ ਕਰਨ ਤੋਂ ਬਾਅਦ ਸਾਡੀ ਕਾਲਜ ਦੀ ਲਾਈਫ ਸ਼ੁਰੂ ਹੋ ਗਈ। ਜਦੋਂ ਪਹਿਲਾਂ ਮੈਂ ਤਿਆਰ ਹੋ ਜਾਣਾ ਤਾਂ ਉਸਦੇ ਘਰ ਜਾਕੇ ਆਵਾਜ਼ ਲਾਉਣੀ ਕਿ ਪੰਮੀ ਕੀ ਤਿਆਰ ਹੈਂ? ਕਿਉਂਕਿ ਸਾਡਾ ਘਰ ਵੱਖਰਾ-ਵੱਖਰਾ ਸੀ। ਉਹ ਮੇਰੇ ਤਾਇਆ ਜੀ ਦੀ ਬੇਟੀ ਸੀ ਪਰ ਸਾਡਾ ਦੋਹਾਂ ਦਾ ਪਿਆਰ ਭੈਣਾਂ ਤੋਂ ਵੀ ਵੱਧ, ਸਹੇਲੀਆਂ ਵਾਲਾ ਸੀ। ਜੇਕਰ ਮੈਂ ਲੇਟ ਹੁੰਦੀ ਤਾਂ ਉਸ ਨੇ ਮੇਰੇ ਘਰ ਆ ਕੇ ਕਹਿਣਾ, ਬੱਸ ਕਰ, ਆ ਜਾ ਹੁਣ, ਕਾਲਜ ਦਾ ਟਾਈਮ ਹੋ ਗਿਆ, ਹੁਣ ਤੂੰ ਬਥੇਰੀ ਸ਼ੌਕੀਨੀ ਲਾ ਲਈ। … ਬੱਸ ਇਸ ਤਰ੍ਹਾਂ ਹੀ ਅਸੀਂ ਕਾਲਜ ਵੀ ਪਾਸ ਕਰ ਲਿਆ।
ਉਸ ਤੋਂ ਬਾਅਦ ਮੈਂ ਬੀ.ਐੱਡ ਕਰਨ ਲੱਗ ਪਈ ਤੇ ਉਸ ਨੇ ਐੱਮ.ਏ. ਜੁਆਇਨ ਕਰ ਲਈ। ਪਰ ਫਿਰ ਉਸ ਨੇ ਐੱਮ.ਏ ਵਿੱਚ ਹੀ ਛੱਡ ਦਿੱਤੀ। ਉਸਦੀ ਮੰਗਣੀ ਇੱਕ ਚੰਗੇ ਪਰਿਵਾਰ ਵਿੱਚ ਹੋ ਗਈ, ਜੋ ਅਮਰੀਕਾ ਵਿੱਚ ਸੈਟਲ ਸੀ। ਨਵੰਬਰ 1983 ਵਿੱਚ ਉਸ ਦਾ ਵਿਆਹ ਰੱਖ ਦਿੱਤਾ। ਉਹ ਵਿਆਹ ਕਰਵਾ ਕੇ ਪੂਰਾ ਇੱਕ ਸਾਲ ਇੰਡੀਆ ਰਹੀ। ਅਤੇ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਫਿਰ ਉਹ ਅਮਰੀਕਾ ਚਲੀ ਗਈ।
ਫਿਰ ਸਾਡਾ ਉਦੋਂ ਹੀ ਮੇਲ ਹੁੰਦਾ, ਜਦੋਂ ਉਹ ਵਾਪਸ ਇੰਡੀਆ ਆਉਂਦੀ। ਅਸੀਂ ਰੱਜ ਕੇ ਗੱਲਾਂ ਕਰਦੀਆਂ ਅਤੇ ਆਪਣੇ ਦਿਲਾਂ ਦੇ ਬੀਤੇ ਸਾਰੇ ਗੁੱਭ-ਗੁਭਾਟ ਕੱਢਦੀਆਂ। ਹੌਲ਼ੀਆਂ ਫੁੱਲ ਹੋ ਕੇ ਫਿਰ ਆਪਣੀ ਸਕੂਲ ਤੇ ਕਾਲਜ ਦੀ ਲਾਈਫ ਨੂੰ ਯਾਦ ਕਰਦੀਆਂ, ਮਾਣਦੀਆਂ ਤੇ ਗੁਲਾਬ ਦੇ ਫੁੱਲਾਂ ਵਾਂਗ ਖਿੜ ਜਾਂਦੀਆਂ। ਗੱਲਾਂ-ਗੱਲਾਂ ਵਿੱਚ ਪੰਮੀ ਭੈਣ ਨੇ ਮੈਨੂੰ ਇੱਕ ਗੱਲ ਯਾਦ ਕਰਾਈ, “ਤੈਨੂੰ ਪਤਾ ਹੈ, ਜਦੋਂ ਤੂੰ ਨਵਾਂ-ਨਵਾਂ ਸਾਈਕਲ ਚਲਾਉਣਾ ਸਿੱਖਿਆ ਤਾਂ ਮੈਨੂੰ ਸਾਈਕਲ ’ਤੇ ਬਿਠਾ ਕੇ ਚੱਕਰ ਲਵਾਇਆ ਕਰਦੀ ਸੀ? ਫਿਰ ਇੱਕ ਦਿਨ ਤੈਂ ਮੈਨੂੰ ਸਾਈਕਲ ਉੱਪਰੋਂ ਸੁੱਟ ਦਿੱਤਾ, ਤੂੰ, ਮੈਂ ਤੇ ਸਾਈਕਲ, ਸਾਰੇ ਹੀ ਧਰਤੀ ਦੀ ਗੋਦੀ ਵਿੱਚ ਆ ਪਏ। ਉਸ ਦਿਨ ਤੋਂ ਪਿੱਛੋਂ ਮੈਨੂੰ ਸਾਈਕਲ ਦੀ ਸਵਾਰੀ ਤੋਂ ਬਹੁਤ ਡਰ ਲੱਗਣ ਲੱਗ ਪਿਆ।”
ਪੰਮੀ ਹੱਸ-ਹੱਸ ਗੱਲਾਂ ਕਰਦੀ ਰਹੀ ਤੇ ਉਸਦੀਆਂ ਗੱਲਾਂ ਸੁਣ-ਸੁਣ ਕੇ ਮੈਂ ਵੀ ਹੱਸਦੀ ਰਹੀ। ਲੱਗਦਾ ਸੀ ਜਿਵੇਂ ਸਾਡੇ ਵਿਹੜੇ ਵਿੱਚ ਹਾਸਿਆਂ ਦੀ ਬਹਾਰ ਆ ਗਈ ਹੋਵੇ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਆਪ ਹਾਸਿਆਂ ਦੀ ਫੁਹਾਰ ਲਾਈ ਹੋਈ ਹੋਵੇ।
ਉਸ ਤੋਂ ਬਾਅਦ ਮੈਂ ਵੀ ਕੈਨੇਡਾ ਚਲੀ ਗਈ। ਪਹਿਲੀ ਵਾਰ ਸਾਡਾ ਸਾਰਾ ਪਰਿਵਾਰ ਪੰਮੀ ਭੈਣ ਨੂੰ ਮਿਲਣ ਅਮਰੀਕਾ ਗਿਆ। ਅਸੀਂ ਉੱਥੇ ਜਾ ਕੇ ਬੜਾ ਹੀ ਅਨੰਦ ਮਾਣਿਆ। ਅਸਲ ਵਿੱਚ ਪੰਮੀ ਦੇ ਨੇੜੇ-ਨੇੜੇ ਰਹਿਣਾ, ਸੁਰਗਾਂ ਵਿੱਚ ਬਹਿਣਾ ਹੀ ਹੁੰਦਾ। ਉਸਦੇ ਮੋਹ ਭਿੰਨੇ ਬੋਲਾਂ ਦਾ ਕੰਨਾਂ ਵਿੱਚ ਪੈਂਦੇ ਰਹਿਣਾ, ਅਤਿ ਸੂਖਮ ਅਤਿ ਸੁਰੀਲਾ ਗੀਤ ਰੂਹ ਵਿੱਚ ਰਚਣ ਦਾ ਅਨੁਭਵ ਹੋਣ ਬਰਾਬਰ ਹੁੰਦਾ ਸੀ। ਪੰਮੀ ਭੈਣ ਨੇ ਰੱਜ ਕੇ ਸਾਡੀ ਆਉਭਗਤ ਕੀਤੀ। ਸਾਡੇ ਉੱਥੋਂ ਦੇ ਬਿਤਾਏ ਪਲ-ਪਲ ਨੇ ਅਨੰਦ ਦੀਆਂ ਅਕਹਿ ਘੁੱਟਾਂ ਭਰੀਆਂ। ਕਿਸ ਦਾ ਦਿਲ ਕਰਦਾ ਹੈ ਅਜਿਹੇ ਸੁਹਾਵਣੇ ਵਾਤਾਵਰਣ ਵਿੱਚੋਂ ਵਾਪਸ ਆਉਣ ਨੂੰ। ਪਰ ਆਪਣੀ ਮਨ-ਮਰਜ਼ੀ ਦੀ ਸ਼ਤਰੰਜ ਦੀ ਖੇਡ ਵਿਛਾਉਣ ਦੇ ਸਮਾਂ ਸਦਾ ਹੀ ਸਮਰੱਥ ਰਿਹਾ ਹੈ। ਹੁਣ ਉਹ ਇਕੱਲਾ-ਇਕੱਲਾ ਪਲ ਯਾਦ ਕਰ ਕੇ ਲਿਖਣ ਲੱਗੀ ਹਾਂ ਤਾਂ ਬੇਕਾਬੂ ਹੋਇਆ ਮਨ ਭਰ-ਭਰ ਕੇ ਆ ਰਿਹਾ ਹੈ। ਹੰਝੂਆਂ ਦਾ ਪਾਣੀ ਅੱਖਾਂ ਅੱਗੇ ਹਨੇਰਾ ਕਰ ਰਿਹਾ ਹੈ ... ਪੰਮੀ ਭੈਣ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਉਹ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਪੀੜਤ ਸੀ। ਇਨ੍ਹਾਂ ਵੱਡੇ ਮੁਲਕਾਂ ਵਿੱਚ ਇਲਾਜ ਤਾਂ ਬਥੇਰੇ ਹਨ ਪਰ ਜਦੋਂ ਬਿਮਾਰੀ ਹੱਦਾਂ ਬੰਨੇਂ ਟੱਪ ਜਾਵੇ, ਫਿਰ ਹੋਣੀ ਨੂੰ ਕੋਈ ਨਹੀਂ ਟਾਲ਼ ਸਕਦਾ।
ਮੈਨੂੰ ਉਸ ਰਾਤ ਬਹੁਤ ਵੱਡਾ ਝਟਕਾ ਲੱਗਾ ਜਦੋਂ ਮੇਰੀ ਬੇਟੀ ਨੇ ਕੈਨੇਡਾ ਤੋਂ ਫੋਨ ਕੀਤਾ, “ਮੰਮਾ! ਤੁਹਾਨੂੰ ਇੱਕ ਗੱਲ ਦੱਸਾਂ? ਪਰ ਕੀ ਕਰਾਂ, ਦੱਸਣ ਨੂੰ ਦਿਲ ਨਹੀਂ ਕਰਦਾ। ਦੱਸਾਂ ਕਿ ਨਾ ਦੱਸਾਂ?”
ਮੈਂ ਕਿਹਾ, “ਦੱਸ, ਕੀ ਗੱਲ ਹੈ।”
ਜਦੋਂ ਮੇਰੀ ਬੇਟੀ ਨੇ ਦੱਸਿਆ ਕਿ ਪੰਮੀ ਮਾਸੀ ਦੀ ਡੈੱਥ ਹੋ ਗਈ ਹੈ, ਮੈਂ ਥਾਂ ’ਤੇ ਹੀ ਸੁੰਨ ਹੋ ਗਈ। ਬੱਸ, ਰੋਣਾ ਥੰਮ੍ਹ ਨਹੀਂ ਸੀ ਰਿਹਾ। ਦਿਲ ਕਰਦਾ ਸੀ ਕਿ ਉਸ ਨੂੰ ਬੁਲਾ ਕੇ ਕਹਾਂ, ਚੱਲ ਉੱਠ, ਆਪਾਂ ਦੁੱਖ ਸੁੱਖ ਕਰੀਏ। ਪੰਮੀ ਭੈਣ ਦੇ ਜਾਣ ਤੋਂ ਬਾਅਦ ਉਹ ਮੈਨੂੰ ਸੁਪਨੇ ਵਿੱਚ ਬੜੀ ਵਾਰ ਮਿਲੀ ਹੈ, ਪਰ ਜਦੋਂ ਯਾਦ ਆਉਂਦੀ ਹੈ, ਮਨ ਫਿਰ ਭਰ-ਭਰ ਆਉਂਦਾ ਹੈ।
ਪੰਮੀ ਭੈਣ, ਮੇਰੀ ਭੈਣ ਹੀ ਨਹੀਂ ਸੀ, ਮੇਰੀ ਸਹੇਲੀ ਵੀ ਸੀ। ਇੱਕ ਹੀਰਾ ਸਹੇਲੀ। ਅਸੀਂ ਜਦੋਂ ਵੀ ਇਕੱਠੀਆਂ ਹੋਣਾ, ਸੰਸਾਰ ਦੇ ਸਾਰੇ ਝਮੇਲੇ ਹਵਾ ਹੋ ਜਾਣੇ। ਦੁਨੀਆਂ ਦੀਆਂ ਸਾਰੀਆਂ ਰਹਿਮਤਾਂ ਸਾਡੀ ਝੋਲ਼ੀ ਆ ਪੈਣੀਆਂ। ਇਸ ਤਰ੍ਹਾਂ ਦਾ ਅਨੁਭਵ ਹੋਣਾ ਕਿ ਭਰੇ ਜੱਗ ਵਿੱਚ ਸਾਡੇ ਨਾਲ਼ੋਂ ਵੱਧ ਖ਼ੁਸਨਸ਼ੀਬ ਹੋਰ ਕੋਈ ਨਹੀਂ। ਉਸਦੇ ਮੂੰਹ ਵਿੱਚੋਂ ਨਿੱਕਲ਼ਿਆ ਹਰ ਸ਼ਬਦ ਕਲੀਆਂ ਵਾਂਗ ਮਹਿਕ ਵੰਡਦਾ, ਖ਼ੁਸ਼ੀਆਂ ਦੀਆਂ ਨਵੀਂਆਂ ਸਿਖਰਾਂ ਛੋਹਣ ਦੀ ਸੇਧ ਦਿੰਦਾ, ਉੱਥੇ ਪਹੁੰਚਣ ਲਈ ਊਰਜਾ ਭਰਦਾ ਤੇ ਹੌਸਲਾ ਦਿੰਦਾ। ਉਸਦੇ ਤੁਰ ਜਾਣ ਨਾਲ ਮੈਨੂੰ ਜਾਪਦਾ ਹੈ ਕਿ ਮੇਰੀ ਤਾਂ ਰੂਹ ਵੀ ਉਹ ਨਾਲ ਹੀ ਲੈ ਗਈ ਹੈ। ਇਹੋ ਜਿਹੇ ਜ਼ਿੰਦਗੀ ਦੇ ਹੀਰੇ ਰੋਜ਼-ਰੋਜ਼ ਨਹੀਂ ਜੰਮਦੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (