“ਮੈਂ ਬਾਹਰ ਦੇਖਿਆ ਤਾਂ ਸਾਡੇ ਟਰੱਕ ਦੇ ਨਾਲ ਨਾਲ ਚੱਲ ਰਹੀ ਇੱਕ ਕਾਰ ਵਿੱਚੋਂ ਦੱਸ-ਬਾਰਾਂ ਸਾਲ ਦੇ ਦੋ ਜਵਾਕ ਬੜੀ ਬੇਸਬਰੀ ...”
(28 ਜੁਲਾਈ 2024)
ਨਵੇਂ ਇਲਾਕੇ, ਨਵੇਂ ਸੂਬੇ, ਨਵੇਂ ਦੇਸ਼ ਵਿੱਚ ਜਦੋਂ ਬੰਦਾ ਵਿਚਰਨ ਲਗਦਾ ਹੈ ਤਾਂ ਉਸ ਦਾ ਵਾਹ ਕਈ ਕਿਸਮ ਦੀਆਂ ਨਵੀਂਆਂ ਰਵਾਇਤਾਂ, ਲੋਕਾਂ ਦੀਆਂ ਆਦਤਾਂ ਨਾਲ ਪੈਂਦਾ ਹੈ। ਉਹ ਗੱਲਾਂ ਜਾਂ ਆਦਤਾਂ ਜੋ ਤੁਹਾਡੇ ਲਈ ਬੁਰੀਆਂ ਹੋ ਸਕਦੀਆਂ ਹਨ, ਦੂਸਰੇ ਇਲਾਕੇ ਦੇ ਲੋਕਾਂ ਲਈ ਚੰਗੀਆਂ ਵੀ ਹੋ ਸਕਦੀਆਂ ਹਨ। ਮਿਸਾਲ ਵਜੋਂ, ਆਪਣੇ ਦੇਸ਼ ਵਿੱਚ ਤੁਸੀਂ ਹੌਰਨ ਤੋਂ ਬਿਨਾਂ ਡਰਾਈਵਿੰਗ ਬਾਰੇ ਸੋਚ ਵੀ ਨਹੀਂ ਸਕਦੇ ਪਰ ਅਮਰੀਕਾ, ਕੈਨੇਡਾ ਤੇ ਯੂਰਪੀ ਦੇਸ਼ਾਂ ਵਿੱਚ ਹੌਰਨ ਨੂੰ ਲੋਕ ਜ਼ਰਾ ਜਿੰਨਾ ਵੀ ਪਸੰਦ ਨਹੀਂ ਕਰਦੇ, ਉਹ ਹੌਰਨ ਗਾਲ਼ ਕੱਢਣ ਬਰਾਬਰ ਮੰਨਦੇ ਹਨ। ਆਸ-ਪਾਸ ਦੇ ਲੋਕ ਤੁਹਾਡੇ ਵੱਲ ਅੱਖਾਂ ਕੱਢ ਕੇ ਵੇਖਣ ਲੱਗਦੇ ਹਨ ਜਦਕਿ ਆਪਣੇ ਦੇਸ਼ ਵਿੱਚ ਤਸਵੀਰ ਅਸਲੋਂ ਉਲਟੀ ਹੈ। ਬਿਨਾਂ ਹੌਰਨ ਦੇ ਜਦੋਂ ਤੁਸੀਂ ਲੰਘਣ ਲੱਗਦੇ ਹੋ ਤਾਂ ਲੋਕ ਗਲ਼ ਪੈ ਜਾਂਦੇ ਹਨ, “ਕੀ ਗੱਲ ਐ, ਹੌਰਨ ਵਜਾਉਣ ਵਿੱਚ ਮੁੱਲ ਲਗਦਾ ਹੈ …!”
ਘਰੋਂ ਕੰਮ ’ਤੇ ਜਾਂਦਿਆਂ-ਆਉਂਦਿਆਂ ਮੈਂ ਹੌਰਨ ਵਜਾਉਣ ਤੋਂ ਗੁਰੇਜ਼ ਕਰਦਾ ਸੀ। ਕਈ ਵਾਰ ਜਦੋਂ ਪਰਮਜੀਤ ਨੇ ਨਾਲ ਹੋਣਾ ਤਾਂ ਉਸ ਨੇ ਕਹਿਣਾ, “ਹੌਰਨ ਵਜਾ ਲਿਆ ਕਰ ਯਾਰ! ਐਵੇਂ ਕੋਈ ਅਵੇਸਲਾ ਆ ਵੱਜੂ, ਫਿਰ ਚੰਗਾ …!” ਮੈਂ ਮਜ਼ਾਕ ਵਿੱਚ ਕਹਿਣਾ, “ਮੈਂ ਚਲਾਉਂਦਾ ਈ ਇੰਨਾ ਹੌਲੀ ਆਂ ਕਿ ਵਿੱਚ ਆ ਕੇ ਵੱਜਣ ਵਾਲੇ ਦਾ ਨੁਕਸਾਨ ਨਾ ਹੋਵੇ!” ਐਪਰ, ਹੁਣ ਇੱਥੇ ਅਮਰੀਕਾ ਆ ਕੇ ਇਸ ਮਾਮਲੇ ਵਿੱਚ ਮੈਂ ਬਦਲ ਗਿਆ ਹਾਂ। ਕੁਝ ਖ਼ਾਸ ਲੋਕਾਂ ਦੀ ਮੰਗ ’ਤੇ ਮੈਂ ਹੌਰਨ ਵਜਾ ਦਿੰਦਾ ਹਾਂ ਤੇ ਜਦੋਂ ਉਹ ਆਪਣੀ ਇੱਛਾ ਪੂਰਤੀ ’ਤੇ ਖੁਸ਼ੀ ਵਿੱਚ ਬਾਉਰੇ ਹੁੰਦੇ ਹਨ ਤਾਂ ਮਨ ਨੂੰ ਜੋ ਸਕੂਨ ਮਿਲਦਾ ਹੈ, ਉਹ ਬਿਆਨੋ ਬਾਹਰਾ ਹੈ।
ਟਰੱਕ ਡਰਾਈਵਿੰਗ ਮੈਂ ਫਰਵਰੀ 2020 ਤੋਂ ਸ਼ੁਰੂ ਕੀਤੀ ਸੀ। ਸ਼ੁਰੂ ਤੋਂ ਮੈਂ ਟੀਮ ਡਰਾਈਵਿੰਗ ਹੀ ਕਰ ਰਿਹਾ ਹਾਂ। ਸ਼ੁਰੂ ਵਿੱਚ ਮੇਰੀ ਜੋੜੀ ਜਿਨ੍ਹਾਂ ਡਰਾਈਵਰਾਂ ਨਾਲ ਬਣੀ, ਉਹ ਡਰਾਈਵਿੰਗ ਵਿੱਚ ਤਾਂ ਮੈਥੋਂ ਸੀਨੀਅਰ ਸਨ ਪਰ ਉਮਰ ਵਿੱਚ ਛੋਟੇ ਸਨ। ਉਨ੍ਹਾਂ ਕੋਲ਼ੋਂ ਸਿੱਖਣ ਵਿੱਚ ਮੈਨੂੰ ਕੋਈ ਝਿਜਕ ਮਹਿਸੂਸ ਨਹੀਂ ਸੀ ਹੁੰਦੀ। ਸ਼ਾਇਦ ਇਹੀ ਕਾਰਨ ਹੈ ਕਿ ਮੇਰਾ ਕਿਸੇ ਵੀ ਜੋਟੀਦਾਰ ਨਾਲ ਕਦੇ ਤਕਰਾਰ ਨਹੀਂ ਹੋਇਆ ਤੇ ਉਹ ਵੀ ਮੇਰੀ ਆਖੀ ਗੱਲ ਦਾ ਬੁਰਾ ਨਹੀਂ ਮਨਾਉਂਦੇ। ਜਦੋਂ ਵੀ ਕੋਈ ਜੋਟੀਦਾਰ ਅਜਿਹੀ ਹਰਕਤ ਕਰਦਾ ਹੈ, ਜੋ ਸੜਕ ’ਤੇ ਜਾ ਰਹੇ ਕਿਸੇ ਮਨੁੱਖ ਨੂੰ ਬੁਰੀ ਲੱਗ ਸਕਦੀ ਹੋਵੇ ਤਾਂ ਮੈਂ ਉਸੇ ਵੇਲੇ ਉਨ੍ਹਾਂ ਨੂੰ ਵਰਜ ਦਿੰਦਾ ਹਾਂ।
ਸ਼ੁਰੂਆਤੀ ਦਿਨਾਂ ਦੀ ਗੱਲ ਹੈ, ਅਸੀਂ ਆਈ-5 ਹਾਈਵੇ ’ਤੇ ਜਾ ਰਹੇ ਸੀ। ਮੈਂ ਨਾਲ ਬੈਠਾ ਸੀ। ਅਚਾਨਕ ਡਰਾਈਵਿੰਗ ਕਰ ਰਹੇ ਮੇਰੇ ਸਹਿਯੋਗੀ ਨੇ ਖਿੜਕੀ ਵਿੱਚੋਂ ਬਾਹਰ ਦੇਖਦਿਆਂ ਡੌਲ਼ੇ ਦਿਖਾਉਣ ਵਰਗੀ ਹਰਕਤ ਕੀਤੀ ਤੇ ਨਾਲ ਹੀ ਦੋ-ਚਾਰ ਗਾਲ਼ਾਂ ਕੱਢ ਦਿੱਤੀਆਂ। ਪੁੱਛਣ ’ਤੇ ਦੱਸਣ ਲੱਗਾ, “ਐਵੇਂ ਸਾਲ਼ੇ ਡੌਲ਼ੇ ਦਿਖਾ ਰਹੇ ਸੀ!”
ਮੈਂ ਬਾਹਰ ਦੇਖਿਆ ਤਾਂ ਸਾਡੇ ਟਰੱਕ ਦੇ ਨਾਲ ਨਾਲ ਚੱਲ ਰਹੀ ਇੱਕ ਕਾਰ ਵਿੱਚੋਂ ਦੱਸ-ਬਾਰਾਂ ਸਾਲ ਦੇ ਦੋ ਜਵਾਕ ਬੜੀ ਬੇਸਬਰੀ ਨਾਲ ਸਾਡੇ ਵੱਲ ਤਕ ਰਹੇ ਸੀ। ਮੈਂ ਆਪਣੇ ਸਹਿਯੋਗੀ ਨੂੰ ਡਰਾਈਵਿੰਗ ਵੱਲ ਧਿਆਨ ਦੇਣ ਲਈ ਕਿਹਾ। ਇੰਨੇ ਨੂੰ ਉਹ ਕਾਰ ਅੱਗੇ ਵਧ ਗਈ। ਇਸ ਘਟਨਾ ਨੂੰ ਲੈ ਕੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਸਦਾ ਕੀ ਅਰਥ ਹੋ ਸਕਦਾ ਹੈ! ਬੱਚਿਆਂ ਦੀ ਉਮਰ ਇੰਨੀ ਨਹੀਂ ਸੀ ਕਿ ਉਹ ਕੋਈ ਭੜਕਾਹਟ ਪੈਦਾ ਕਰਨ ਬਾਰੇ ਸੋਚ ਸਕਦੇ ਹੋਣ। ਬੱਚਿਆਂ ਵਾਲੀ ਕਾਰ ਲਾਜ਼ਮੀ ਤੌਰ ’ਤੇ ਉਨ੍ਹਾਂ ਦੇ ਮਾਪਿਆਂ ਵਿੱਚੋਂ ਕੋਈ ਇੱਕ ਚਲਾ ਰਿਹਾ ਹੋਵੇਗਾ। ਉਸ ਦੀ ਡਰਾਈਵਿੰਗ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਬੱਚਿਆਂ ਦੀ ਹਰਕਤ ਉਸਦੇ ਨੋਟਿਸ ਵਿੱਚ ਹੈ। … ਤੇ ਮੇਰਾ ਸਹਿਯੋਗੀ ਡਰਾਈਵਰ ਵੀ ਕੋਈ ਅਲੂਆਂ ਨਹੀਂ ਸੀ। ਉਹ ਨੇਵੀ ਵਿੱਚ ਕੰਮ ਕਰਦਿਆਂ ਅਮਰੀਕਾ ਆ ਗਿਆ ਸੀ ਤੇ ਇੱਧਰ ਆ ਕੇ ਅਸਾਈਲਮ ਲਈ ਅਪਲਾਈ ਕਰ ਦਿੱਤਾ ਸੀ। ਫਿਰ ਵੀ ਮੈਂ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ। ਮੇਰਾ ਅੰਦਰਲਾ ਮੈਨੂੰ ਕਹਿ ਰਿਹਾ ਸੀ ਕਿ ਤੁਹਾਡੇ ਤੋਂ ਕੋਈ ਭੁੱਲ ਹੋਈ ਹੈ।
ਅਸਲੋਂ ਵਿਸਰ ਗਈ ਇਹ ਘਟਨਾ ਉਸ ਵੇਲੇ ਫਿਰ ਤਾਜ਼ਾ ਹੋ ਗਈ ਜਦੋਂ ਸਹਿਯੋਗੀ ਵਜੋਂ ਕੰਪਨੀ ਮਾਲਕਾਂ ਵਿੱਚੋਂ ਇੱਕ ਮੇਰੇ ਨਾਲ ਸੀ। ਉਹ ਚਾਰ ਜੁਲਾਈ ਦਾ ਦਿਨ ਸੀ, ਅਮਰੀਕਾ ਦਾ ਆਜ਼ਾਦੀ ਦਿਹਾੜਾ। ਦੂਰ ਹਾਈਵੇ ’ਤੇ ਪੁਲ਼ ਉੁੱਪਰ ਇੱਕ ਦੋ ਪਰਿਵਾਰ ਬੱਚਿਆਂ ਨੂੰ ਨਾਲ ਲੈ ਕੇ ਖੜ੍ਹੇ ਸਨ। ਮੈਂ ਇਸ ਵਾਰ ਵੀ ਨਾਲ ਈ ਬੈਠਾ ਸੀ। ਡਰਾਈਵਿੰਗ ਸੀਟ ’ਤੇ ਬੈਠੇ ਕੰਪਨੀ ਮਾਲਕ ਨੇ ਇਸ਼ਾਰਾ ਕਰਦਿਆਂ ਮੈਨੂੰ ਬੱਚਿਆਂ ’ਤੇ ਨਜ਼ਰ ਰੱਖਣ ਲਈ ਕਿਹਾ। ਟਰੱਕ ਨੇੜੇ ਆਉਣ ’ਤੇ ਬੱਚੇ ਆਪਣਾ ਖੱਬਾ ਹੱਥ ਉੱਪਰ ਕਰਕੇ ਹੇਠਾਂ ਵੱਲ ਖਿੱਚਣ ਦਾ ਇਸ਼ਾਰਾ ਕਰਨ ਲੱਗੇ। ਉਹ ਮੈਨੂੰ ਪੁੱਛਣ ਲੱਗਾ, “ਅੰਕਲ, ਸਮਝੇ ਕੁਝ? ਇਹ ਆਪਾਂ ਨੂੰ ਹਾਈਵੇ ਹੌਰਨ ਵਜਾਉਣ ਲਈ ਕਹਿ ਰਹੇ ਹਨ। ਜਦੋਂ ਵੀ ਕੋਈ ਤਿੱਥ ਤਿਓਹਾਰ ਹੁੰਦਾ ਹੈ ਤਾਂ ਇਹ ਬੱਚੇ ਇੱਦਾਂ ਈ ਕਰਦੇ ਹਨ … ਜ਼ਰੂਰੀ ਨਹੀਂ ਤਿੱਥ ਤਿਓਹਾਰ ਈ ਹੋਵੇ, ਇਹ ਕਿਸੇ ਵੇਲੇ ਵੀ ਤੁਹਾਥੋਂ ਹੌਰਨ ਵਜਾਉਣ ਦੀ ਮੰਗ ਕਰ ਸਕਦੇ ਹਨ … ਹਾਈਵੇ ਹੌਰਨ ਇਨ੍ਹਾਂ ਬੱਚਿਆਂ ਨੂੰ ਅਥਾਹ ਖੁਸ਼ੀ ਦਿੰਦਾ ਹੈ।”
ਉਸ ਨੇ ਬੱਚਿਆਂ ਦੀ ਮੰਗ ਪੂਰੀ ਕਰ ਦਿੱਤੀ ਤੇ ਬੱਚੇ ਖੁਸ਼ੀ ਵਿੱਚ ਨੱਚਣ ਲੱਗ ਪਏ। ਟਰੱਕ ਵਿੱਚ ਦੋ ਕਿਸਮ ਦੇ ਹੌਰਨ ਹੁੰਦੇ ਹਨ। ਇੱਕ ਆਮ ਹੌਰਨ, ਜੋ ਕਿਸੇ ਵਾਹਨ ਤੋਂ ਅੱਗੇ ਲੰਘਣ ਲੱਗਿਆਂ ਉਸ ਵਾਹਨ ਦੇ ਡਰਾਈਵਰ ਨੂੰ ਥੋੜ੍ਹਾ ਚੌਕਸ ਕਰਨ ਲਈ ਸਹਿਜੇ ਜਿਹੇ ਵਜਾਇਆ ਜਾਂਦਾ ਹੈ। ਦੂਸਰੇ ਹੌਰਨ ਨੂੰ ਹਾਈਵੇ ਹੌਰਨ ਕਿਹਾ ਜਾਂਦਾ ਹੈ ਜੋ ਹੰਗਾਮੀ ਹਾਲਾਤ ਵਿੱਚ ਵਰਤਿਆ ਜਾਂਦਾ ਹੈ। ਮਸਲਨ, ਤੁਸੀਂ ਮਹਿਸੂਸ ਕਰਦੇ ਹੋ ਕਿ ਕੋਲ਼ੋਂ ਲੰਘ ਰਹੇ ਵਾਹਨ ਦਾ ਡਰਾਇਵਰ ਅਣਗਹਿਲੀ ਵਰਤ ਰਿਹਾ ਹੈ ਤੇ ਤੁਹਾਡੇ ਲਈ ਖ਼ਤਰਾ ਬਣ ਰਿਹਾ ਹੈ, ਜਾਂ ਅਜਿਹੀ ਕੋਈ ਹੋਰ ਘਾਤਕ ਉਲੰਘਣਾ ਕਰੇ ਤਾਂ ਤੁਸੀਂ ਹਾਈਵੇ ਹੌਰਨ ਵਜਾ ਕੇ ਉਸ ਨੂੰ ਚੌਕਸ ਕਰਨ ਲਈ ਹਾਈਵੇ ਹੌਰਨ ਵਜਾ ਦਿੰਦੇ ਹੋ। ਬੱਚੇ ਖੱਬਾ ਹੱਥ ਇਸ ਕਰਕੇ ਉੱਪਰ ਚੁੱਕਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਹਾਈਵੇ ਹੌਰਨ ਡਰਾਈਵਰ ਦੇ ਖੱਬੇ ਹੱਥ ਉੱਪਰ ਵੱਲ ਹੁੰਦਾ ਹੈ। ਇਹ ਸੁਣਦਿਆਂ-ਸਮਝਦਿਆਂ ਉਸੇ ਵੇਲੇ ਦਿਮਾਗ਼ ਨੇ ਕਲਿੱਕ ਕੀਤਾ … ਮੈਨੂੰ ਉਹੀ ਘਟਨਾ ਯਾਦ ਆ ਗਈ, ਉਹ ਬੱਚੇ ਯਾਦ ਆ ਗਏ। ਮੈਂ ਉਸੇ ਵੇਲੇ ਆਪਣੇ ਸਹਿਯੋਗੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਬੱਚੇ ਆਪਣੇ ਤੋਂ ਚਾਹੁੰਦੇ ਕੀ ਸਨ! ਉਸ ਦੇ ਮੂੰਹੋਂ ਅਚਾਨਕ ਇਹ ਸ਼ਬਦ ਨਿਕਲੇ, “ਉਹ ਤੁਹਾਡੀ …! ਭਾਜੀ, ਕਿੱਡਾ ਵੱਡਾ ਗੁਨਾਹ ਕਰ ਬੈਠਾਂ ਮੈਂ … ”
ਉਸਦੇ ਮਨ ਵਿੱਚ ਪਛਤਾਵਾ ਸੀ। ਮੈਂ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ, “ਗੁਨਾਹ ਉਹ ਹੁੰਦਾ ਹੈ ਜੋ ਗਿਣ-ਮਿੱਥ ਕੇ ਕੀਤਾ ਹੋਵੇ। ਦੋਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਬੱਚਿਆਂ ਦੀ ਇਸ ਇੱਛਾ ਬਾਰੇ …। ਖ਼ੈਰ, ਹੁਣ ਨਹੀਂ ਭੁੱਲਦੇ ਆਪਾਂ!”
ਇਸ ਘਟਨਾ ਤੋਂ ਬਾਅਦ ਮੈਨੂੰ ਹੌਰਨ ਵਜਾਉਣਾ ਚੰਗਾ ਲੱਗਣ ਲੱਗ ਪਿਆ ਹੈ ਤੇ ਮੈਂ ਹਮੇਸ਼ਾ ਇਸ ਤਾਕ ਵਿੱਚ ਰਹਿੰਦਾ ਹਾਂ ਕਿ ਕਦੋਂ ਕੋਈ ਬੱਚਾ ਆਵੇ, ਆਪਣਾ ਖੱਬਾ ਹੱਥ ਚੁੱਕ ਕੇ, ਮੁੱਠੀ ਮੀਟ ਕੇ ਜ਼ੋਰ ਦੇਣੀ ਹੇਠਾਂ ਨੂੰ ਖਿੱਚੇ ਤੇ ਮੈਂ ਜ਼ੋਰ ਦੇਣੀ ਹਾਈਵੇ ਹੌਰਨ ਵਜਾਵਾਂ। ਇਹ ਸਾਰਾ ਬਿਰਤਾਂਤ ਦਰਅਸਲ ਪਿਛਲੇ ਦਿਨੀਂ ਚਾਰ ਜੁਲਾਈ ਨੂੰ ਮੁੜ ਤਾਜ਼ਾ ਹੋ ਗਿਆ ਜਦੋਂ ਬੱਚਿਆਂ ਨੇ ਵਾਰ ਵਾਰ ਇਸ ਹੌਰਨ ਦੀ ਮੰਗ ਕੀਤੀ। ਇੱਕ ਕਾਰ ਜਾਵੇ, ਦੂਸਰੀ ਆ ਜਾਵੇ। ਮੰਗ ਪੂਰੀ ਹੋਣ ’ਤੇ ਬੱਚੇ ਖੁਸ਼ੀ ਨਾਲ ਤਾੜੀਆਂ ਮਾਰਦੇ ਨਜ਼ਰ ਆਉਂਦੇ। ਇੱਕ ਕਾਰ ਵਿੱਚ ਸਵਾਰ ਪੰਦਰਾਂ ਸੋਲਾਂ ਸਾਲ ਦੀ ਕੁੜੀ ਨੇ ਵੀ ਅਜਿਹਾ ਕਰਨ ਲਈ ਕਿਹਾ ਤਾਂ ਮੈਂ ਫਿਰ ਹੌਰਨ ਵਜਾ ਦਿੱਤਾ। ਮੈਨੂੰ ਜਾਪ ਰਿਹਾ ਸੀ ਕਿ ਕਾਰ ਉਸਦੀ ਮਾਂ ਚਲਾ ਰਹੀ ਹੈ। ਦੋਵਾਂ ਨੇ ਕਾਰ ਦੀ ਛੱਤ ਵਿੱਚੋਂ ਹੱਥ ਬਾਹਰ ਕੱਢਕੇ ਮੇਰਾ ਧੰਨਵਾਦ ਕੀਤਾ। ਬੱਚਿਆਂ ਨੂੰ ਖੁਸ਼ ਦੇਖ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਹ ਬਿਆਨੋਂ ਬਾਹਰਾ ਹੈ।
ਦੋ ਕੁ ਦਿਨ ਹੋਏ ਕਿ ਇੱਕ ਕਾਰ ਨਜ਼ਦੀਕ ਆ ਕੇ ਹੌਲੀ ਹੋ ਗਈ ਤੇ ਉਸ ਵਿਚਲੇ ਬੱਚੇ ਨੇ ਹੌਰਨ ਸੁਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਤਾਂ ਮੈਂ ਜ਼ਰਾ ਜਿੰਨੀ ਵੀ ਦੇਰੀ ਨਹੀਂ ਕੀਤੀ। ਬੱਚੇ ਨੇ ਖੁਸ਼ ਹੋਣਾ ਹੀ ਸੀ।
ਦੋ ਕੁ ਘੰਟੇ ਬਾਅਦ ਮੇਰੀ ਵਾਰੀ ਖਤਮ ਹੋ ਗਈ। ਹੁਣ ਜੋਟੀਦਾਰ ਅਵਤਾਰ ਨੇ ਚਲਾਉਣ ਲੱਗਣਾ ਸੀ। ਮੇਰੇ ’ਤੇ ‘ਬੱਚਿਆਂ ਲਈ ਹੌਰਨ’ ਦਾ ਵਿਸਮਾਦ ਭਾਰੂ ਸੀ। ਇਸੇ ਮਨੋ-ਅਵਸਥਾ ਵਿੱਚ ਨਾਲ ਦੀ ਸੀਟ ’ਤੇ ਬੈਠੇ ਨੇ ਮੈਂ ਫੇਸਬੁੱਕ ਖੋਲ੍ਹ ਲਈ। ਸਾਹਮਣੇ ਮੇਰੇ ਦੋਸਤ ਮਹੀਪਾਲ ਦਾ ਪੇਜ ਖੁੱਲ੍ਹਿਆ, ਜਿਸ ’ਤੇ ਉਸਨੇ ਫਲਸਤੀਨੀ ਬੱਚਿਆਂ ਦੀ ਵੀਡੀਓ ਪਾਈ ਹੋਈ ਸੀ। ਇਹ ਬੱਚੇ ਕਿਸੇ ਰਾਹਤ ਕੈਂਪ ਵਿੱਚ ਖਾਣਾ ਲੈਣ ਲਈ ਤਰਲੋਮੱਛੀ ਹੋ ਰਹੇ ਜ਼ਾਰੋ ਜ਼ਾਰ ਰੋ ਰਹੇ ਸਨ। ਉਸ ਵੀਡੀਓ ਨੇ ਮੇਰਾ ਸਾਰਾ ਵਿਸਮਾਦ ਤੋੜ ਦਿੱਤਾ। ਮੈਂ ਸੋਚਣ ਲੱਗਾ ਕਿ ਇਨ੍ਹਾਂ ਬੱਚਿਆਂ ਦਾ ਆਖਰ ਕਸੂਰ ਕੀ ਹੈ! ਇਨ੍ਹਾਂ ਦਾ ਦਿਲ ਵੀ ਕਰਦਾ ਹੋਵੇਗਾ ਕਿਸੇ ਮਨ ਪਰਚਾਵੇ ਲਈ! ਬੰਬਾਂ-ਗੋਲਿਆਂ ਦੀਆਂ ਆਵਾਜ਼ਾਂ ਨਾਲ ਬੋਲੇ ਹੋਏ ਇਨ੍ਹਾਂ ਦੇ ਕੰਨਾਂ ਨੂੰ ਕਿਹੜੀ ਆਵਾਜ਼ ਭਾਉਂਦੀ ਹੋਵੇਗੀ! ਮੇਰਾ ਹੌਰਨ ਇਨ੍ਹਾਂ ਨੂੰ ਪ੍ਰੇਸ਼ਾਨ ਤਾਂ ਨਹੀਂ ਕਰੇਗਾ? ਮੈਨੂੰ ਹੌਰਨ ਵਜਾਉਣਾ ਚਾਹੀਦਾ ਹੈ ਜਾਂ ਨਹੀਂ? ਫੈਸਲਾ ਕਰਦਾ ਹਾਂ ਕਿ ਹੌਰਨ ਤਾਂ ਵੱਜੇਗਾ … ਇਹ ਹੌਰਨ ਹੋਵੇਗਾ ਦੁਨੀਆ ਭਰ ਦੇ ਬੱਚਿਆਂ ਦੀ ਖੁਸ਼ੀ ਲਈ, ਉਨ੍ਹਾਂ ਦੀ ਸਲਾਮਤੀ ਲਈ … ਇਹ ਹੌਰਨ ਹੋਵੇਗਾ ਉਸ ਮਾਸੂਮ, ਦ੍ਰਿੜ੍ਹ ਇਰਾਦੇ ਲਈ ਜੋ ਮਲਬੇ ਦੇ ਢੇਰ ਵਿੱਚੋਂ ਆਪਣੇ ਸਕੂਲੀ ਬਸਤੇ ਦੀ ਭਾਲ ਕਰਨੋਂ ਨਹੀਂ ਹਟ ਰਿਹਾ … ਇਹ ਹੌਰਨ ਹੋਵੇਗਾ ਉਨ੍ਹਾਂ ਫਾਸ਼ੀਵਾਦੀ ਜੰਗਬਾਜ਼ਾਂ ਖਿਲਾਫ਼ ਜੋ ਪੂਰੀ ਦੁਨੀਆ ਨੂੰ ਨਜ਼ਰਅੰਦਾਜ਼ ਕਰਦਿਆਂ ਫਲਸਤੀਨੀ ਲੋਕਾਂ ਦਾ ਨਸਲਘਾਤ ਕਰਨ ’ਤੇ ਤੁਲੇ ਹੋਏ ਹਨ … ਇਹ ਹੌਰਨ ਹੋਵੇਗਾ ਉਨ੍ਹਾਂ ਦਰਿੰਦਿਆਂ ਖ਼ਿਲਾਫ਼, ਜਿਨ੍ਹਾਂ ਬਚਪਨ ਦੀ ਮਾਸੂਮੀਅਤ ਦਾ ਚਿਹਰਾ ਉਸੇ ਦੇ ਖੂਨ ਨਾਲ ਲਥ-ਪੱਥ ਕਰ ਰੱਖਿਆ ਹੈ … ਇਹ ਹੌਰਨ ਹੋਵੇਗਾ ਉਨ੍ਹਾਂ ਲੋਕਾਂ ਖ਼ਿਲਾਫ਼ ਜੋ ਇਸ ਨਸਲਘਾਤ ਨੂੰ ਰੋਕਣ ਲਈ ਤਰੱਦਦ ਕਰਨ ਦੀ ਬਜਾਇ ਤਮਾਸ਼ਬੀਨ ਬਣੇ ਹੋਏ ਹਨ … ਇਹ ਹੌਰਨ ਹੋਵੇਗਾ ਮਾਨਵੀ ਹਾਈਵੇ ਮਨੁੱਖੀ ਅਧਿਕਾਰਾਂ ਦੀ ਬੇਹਯਾਈ, ਬੇਸ਼ਰਮੀ, ਨੀਚਤਾ ਭਰੀ ਉਲੰਘਣਾ ਖ਼ਿਲਾਫ਼! ਹੁਣ ਤਾਂ ਕਈ ਵਾਰ ਹੱਥ ਆਪਣੇ ਆਪ ਹੌਰਨ ਲਈ ਉੱਠ ਜਾਂਦਾ ਹੈ … ਦੂਸਰੇ ਲੋਕਾਂ ਨੂੰ ਭਾਵੇਂ ਇਸ ਹੌਰਨ ਮੌਕੇ ਕੋਈ ਬੱਚਾ ਨਜ਼ਰ ਨਾ ਆਉਂਦਾ ਹੋਵੇ, ਮੇਰੇ ਲਈ ਤਾਂ ਉਸ ਵਕਤ ਪੂਰਾ ਹਾਈਵੇ ਬੱਚਿਆਂ ਨਾਲ ਭਰਿਆ ਹੋਇਆ ਹੁੰਦਾ ਹੈ … ਮੇਰਾ ਹੌਰਨ ਮੇਰੇ ਇਨ੍ਹਾਂ ਬੱਚਿਆਂ ਲਈ ਵੱਜਦਾ ਰਹਿੰਦਾ ਰਹਿੰਦਾ ਹੈ … ਇਹ ਹੌਰਨ ਹੈ ਮੇਰੇ, ਤੁਹਾਡੇ, ਆਪਣੇ ਸਭਨਾਂ ਦੇ ਬੱਚਿਆਂ ਲਈ … ਆਓ ਆਪਾਂ ਰਲ਼ ਕੇ ਹੌਰਨ ਵਜਾਈਏ! ਇੱਕ ਹੌਰਨ ਬੱਚਿਆਂ ਦੀ ਖੁਸ਼ੀ ਲਈ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5170)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.