“ਸ਼ੁਰੂ ਦੇ ਕਈ ਸਾਲਾਂ ਦੇ ਸੰਘਰਸ਼ ਅਤੇ ਘਾਟੇ ਤੋਂ ਬਾਅਦ ਅਜਿਹੀ ਬਰਕਤ ਹੋਈ ਕਿ ਪੂਰੇ ਵਿਸ਼ਵ ...”
(2 ਅਪਰੈਲ 2025)
ਪੰਜਾਬ ਦੀ ਖੇਤੀ ਖੜੋਤ, ਜ਼ਮੀਨ ਥੱਲੇ ਦੇ ਪਾਣੀਆਂ ਦਾ ਪਤਾਲੀਂ ਲੱਗਣਾ, ਬੇਲੋੜੇ ਕੀਟਨਾਸ਼ਕਾਂ ਨਾਲ ਜ਼ਹਿਰੀਲਾ ਕੀਤਾ ਵਾਤਾਵਰਣ, ਫਸਲੀ ਰਹਿੰਦ-ਖੂਹੰਦ ਸਾੜਨ ਨਾਲ ਗੰਧਲਾ ਅਤੇ ਪਲੀਤ ਹੋਇਆ ਚੌਗਿਰਦਾ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਪਾਸ ਅਜਿਹੇ ਰੋਲ ਮਾਡਲ ਵੀ ਹਨ, ਜਿਨ੍ਹਾਂ ਆਪਣੀ ਮਿਹਨਤ ਅਤੇ ਦੂਰ ਦ੍ਰਿਸ਼ਟੀ ਨਾਲ ਖੇਤੀ ਨੂੰ ਉੱਤਮ ਵਪਾਰਕ ਕਿਤਾ ਬਣਾ ਲਿਆ ਹੈ। ਲਾਂਗੜੀਆਂ ਪਿੰਡ ਦੇ ਢੀਂਡਸਾ ਪਰਿਵਾਰ ਦਾ ਬਾਇਓਸਕੇਪ ਫਾਰਮ ਇਸਦੀ ਨਵੇਕਲੀ ਅਤੇ ਖੂਬਸੂਰਤ ਉਦਾਹਰਨ ਹੈ।
ਨੌਜਵਾਨ ਅਵਤਾਰ ਸਿੰਘ ਢੀਂਡਸਾ ਵੱਲੋਂ 1975 ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਗਰੈਜੂਏਸ਼ਨ ਕਰਨ ਉਪਰੰਤ ਲੈਂਡ ਸਕੇਪ ਅਫਸਰ ਦੀ ਸੁਖ-ਅਰਾਮ ਦੀ ਸਰਕਾਰੀ ਨੌਕਰੀ ਨੂੰ ਲੱਤ ਮਾਰ ਕੇ ਆਪਣੇ ਜੱਦੀ ਪਿੰਡ ਲਾਂਗੜੀਆਂ ਵਿੱਚ ਪਿਤਾ-ਪੁਰਖੀ ਫਾਰਮ ਦੇ ਇੱਕ ਹਿੱਸੇ ਵਿੱਚ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ। ਕਣਕ ਝੋਨਾ ਉਗਾਉਣ ਵਾਲੇ ਖੇਤਾਂ ਵਿੱਚ ਫੁੱਲ ਉਗਾਉਣੇ ਕੋਈ ਸੌਖਾ ਕੰਮ ਨਹੀਂ ਸੀ। ਕਈ ਸਾਲ ਬਾਰਸ਼ਾਂ, ਝੱਖੜਾਂ ਨਾਲ ਫਸਲ ਬਰਬਾਦ ਹੁੰਦੀ ਰਹੀ। ਵਿਤੀ ਘਾਟਾ ਪੈਂਦਾ ਰਿਹਾ ਪਰ ਉਸਨੇ ਦਿਲ ਨਹੀਂ ਛੱਡਿਆ। ਆਪਣੀ ਜੀਵਨ ਸਾਥਣ ਗੱਡੀ ਦੁਲਟ ਅਤੇ ਛੋਟੇ ਭਰਾ ਭੁਪਿੰਦਰ ਦੇ ਸਹਿਯੋਗ ਨਾਲ ਲੋਕਾਂ ਨਾਲੋਂ ਹਟ ਕੇ ਖੇਤੀ ਵਿੱਚ ਕੁਝ ਨਵਾਂ ਕਰਨ ਦੀ ਰੀਝ ਨਾਲ ਸੰਘਰਸ਼ ਜਾਰੀ ਰੱਖਿਆ। ਉੱਤਰੀ ਭਾਰਤ ਦੀ ਕੋਰੇ ਵਾਲੀ ਠੰਢ ਤੋਂ ਬਚਾ ਕੇ ਕਰਨਾਟਕ ਸਟੇਟ ਵਿੱਚ ਲੀਜ਼ ’ਤੇ ਜ਼ਮੀਨ ਲੈ ਕੇ ਫੁੱਲ ਉਗਾਉਣੇ ਸ਼ੁਰੂ ਕੀਤੇ। ਗਰਮੀਆਂ ਵਿੱਚ ਕਸ਼ਮੀਰ ਵਿੱਚ ਫੁੱਲਾਂ ਦੀ ਫਸਲ ਤਿਆਰ ਕਰਨ ਲਈ ਸਹਿਯੋਗੀ ਲੱਭੇ। ਅੱਜ ਬਾਇਓਸਕੇਪ ਫਾਰਮਜ਼ ਪੰਜਾਬ ਵਿੱਚ ਇੱਕ ਹਜ਼ਾਰ ਏਕੜ ’ਤੇ ਫੁੱਲ ਉਗਾ ਰਿਹਾ ਹੈ। ਇਕੱਲੇ ਲਾਂਗੜੀਆਂ ਵਿੱਚ ਡੇਢ ਸੌ ਏਕੜ ’ਤੇ ਫੁੱਲਾਂ ਦੀ ਫਸਲ ਤਿਆਰ ਕੀਤੀ ਜਾ ਰਹੀ ਹੈ। ਦੱਖਣੀ ਭਾਰਤ ਦੇ ਕਰਨਾਟਕ ਵਿੱਚ ਢਾਈ ਹਜ਼ਾਰ ਏਕੜ ਬਾਇਓਸਕੇਪ ਵੱਲੋਂ ਫੁੱਲਾਂ ਅਧੀਨ ਲਿਆਂਦਾ ਗਿਆ ਹੈ। ਆਪਣੀ ਆਮਦਨ ਨੂੰ ਸਥਿਰ ਕਰਨ ਲਈ ਸਬਜ਼ੀਆਂ ਦਾ ਕੰਮ ਵੀ ਨਾਲੋ ਨਾਲ ਚੱਲ ਰਿਹਾ ਹੈ। ਯੂਰਪੀਨ ਦੇਸ਼ਾਂ ਤੋਂ ਬਿਨਾਂ, ਆਸਟ੍ਰੇਲੀਆ, ਕੋਰੀਆ, ਜਪਾਨ, ਅਮਰੀਕਾ ਅਤੇ ਕਾਫ਼ੀ ਅਫਰੀਕਨ ਦੇਸ਼ ਬਾਇਓਸਕੇਪ ਫਾਰਮ ਵੱਲੋਂ ਤਿਆਰ ਕੀਤੇ ਫਲਾਵਰ ਸੀਡ ਵਰਤ ਰਹੇ ਹਨ।
ਕਈ ਵਰ੍ਹਿਆਂ ਤੋਂ ਕਿਰਤੀ ਕਿਸਾਨ ਫੋਰਮ ਵੱਲੋਂ ਬਾਇਓਸਕੇਪ ਫਾਰਮ ’ਤੇ ਜਾ ਕੇ ਅਵਤਾਰ ਸਿੰਘ ਅਤੇ ਉਸਦੀ ਟੀਮ ਨਾਲ ਗੱਲਬਾਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਸੀ। 15 ਮਾਰਚ ਨੂੰ ਫੋਰਮ ਦੇ ਚੇਅਰਮੈਨ ਸਵਰਨ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਦਸ ਮੈਂਬਰੀ ਟੀਮ ਨੇ ਲਾਂਗੜੀਆਂ ਜਾ ਕੇ ਖੇਤੀ ਵਿੱਚ ਹੋ ਰਹੇ ਇਸ ਵਿਲੱਖਣ ਕਾਰਜ ਨੂੰ ਗਹੁ ਨਾਲ ਨੇੜਿਓਂ ਵੇਖਿਆ। ਆਪਣੇ ਮੁਢਲੇ ਦੌਰ ਦੇ ਸੰਘਰਸ਼ ਦੀ ਬਾਤ ਸੁਣਾਉਂਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਨੌਕਰੀ ਛੱਡ ਕੇ ਅੰਤਰਰਾਸ਼ਟਰੀ ਡਾਇਮੈਨਸ਼ਨ ਵਾਲਾ ਇਹ ਕੰਮ ਐਡਾ ਜੋਖਮ ਭਰਿਆ ਸੀ ਕਿ ਸ਼ੁਰੂ ਵਿੱਚ ਬਾਰਸ਼ਾਂ ਨਾਲ ਬਰਬਾਦ ਹੁੰਦੀ ਫਸਲ ਵੇਖਕੇ ਹੌਸਲਾ ਟੁੱਟਣ ਕਿਨਾਰੇ ਪਹੁੰਚ ਜਾਂਦਾ ਸੀ। ਅੱਤਵਾਦ ਦੇ ਦੌਰ ਵਿੱਚ ਦਿਹਾਤੀ ਖੇਤਰ ਵਿੱਚ ਇਹੋ ਜਿਹਾ ਲੇਬਰ ਇੰਟੈਂਸਿਵ ਕੰਮ ਹੋਰ ਵੀ ਖਤਰੇ ਵਾਲਾ ਸੀ। ਉਹਨੇ ਅਤੇ ਉਹਦੀ ਜੀਵਨ ਸਾਥਣ ਗੁਡੀ ਨੇ ਦੱਸਿਆ ਕਿ ਬੱਚਿਆਂ ਦੀ ਪਰਵਰਿਸ਼ ਅਤੇ ਪੜ੍ਹਾਈ ਕਾਰਨ ਸਾਨੂੰ ਲੁਧਿਆਣੇ ਰਿਹਾਇਸ਼ ਰੱਖਣੀ ਪਈ। ਹਰ ਰੋਜ਼ ਲੰਮਾ ਸਫਰ ਤੈਅ ਕਰਕੇ ਫੁੱਲਾਂ ਦੀ ਫਸਲ ਨੂੰ ਵੀ ਬੱਚਿਆਂ ਵਾਂਗ ਪਾਲਦੇ ਰਹੇ ਹਨ।
ਆਪਣੀ ਸੰਗਰੂਰ ਅਤੇ ਪਟਿਆਲੇ ਦੀ ਸਿਵਲ ਸੇਵਾ ਦੀ ਨੌਕਰੀ ਤੋਂ ਬਹੁਤ ਪਹਿਲਾਂ ਤੋਂ ਮੈਂ ਢੀਂਡਸਾ ਪਰਿਵਾਰ ਨੂੰ ਨੇੜਿਓ ਵੇਖਦਾ ਰਿਹਾ ਹਾਂ। ਫੁੱਲ ਪੈਦਾ ਕਰਨੇ ਅਤੇ ਲੋਕਾਂ ਦੇ ਰਾਹਾਂ ਵਿੱਚੋਂ ਕੰਡੇ ਚੁਗਣੇ ਕੋਈ ਫੁੱਲਾਂ ਵਰਗੀ ਮਹਿਕ ਖਿਲਾਰਦੇ ਲਾਂਗੜੀਆਂ ਵਾਲੇ ਇਸ ਪਰਿਵਾਰ ਤੋਂ ਸਿੱਖੇ। ਪਿਛਲੇ ਤੀਹ ਸਾਲਾਂ ਤੋਂ ਮੈਂ ਇਨ੍ਹਾਂ ਰਿਸ਼ਤੇਦਾਰਾਂ ਵਰਗੇ ਦੋਸਤਾਂ ਦੀ ਪਰੰਪਰਾਗਤ ਖੇਤੀ ਛੱਡ ਕੇ ਕੋਮਲ ਫੁੱਲਾਂ ਦੀ ਖੇਤੀ ਨੂੰ ਵੇਖਦਾ ਅਤੇ ਨਿਹਾਰਦਾ ਰਿਹਾ ਹਾਂ। ਸ਼ੁਰੂ ਦੇ ਕਈ ਸਾਲਾਂ ਦੇ ਸੰਘਰਸ਼ ਅਤੇ ਘਾਟੇ ਤੋਂ ਬਾਅਦ ਅਜਿਹੀ ਬਰਕਤ ਹੋਈ ਕਿ ਪੂਰੇ ਵਿਸ਼ਵ ਵਿੱਚ ਅਵਤਾਰ ਸਿੰਘ ਅਤੇ ਉਸਦੀ ਧਰਮ ਪਤਨੀ ਗੁੱਡੀ, ਦੋਵੇਂ, ਫੁੱਲਾਂ ਵਾਲੇ ਢੀਂਡਸਿਆਂ ਵਜੋਂ ਜਾਣੇ ਜਾਣ ਲੱਗੇ ਹਨ।
ਪਿਛਲੇ ਹਫਤੇ ਜਦੋਂ ਫੋਰਮ ਵੱਲੋਂ ਬਾਇਓਸਕੇਪ ਫਾਰਮ ’ਤੇ ਜਾਣ ਦਾ ਫੈਸਲਾ ਕੀਤਾ ਤਾਂ ਸੱਚ ਮੰਨਿਓਂ ਚਾਅ ਜਿਹਾ ਚੜ੍ਹ ਗਿਆ। ਫੋਰਮ ਦੇ ਸਮੂਹ ਮੈਂਬਰਾਂ ਵੱਲੋਂ ਖੇਤੀ ਉੱਤੇ ਮੰਡਲਾ ਰਹੇ ਸੰਕਟ ’ਤੇ ਚੰਗਾ ਵਿਚਾਰ ਵਟਾਂਦਰਾ ਕੀਤਾ ਗਿਆ। ਖੇਤੀ ਮਾਹਿਰ ਦਵਿੰਦਰ ਸ਼ਰਮਾ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਸਾਡੇ ਦੇਸ਼ ਦੇ ਖੇਤੀ ਸੈਕਟਰ ਨੂੰ ਓਪਨ ਕਰਨ ਦੀਆਂ ਕੋਸ਼ਿਸ਼ਾਂ ਦੇ ਖਦਸ਼ਿਆਂ ’ਤੇ ਰੌਸ਼ਨੀ ਪਾਈ। ਉਨ੍ਹਾਂ ਸਾਰਿਆਂ ਨੂੰ ਸਾਵਧਾਨ ਕੀਤਾ ਕਿ ਟਰੰਪ ਦੀਆਂ ਪ੍ਰਸਤਾਵਿਤ ਨੀਤੀਆਂ ਨਾਲ ਸਾਡੀ ਖੇਤੀ ਦਾ ਭਵਿੱਖ ਖਤਰੇ ਵਿੱਚ ਪੈਣਾ ਨਿਯਤ ਹੈ। ਬਾਅਦ ਵਿੱਚ ਫੋਰਮ ਦੇ ਮੈਂਬਰਾਂ ਨੇ ਮੇਜ਼ਬਾਨ ਢੀਂਡਸਾ ਪਰਿਵਾਰ ਦੇ ਲਜ਼ੀਜ਼ ਭੋਜਨ ਦਾ ਅਨੰਦ ਮਾਣਿਆ।ਦੋਵੇਂ ਮੀਆਂ ਬੀਵੀ ਬੇਹੱਦ ਸ਼ਰਧਾ ਅਤੇ ਖੂਬਸੂਰਤ ਮਹਿਮਾਨਨਿਵਾਜ਼ੀ ਦੇ ਲਖਾਇਕ ਹਨ। ਭਰਾ ਭੁਪਿੰਦਰ ਵੀ ਅੱਗੇ ਹੋ ਕੇ ਹੱਥ ਵਟਾਉਂਦਾ ਹੈ। ਪੰਜਾਬ ਦੇ ਝੋਨਾ-ਕਣਕ ਚੱਕਰ ਤੋਂ ਥੱਕੇ ਕਿਸਾਨਾਂ ਲਈ ਇਹ ਰਾਹ ਦਸੇਰੇ ਵੀ ਹਨ।
ਫੁੱਲ ਉਗਾਉਣ ਵਾਲਾ ਫੁੱਲਾਂ ਵਰਗਾ ਢੀਂਡਸਾ ਪਰਿਵਾਰ ਲੰਮੀ ਉਮਰ ਵਾਲਾ ਹੋਵੇ, ਇਹੀ ਸਾਡੀ ਸਾਰਿਆਂ ਦੀ ਦੁਆ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (