InderjitChugavan7“ਅੰਧ-ਰਾਸ਼ਟਰਵਾਦ ਦੀ ਇਸ ਹਨੇਰੀ ਵਿੱਚ ਭਗਤ ਸਿੰਘ ਹੁਰਾਂ ਦੇ ਵਿਚਾਰ ਨੋਟ ਕਰਨ ਵਾਲੇ ਹਨ ...”
(23 ਮਾਰਚ 2017)

 

ਭਾਰਤ ਦੇ ਮੌਜੂਦਾ ਹਾਲਾਤ ਵਿੱਚ ਭਗਤ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ਦੀ 86ਵੀਂ ਵਰ੍ਹੇਗੰਢ ਮੌਕੇ ਯਾਦ ਕਰਨਾ ਇੱਕ ਰਸਮ ਹੀ ਨਹੀਂ ਹੋਣੀ ਚਾਹੀਦੀ। ਜਿਸ ਸਮੇਂ ਸਮੁੱਚਾ ਦੇਸ਼ ਫਿਰਕਾਪ੍ਰਸਤ ਤਾਕਤਾਂ (ਜਿਨ੍ਹਾਂ ਦੀ ਅਗਵਾਈ ਇਸ ਸਮੇਂ ਮੋਦੀ ਨੂੰ ਅੱਗੇ ਕਰਕੇ ਭਗਵਾਂ ਬ੍ਰਿਗੇਡ ਕਰ ਰਿਹਾ ਹੈ) ਦੀ ਲਪੇਟ ਵਿੱਚ ਆਇਆ ਹੋਇਆ ਹੈ, ਜਿਹੜਾ ਅਜੇ ਅਯੁੱਧਿਆ ਦੁਖਾਂਤ ਤੇ ਉਸ ਤੋਂ ਬਾਅਦ ਗੁਜਰਾਤ ਦੇ ਭਿਆਨਕ ਦੰਗਿਆਂ ਦੇ ਸਦਮੇ ਵਿੱਚੋਂ ਹੀ ਨਹੀਂ ਨਿਕਲ ਸਕਿਆ, ਅਜਿਹੀ ਸਥਿਤੀ ਵਿਚ ਭਗਤ ਸਿੰਘ ਦੇ ਵਿਚਾਰ ਹੋਰ ਵੀ ਵਧੇਰੇ ਅਰਥ ਭਰਪੂਰ ਹੋ ਜਾਂਦੇ ਹਨ।

1927 ਵਿੱਚ ‘ਕਿਰਤੀ’ ਰਸਾਲੇ ਵਿੱਚ ‘ਸੰਪਰਦਾਇਕ ਦੰਗੇ ਤੇ ਉਨ੍ਹਾਂ ਦਾ ਇਲਾਜ’ ਸਿਰਲੇਖ ਵਾਲੇ ਇਕ ਲੇਖ ਵਿੱਚ ਭਗਤ ਸਿੰਘ ਹੁਰਾਂ ਲਿਖਿਆ ਸੀ, “ਭਾਰਤ ਦੀ ਹਾਲਤ ਇਸ ਵੇਲੇ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇੱਕ ਧਰਮ ਦੇ ਪੈਰੋਕਾਰ ਦੂਜੇ ਧਰਮ ਦੇ ਜਾਨੀ ਦੁਸ਼ਮਣ ਬਣੇ ਹੋਏ ਹਨ। ਹੁਣ ਤਾਂ ਇਕ ਧਰਮ ਨਾਲ ਸੰਬੰਧਤ ਹੋਣਾ ਹੀ ਦੂਜੇ ਧਰਮ ਦਾ ਕੱਟੜ ਵੈਰੀ ਹੋਣਾ ਹੈ। ਅਜਿਹੀ ਭਾਵਨਾ ਨੇ ਬੁਰੀ ਤਰ੍ਹਾਂ ਪੈਰ ਜਮਾ ਲਏ ਹਨ।”

ਇਸੇ ਲੇਖ ਵਿੱਚ ਭਗਤ ਸਿੰਘ ਅੱਗੇ ਲਿਖਦੇ ਹਨ, “ਮੌਜੂਦਾ ਹਾਲਾਤ ਵਿੱਚ ਭਾਰਤ ਦਾ ਭਵਿੱਖ ਬੇਹੱਦ ਧੁੰਦਲਾ ਨਜ਼ਰ ਆਉਂਦਾ ਹੈ। ਇਨ੍ਹਾਂ ਧਰਮਾਂ ਨੇ ਭਾਰਤ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਕੋਈ ਨਹੀਂ ਜਾਣਦਾ ਕਿ ਇਹ ਦਹਿਸ਼ਤੀ ਫਿਰਕੂ ਦੰਗੇ ਕਦੋਂ ਖਤਮ ਹੋਣਗੇ ਤੇ ਭਾਰਤ ਨੂੰ ਇਨ੍ਹਾਂ ਤੋਂ ਮੁਕਤੀ ਮਿਲੇਗੀ?”

ਅੱਜ ਜਦੋਂ ਯੂ ਪੀ ਵਿੱਚ ਅਖਲਾਕ ਨਾਂਅ ਦੇ ਵਿਅਕਤੀ ਨੂੰ ਸਿਰਫ ਇੱਸ ਸ਼ੱਕ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਕਿ ਉਸ ਦੇ ਘਰ ਫਰਿੱਜ ਵਿੱਚ ਗਾਂ ਦਾ ਮਾਸ ਪਿਆ ਹੈ, ਜਦੋਂ ਘਰ ਵਾਪਸੀ ਦੇ ਨਾਂਅ ਹੇਠ ਮੁਸਲਿਮ ਲੋਕਾਂ ਨੂੰ ਜਬਰੀ ਹਿੰਦੂ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਭਗਤ ਸਿੰਘ ਹੁਰਾਂ ਦੇ ਇਨ੍ਹਾਂ ਵਿਚਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ।

ਭਗਵੇਂ ਹਮਲੇ ਕਾਰਨ ਪੈਦਾ ਹੋਏ ਸਹਿਮ ਦੇ ਮਾਹੌਲ ਵਿੱਚ ਬੁਰਜਵਾ ਲੀਡਰਸ਼ਿੱਪ ਦੇ ਵੱਡੇ ਹਿੱਸੇ ਵੱਲੋਂ ਧਾਰੀ ਗਈ ਚੁੱਪ ਬਾਰੇ ਭਗਤ ਸਿੰਘ ਹੁਰਾਂ ਵੱਲੋਂ ਉਸ ਵਕਤ ਦੀ ਲੀਡਰਸ਼ਿੱਪ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਅੱਜ ਦੀ ਲੀਡਰਸ਼ਿਪ ’ਤੇ ਵੀ ਪੂਰੀ ਤਰ੍ਹਾਂ ਢੁੱਕਦੀਆਂ ਹਨ। ਉਨ੍ਹਾਂ ਲਿਖਿਆ ਸੀ, “ਉਹ ਲੀਡਰ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਭਾਰ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਸੀ ਤੇ ਜਿਹੜੇ ‘ਸਾਂਝੀ ਕੌਮੀਅਤ’ ਅਤੇ ‘ਸਵਰਾਜ’ ਦੇ ਦਮਗਜ਼ੇ ਮਾਰਦੇ ਨਹੀਂ ਸੀ ਥੱਕਦੇ, ਉਹ ਜਾਂ ਤਾਂ ਸ਼ਰਮ ਨਾਲ ਆਪਣੇ ਸਿਰ ਝੁਕਾਈ ਚੁੱਪ-ਚਾਪ ਬੈਠੇ ਹਨ ਜਾਂ ਇਸ ਅੰਨ੍ਹੇ ਧਰਮੀ ਤੁਅਸਬ ਦੀ ਹਨੇਰੀ ਦੇ ਨਾਲ ਵਹਿ ਗਏ ਹਨ।”

ਵੇਲੇ ਦੀ ਲੀਡਰਸ਼ਿੱਪ ਬਾਰੇ ਟਿੱਪਣੀ ਕਰਦਿਆਂ ਭਗਤ ਸਿੰਘ ਲਿਖਦੇ ਹਨ, “ਉਨ੍ਹਾਂ ਵਿੱਚੋਂ, ਪਛਤਾਵੇ ਤੇ ਸ਼ਰਮ ਨਾਲ ਮੂਕ ਦਰਸ਼ਕ ਬਣ ਕੇ ਆਪਣਾ ਸਿਰ ਛੁਪਾਈ ਬੈਠਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਹੀਂ, ਪਰ ਜੇ ਕੋਈ ਇਸ ਵਰਤਾਰੇ ਦੀਆਂ ਪਰਤਾਂ ਫਰੋਲੇ ਤੇ ਜ਼ਰਾ ਕੁਰੇਦ ਕੇ ਦੇਖੇ ਤਾਂ ਉਨ੍ਹਾਂ ਸਿਆਸੀ ਆਗੂਆਂ ਦੀ ਗਿਣਤੀ, ਜਿਹੜੇ ਮੌਜੂਦਾ ਫਿਰਕੂ ਅੰਦੋਲਨ ਵਿੱਚ  ਸ਼ਾਮਲ ਹੋ ਗਏ ਹਨ ਅਤੇ ਪਹਿਲਾਂ ਹੀ ਪੂਰੀ ਤਰ੍ਹਾਂ ਘਿਓ-ਖਿਚੜੀ ਹੋ ਗਏ ਹਨ, ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਉਹ ਲੀਡਰ ਜਿਨ੍ਹਾਂ ਦੀ ਆਤਮਾ ਜਿਉਂਦੀ ਹੈ, ਜਿਹੜੇ ਦਿਲੋਂ ਸਭਨਾਂ ਲੋਕਾਂ ਦਾ ਭਲਾ, ਖੁਸ਼ੀ ਤੇ ਖੁਸ਼ਹਾਲੀ ਚਾਹੁੰਦੇ ਹਨ, ਬਹਤ ਹੀ ਵਿਰਲੇ ਹਨ। ਫਿਰਕਾਪ੍ਰਸਤੀ ਦਾ ਝੱਖੜ ਇੰਨਾ ਭਿਆਨਕ ਅਤੇ ਤੇਜ਼ ਹੈ ਕਿ ਇਹ ਨੇਕ ਦਿਲ ਤੇ ਸੂਝਵਾਨ ਆਗੂ ਉਸ ਨੂੰ ਰੋਕਣ ਦੇ ਸਮਰੱਥ ਨਹੀਂ। ਇੰਝ ਜਾਪਦਾ ਹੈ ਕਿ ਜਿਵੇਂ ਭਾਰਤ ਦੀ ਸਿਆਸੀ ਲੀਡਰਸ਼ਿੱਪ ਮੁਕੰਮਲ ਤੌਰ ’ਤੇ ਦੀਵਾਲੀਆ ਹੋ ਗਈ ਹੈ।” ਇਹ ਟਿੱਪਣੀ ਜੇ ਉਸ ਵੇਲੇ ਪੂਰੀ ਤਰ੍ਹਾਂ ਸਹੀ ਸੀ ਤਾਂ ਅੱਜ ਵੀ ਸਹੀ ਹੈ। ਹਾਲਾਤ ਵਿੱਚ ਸਗੋਂ ਨਿਘਾਰ ਹੀ ਆਇਆ ਹੈ।

ਅੱਜ ਜਦੋਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਨੂੰ ਗੁੰਡਾਗਰਦੀ ਦਾ ਵਿਰੋਧ ਕਰਨ ਦੀ ਹਿੰਮਤ ਕਰਨ ਲਈ ਬਲਾਤਕਾਰ ਕਰਨ ਦੀਆਂ ਸੋਸ਼ਲ ਮੀਡੀਆ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਕੇਂਦਰ ਸਰਕਾਰ ਦੇ ਮੰਤਰੀ ਤੱਕ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਥਾਂ ਇਹ ਆਖ ਕੇ ਉਨ੍ਹਾਂ ਅਨਸਰਾਂ ਦੇ ਨਾਲ ਜਾ ਖੜ੍ਹੇ ਹੁੰਦੇ ਹਨ ਕਿ “ਪਤਾ ਨਹੀਂ ਕੌਣ ਹੈ, ਜਿਹੜਾ ਗੁਰਮੇਹਰ ਦੇ ਦਿਮਾਗ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।” ਕਾਰਗਿਲ ਜੰਗ ਵਿੱਚ ਸ਼ਹੀਦ ਹੋਣ ਵਾਲੇ ਇੱਕ ਫੌਜੀ ਜਵਾਨ ਦੀ ਧੀ ਗੁਰਮੇਹਰ ਕੌਰ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ, ਜਿਸ  ਨੂੰ ਕੇਂਦਰ ਸਰਕਾਰ ਸਮੇਤ ਸਮੁੱਚੇ ਭਗਵੇਂ ਬ੍ਰਿਗੇਡ ਨੇ ਵੱਖਵਾਦੀ ਕਰਾਰ ਦਿੱਤਾ ਹੋਇਆ ਹੈ, ਨੂੰ ਦਿੱਲੀ ਦੇ ਇੱਕ ਕਾਲਜ ਦੇ ਪ੍ਰੋਗਰਾਮ ਵਿੱਚ ਸੱਦੇ ਜਾਣ ਖਿਲਾਫ ਏ ਬੀ ਵੀ ਪੀ ਵੱਲੋਂ ਕੀਤੀ ਗਈ ਗੁੰਡਾਗਰਦੀ ਦਾ ਸੋਸ਼ਲ ਮੀਡੀਆ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧ ਕੀਤਾ ਸੀ। ਗੁਰਮੇਹਰ ਨੂੰ ਗੱਦਾਰ, ਦੇਸ਼-ਧ੍ਰੋਹੀ ਲਿਖਿਆ ਜਾ ਰਿਹਾ ਹੈ, ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੱਕ ਸ਼ਹੀਦ ਦੀ ਬੇਟੀ ਪਲ ਭਰ ਵਿੱਚ ਹੀ ਗੱਦਾਰ ਹੋ ਗਈ। ਉਸ ਦੇ ਸਮਰਥਨ ਵਿੱਚ ਨਾ ਸਹੀ, ਉਸ ਦੇ ਬਚਾਅ ਵਿੱਚ ਕੋਈ ਵੀ ਮੰਤਰੀ, ਸਰਕਾਰੀ ਤੰਤਰ ਦਾ ਕੋਈ ਅਹਿਲਕਾਰ ਅੱਗੇ ਨਹੀਂ ਆਇਆ। ਮੀਡੀਆ ਦਾ ਇੱਕ ਹਿੱਸਾ ਵੀ ਅਜਿਹੀਆਂ ਤਾਕਤਾਂ ਸੰਗ ਖੜੋਂਦਾ ਨਜ਼ਰ ਆਇਆ। ਮੀਡੀਆ ਦੇ ਇਸ ਹਿੱਸੇ ਦਾ ਇਹ ਰੋਲ ਕੇਵਲ ਗੁਰਮੇਹਰ ਦੇ ਮੁੱਦੇ ’ਤੇ ਹੀ ਨਹੀਂ, ਹੋਰਨਾਂ ਫਿਰਕੂ ਭੜਕਾਹਟ ਵਾਲੇ ਮੁੱਦਿਆਂ ’ਤੇ ਵੀ ਅਜਿਹਾ ਹੀ ਰਿਹਾ ਹੈ। ਅਖਲਾਕ ਵਾਲੇ ਮੁੱਦੇ ’ਤੇ ਇਸੇ ਹਿੱਸੇ ਨੇ ਬਹਿਸ ਨੂੰ ਇਸ ਨੁਕਤੇ ’ਤੇ ਕੇਂਦਰਤ ਨਹੀਂ ਕੀਤਾ ਕਿ ਇੱਕ ਇਨਸਾਨ ਤੋਂ ਉਸ ਦੇ ਜਿਊਣ ਦਾ ਅਧਿਕਾਰ ਖੋਹਣ ਵਾਲੇ ਲੋਕਾਂ ਨੂੰ ਖੁੱਲ੍ਹ ਕਿਸ ਨੇ ਦਿੱਤੀ, ਸਗੋਂ ਉਹ ਇਸ ਮੁੱਦੇ ’ਤੇ ਬਹਿਸ ਕਰਵਾਉਂਦੇ ਰਹੇ ਕਿ ਅਖਲਾਕ ਦੇ ਘਰੋਂ ਬਰਾਮਦ ਹੋਇਆ ਮਾਸ ਗਾਂ ਦਾ ਸੀ, ਮੱਝ ਦਾ ਸੀ ਜਾਂ ਬੱਕਰੇ ਦਾ।

ਅੰਧ-ਰਾਸ਼ਟਰਵਾਦ ਦੀ ਇਸ ਹਨੇਰੀ ਵਿੱਚ ਭਗਤ ਸਿੰਘ ਹੁਰਾਂ ਦੇ ਵਿਚਾਰ ਨੋਟ ਕਰਨ ਵਾਲੇ ਹਨ। ਉਨ੍ਹਾਂ ‘ਕਿਰਤੀ’ ਅਤੇ ‘ਪਰਤਾਪ’ ਸਮੇਤ ਕਈ ਅਖਬਾਰਾਂ, ਰਸਾਲਿਆਂ ਵਿੱਚ ਅਖਬਾਰਾਂ ਦੇ ਫਰਜ਼ ਤੇ ਜ਼ਿੰਮੇਵਾਰੀ ਬਾਰੇ ਲੇਖ ਲਿਖੇ। ਉਨ੍ਹਾਂ ਲਿਖਿਆ ਸੀ, “ਅਖਬਾਰਾਂ ਦਾ ਅਸਲ ਫਰਜ਼ ਤਾਂ ਲੋਕਾਂ ਨੂੰ ਸਿੱਖਿਅਤ ਕਰਨਾ, ਉਨ੍ਹਾਂ ਦੇ ਮਨਾਂ ਵਿੱਚੋਂ ਤੁਅਸਬ ਦੂਰ ਕਰਨਾ, ਤੰਗ-ਦਿਲੀ ਵਿੱਚੋਂ ਕੱਢਣਾ, ਆਪਸ ਵਿੱਚ ਸਦਭਾਵਨਾ ਪੈਦਾ ਕਰਨਾ, ਆਪਸੀ ਦੂਰੀ ਘਟਾ ਕੇ ਆਪਸੀ ਭਰੋਸਾ ਪੈਦਾ ਕਰਨਾ ਅਤੇ ਸਾਂਝੀ ਕੌਮੀਅਤ ਦੇ ਕਾਜ ਵੱਲ ਵਧਣ ਲਈ ਅਸਲ ਸੁਲ੍ਹਾ-ਸਫਾਈ ਪੈਦਾ ਕਰਨਾ ਹੈ, ਪਰ ਇਸ ਸਭ ਕੁਝ ਦੀ ਬਜਾਇ ਉਨ੍ਹਾਂ ਦਾ ਮੁੱਖ ਮਕਸਦ ਅਗਿਆਨਤਾ ਫੈਲਾਉਣਾ, ਸ਼ਾਵਨਵਾਦ ਅਤੇ ਸੰਕੀਰਤਨਾ ਦਾ ਪ੍ਰਚਾਰ ਅਤੇ ਪਸਾਰ, ਲੋਕਾਂ ਦੇ ਮਨਾਂ ਵਿੱਚ ਫਿਰਕੂ ਜ਼ਹਿਰ ਘੋਲ ਕੇ ਫਿਰਕੂ ਦੰਗੇ ਤੇ ਝੜਪਾਂ ਕਰਵਾਉਣਾ ਹੀ ਹੋ ਗਿਆ ਲੱਗਦਾ ਹੈ। ਇਸ ਤਰ੍ਹਾਂ ਉਹ ਭਾਰਤ ਦੀ ਸਾਂਝੀ ਵਿਰਾਸਤ ਅਤੇ ਰਲਵੇਂ-ਮਿਲਵੇਂ ਸੱਭਿਆਚਾਰ, ਸਾਂਝੀ ਕੌਮੀਅਤ ਨੂੰ ਤਬਾਹ ਕਰਨ ਵਿੱਚ ਲੱਗੇ ਹੋਏ ਹਨ।”

ਦੇਸ਼ ਦੇ ਮੌਜੂਦਾ ਹਾਲਾਤ ’ਤੇ ਨਜ਼ਰ ਮਾਰਦਿਆਂ ਭਗਤ ਸਿੰਘ ਹੁਰਾਂ ਦੇ ਵੇਲੇ ਦੇ ਸਵਾਲ ਹੀ ਇੱਕ ਵਾਰ ਮੁੜ ਖੜ੍ਹੇ ਲੱਭਦੇ ਹਨ ਕਿ ਦੇਸ਼ ਦਾ ਬਣੇਗਾ ਕੀ? ਭਗਤ ਸਿੰਘ ਹੁਰਾਂ ਇਸ ਸਵਾਲ ਦਾ ਜਵਾਬ ਵੀ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਫਿਰਕੂ ਸਿਆਸਤ ਦੇ ਵਧਣ-ਫੁੱਲਣ ਦਾ ਮੁੱਖ ਕਾਰਨ ਆਰਥਿਕ ਹਾਲਾਤ ਹਨ। ਉਨ੍ਹਾਂ ਕਿਰਤੀਆਂ ਤੇ ਕਿਸਾਨਾਂ ਨਾਲ ਜੁੜੇ ਆਰਥਿਕ ਮੁੱਦਿਆਂ ਨੂੰ ਉਭਾਰ ਕੇ ਫਿਰਕੂ ਸਿਆਸਤ ਵਿਰੁੱਧ ਹਕੀਕੀ ਜਨ ਅੰਦੋਲਨ ਉਭਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਐਪਰ ਉਨ੍ਹਾਂ ਇਸ ਪਹਿਲੂ ’ਤੇ ਵੀ ਬਰਾਬਰ ਜ਼ੋਰ ਦਿੱਤਾ ਸੀ ਕਿ ਇਹ ਅੰਦੋਲਨ ਸਾਮਰਾਜ ਵਿਰੋਧੀ ਅੰਦੋਲਨ ਦੇ ਵਿਆਪਕ ਕੌਮੀ ਚੌਖਟੇ ਤੋਂ ਵੱਖ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੀ ਇਹ ਸਮਝ ਦੇਸ਼ ਦੇ ਮੌਜੂਦ ਸਿਆਸੀ ਤੇ ਸਮਾਜਕ ਹਾਲਾਤ ਲਈ ਅੱਜ ਵੀ ਸਾਰਥਕ ਹੈ।

ਫਿਰਕਾਪ੍ਰਸਤੀ ਵਿਰੁੱਧ ਲੜਾਈ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਸੀ, “ਲੋਕਾਂ ਨੂੰ ਆਪਸ ਵਿੱਚ ਲੜਨੋਂ ਰੋਕਣ ਲਈ ਜਮਾਤੀ ਜਾਗਰੂਕਤਾ ਦੀ ਲੋੜ ਹੈ। ਗਰੀਬ ਲੋਕਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਸਲ ਦੁਸ਼ਮਣ ਪੂੰਜੀਪਤੀ ਹਨ, ਇਸ ਲਈ ਉਨ੍ਹਾਂ ਨੂੰ ਪੂੰਜੀਪਤੀਆਂ ਦੇ ਹੱਥ ਠੋਕੇ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ... ਲੋਕਾਂ ਵਿੱਚ ਇਹ ਸਮਝ ਵਿਕਸਿਤ ਕਰਨੀ ਚਾਹੀਦੀ ਹੈ ਕਿ ਸੰਸਾਰ ਦੇ ਸਾਰੇ ਗਰੀਬ, ਭਾਵੇਂ ਉਹ ਕਿਸੇ ਵੀ ਨਸਲ, ਜਾਤ, ਰੰਗ, ਕੌਮ ਅਤੇ ਦੇਸ਼ ਨਾਲ ਸੰਬੰਧਤ ਹੋਣ, ਉਨ੍ਹਾਂ ਦਾ ਭਲਾ ਤੇ ਖੁਸ਼ਹਾਲੀ ਉਨ੍ਹਾਂ ਦੇ ਸਾਂਝੇ ਸੰਘਰਸ਼ਾਂ ਵਿੱਚ ਹੀ ਹੈ। ਇਸ ਲਈ ਉਨ੍ਹਾਂ ਨੂੰ ਸਾਰੇ ਨਸਲੀ, ਕੌਮੀ ਅਤੇ ਧਾਰਮਿਕ ਭਿੰਨ-ਭੇਦ ਮਿਟਾ ਕੇ ਹਕੂਮਤ ਦੀ ਤਾਕਤ ਆਪਣੇ ਹੱਥਾਂ ਵਿੱਚ ਲੈਣ ਲਈ ਇੱਕਮੁੱਠ ਹੋਣਾ ਚਾਹੀਦਾ ਹੈ।”

ਭਗਤ ਸਿੰਘ ਹੁਰਾਂ ਦੇ ਇਹ ਇਨਕਲਾਬੀ ਵਿਚਾਰ ਹੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਜ ਤੱਕ ਮਰਨ ਨਹੀਂ ਦਿੱਤਾ। ਬਰਤਾਨਵੀ ਸਾਮਰਾਜ ਦੀ ਹਕੂਮਤ ਨੇ ਉਨ੍ਹਾਂ ਨੂੰ ਸ਼ਹੀਦ ਤਾਂ ਕਰ ਦਿੱਤਾ, ਪਰ ਉਨ੍ਹਾਂ ਨੂੰ ਖਤਮ ਕਰਨ ਵਿੱਚ ਉਹ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ। ਆਜ਼ਾਦੀ ਤੋਂ ਬਾਅਦ ਦੇਸ਼ ’ਤੇ ਕਾਬਜ਼ ਜਮਾਤ ਨੇ ਵੀ ਉਨ੍ਹਾਂ ਨੂੰ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਮਹਾਨ ਇਨਕਲਾਬੀ ਦੇ ਦਾਰਸ਼ਨਿਕ ਪਹਿਲੂ ’ਤੇ ਪਰਦਾ ਪਾ ਕੇ, ਹੱਥ ਵਿੱਚ ਪਿਸਤੌਲ ਫੜਾ ਕੇ ਉਨ੍ਹਾਂ ਦੀ ਇੱਕ ਅਜਿਹੀ ਤਸਵੀਰ ਲੋਕ ਮਨਾਂ ਵਿੱਚ ਚਿਤਰਨ ਦੀ ਲੰਮਾ ਸਮਾਂ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਜਾਪੇ ਕਿ ਭਗਤ ਸਿੰਘ ਸਿਰਫ ਇੱਕ ਜੋਸ਼ੀਲਾ ਨੌਜਵਾਨ ਸੀ, ਜਿਹੜਾ ਗੋਲੀਆਂ-ਬੰਬਾਂ ਦੀ ਭਾਸ਼ਾ ਹੀ ਜਾਣਦਾ ਸੀ। ਉਨ੍ਹਾਂ ਦੇ ਸਿਰ ’ਤੇ ਬਸੰਤੀ ਪੱਗ ਰੱਖ ਕੇ ਜਾਂ ਹੈਟ ਰੱਖ ਕੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਵਰਗਾ ਹੁਲੀਆ ਅਖਤਿਆਰ ਕਰਨ ਲਈ ਹੀ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੇ ਵਿਚਾਰਾਂ ਦੇ ਪਸਾਰ ਵੱਲ ਜ਼ਰਾ ਜਿੰਨਾ ਵੀ ਧਿਆਨ ਨਹੀਂ ਦਿੱਤਾ ਗਿਆ। ਸਿਰਫ ਤੇ ਸਿਰਫ ਭ੍ਰਿਸ਼ਟਾਚਾਰ ਨੂੰ ਹੀ ਬਿਮਾਰੀ ਦੀ ਜੜ੍ਹ ਦੱਸ ਕੇ, ਦੇਸ਼ ਵਿੱਚ ਵੱਖਰੀ ਕਿਸਮ ਦੀ ਸਿਆਸਤ ਦੇ ਅਲੰਬਰਦਾਰ ਅਖਵਾਉਣ ਵਾਲਿਆਂ ਨੇ ਵੀ ਕੇਸਰੀ ਪੱਗਾਂ ਸਿਰ ’ਤੇ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਭਰਮ ਜਾਲ ਵਿੱਚ ਫਾਹੁਣ ਲਈ ਪੂਰੀ ਵਾਹ ਲਾਈ ਹੋਈ ਹੈ। ਇਹੀ ਕੋਸ਼ਿਸ਼ ਪਹਿਲਾਂ ਪਰਵਾਰਿਕ ਮੱਤਭੇਦਾਂ ਕਾਰਨ ਬਾਦਲ ਪਰਵਾਰ ਵਿੱਚੋਂ ਨਿਕਲ ਕੇ ਵੱਖ ਹੋਏ ਮਨਪ੍ਰੀਤ ਬਾਦਲ ਨੇ ਵੀ ਕੀਤੀ ਸੀ, ਪਰ ਹਰ ਕੋਈ ਜਾਣਦਾ ਹੈ ਕਿ ਇਹ ਸਿਰਫ ਸੌੜੇ ਸਿਆਸੀ ਮਨੋਰਥਾਂ ਨੂੰ ਵਰਤਣ ਦੀਆਂ ਕੋਝੀਆਂ ਚਾਲਾਂ ਹੀ ਹਨ।

ਇਨਕਲਾਬੀ ਵਿਰਾਸਤ ਦੇ ਇਸ ਚਾਨਣ ਮੁਨਾਰੇ ਤੋਂ ਦੇਸ਼ ਦੀ ਜਵਾਨੀ ਅੱਜ ਵੀ ਸੇਧ ਲੈ ਸਕਦੀ ਹੈ ਤੇ ਅਨਪੜ੍ਹਤਾ-ਅਗਿਆਨਤਾ ਦੇ ਜੂਲੇ ਵਿੱਚ ਜਕੜੇ ਲੋਕਾਂ ਲਈ ਰਾਹ ਦਰਸਾਵਾ ਬਣ ਸਕਦੀ ਹੈ। ਭਗਤ ਸਿੰਘ ਦੇ ਵਿਚਾਰ ਜਿੰਨੀ ਤੇਜ਼ੀ ਨਾਲ ਫੈਲਣੇ ਚਾਹੀਦੇ ਹਨ, ਉਸ ਤੋਂ ਕਿਤੇ ਵੱਧ ਜ਼ੋਰ ਨਾਲ ਉਨ੍ਹਾਂ ’ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਨਿਰੰਤਰ ਹੋ ਰਹੀਆਂ ਹਨ। 23 ਮਾਰਚ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ਤੋਂ ਪਹਿਲਾਂ ਫਰਵਰੀ ਦੀ 14 ਤਰੀਕ ਨੂੰ ਦੁਨੀਆ ਭਰ ਵਿੱਚ ‘ਪ੍ਰੇਮ ਦਿਵਸ’ ਮਨਾਇਆ ਜਾਂਦਾ ਹੈ। ਹਿੰਦੂਤਵੀ ਤਾਕਤਾਂ ਇਸ ‘ਪ੍ਰੇਮ ਦਿਵਸ’ ਦਾ ਵਿਰੋਧ ਕਰਨ ਲਈ ਸ਼ਹੀਦ ਭਗਤ ਸਿੰਘ ਦਾ ਇਹ ਕਹਿ ਕੇ ਨਾਂਅ ਵਰਤਦੀਆਂ ਹਨ ਕਿ ਇਹ ਨਾ ਭੁੱਲੋ ਕਿ ਇਸ ਦਿਨ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਭਗਤ ਸਿੰਘ ਦੀ ਤਸਵੀਰ ਵਾਲੇ ਸਟਿੱਕਰਾਂ ’ਤੇ ਆਮ ਹੀ ਇਹ ਲਿਖਿਆ ਲੱਭੇਗਾ “ਅੰਗਰੇਜ਼ ਖੰਘੇ ਸੀ, ਤਾਂਹੀਓਂ ਟੰਗੇ ਸੀ।”

ਖੱਬੇ-ਪੱਖੀ ਅੰਦੋਲਨ ਨਾਲ ਜੁੜੀਆਂ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਹੁਰਾਂ ਦੀ ਅਸਲ ਵਿਰਾਸਤ ਨੂੰ ਸਾਂਭਣ ਤੇ ਉਸ ਦਾ ਪਸਾਰ ਕਰਨ ਲਈ ਪਹਿਲਾਂ ਦੇ ਮੁਕਾਬਲੇ ਅੱਜ ਕਿਤੇ ਵਧੇਰੇ ਸਰਗਰਮ ਹਨ, ਪਰ ਇਹ ਸਰਗਰਮੀ ਇਸ ਵਿਰਾਸਤ ’ਤੇ ਮਿੱਟੀ ਪਾਉਣ ਵਾਲੀਆਂ ਤਾਕਤਾਂ ਦੇ ਮੁਕਾਬਲੇ ਅਜੇ ਉਸ ਪੱਧਰ ’ਤੇ ਨਹੀਂ ਪੁੱਜ ਸਕੀ, ਜਿਸ ’ਤੇ ਇਸ ਨੂੰ ਹੋਣਾ ਚਾਹੀਦਾ ਹੈ।

ਆਓ, ਭਾਰਤ ਦੇ ਆਜ਼ਾਦੀ ਅੰਦੋਲਨ ਦੀ ਇਸ ਅਜ਼ੀਮ ਸ਼ਖਸੀਅਤ ਦੀ ਸ਼ਹਾਦਤ ਦੀ 72ਵੀਂ ਵਰ੍ਹੇਗੰਢ ਮੌਕੇ ਕੇਸਰੀ ਪੱਗ ਜਾਂ ਹੈਟ ਵਾਲੀਆਂ ਤਸਵੀਰਾਂ ਦੀ ਥਾਂ ਉਨ੍ਹਾਂ ਦੀ ਵਿਚਾਰਧਾਰਾ ਦੇ ਪਰਚਮ ਨੂੰ ਪੂਰੀ ਸੂਝ-ਬੂਝ ਤੇ ਜੋਸ਼ ਨਾਲ ਬੁਲੰਦ ਕਰਨ ਦਾ ਅਹਿਦ ਲਈਏ।

*****

(644)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author