“ਆਉ ਅਸੀਂ ਤਹੱਈਆ ਕਰੀਏ ਕਿ ਹਰ ਘਰ ਅਤੇ ਹਰ ਪਿੰਡ ਵਿੱਚ ਸਾਇੰਸ ਅਤੇ ਤਕਨਾਲੋਜੀ ...”
(27 ਮਾਰਚ 2025)
ਸੁਨੀਤਾ ਵਿਲੀਅਮ, ਪੁਲਾੜ ਵਿਗਿਆਨ ਅਤੇ ਭਾਰਤ
19 ਮਾਰਚ ਨੂੰ ਜਦੋਂ ਸਵੇਰੇ ਸਾਰੇ ਸੁਨੀਤਾ ਵਿਲੀਅਮ ਅਤੇ ਬੁੱਚ ਬਿਲਮੋਰ ਆਪਣੇ ਸਪੇਸ ਕਰਾਫਟ ਡ੍ਰੈਗਨ ਫਰੀਡਮ ਰਾਹੀਂ ਆਪਣੇ ਦੋ ਹੋਰ ਸਾਥੀ ਵਿਗਿਆਨੀਆਂ ਨਾਲ ਫਲੋਰਿਡਾ ਦੇ ਸੁੰਦਰੀ ਤਟ ’ਤੇ ਉੱਤਰੇ (Splash Landing) ਤਾਂ ਗੁਜਰਾਤ ਦੇ ਝੁਲਾਸਣ ਪਿੰਡ ਵਿੱਚ ਦਿਵਾਲੀ ਵਰਗਾ ਖੁਸ਼ੀਆਂ ਭਰਿਆ ਮਾਹੌਲ ਸੀ। ਸੁਨੀਤਾ ਦੇ ਪਿਤਾ ਦੀਪਕ ਪਾਂਡਿਆ ਸਾਲ 1957 ਵਿੱਚ ਇਸੇ ਪਿੰਡ ਤੋਂ ਅਮਰੀਕਾ ਗਏ ਸਨ। ਸਲੋਵੇਨੀਆ ਮੂਲ ਦੀ ਉਰਸੁਲਿਨ ਬੋਨੀ ਪਾਂਡਿਆ ਅਤੇ ਦੀਪਕ ਦੇ ਘਰ ਸੁਨੀਤਾ ਦਾ ਜਨਮ 1965 ਵਿੱਚ ਹੋਇਆ।
ਭਾਵੇਂ ਸੁਨੀਤਾ ਵਿਲੀਅਮ ਦੀ ਇਹ ਤੀਸਰੀ ਪੁਲਾੜ ਯਾਤਰਾ ਕੇਵਲ ਅੱਠ ਦਿਨਾਂ ਲਈ ਪਲੈਨ ਕੀਤੀ ਗਈ ਸੀ ਪਰ ਸਪੇਸ ਸ਼ਟਲ ਦੀ ਡੌਕਿੰਗ ਦੀ ਮੁਸ਼ਕਿਲ ਕਾਰਨ ਉਸ ਨੂੰ ਪੁਲਾੜ ਵਿੱਚ ਸਥਾਪਤ ਵਿਗਿਆਨ ਕੇਂਦਰ ਵਿੱਚ 286 ਦਿਨ ਰੁਕਣਾ ਪਿਆ। ਪੰਜ ਦੇਸ਼ਾਂ ਦੇ ਸਾਂਝੇ ਯਤਨਾਂ ਨਾਲ 27 ਸਾਲ ਪਹਿਲਾਂ ਸਥਾਪਤ ਕੀਤੇ ਗਏ ਸਪੇਸ ਸੈਂਟਰ ਵਿੱਚ ਹਮੇਸ਼ਾ ਕੁਝ ਵਿਗਿਆਨੀ ਆਪਣੇ ਤਜਰਬੇ ਅਤੇ ਖੋਜ ਕਾਰਜ ਜਾਰੀ ਰੱਖਦੇ ਹਨ। ਯੂ ਐੱਸ ਏ, ਰੂਸ, ਜਪਾਨ, ਯੂਰਪ ਅਤੇ ਕੈਨੇਡਾ ਦੇ ਪੁਲਾੜ ਖੋਜ ਕੇਂਦਰਾਂ ਵੱਲੋਂ ਸੰਯੁਕਤ ਰੂਪ ਵਿੱਚ ਧਰਤੀ ਤੋਂ ਚਾਰ ਸੌ ਕਿਲੋਮੀਟਰ ਉੱਪਰ ਇਸ ਵਿਗਿਆਨ ਕੇਂਦਰ ਨੂੰ ਸੰਭਾਲਿਆ ਜਾਂਦਾ ਹੈ। ਸੁਨੀਤਾ ਵਿਲੀਅਮ ਉੱਤੇ ਪੁਲਾੜ ਦੀ ਖੋਜ ਦੀ ਧੁਨ ਸਵਾਰ ਹੈ। ਸਾਲ 2003 ਵਿੱਚ ਜਦੋਂ ਕੋਲੰਬੀਆ ਸਪੇਸ ਸ਼ਟਲ ਰਾਹੀਂ ਅੱਠ ਵਿਗਿਆਨੀਆਂ ਸਮੇਤ ਸਾਡੀ ਪੰਜਾਬਣ ਧੀ ਕਲਪਨਾ ਚਾਵਲਾ ਪੁਲਾੜ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਤਾਂ ਉਸ ਦੁਖਾਂਤ ਨੂੰ ਯਾਦ ਕਰਦਿਆਂ ਸਭਨਾਂ ਨੂੰ ਸੁਨੀਤਾ ਦੀ ਸੁਰੱਖਿਅਤ ਲੈਂਡਿੰਗ ਬਾਰੇ ਚਿੰਤਾ ਸੀ।
ਸਾਡੇ ਦੇਸ਼ ਨੂੰ ਸੁਨੀਤਾ ਵਿਲੀਅਮ ਦੀ ਇਸ ਲੰਮੀ ਸਫਲ ਪੁਲਾੜ ਯਾਤਰਾ ’ਤੇ ਮਾਣ ਹੈ। ਜਦੋਂ ਪਹਿਲੀ ਵਾਰ ਉਹ ਸਾਲ 2007 ਵਿੱਚ ਪੁਲਾੜ ਯਾਤਰਾ ’ਤੇ ਗਈ ਸੀ ਤਾਂ ਭਾਰਤ ਨੇ 2008 ਵਿੱਚ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੁਲਾੜ ਵਿੱਚ ਲੰਮਾ ਸਮਾਂ ਰਹਿਣ ਨਾਲ ਸਾਇੰਸਦਾਨਾਂ ਨੂੰ ਭਿਆਨਕ ਸਰੀਰਕ ਚਣੌਤੀਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਰਕੇ ਵਿਵਾਹਿਕ (Married) ਜੀਵਨ ਵਿੱਚ ਹੁੰਦੇ ਹੋਏ ਵੀ ਪਰਿਵਾਰ ਪਾਲਣ ਨੂੰ ਕੁਰਬਾਨ ਕਰਨਾ ਪੈਂਦਾ ਹੈ। ਸਾਲ 2013 ਵਿੱਚ ਜਦੋਂ ਸੁਨੀਤਾ ਵਿਲੀਅਮ ਪੁਲਾੜ ਯਾਤਰਾ ਤੋਂ ਕੁਝ ਦੇਰ ਬਾਅਦ ਭਾਰਤ ਆਉਣ ਲਈ ਸ਼ਿਕਾਗੋ ਏਅਰਪੋਰਟ ’ਤੇ ਏਅਰ ਇੰਡੀਆ ਦੀ ਨਵੀਂ ਦਿੱਲੀ ਫਲਾਈਟ ਲੈਣ ਲਈ ਲਾਂਜ ਵਿੱਚ ਬੈਠੀ ਸੀ ਤਾਂ ਉਸਨੇ ਖੁਦ ਇਹ ਗੱਲ ਮੈਨੂੰ ਇੱਕ ਸਵਾਲ ਦੇ ਜਵਾਬ ਵਿੱਚ ਦੱਸੀ ਸੀ। ਇਤਫਾਕਨ ਸਾਡੀ ਸੀਟ ਵੀ ਜਹਾਜ਼ ਵਿੱਚ ਇਕੱਠੀ ਸੀ। ਬੜੇ ਸਲੀਕੇ ਨਾਲ ਉਸਨੇ ਇੱਕ ਸੈਲੀਬ੍ਰਿਟੀ ਵਿਗਿਆਨੀ ਹੋਣ ਦੇ ਬਾਵਜੂਦ ਨਿੱਜੀ ਗੱਲਾਂ ਖੁੱਲ੍ਹ ਕੇ ਦੱਸੀਆਂ ਸਨ।
ਨਵੀਂ ਦਿੱਲੀ ਏਅਰਪੋਰਟ ਤੇ ਉੱਤਰਨ ਬਾਅਦ ਜਦੋਂ ਉਹ ਅਮਰੀਕਨ ਅੰਬੈਸੀ ਦੇ ਉੱਚ ਅਧਿਕਾਰੀਆਂ ਨਾਲ ਜਾ ਰਹੀ ਸੀ ਤਾਂ ਸਾਡੇ ਏਅਰਪੋਰਟ ਦੇ ਅਧਿਕਾਰੀਆਂ ਨੂੰ ਵੀ ਇਸ ਵਿਸ਼ਵ ਪ੍ਰਸਿੱਧ ਪੁਲਾੜ ਵਿਗਿਆਨੀ ਬਾਰੇ ਕੋਈ ਇਲਮ ਨਹੀਂ ਸੀ। ਐਨੀ ਕੁ ਵਿਗਿਆਨਕ ਖੋਜਾਂ ਬਾਰੇ ਸਾਡੀ ਰੁਚੀ ਹੈ। ਪਿਛਲੇ ਦਿਨੀਂ ਜਦੋਂ ਡਾ. ਗੁਰਤੇਜ ਸਿੰਘ ਸੰਧੂ ਨੂੰ ਉਸਦੇ ਤੇਰਾਂ ਸੌ ਤੋਂ ਵੱਧ ਖੋਜ ਪੇਟੈਂਟਾਂ ਕਾਰਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਸਮਾਰੋਹ ਵਿੱਚ ਵਿਗਿਆਨ ਰਤਨ ਨਾਲ ਸਨਮਾਨਿਤ ਕੀਤਾ ਸੀ ਤਾਂ ਮੈਂ ਇਸ ਖਿੱਤੇ ਦੇ ਕਿਸੇ ਅਖਬਾਰ ਵਿੱਚ ਉਸ ਬਾਰੇ ਮੁੱਖ ਪੰਨੇ ’ਤੇ ਛਪਿਆ ਨਹੀਂ ਵੇਖਿਆ। ਕੀ ਸਾਡਾ ਮੀਡੀਆ ਕੇਵਲ ਖਾਹਮਖਾਹ ਦੇ ਰਾਜਸੀ-ਧਾਰਮਿਕ ਸਮਾਗਮਾਂ ਦੇ ਪ੍ਰਾਪੇਗੰਡਾ ਮਾਧਿਅਮ ਹੈ? ਜੇਕਰ ਇੱਕੀਵੀਂ ਸਦੀ ਵਿੱਚ ਲੋੜੀਂਦੀ ਸਮਾਜਿਕ ਤਬਦੀਲੀ ਲਿਆਉਣੀ ਹੈ ਤਾਂ ਵਿੱਦਿਆ ਦੇ ਪਸਾਰ ਅਤੇ ਖੋਜ ਕਾਰਜਾਂ ਵਿੱਚ ਜੁਟੇ ਵਿਗਿਆਨੀਆਂ ਦਾ ਚਿਹਰਾ ਅਤੇ ਉਨ੍ਹਾਂ ਦੀਆਂ ਸਤਕਾਰਤ ਸ਼ਖਸੀਅਤਾਂ ਨੂੰ ਜਨਤਕ ਕਰਨਾ ਪਵੇਗਾ। ਕੇਵਲ ਦਰਿਆਵਾਂ ਕੰਢੇ ਮੇਲਿਆਂ ਦੇ ਉਤਸਵਾਂ ਨਾਲ ਅਸੀਂ ਵਿਸ਼ਵ ਦੇ ਹਾਣੀ ਨਹੀਂ ਬਣ ਸਕਾਂਗੇ, ਗੁਰੂ ਬਣਕੇ ਅਗਵਾਈ ਦੇਣੀ ਤਾਂ ਦੂਰ ਦੀ ਗੱਲ ਹੈ।
ਸੁਨੀਤਾ ਵਿਲੀਅਮ ਨੇ ਪੁਲਾੜ ਖੋਜ ਵਿੱਚ ਵੱਡਾ ਮਾਅਰਕਾ ਮਾਰ ਕੇ ਸਪੇਸ ਖੋਜ ਦੇ ਇਤਿਹਾਸ ਵਿੱਚ ਨਵੀਂ ਕਹਾਣੀ ਲਿਖੀ ਹੈ। ਭਾਰਤੀਆਂ ਨੂੰ ਹੀ ਨਹੀਂ, ਪੂਰੇ ਵਿਸ਼ਵ ਨੂੰ ਇਸ ਸਪੇਸ ਸ਼ੀਹਣੀ ’ਤੇ ਮਾਣ ਹੈ। ਅਸੀਂ ਸਮੂਹ ਭਾਰਤੀ ਉਸਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।
* * *
ਸਾਡਾ ਵਿਗਿਆਨ ਰਤਨ: ਡਾ. ਗੁਰਤੇਜ ਸਿੰਘ ਸੰਧੂ
ਕਦੇ ਸੋਚਿਆ, ਕੋਈ ਪੰਜਾਬੀ ਜਾਂ ਸਿੱਖ ਵਿਗਿਆਨੀ ਆਪਣੀ ਖੋਜ ਬਿਰਤੀ ਨਾਲ ਥਾਮਸ ਅਲਵਾ ਐਡੀਸਨ ਤੋਂ ਅੱਗੇ ਲੰਘਿਆ ਹੋਵੇ? ਸਾਨੂੰ ਮਾਣ ਹੈ ਡਾ. ਗੁਰਤੇਜ ਸਿੰਘ ਸੰਧੂ ’ਤੇ ਜਿਸ ਨੂੰ ਉਸਦੀ ਵਿਲੱਖਣ ਵਿਗਿਆਨਕ ਰੁਚੀ ਅਤੇ 1300 ਤੋਂ ਵੱਧ ਯੂਟਿਲਟੀ ਪੇਟੈਂਟਾਂ ਕਾਰਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਗਿਆਨ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਅਮਰੀਕਾ ਦੇ ਆਇਡਾਹੋ ਸਟੇਟ ਦੀ ਰਾਜਧਾਨੀ ਬੌਏਜ਼ੀ (Boise) ਸ਼ਹਿਰ ਦੇ ਏਅਰਪੋਰਟ ਤੇ ਇਸ ਸਿੱਖ ਵਿਗਿਆਨੀ ਦੀ ਫੋਟੋ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ। ਅਮਰੀਕਾ ਦਾ ਉੱਤਰੀ ਸੂਬਾ ਆਇਡਾਹੋ ਮਾਈਕਰੋਨ ਕੰਪਨੀ ਦਾ ਹੈੱਡਕੁਆਰਟਰ ਹੈ, ਜਿੱਥੇ ਦਸ ਹਜ਼ਾਰ ਤਕਨੀਕੀ ਮਾਹਿਰ ਕੰਮ ਕਰਦੇ ਹਨ। ਡਾ. ਸੰਧੂ ਇਸ ਕੰਪਨੀ ਦਾ ਵਾਈਸ ਚੇਅਰਮੈਨ ਹੈ। ਸਥਾਨਕ ਮੀਡੀਆ ਡਾ. ਗੁਰਤੇਜ ਸੰਧੂ ਦੀ ਬਹੁਤ ਪ੍ਰਸ਼ੰਸਾ ਕਰਦਾ ਹੈ। ਅਖਬਾਰਾਂ, ਮੈਗਜ਼ੀਨਾਂ ਦੀਆਂ ਸੁਰਖੀਆਂ ਵਿੱਚ ਉਸ ਨੂੰ ਐਡੀਸਨ ਤੋਂ ਵੱਡਾ ਖੋਜੀ ਵਿਗਿਆਨੀ ਦੱਸਿਆ ਗਿਆ ਹੈ। ਡਾ. ਸੰਧੂ ਵਿੱਚ ਨਿਮਰਤਾ ਐਨੀ ਹੈ ਕਿ ਉਨ੍ਹਾਂ ਕਦੀ ਆਪਣੇ ਆਪ ਨੂੰ ਐਡੀਸਨ ਦੇ ਬਰਾਬਰ ਖੜ੍ਹਾ ਨਹੀਂ ਕੀਤਾ। ਡਾ. ਸੰਧੂ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਮਾਈਕਰੌਨ ਕੰਪਨੀ ਵਿੱਚ ਚਿੱਪ ਦੇ ਖੇਤਰ ਪਾਏ ਯੋਗਦਾਨ ਨਾਲ ਕਰੋੜਾਂ ਨਹੀਂ ਅਰਬਾਂ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਲੰਡਨ ਵਿੱਚ ਸਿੱਖ ਮਾਪਿਆਂ ਦੇ ਘਰ ਪੈਦਾ ਹੋਏ ਡਾ. ਸੰਧੂ ਸਕੂਲ ਪੱਧਰ ਤੋਂ ਹੀ ਖੋਜੀ ਬਿਰਤੀ ਵਾਲੇ ਸਨ। ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਨਵੀਂ ਦਿਲੀ ਤੋਂ ਗਰੈਜੂਏਸ਼ਨ ਕਰਨ ਉਪਰੰਤ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ ਯੂ ਐੱਸ. ਵਿੱਚੋਂ ਡਾਕਟਰੇਟ ਕਰਕੇ ਸਾਲ 1990 ਤੋਂ ਬੌੲਜ਼ੀ ਵਿੱਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਮਾਈਕਰੌਨ ਟੈਕਨਾਲੋਜੀ ਵਿੱਚ ਨਵੀਂਆਂ ਈਜਾਦਾਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਨੇੜਲੇ ਭਵਿੱਖ ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਾ ਸਿਹਰਾ ਉਨ੍ਹਾਂ ਦੀ ਦਸਤਾਰ ’ਤੇ ਟਿਕ ਸਕਦਾ ਹੈ।
ਬਹੁਤੇ ਪੰਜਾਬੀ (ਸਿੱਖ) ਪਰਿਵਾਰਾਂ ਦੇ ਨੌਜਵਾਨ ਵਿਦਿਆਰਥੀਆਂ ਨੂੰ ਸ਼ਾਇਦ ਹੀ ਇਸ ਵਿਗਿਆਨੀ ਬਾਰੇ ਜਾਣਕਾਰੀ ਹੋਵੇ। ਸਾਡੇ ਘਰ-ਪਰਿਵਾਰਾਂ ਅਤੇ ਸਕੂਲਾਂ ਵਿੱਚ ਰੋਲ ਮਾਡਲ ਦੇ ਰੂਪ ਵਿੱਚ ਇਹ ਦੱਸਣ ਦੀ ਰੁਚੀ ਹੀ ਨਹੀਂ ਹੈ। ਸਾਡੇ ਸਮਾਜਿਕ ਤਾਣੇਬਾਣੇ ਵਿੱਚ ਵਿੱਦਿਆ, ਰਿਸਰਚ, ਵਿਗਿਆਨਕ ਖੇਤਰਾਂ ਵਿੱਚ ਨਵੀਂਆਂ ਖੋਜਾਂ ਕਰਨ ਵਾਲੇ ਨੂੰ ਕੌਣ ਉਤਸ਼ਾਹਿਤ ਕਰਦਾ ਹੈ। ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਨੂੰ ਕਿੰਨੇ ਕੁ ਪਿੰਡਾਂ ਵਿੱਚ ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕਰਨ ਦਾ ਯਤਨ ਕੀਤਾ ਗਿਆ ਹੈ? ਜਿਹੜੇ ਸਾਡੇ ਭਵਿੱਖ ਦੀ ਨੀਂਹ ਉਸਾਰ ਰਹੇ ਹਨ, ਉਨ੍ਹਾਂ ਵਲ ਕਿੰਨਾ ਕੁ ਧਿਆਨ ਗਿਆ ਹੈ? ਜਦੋਂ ਅਸੀਂ ਸਿੱਖਿਆ ਨੂੰ ਉਹ ਪ੍ਰਾਥਮਿਕਤਾ ਨਹੀਂ ਦਿੱਤੀ ਹੋਈ, ਜਿਹੜੀ ਖੁਸ਼ਹਾਲ ਕੌਮਾਂ ਵੱਲੋਂ ਦਿੱਤੀ ਜਾਂਦੀ ਹੈ ਤਾਂ ਸਾਡਾ ਨਿਘਾਰ ਤਾਂ ਕਈ ਦਹਾਕੇ ਪਹਿਲਾਂ ਤੈਅ ਸੀ।
ਇੱਕ ਹੋਰ ਵਿਸ਼ਵ ਪ੍ਰਸਿੱਧ ਸਿੱਖ ਵਿਗਿਆਨੀ ਮਹਿੰਦਰ ਸਿੰਘ ਕਪਾਨੀ, ਮੋਗੇ ਦੇ ਜੰਮ ਪਲ ਹਨ। ਉਨ੍ਹਾਂ ਦੁਨੀਆਂ ਦੇ ਸੰਚਾਰ ਸਾਧਨਾਂ ਵਿੱਚ ਆਪਣੇ ਫਾਈਬਰ ਆਪਟੌਕਿਸ ਦੀ ਖੋਜ ਨਾਲ ਕਰਾਂਤੀ ਲਿਆ ਦਿੱਤੀ। ਜੇਕਰ ਅੱਜ ਮੋਬਾਇਲ ਜਾਂ ਦੂਸਰੇ ਆਈ ਟੀ ਟੂਲ ਹਰ ਛੋਟੇ-ਵੱਡੇ ਦੇ ਹੱਥ ਵਿੱਚ ਹਨ ਤਾਂ ਇਸਦਾ ਸਿਹਰਾ ਮਹਿੰਦਰ ਸਿੰਘ ਕਪਾਨੀ ਨੂੰ ਜਾਂਦਾ ਹੈ। ਹੁਣ ਤਾਂ ਕਈ ਵਰ੍ਹੇ ਪਹਿਲਾਂ ਉਹ ਅਮਰੀਕਾ ਰਹਿੰਦਿਆਂ ਸੁਰਗਵਾਸ ਹੋ ਗਏ ਪਰ ਉਨ੍ਹਾਂ ਦੇ ਜਿਊਂਦੇ ਜੀਅ ਕਿੰਨੀਆਂ ਕੁ ਸੰਸਥਾਵਾਂ ਨੇ ਪੰਜਾਬ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ? ਸਾਲ 2016 ਵਿੱਚ ਬਤੌਰ ਡਾਇਰੈਕਟਰ ਜਨਰਲ ਸਿੱਖਿਆ ਪੰਜਾਬ, ਮੈਂ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੁਝਾਓ ਦਿੱਤਾ ਸੀ ਕਿ ਇਨ੍ਹਾਂ ਸਿੱਖ ਵਿਗਿਆਨੀਆਂ ਦੀਆਂ ਤਸਵੀਰਾਂ ਪੰਜਾਬ ਦੇ ਸਕੂਲਾਂ ਵਿੱਚ ਲਗਾਈਆਂ ਜਾਣ। ਸਾਡੀ ਪੰਜਾਬੀਆਂ ਦੀ ਰੂਚੀ ਹੀ ਕਿਸੇ ਹੋਰ ਪਾਸੇ ਹੈ।
ਪਿਛਲੇ ਦੋ ਤਿੰਨ ਦਹਾਕਿਆਂ ਵਿੱਚ ਸਾਡੀਆਂ ਸੜਕਾਂ ’ਤੇ ਮੈਰਿਜ ਪੈਲੇਸ ਅਤੇ ਪੈਟਰੌਲ ਪੰਪ ਖੁੰਬਾਂ ਵਾਂਗ ਉੱਗੇ ਹਨ। ਸਮਾਜ ਦਾ ਬਹੁਤ ਕੀਮਤੀ ਸਰਮਾਇਆ ਬੇਲੋੜੇ ਵਿਆਹ ਜਸ਼ਨਾਂ ਅਤੇ ਦਿਖਾਵੇ ਦੇ ਰੂਪ ਵਿੱਚ ਵੱਡੀਆਂ ਮਰਸਡੀਜ਼ ਗਡੀਆਂ ’ਤੇ ਖਰਚ ਹੋ ਰਿਹਾ ਹੈ। ਸਾਡੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਵਰ੍ਹਿਆਂ ਤੋਂ ਜਿਉਂ ਦੀ ਤਿਉਂ ਹੈ। ਗੁਣਾਤਮਿਕ ਤਬਦੀਲੀ ਕਿਧਰੇ ਨਜ਼ਰ ਨਹੀਂ ਆਉਂਦੀ ਭਾਵੇਂ ਇਮਾਰਤਾਂ ’ਤੇ ਰੰਗ ਰੋਗਨ ਜ਼ਰੂਰ ਹੋਇਆ ਹੈ। ਸਾਡੀ ਕਮਿਊਨਿਟੀ ਨੇ ਸਿੱਖਿਆ ਦੇ ਪਸਾਰ ਨੂੰ ਅਡਾਪਟ ਨਹੀਂ ਕੀਤਾ। ਇਵੇਂ ਸਰਕਾਰੀ ਹਸਪਤਾਲ ਵੀ ਬਿਮਾਰ ਹੀ ਨਜ਼ਰ ਆਉਂਦੇ ਹਨ। ਹਸਪਤਾਲਾਂ ਵਿੱਚ ਡਾਕਟਰ, ਦਵਾਈਆਂ ਦੀ ਕਮੀ ਅਤੇ ਸਕੂਲਾਂ ਵਿੱਚ ਅਧਿਆਪਕ ਅਤੇ ਪੜ੍ਹਨ ਸਮੱਗਰੀ ਦੀ ਘਾਟ ਬਾਰੇ ਮੈਂ ਪੰਜਾਬ ਦੀ ਕਿਸੇ ਸੜਕ ’ਤੇ ਧਰਨਾ ਨਹੀਂ ਲੱਗਿਆ ਵੇਖਿਆ।
ਜੇ ਅਸੀਂ ਅੱਜ ਵੀ ਸੰਭਾਲ ਕਰਨੀ ਸ਼ੁਰੂ ਕਰ ਦੇਈਏ, ਤਾਂ ਵੀ ਘਾਟਾ ਪੂਰਾ ਕਰਨ ਨੂੰ ਅੱਧੀ ਸਦੀ ਲੱਗ ਜਾਵੇਗੀ। ਸਿੱਖਿਆ ਦੇ ਖੇਤਰ ਵਿੱਚ ਅੱਜ ਦਾ ਬੀਜਿਆ ਵੀਹ ਸਾਲ ਨੂੰ ਵੱਢੋਗੇ। ਧਾਰਮਿਕ, ਰਾਜਨੀਤਕ ਅਦਾਰਿਆਂ ਵਿਚਲੇ ਚੱਲ ਰਹੇ ਘੜਮੱਸ ਨੇ ਸਾਡਾ ਕੁਝ ਨੀ ਸੰਵਾਰਨਾ। ਜੇਕਰ ਦੁਨੀਆ ਵਿੱਚ ਪੰਜਾਬੀ ਕੌਮ ਦੀ ਵਿਲੱਖਣ ਹੈਸੀਅਤ ਕਾਇਮ ਰੱਖਣੀ ਹੈ ਤਾਂ ਵਿੱਦਿਆ ਉੱਤੇ ਫੋਕਸ ਕਰੋ। ਬੌਧਿਕ ਤਾਕਤ ਨਾਲ ਹੀ ਅਸੀਂ ਆਪਣਾ ਝੰਡਾ ਉੱਚਾ ਕਰ ਸਕਾਂਗੇ। ਸੰਸਾਰੀਕਰਨ ਦੇ ਵਿਰੋਧ ਵਿੱਚ ਚੱਲ ਰਹੀ ਹਵਾ ਨੇ ਯਹੂਦੀਆਂ ਦਾ ਕਿਉਂ ਨਹੀਂ ਕੁਛ ਵਿਗਾੜਿਆ? ਸਾਡਿਆਂ ਨੂੰ ਹੀ ਕਿਉਂ ਹੱਥਕੜੀਆਂ ਲਾ ਕੇ ਫੌਜੀ ਜਹਾਜ਼ਾਂ ਵਿੱਚ ਭੇਜਿਆ, ਕਿਉਂਕਿ ਯਹੂਦੀ ਸਾਥੋਂ ਗਿਣਤੀ ਵਿੱਚ ਥੋੜ੍ਹੇ ਹੋਣ ਦੇ ਬਾਵਜੂਦ ਆਪਣੀ ਪਛਾਣ ਬਤੌਰ ਸਾਇੰਸਦਾਨ ਅਤੇ ਖੋਜੀ ਰੱਖਦੇ ਹਨ। ਸਾਰਾ ਡਿਜਿਟਲ ਗਿਆਨ ਅਤੇ ਤਕਨੀਕ ਯਹੂਦੀਆਂ ਦੇ ਹੱਥ ਵਿੱਚ ਹੈ।
ਆਉ ਅਸੀਂ ਤਹੱਈਆ ਕਰੀਏ ਕਿ ਹਰ ਘਰ ਅਤੇ ਹਰ ਪਿੰਡ ਵਿੱਚ ਸਾਇੰਸ ਅਤੇ ਤਕਨਾਲੋਜੀ ਦੀ ਪੜ੍ਹਾਈ ਵਿੱਚ ਬੱਚਿਆਂ ਦੀ ਰੁਚੀ ਪੈਦਾ ਹੋਵੇ। ਇਨ੍ਹਾਂ ਪੰਜਾਬੀ/ਸਿੱਖ ਵਿਗਿਆਨੀਆਂ ਦੀਆਂ ਤਸਵੀਰਾਂ ਹਰ ਸਕੂਲ ਅਤੇ ਪਿੰਡ ਵਿੱਚ ਲਗਾ ਕੇ ਬੱਚਿਆਂ ਲਈ ਰੋਲ ਮਾਡਲ ਪੇਸ਼ ਕਰੀਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (