InderjitChugavan7ਕੋਈ ਸਮੱਸਿਆ ਹੈ ਤਾਂ ਉਹਦਾ ਹੱਲ ਕੱਢ ਲੈਨੇ ਆਂ ਆਪਾਂ … ਦੱਸ ਤਾਂ ਸਹੀ!” ਮੋਢੇ ’ਤੇ ਰੱਖੇ ਹੱਥ ਨੇ ਕੰਮ ਕੀਤਾ ਤੇ ਉਹ ...
(22 ਅਕਤੂਬਰ 2023)


ਮਨੁੱਖ ਇੱਕ ਬਹੁਤ ਹੀ ਸੰਵੇਦਨਸ਼ੀਲ ਜੀਵ ਹੈ
ਇਹ ਸੰਵੇਦਨਸ਼ੀਲਤਾ ਹਰ ਮਨੁੱਖ ਵਿੱਚ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਹਰ ਮਨੁੱਖ ਇੱਕੋ ਜਿਹਾ ਹੀ ਸੰਵੇਦਨਸ਼ੀਲ ਹੋਵੇ ਇਸਦਾ ਪੱਧਰ ਇਹ ਪਹਿਲੂ ਤੈਅ ਕਰਦਾ ਹੈ ਕਿ ਸੰਬੰਧਤ ਵਿਅਕਤੀ ਕਿਸ ਮਾਹੌਲ ਵਿੱਚ ਪਲ਼ਿਆ ਹੈਉਹ ਰਹਿ ਕਿਸ ਮਾਹੌਲ ਵਿੱਚ ਰਿਹਾ ਹੈ, ਉਸਦਾ ਕਾਰਜ-ਖੇਤਰ ਕਿਹੋ ਜਿਹਾ ਹੈ ਜਦੋਂ ਦੋਂਹ ਮਨੁੱਖਾਂ ਵਿੱਚ ਸੰਵੇਦਨਸ਼ੀਲਤਾ ਦੀਆਂ ਤਰੰਗਾਂ ਮੇਲ ਖਾ ਜਾਂਦੀਆਂ ਹਨ ਤਾਂ ਉਨ੍ਹਾਂ ਵਿਚਾਲੇ ਰਿਸ਼ਤਾ ਬਿਨ ਉਚੇਚ ਗੂੜ੍ਹਾ ਹੋਈ ਜਾਂਦਾ ਹੈ

ਮੇਰੇ ਕੁਝ ਇੱਕ ਦੋਸਤ ਅਜਿਹੇ ਹਨ ਜਿਨ੍ਹਾਂ ਨਾਲ ਮੇਰੀਆਂ ਇਹ ਤਰੰਗਾਂ ਮੇਚ ਖਾਂਦੀਆਂ ਹਨਅਸੀਂ ਇਕੱਠੇ ਹੱਸ ਵੀ ਲੈਂਦੇ ਹਾਂ, ਰੋ ਵੀ ਲੈਂਦੇ ਹਾਂਮੈਂ ਤੇ ਮੇਰਾ ਮਿੱਤਰ ਮਹੀਪਾਲ ਮਨੁੱਖਤਾ ਦੇ ਪਹਿਲੂਆਂ ਨੂੰ ਉਜਾਗਰ ਕਰਦਾ ਕੋਈ ਗੀਤ ਸੁਣਕੇ, ਕੋਈ ਕਹਾਣੀ ਪੜ੍ਹਕੇ ਬੱਚਿਆਂ ਵਾਂਗ ਰੋ ਪੈਂਦੇ ਹਾਂਕਈ ਵਾਰ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਟਰੱਕ ਚਲਾਉਂਦਿਆਂ ਕੋਈ ਘਟਨਾ ਯਾਦ ਕਰਕੇ, ਕੋਈ ਗੀਤ ਸੁਣਕੇ ਅੱਖਾਂ ਵਿੱਚੋਂ ਹੰਝੂ ਆਪ-ਮੁਹਾਰੇ ਵਗਣ ਲੱਗ ਪੈਂਦੇ ਹਨਫੇਰ ਜਦੋਂ ਖਿਆਲ ਆਉਂਦਾ ਹੈ ਕਿ ਮੇਰਾ ਜੋਟੀਦਾਰ ਡਰਾਈਵਰ ਕਿਤੇ ਇਹ ਹੰਝੂ ਦੇਖ ਨਾ ਲਵੇ ਤਾਂ ਫ਼ੌਰੀ ਤੌਰ ’ਤੇ ਆਪਣੇ ਆਪ ਨੂੰ ਇਹ ਕਹਿਕੇ ਸੰਭਾਲ ਲੈਂਦਾ ਹਾਂ, “ਬਾਹਲ਼ਾ ਹੀ ਪਾਗਲ ਐਂ ਤੂੰ ਯਾਰਾ … ਸੰਭਲ਼ ਜ਼ਰਾ!” ਮੇਰਾ ਦੋਸਤ ਬਲਬੀਰ ਸੂਫ਼ੀ (ਗਾਇਕ-ਗੀਤਕਾਰ) ਅਜਿਹੇ ਮੌਕਿਆਂ ਬਾਰੇ ਗੱਲ ਕਰਦਾ ਅਕਸਰ ਕਹਿੰਦਾ ਹੁੰਦਾ ਹੈ, “ਆਪਾਂ ਤਾਂ ਯਾਰਾ ਬਾਹਲ਼ੇ ਹੀ ਪਾਗਲ ਆਂ …!” ਤੇ ਮੇਰਾ ਜਵਾਬ ਹੁੰਦਾ ਹੈ, “ਪਾਗਲ ਜ਼ਰੂਰ ਆਂ, ਬੇਵਕੂਫ਼ ਨਹੀਂ!”

ਇਸ ਵਾਰ ਦੇ ਗੇੜੇ ਮੈਨੂੰ ਆਪਣੇ ਇੱਕ ਅਜਿਹੇ ਹੀ ਪਾਗਲ ਮਿੱਤਰ ਦੀ ਬਹੁਤ ਯਾਦ ਆ ਗਈਮੇਰੀਲੈਂਡ ਦੇ ਹਯਾਟਵਿਲ ਵਿੱਚ ਸਮਾਨ ਲਾਹੁਣ ਦਾ ਸਮਾਂ ਰਾਤ ਪੌਣੇ ਬਾਰਾਂ ਵਜੇ ਸੀ ਤੇ ਵਾਪਸੀ ਦਾ ਸਮਾਨ ਨਾਰਥ ਕੈਰੋਲਾਈਨਾ ਦੇ ਮੂਰਸਵਿਲ ਸ਼ਹਿਰ ਤੋਂ ਅਗਲੇ ਦਿਨ ਸਵੇਰੇ ਗਿਆਰਾਂ ਵਜੇ ਚੁੱਕਣਾ ਸੀਪਹਿਲਾਂ ਤਾਂ ਸਾਨੂੰ ਡੋਰ ਤੜਕੇ ਚਾਰ ਵਜੇ ਮਿਲਿਆਫੇਰ ਸਵੇਰੇ ਛੇ ਵਜੇ ਪੱਲੇਦਾਰਾਂ ਨੇ ਅੰਦਰ ਬੁਲਾ ਕੇ ਦਿਖਾਇਆ ਕਿ ਸਾਡੇ ਟ੍ਰੇਲਰ ਵਿਚਲੇ ਤਿੰਨ ਪੈਲਟ ਟੇਢੇ ਹੋਏ ਪਏ ਹਨਕਹਿਣ ਲੱਗੇ ਕਿ ਇਨ੍ਹਾਂ ਨੂੰ ਸਿੱਧੇ ਕਰੋ, ਫੇਰ ਹੀ ਉਤਾਰਾਂਗੇਅੰਦਰ ਠੰਢ ਬਹੁਤ ਸੀ ਤੇ ਸਾਡੇ ਲਈ ਇਹ ਕੰਮ ਮੁਸ਼ਕਲ ਸੀਅਸੀਂ ਕਿਹਾ ਕਿ ਸਾਡੀ ਕੰਪਨੀ ਤੁਹਾਨੂੰ ਤੁਹਾਡੀ ਮਿਹਨਤ ਦੇ ਦੇਵੇਗੀ, ਇਹ ਕੰਮ ਤੁਸੀਂ ਕਰ ਦਿਓਉਨ੍ਹਾਂ ਦੀ ਮੰਗ ਸੀ ਕਿ ਉਹ ਕੈਸ਼ ਲੈਣਗੇ, ਨਹੀਂ ਤਾਂ ਲੋਡ ਵਾਪਸ ਲਿਜਾਣਾ ਪਵੇਗਾਸਮਝ ਆ ਗਈ ਕਿ ਇਹ ਪੈਸੇ ਉਹ ਬਾਹਰੋਂ ਵਾਰ ਲੈਣਾ ਚਾਹੁੰਦੇ ਹਨਆਪਣੀ ਕੰਪਨੀ ਨਾਲ ਗੱਲ ਕਰਕੇ ਸੱਠ ਡਾਲਰ ਵਿੱਚ ਸੌਦਾ ਕਰ ਲਿਆਸਾਨੂੰ ਉਨ੍ਹਾਂ ਸਵੇਰੇ ਦਸ ਵਜੇ ਵਿਹਲੇ ਕੀਤਾਪੂਰਾ ਤਾਣ ਲਾ ਕੇ ਅਸੀਂ ਜਦੋਂ ਮੂਰਸਵਿਲ ਸ਼ਾਮ ਸਾਢੇ ਛੇ ਵਜੇ ਪਹੁੰਚੇ ਤਾਂ ਉਹ ਵੇਅਰਹਾਊਸ ਬੰਦ ਹੋ ਚੁੱਕਾ ਸੀ ਜਿੱਥੋਂ ਲੋਡ ਚੁੱਕਣਾ ਸੀਸਾਨੂੰ ਦੂਸਰੇ ਦਿਨ ਸਵੇਰੇ ਛੇ ਤੋਂ ਅੱਠ ਵਜੇ ਦੇ ਵਿੱਚ ਵਿੱਚ ਆਉਣ ਲਈ ਕਿਹਾ ਗਿਆਰਾਤ ਉੱਥੇ ਠਹਿਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਪਰ ਵੇਅਰਹਾਊਸ ਵਿੱਚ ਰਾਤ ਦੇ ਪੜਾਅ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਦਸ ਮੀਲ ਦੂਰ ਪਾਈਲਟ ਦੇ ਟਰੱਕ ਸਟਾਪ ’ਤੇ ਜਾਣਾ ਪਿਆ ਤੇ ਖੁਸ਼ਕਿਸਮਤੀ ਨਾਲ ਸਾਨੂੰ ਪਾਰਕਿੰਗ ਲਈ ਥਾਂ ਮਿਲ ਗਈਸਤਾਰਾਂ ਡਾਲਰ ਦੇ ਕੇ ਰਾਤ ਨਿਰਵਿਘਨ ਕੱਟਣ ਦਾ ਪ੍ਰਬੰਧ ਹੋ ਗਿਆਰਾਤ ਦੇ ਖਾਣੇ ਦਾ ਜੁਗਾੜ ਕਰਕੇ ਮੇਰਾ ਜੋਟੀਦਾਰ ਅਵਤਾਰ ਆਪਣੇ ਬਿਸਤਰੇ ਵਿੱਚ ਵੜ ਗਿਆਮੈਂ ਸੋਚਿਆ ਕਿ ਬਾਹਰ ਨਿਕਲ ਕੇ ਥੋੜ੍ਹਾ ਤੁਰ-ਫਿਰ ਲੈਂਦੇ ਹਾਂ, ਖਾਣਾ ਪਚ ਜਾਊ ਤੇ ਨੀਂਦ ਵਧੀਆ ਆਊਗੀ!

ਅੱਧਾ-ਪੌਣਾ ਘੰਟਾ ਤੋਰਾ-ਫੇਰਾ ਕਰਕੇ ਰੈਸਟਰੂਮ ਵਿੱਚ ਬਰੱਸ਼ ਕਰਨ ਤੋਂ ਬਾਅਦ ਵਾਪਸ ਆਪਣੇ ਟਰੱਕ ਵੱਲ ਆ ਰਿਹਾ ਸੀ ਤਾਂ ਮੇਰੇ ਕੰਨੀ ਕਿਸੇ ਦੇ ਸੁਬਕਣ ਦੀ ਆਵਾਜ਼ ਪਈਉਤਸੁਕਤਾ ਜਾਗੀ ਤਾਂ ਨੇੜੇ ਜਾ ਕੇ ਦੇਖਿਆ ਤਾਂ ਇੱਕ ਡਰਾਈਵਰ ਰੋ ਰਿਹਾ ਸੀਸਿਰ ’ਤੇ ਸਾਫ਼ਾ ਬੰਨ੍ਹਿਆ ਹੋਣ ਕਾਰਨ ਪਤਾ ਲੱਗ ਗਿਆ ਕਿ ਇਹ ਪੰਜਾਬੀ ਹੀ ਹੈਉਹ ਕਿਸੇ ਨਾਲ ਫੋਨ ’ਤੇ ਗੱਲ ਕਰ ਰਿਹਾ ਸੀਸੋਚਿਆ ਕਿ ਕਿਸੇ ਮੁਸ਼ਕਲ ਵਿੱਚ ਨਾ ਫਸਿਆ ਹੋਵੇ, ਪੁੱਛ ਲੈਣਾ ਚਾਹੀਦਾ ਹੈ ਜਦੋਂ ਉਸਨੇ ਫੋਨ ਬੰਦ ਕੀਤਾ ਤਾਂ ਮੈਂ ਕੋਲ ਹੋ ਕੇ ਕਿਹਾ, “ਕੀ ਗੱਲ ਹੋ ਗਈ ਭਾ?”

ਮੇਰੇ ਸਵਾਲ ਤੋਂ ਥੋੜ੍ਹਾ ਹੈਰਾਨ ਹੋਏ ਉਸ ਬੰਦੇ ਨੇ ਫ਼ੌਰੀ ਤੌਰ ’ਤੇ ਕੋਈ ਹੁੰਗਾਰਾ ਨਾ ਭਰਿਆਉਹਦੇ ਮੋਢੇ ’ਤੇ ਹੱਥ ਰੱਖਕੇ ਮੈਂ ਫੇਰ ਪੁੱਛਿਆ, “ਕੋਈ ਸਮੱਸਿਆ ਹੈ ਤਾਂ ਉਹਦਾ ਹੱਲ ਕੱਢ ਲੈਨੇ ਆਂ ਆਪਾਂ … ਦੱਸ ਤਾਂ ਸਹੀ!” ਮੋਢੇ ’ਤੇ ਰੱਖੇ ਹੱਥ ਨੇ ਕੰਮ ਕੀਤਾ ਤੇ ਉਹ ਹੌਲੀ ਹੌਲੀ ਸਹਿਜ ਹੋਣ ਲੱਗਾਥੋੜ੍ਹੀ ਦੇਰ ਬਾਅਦ ਬੋਲਿਆ, “ਗੱਲ ਕੀ ਹੋਣੀ ਆਂ ਭਾਜੀ, ਵੱਡਾ ਭਰਾ ਗੁੱਸੇ ਹੋਇਆ ਬੈਠਾ ਹੈ! ਪੈਸੇ ਮੰਗ ਰਿਹਾ ਹੈ ਪਰ ਮੈਂ ਕਿੱਥੋਂ ਭੇਜਾਂ ਭਲਾ! ਟਰੱਕ ਲੈ ਕੇ ਫਸ ਗਿਆਂ ਮੈਂ ਤਾਂ, ਖ਼ਰਚੇ ਪੂਰੇ ਨਹੀਂ ਪੈ ਰਹੇਜੇਬ ਵਿੱਚੋਂ ਜਾ ਰਹੇ ਆਫਿਊਲ ਪ੍ਰਾਈਸਜ਼ ਹੇਠਾਂ ਆਉਣ ਦਾ ਨਾਂ ਨਹੀਂ ਲੈ ਰਹੀਆਂ, ਲੋਡ ਦੀਆਂ ਕੀਮਤਾਂ ਹੇਠਾਂ ਆਈ ਜਾ ਰਹੀਆਂ ਪਰ ਭਾਜੀ ਸਮਝ ਹੀ ਨਹੀਂ ਰਹੇ …!”

ਉਸਦੇ ਇਨ੍ਹਾਂ ਬੋਲਾਂ ਨੇ ਟਰੱਕਿੰਗ ਬਿਜ਼ਨੈਸ ਵਿੱਚ ਚੱਲ ਰਹੇ ਮੰਦਵਾੜੇ ਦੀ ਤਸਵੀਰ ਸਾਹਮਣੇ ਲਿਆ ਖੜ੍ਹੀ ਕੀਤੀਮੇਰੇ ਸਾਹਮਣੇ ਬੈਠਾ ਟਰੱਕ ਮਾਲਕ-ਡਰਾਈਵਰ ਇਸ ਮੰਦਵਾੜੇ ਵਿੱਚ ਨਪੀੜਿਆ ਜਾ ਰਿਹਾ ਸੀਮੈਂ ਮਹਿਸੂਸ ਕੀਤਾ ਕਿ ਇਸ ਮੰਦਵਾੜੇ ਕਾਰਨ ਹੋ ਰਹੇ ਮਾਲੀ ਨੁਕਸਾਨ ਤੋਂ ਵੱਧ ਉਸ ਨੂੰ ਵੱਡੇ ਭਰਾ ਨਾਲ ਆਪਣੇ ਰਿਸ਼ਤੇ ਵਿੱਚ ਪੈਦਾ ਹੋਈ ਕਸ਼ੀਦਗੀ ਜ਼ਿਆਦਾ ਪ੍ਰੇਸ਼ਾਨੀ ਦੇ ਰਹੀ ਸੀਉਸ ਦੇ ਮਨ ਵਿੱਚ ਇਹ ਡਰ ਸੀ ਕਿ ਭਰਾ ਕਿਤੇ ਪੱਕੇ ਤੌਰ ’ਤੇ ਹੀ ਦੂਰ ਨਾ ਹੋ ਜਾਵੇਮੈਂ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ, “ਜੇ ਤੁਹਾਡਾ ਵੱਡਾ ਭਰਾ ਸੱਚਮੁੱਚ ਹੀ ਵੱਡਾ ਹੈ ਤਾਂ ਉਹ ਗੁੱਸੇ ਨਹੀਂ ਰਹਿਣ ਲੱਗਾ, ਜਲਦੀ ਤੁਹਾਨੂੰ ਫੋਨ ਕਰੇਗਾ …!”

ਮੇਰੇ ਬੋਲਾਂ ਨੇ ਉਸ ਨੂੰ ਧਰਵਾਸ ਦਿੱਤਾਪੁੱਛਣ ਲੱਗਾ, “ਸੱਚੀਂ ਭਾਜੀ?”

ਉਸਦੇ ਇਸ ਸਵਾਲ ਨੇ ਮੈਨੂੰ ਮੇਰਾ ਪਿਆਰਾ ਮਿੱਤਰ ਗਿਆਨ ਸੈਦਪੁਰੀ ਯਾਦ ਕਰਵਾ ਦਿੱਤਾਉਸਦੀ ਪਿੱਠ ਥਾਪੜਦਿਆਂ ਮੈਂ ਕਿਹਾ, “ਕਿਉਂ ਨਹੀਂ, ਉਹ ਗੁੱਸੇ ਹੋ ਹੀ ਨਹੀਂ ਸਕਦਾਤੈਨੂੰ ਤਲਖ਼ ਬੋਲ ਕੇ ਉਹ ਵੀ ਜ਼ਰੂਰ ਪਰੇਸ਼ਾਨ ਹੋਵੇਗਾ!”

ਉਹ ਹੁਣ ਸਹਿਜ ਅਵਸਥਾ ਵਿੱਚ ਆ ਚੁੱਕਾ ਸੀਸਮਾਂ ਹੋ ਰਿਹਾ ਸੀ, ਤੜਕੇ ਸਵੇਰੇ ਉੱਠ ਕੇ ਤੁਰਨਾ ਸੀਮੈਂ ਆਪਣੇ ਟਰੱਕ ਵੱਲ ਵਧਣ ਲੱਗਾ ਤਾਂ ਮੇਰੇ ਮੂੰਹੋਂ ਅਚਾਨਕ ਇਹ ਬੋਲ ਨਿਕਲ ਗਏ, “ਵਾਹ ਉਏ ਗਿਆਨ …!”

ਇਹ ਸੁਣਦਿਆਂ ਉਹ ਭੱਜ ਕੇ ਮੇਰੇ ਕੋਲ ਆਇਆਪੁੱਛਣ ਲੱਗਾ, “ਤੁਹਾਨੂੰ ਮੇਰੇ ਨਾਂਅ ਦਾ ਕਿਵੇਂ ਪਤਾ ਭਾਜੀ …?” ਮੈਂ ਖੁਦ ਹੈਰਾਨ ਸੀ ਇਸ ਮੌਕਾ ਮੇਲ ਤੋਂ! ਮੈਂ ਕਿਹਾ, “ਗਿਆਨ ਮੇਰਾ ਇੱਕ ਦੋਸਤ ਹੈ … ਤੇਰੇ ਵਾਂਗ ਹੀ ਪਾਗਲ …!” ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਮੇਰੇ ਮੋਢੇ ਲੱਗ ਕੇ ਰੋ ਪਿਆਕਹਿਣ ਲੱਗਾ, “ਮੈਨੂੰ ਮੇਰਾ ਭਰਾ ਮਿਲ ਪਿਆ …!” ਅੱਖਾਂ ਮੇਰੀਆਂ ਵੀ ਨਮ ਹੋ ਗਈਆਂਉੱਠੇ ਗੁਬਾਰ ਦੇ ਸ਼ਾਂਤ ਹੋਣ ਤੋਂ ਬਾਅਦ ਅਸੀਂ ਦੋਵੇਂ ਭਰਾ ਆਪੋ-ਆਪਣੇ ਕੈਬਿਨਾਂ ਵਿੱਚ ਜਾ ਵੜੇ

ਮੈਨੂੰ ਇਸ ਮੌਕੇ ਆਪਣੇ ਦੋਸਤ ਗਿਆਨ ਸੈਦਪੁਰੀ ਵੱਲੋਂ ਸੁਣਾਈ ਗਈ ਇੱਕ ਘਟਨਾ ਯਾਦ ਆ ਗਈਆਪਣੇ ਵੱਡੇ ਭਰਾ ਨਾਲ ਉਸਦਾ ਬਹੁਤ ਮੋਹ ਹੈਇਸ ਮੋਹ ਬਾਰੇ ਉਸ ਨੇ ਇੱਕ ਗੱਲ ਸੁਣਾਈ ਸੀਉਸਨੇ ਦੱਸਿਆ ਕਿ ਸਕੂਲ ਪੜ੍ਹਦਿਆਂ ਇੱਕ ਵਾਰ ਉਹ ਵੱਡੇ ਭਰਾ ਗੁਰਨਾਮ ਨਾਲ ਨਿੱਕੀ ਜਿਹੀ ਗੱਲ ਤੋਂ ਲੜ ਪਿਆਇਸ ਬਾਰੇ ਜਦੋਂ ਉਸ ਦੇ ਭਾਪਾ ਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏਦਰਵੇਸ਼ ਰੂਹ ਵਾਲੇ ਬਜ਼ੁਰਗ ਨੇ ਉਸ ਨੂੰ ਡਾਂਟਿਆ ਨਹੀਂਗਿਆਨ ਦੱਸ ਰਿਹਾ ਸੀ ਕਿ ਭਾਪਾ ਜੀ ਉਸ ਵੇਲੇ ਮੱਕੀ ਗੁੱਡ ਰਹੇ ਸੀਬਹੋਲੇ ਦਾ ਆਸਰਾ ਲੈ ਕੇ ਕਹਿਣ ਲੱਗੇ, “ਪੁੱਤਰਾ, ਮੇਰੀ ਗੱਲ ਸੁਣ ਧਿਆਨ ਨਾਲ! ਭਰਾਵਾਂ ਨਾਲ ਗੁੱਸੇ ਹੋ ਜਾਈਏ ਤਾਂ ਰੱਬ ਵੀ ਗੁੱਸੇ ਹੋ ਜਾਂਦਾ ਹੈ, ਜਦੋਂ ਭਰਾ ਮਿਲਦੇ ਆ ਤਾਂ ਰੱਬ ਵੀ ਖੁਸ਼ ਹੋ ਜਾਂਦਾ ਹੈ!”

ਗਿਆਨ ਨੇ ਦੱਸਿਆ ਕਿ ਭਾਪਾ ਜੀ ਨੇ ਉਸ ਵਕਤ ਬੁੱਕਲ ਵਿੱਚ ਲੈ ਕੇ ਮੈਨੂੰ ਇੱਕ ਲੋਕ ਕਥਾ ਸੁਣਾਈਕਹਿਣ ਲੱਗੇ ਕਿ ਮੋਹਣ ਤੇ ਸੋਹਣ ਨਾਂਅ ਦੇ ਦੋ ਭਰਾਵਾਂ ਵਿੱਚ ਬਹੁਤ ਪਿਆਰ ਸੀ ਪਰਿਵਾਰ ਵਿੱਚ ਹਾਲਾਤ ਇਹੋ ਜਿਹੇ ਬਣੇ ਕਿ ਉਨ੍ਹਾਂ ਨੂੰ ਖੇਤੀ-ਬਾੜੀ ਵੱਖ ਕਰਨੀ ਪਈਮੌਸਮ ਨੇ ਸਾਥ ਨਾ ਦਿੱਤਾਕਣਕ ਦਾ ਝਾੜ ਬਹੁਤ ਘੱਟ ਨਿਕਲਦਾ ਦਿਸ ਰਿਹਾ ਸੀਦੋਵੇਂ ਭਰਾ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਤਾਂ ਨਹੀਂ ਸੀ ਪਰ ਇੱਕ ਦੂਸਰੇ ਦਾ ਫ਼ਿਕਰ ਉਨ੍ਹਾਂ ਨੂੰ ਵੱਢ-ਵੱਢ ਖਾਈ ਜਾ ਰਿਹਾ ਸੀਛੋਟੇ ਸੋਹਣ ਨੇ ਸੋਚਿਆ ਕਿ ਭਰਾ ਦੇ ਝਾੜ ਘੱਟ ਨਿਕਲਿਆ ਹੈ, ਉਹ ਗੁਜ਼ਾਰਾ ਕਿਵੇਂ ਕਰੇਗਾ? ਇੱਕ ਰਾਤ ਉਸਨੇ ਮਲਕੜੇ ਜਿਹੇ ਆਪਣੇ ਖੇਤ ਵਿੱਚੋਂ ਕੁਝ ਭਰੀਆਂ ਕਣਕ ਚੁੱਕ ਕੇ ਵੱਡੇ ਭਰਾ ਦੇ ਖੇਤਾਂ ਵਿੱਚ ਜਾ ਰੱਖੀਆਂਸਵੇਰ ਹੋਈ ਤਾਂ ਉਹ ਇਹ ਦੇਖ ਹੈਰਾਨ ਰਹਿ ਗਿਆ ਕਿ ਉਸਦੀ ਕਣਕ ਦੀਆਂ ਭਰੀਆਂ ਪਹਿਲਾਂ ਜਿੰਨੀਆਂ ਹੀ ਸਨਦੂਸਰੀ ਰਾਤ ਉਸਨੇ ਫੇਰ ਉਸੇ ਤਰ੍ਹਾਂ ਕੀਤਾ ਤੇ ਸਵੇਰ ਵੇਲੇ ਉਸ ਦੀਆਂ ਭਰੀਆਂ ਫੇਰ ਪੂਰੀਆਂ ਹੀ ਸਨਦੋ-ਤਿੰਨ ਰਾਤਾਂ ਇਹ ਸਿਲਸਿਲਾ ਚੱਲਦਾ ਰਿਹਾਫੇਰ ਇੱਕ ਰਾਤ ਇੰਝ ਵਾਪਰੀ ਕਿ ਜਿਸ ਵਕਤ ਉਹ ਪਹਿਲੀ ਭਰੀ ਚੁੱਕ ਕੇ ਮੋਹਣ ਦੇ ਖੇਤ ਵੱਲ ਵਧਿਆ ਤਾਂ ਉਸਦੀ ਟੱਕਰ ਇੱਕ ਬੰਦੇ ਨਾਲ ਹੋ ਗਈ ਜੋ ਸਿਰ ’ਤੇ ਕਣਕ ਦੀ ਭਰੀ ਚੁੱਕੀ ਆ ਰਿਹਾ ਸੀਹਨੇਰਾ ਇੰਨਾ ਗਾੜ੍ਹਾ ਸੀ ਕਿ ਟਕਰਾਅ ਕੇ ਦੋਵੇਂ ਡਿਗ ਪਏਉੱਠ ਕੇ ਇੱਕ ਦੂਸਰੇ ਵੱਲ ਵੇਖਣ ਲੱਗੇਇਹ ਦੋਵੇਂ ਹੋਰ ਕੋਈ ਨਹੀਂ ਮੋਹਣ ਤੇ ਸੋਹਣ ਹੀ ਸਨਦੋਵੇਂ ਇੱਕ ਦੂਸਰੇ ਦੇ ਗਲ਼ ਲੱਗ ਬਹੁਤ ਰੋਏਉਹ ਵੱਖ ਜ਼ਰੂਰ ਹੋਏ ਸੀ ਪਰ ਉਨ੍ਹਾਂ ਵਿਚਲੇ ਪਿਆਰ ਵਿੱਚ ਕੋਈ ਵਖਰੇਵਾਂ ਨਹੀਂ ਸੀ ਆਇਆਦੋਵਾਂ ਭਰਾਵਾਂ ਨੂੰ ਇੱਕ ਦੂਸਰੇ ਦੇ ਗਲ਼ ਲੱਗਦਿਆਂ ਦੇਖ ਰੱਬ ਇੰਨਾ ਖੁਸ਼ ਹੋਇਆ ਕਿ ਉਸੇ ਥਾਂ ਵਿੱਚੋਂ ਇੱਕ ਚਸ਼ਮਾ ਫੁੱਟ ਪਿਆ ਜਿਸ ਨੇ ਬਾਅਦ ਵਿੱਚ ਕਾਲ਼ੀ ਵੇਈਂ ਦਾ ਰੂਪ ਧਾਰਿਆ

ਭਾਵੁਕ ਹੋਇਆ ਗਿਆਨ ਕਹਿ ਰਿਹਾ ਸੀ, “ਭਾਜੀ, ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤਰਕਸ਼ੀਲ ਹਾਂਇਸ ਤਰ੍ਹਾਂ ਹੋਣਾ ਸੰਭਵ ਨਹੀਂ ਪਰ ਮੈਂ ਬਾਅਦ ਵਿੱਚ ਇਸ ਬਾਰੇ ਪਤਾ ਹੋਣ ਦੇ ਬਾਵਜੂਦ ਭਾਪਾ ਜੀ ਨਾਲ ਕੋਈ ਤਰਕ ਨਹੀਂ ਕੀਤਾਸਗੋਂ ਮੈਨੂੰ ਜਾਪਦਾ ਹੈ ਕਿ ਜ਼ਰੂਰ ਇਸੇ ਤਰ੍ਹਾਂ ਹੋਇਆ ਹੋਵੇਗਾਹੁਣ ਭਾਪਾ ਜੀ ਸਰੀਰਕ ਤੌਰ ’ਤੇ ਨਹੀਂ ਰਹੇ ਪਰ ਮੈਂ ਜਦੋਂ ਵੀ ਆਪਣੇ ਵੱਡੇ ਭਾਜੀ ਗੁਰਨਾਮ ਸਿੰਹੁ ਨੂੰ ਦੇਖਦਾਂ ਤਾਂ ਮੈਨੂੰ ਕਾਲ਼ੀ ਵੇਈਂ ਯਾਦ ਆ ਜਾਂਦੀ ਹੈ ਤੇ ਜਦੋਂ ਕਾਲ਼ੀ ਵੇਈਂ ਨੂੰ ਦੇਖਦਾਂ ਤਾਂ ਮੈਨੂੰ ਭਾਪਾ ਜੀ ਸਾਹਮਣੇ ਖੜ੍ਹੇ ਨਜ਼ਰ ਆਉਂਦੇ ਹਨ ਮੈਨੂੰ ਲਗਦਾ ਹੈ ਕਿ ਜੇ ਕਾਲ਼ੀ ਵੇਈਂ ਦੇ ਫੁਟਾਲ਼ੇ ਬਾਰੇ ਇਸ ਗੱਲ ਨੂੰ ਗਲਤ ਕਿਹਾ ਤਾਂ ਭਾਪਾ ਜੀ ਦੀ ਮੌਤ ਅਟੱਲ ਹੈਜੇ ਉਨ੍ਹਾਂ ਦੀ ਮੌਤ ਹੋ ਗਈ ਤਾਂ ਵੱਡੇ ਭਾਜੀ ਵੀ ਗੁੱਸੇ ਹੋ ਜਾਣਗੇ … ਮੇਰਾ ਰੱਬ ਮੇਰੇ ਨਾਲ ਰੁੱਸ ਜਾਵੇਗਾ!”

ਸਾਡੀਆਂ ਲੋਕ ਕਥਾਵਾਂ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਵਿਗਿਆਨ ਦੀ ਕਸੌਟੀ ’ਤੇ ਖਰਾ ਨਹੀਂ ਉੱਤਰਦਾ ਪਰ ਉਨ੍ਹਾਂ ਵਿੱਚ ਛੁਪੇ ਹੋਏ ਮਾਨਵੀ ਸੰਵੇਦਨਸ਼ੀਲਤਾ ਦੇ ਸੁਨੇਹੇ ਤੋਂ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾਇਸ ਸੰਵੇਦਨਸ਼ੀਲਤਾ ਨੂੰ ਜਿਊਂਦਾ ਰੱਖਣ ਲਈ ਇਹ ਪਾਗਲਪਣ ਜ਼ਰੂਰੀ ਹੈ! ਐਪਰ, ਇਸ ਗੱਲ ਦਾ ਖਿਆਲ ਜ਼ਰੂਰ ਰੱਖੋ ਕਿ ਪਾਗਲਪਣ ਤੇ ਬੇਵਕੂਫ਼ੀ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4413)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author