“ਔਟੋਮਨ ਇੰਪਾਇਰ ਦੇ ਤੇਰ੍ਹਵੀਂ, ਚੌਧਵੀਂ ਸਦੀ ਵਿੱਚ ਜਬਰਦਸਤ ਫੈਲਾਅ ਦੇ ਬਾਵਜੂਦ ...”
(25 ਦਸੰਬਰ 2025)
ਕ੍ਰਿਸਮਸ ਇਸਾਈ ਧਰਮ ਦਾ ਪਵਿੱਤਰ ਤਿਓਹਾਰ ਹੈ। ਬਹੁਤ ਸਾਲਾਂ ਤੋਂ ਅਸੀਂ ਨਾਰਥ ਅਮਰੀਕਾ ਜਾਂਦੇ ਹਾਂ ਪਰ ਪਹਿਲੀ ਦਫਾ ਦਸ ਸਾਲ ਪਹਿਲਾਂ ਦਸੰਬਰ ਮਹੀਨੇ ਜਾਣ ਕਾਰਨ ਕ੍ਰਿਸਮਸ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਇਸਾਈ ਮਤ ਦੇ ਪੈਰੋਕਾਰਾਂ ਦੇ ਇਸ ਤਿਓਹਾਰ ਨਾਲ ਜੁੜੇ ਨਵੇਕਲੇ ਰਸਮਾਂ-ਰਿਵਾਜ਼ਾਂ, ਢੰਗਾਂ ਨੂੰ ਦੇਖਣ ਦਾ ਮੌਕਾ ਮਿਲਿਆ। ਸੈਂਟਾ ਕਲਾਜ਼ ਨਾਲ ਜੁੜੀਆਂ ਲੋਕ ਕਥਾਵਾਂ ਪੜ੍ਹਨ ਅਤੇ ਸੁਣਨ ਦਾ ਮੌਕਾ ਮਿਲਿਆ। ਦਸੰਬਰ ਅੱਧ ਤੋਂ ਹੀ ਬਜ਼ਾਰਾਂ, ਜਨਤਕ ਥਾਂਵਾਂ ਅਤੇ ਘਰਾਂ ਦੇ ਬਾਹਰ ਸਜਾਵਟੀ ਰੌਸ਼ਨੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ।
ਇਸਾਈ ਧਰਮ ਮੰਨਣ ਵਾਲਿਆਂ ਦੀ ਗਿਣਤੀ 250 ਕਰੋੜ ਹੈ। ਵਿਸ਼ਵ ਦੇ 158 ਦੇਸ਼ਾਂ ਵਿੱਚ ਇਹ ਬਹੁਗਿਣਤੀ ਲੋਕਾਂ ਦਾ ਧਰਮ ਹੋਣ ਕਾਰਨ ਕੁੱਲ 33% ਲੋਕ ਇਸਦੇ ਪੈਰੋਕਾਰ ਹਨ। ਮਧ ਏਸ਼ੀਆ ਵਿੱਚ ਪੈਦਾ ਹੋਏ ਇਸਾਈ ਧਰਮ ਦਾ ਫੈਲਾਅ ਫਟਾਫਟ ਯੂਰਪ, ਸੀਰੀਆ, ਮੈਸੋਪਟਾਮੀਆ, ਮਿਸਰ, ਈਥੋਪੀਆ ਅਤੇ ਭਾਰਤੀ ਉਪ ਮਹਾਂਦੀਪ ਤਕ ਹੋ ਗਿਆ। ਚੌਥੀ ਸਦੀ ਤਕ ਇਸਾਈ ਮਤ ਰੋਮਨ ਸਾਮਰਾਜ ਦਾ ਰਾਜ ਧਰਮ ਬਣ ਗਿਆ। ਔਟੋਮਨ ਇੰਪਾਇਰ ਦੇ ਤੇਰ੍ਹਵੀਂ, ਚੌਧਵੀਂ ਸਦੀ ਵਿੱਚ ਜਬਰਦਸਤ ਫੈਲਾਅ ਦੇ ਬਾਵਜੂਦ ਰੋਮ ਇਸਾਈ ਧਰਮ ਦਾ ਹੈਡਕੁਆਰਟਰ ਰਿਹਾ। ਨਵੀਂ ਖੋਜ ਵਾਲੀ ਦੁਨੀਆਂ ਵਿੱਚ ਇਹ ਅਮਰੀਕਾ, ਅਫਰੀਕਾ ਸਬ ਸਹਾਰਾ ਖੇਤਰ ਤਕ ਦਾ ਲੋਕ ਧਰਮ ਬਣ ਗਿਆ। ਹੋਰ ਧਰਮਾਂ ਵਾਂਗ ਇਸ ਮਤ ਵਿਚਲੇ ਝਗੜੇ ਝਮੇਲਿਆਂ ਦੇ ਬਾਵਜੂਦ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਇਸ ਧਰਮ ਦਾ ਸਭ ਤੋਂ ਵੱਧ ਯੋਗਦਾਨ ਹੈ।
20 ਦਸੰਬਰ ਦੀ ਸਵੇਰ ਸਿਆਟਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਆਪਣੇ ਮੇਜ਼ਬਾਨ ਪਰਿਵਾਰ ਦੇ ਕਹਿਣ ’ਤੇ ਬੈਲਵਿਊ (ਇਹ ਬਿੱਲ ਗੇਟਸ ਦੀ ਮਾਈਕਰੋ ਸੌਫਟ, ਐਮਾਜ਼ੌਨ, ਟੀ-ਮੋਬਾਇਲ ਅਤੇ ਐਕਸ ਪੀਡੀਆ ਵਰਗੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਦਾ ਹੈੱਡ ਕੁਆਟਰ ਹੈ) ਦੇ ਡਾਊਨ ਟਾਊਨ ਵਿੱਚ ਚੱਲ ਰਹੀ ਕ੍ਰਿਸਮਸ ਪਰੇਡ ਦੇਖਣ ਦਾ ਪਰੋਗਰਾਮ ਬਣ ਗਿਆ। ਹਰ ਸਾਲ ਇਹ ਪਰੇਡ ਪੂਰੇ ਪੰਦਰਾਂ ਦਿਨ ਚਲਦੀ ਹੈ। ਰੰਗ ਬਰੰਗੀ ਇਸ ਪਰੇਡ ਵਿੱਚ ਵਿਦਿਆਰਥੀ ਅਤੇ ਸੀਨੀਅਰ ਸ਼ਾਮਲ ਹੁੰਦੇ ਹਨ। ਬਹੁਤ ਖੂਬਸੂਰਤ ਢੰਗ ਨਾਲ ਵਿਖਾਏ ਜਾਂਦੇ ਇਸ ਪਰੋਗਰਾਮ ਵਿੱਚ ਝਾਕੀਆਂ ਦੀ ਸ਼ਕਲ ਵਿੱਚ ਇਸਾਈ ਧਰਮ ਨਾਲ ਸਬੰਧਤ ਲੋਕ ਕਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਹਜ਼ਾਰਾਂ ਲੋਕ ਪੱਚੀ ਦਸੰਬਰ ਤਕ ਹਰ ਰੋਜ਼ ਇਸ ਨੂੰ ਦੇਖਣ ਘੰਟਾ ਪਹਿਲਾਂ ਆਪਣੀ ਥਾਂ ਲੱਭਦੇ ਹਨ। ਬੱਚਿਆਂ ਵਿਚਲਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਆਥਣ ਦਾ ਸਮਾਂ ਹੋਣ ਕਾਰਨ ਰੰਗ ਬਰੰਗੀਆਂ ਰੌਸ਼ਨੀਆਂ ਇਸ ਵਿੱਚ ਦੇਖਣਯੋਗ ਖੂਬਸੂਰਤੀ ਸਮਾ ਦਿੰਦੀਆਂ ਹਨ।
ਰਜਿੰਦਰਾ ਕਾਲਜ ਪ੍ਰੀ-ਯਨੀਵਰਸਿਟੀ ਵਿੱਚ ਪੜ੍ਹਦਿਆਂ ਅੰਗਰੇਜ਼ੀ ਦੀ ਕਹਾਣੀਆਂ ਦੀ ਕਿਤਾਬ “The Gifts?”, ਅਜੇ ਵੀ ਮੇਰੇ ਮਸਤਿਕ ਵਿੱਚ ਹੂ-ਬ-ਹੂ ਯਾਦ ਹੈ। ਇਸ ਪਾਠ ਪੁਸਤਕ ਦਾ ਪਹਿਲਾ ਸਬਕ ਹੀ ਕਿਤਾਬ ਦੇ ਸਿਰਲੇਖ ਵਾਲਾ ਹੈ। ਹੁਣ ਵੀ ਇਹ ਮੇਰੀ ਘਰ ਦੀ ਲਾਇਬਰੇਰੀ ਵਿੱਚ ਸਾਂਭੀ ਹੋਈ ਹੈ। ਓ. ਹੈਨਰੀ ਦੀ ਲਿਖੀ ਇਹ ਕਹਾਣੀ ਇੱਕ ਗਰੀਬ ਇਸਾਈ ਦੰਪਤੀ Jim ਅਤੇ Della ਦੀ ਹੈ ਜਿਹੜੇ ਇੱਕ ਦੂਜੇ ਨੂੰ ਬੇਇੰਤਹਾ ਪਿਆਰ ਕਰਦੇ ਹਨ। ਕ੍ਰਿਸਮਸ ਆਉਣ ਤੇ ਉਹ ਇੱਕ ਦੂਜੇ ਨੂੰ ਗਿਫਟ ਦੇਣਾ ਚਾਹੁੰਦੇ ਹਨ ਪਰ ਪੈਸੇ ਨਹੀਂ ਹਨ। ਡੈਲਾ ਦੇ ਖੂਬਸੂਰਤ ਲੰਮੇ ਵਾਲ ਜਿਮ ਨੂੰ ਬਹੁਤ ਚੰਗੇ ਲਗਦੇ ਹਨ। ਉਹ ਡੈਲਾ ਨੂੰ ਸੋਹਣੀ ਕੰਘੀ ਗਿਫਟ ਕਰਨਾ ਚਾਹੁੰਦਾ ਹੈ ਤਾਂ ਜੋ ਲੰਮੇ ਕੈਸਕੇਡ ਵਰਗੇ ਵਾਲ ਉਸਦੇ ਬਦਨ ਨੂੰ ਹੋਰ ਵੀ ਆਕਰਸ਼ਕ ਬਣਾਉਣ। ਜਿਮ ਪਾਸ ਇੱਕ ਗੁੱਟ-ਘੜੀ ਹੈ ਪਰ ਉਹਦੇ ਵਿੱਚ ਸਟਰੈਪ ਨਾ ਹੋਣ ਕਾਰਨ ਉਹ ਗੁੱਟ ’ਤੇ ਬੰਨ੍ਹ ਨਹੀਂ ਸਕਦਾ। ਇਹ ਗੱਲ ਡੈਲਾ ਦੇ ਮਨ ਵਿੱਚ ਬੜੀ ਦੇਰ ਤੋਂ ਰੜਕਦੀ ਹੈ। ਕ੍ਰਿਸਮਸ ਈਵ ਜਦੋਂ ਉਹ ਘਰ ਆਉਂਦਾ ਹੈ ਤਾਂ ਡੈਲਾ ਦੇ ਸਿਰ ’ਤੇ ਵਾਲ ਨਾ ਹੋਣ ’ਤੇ ਹੈਰਾਨ ਹੁੰਦਾ ਹੈ ਕਿਉਂਕਿ ਉਹ ਆਪਣੀ ਘੜੀ ਵੇਚ ਕੇ ਸੋਹਣੀ ਕੰਘੀ ਖਰੀਦ ਲਿਆਉਂਦਾ ਹੈ। ਡੈਲਾ ਓਹਨੂੰ ਦੱਸਦੀ ਹੈ ਕਿ ਉਸਨੇ ਆਪਣੇ ਵਾਲ ਵੇਚ ਕੇ ਉਹਦੀ ਘੜੀ ਲਈ ਸੋਨੇ ਦੀ ਚੇਨ ਲਿਆਂਦੀ ਹੈ। ਦੋਵੇਂ ਇੱਕ ਦੂਜੇ ਦੇ ਕ੍ਰਿਸਮਸ ਗਿਫਟ ਦੇਖ ਕੇ ਹੈਰਾਨ ਹੁੰਦੇ ਹਨ। ਮੁਹੱਬਤ ਅਤੇ ਤਿਆਗ ਦੇ ਇਸ ਤਿਓਹਾਰ ’ਤੇ ਦੋਵੇਂ ਘੁਟ ਕੇ ਗਲਵੱਕੜੀ ਪਾ ਕੇ ਖਾਣੇ ਦਾ ਅਨੰਦ ਲੈਣ ਵਿੱਚ ਮਸਰੂਫ ਹੋ ਜਾਂਦੇ ਹਨ। ਪੰਜਾਹ ਸਾਲ ਬਾਅਦ ਵੀ ਜਦੋਂ ਇਹ ਕਹਾਣੀ ਪੜ੍ਹਦਾ ਹਾਂ ਤਾਂ ਕ੍ਰਿਸਮਸ ਈਵ ਹੋਰ ਵੀ ਚੰਗੀ ਲਗਦੀ ਹੈ।
ਇਹ ਕਹਾਣੀ ਮੁੜ ਯਾਦ ਕਰਦਿਆਂ ਮੈਂ ਸਿਆਟਲ ਦੇ ਬੈਲਵਿਊ ਇਲਾਕੇ ਦੀਆਂ ਚਕਾਚੌਂਧ ਰੌਸ਼ਨੀਆਂ ਵਿੱਚੋਂ ਨਿਕਲਕੇ ਸੋਚਦਾ ਹਾਂ ਕਿ ਸਾਰੇ ਧਰਮਾਂ ਦਾ ਮੁੱਖ ਉਦੇਸ਼ ਆਦਮੀ ਨੂੰ ਚੰਗਾ ਬਣਾਉਣਾ ਹੈ। ਹਰ ਧਰਮ ਦੇ ਰਹਿਨੁਮਾ ਆਗੂਆਂ ਸਮੇਂ ਮੁਤਾਬਿਕ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਚੰਗਾ ਮਾਰਗ ਦਰਸਾਇਆ ਹੈ। ਅਕਸਰ ਅਸੀਂ ਓਹੀ ਧਰਮ ਗ੍ਰਹਿਣ ਕਰ ਲੈਂਦੇ ਹਾਂ, ਜਿਸ ਵਿੱਚ ਪੈਦਾ ਹੁੰਦੇ ਹਾਂ। ਧਰਮ ਗ੍ਰਹਿਣ ਕਰਨ ਵਿੱਚ ਸਾਡੀ ਕਿਸੇ ਦੀ ਕੋਈ ਮਰਜ਼ੀ ਤਾਂ ਨਾ ਹੋਈ। ਜੇਕਰ ਸਾਰੇ ਧਰਮਾਂ ਦਾ ਉਪਦੇਸ਼ ਇੱਕੋ ਹੈ ਤਾਂ ਧਰਮ ਦੇ ਨਾਂ ’ਤੇ ਲੜਾਈ ਝਗੜੇ ਕਿਉਂ ਹਨ? ਇਹ ਵਿਚਾਰ ਮਨ ਵਿੱਚ ਲਈ, ਸਾਡੀ ਦੂਸਰੀ ਮੇਜ਼ਬਾਨ ਡਾ. ਜੁਲੀਆ (ਮੇਰੇ ਬੇਟੇ ਦੀ ਇਟਲੀ ਤੋਂ ਸਹਿਪਾਠਣ) ਨੂੰ ਮੈਰੀ ਕ੍ਰਿਸਮਸ ਕਹਿੰਦੇ ਅਸੀਂ ਦੁੱਧ ਚਿੱਟੀ ਡਿਗ ਰਹੀ ਬਰਫ ਵਿੱਚ ਘਰ ਵਾਪਸ ਪਰਤ ਆਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































