“ਠੇਕੇਦਾਰ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਇੰਨੀ ਸ਼ਰਾਬ ਪੀ ਲਈ ਕਿ ਸੌ ਦਾ ਨੋਟ ਕਿਤੇ ...”
(23 ਅਗਸਤ 2025)
ਸਿਆਣੇ ਕਹਿੰਦੇ ਹਨ ਕਿ ਜ਼ਮਾਨੇ ਨਾਲ ਲੋਕ ਬਦਲਦੇ ਹਨ ਅਤੇ ਲੋਕਾਂ ਨਾਲ ਜ਼ਮਾਨਾ। ਜਿਸ ਤਰ੍ਹਾਂ ਸੱਪ ਲਈ ਕੁੰਜ ਉਤਾਰਨੀ ਜ਼ਰੂਰੀ ਹੋ ਜਾਂਦੀ ਹੈ, ਉਸੇ ਤਰ੍ਹਾਂ ਸਮੇਂ ਲਈ ਕਰਵਟ ਬਦਲਣੀ ਜ਼ਰੂਰੀ ਹੋ ਜਾਂਦੀ ਹੈ। ਛੱਪੜਾਂ, ਟੋਭਿਆਂ ਵਿੱਚ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ ਪਰ ਦਰਿਆਵਾਂ ਅਤੇ ਸਮੁੰਦਰਾਂ ਦਾ ਵਗਦਾ ਪਾਣੀ ਹਮੇਸ਼ਾ ਤਰੋ-ਤਾਜ਼ਾ ਰਹਿੰਦਾ ਹੈ। ਇਹ ਸਭ ਕੁਝ ਕੁਦਰਤੀ ਨੇਮ ਅਧੀਨ ਵਾਪਰਦਾ ਹੈ। ਪੁਰਾਣੇ ਵੇਲਿਆਂ ਨੂੰ ਕੁਝ ਲੋਕ “ਭਲੇ ਦਿਨ” ਕਹਿ ਕੇ ਵੀ ਯਾਦ ਕਰਦੇ ਹਨ। ਆਪਣੇ ਵੇਲੇ ਦੇ ਭਲੇ ਦਿਨਾਂ ਦੀਆਂ ਕੁਝ ਯਾਦਾਂ ਆਪਣੇ ਵੇਲੇ ਦੇ ਪਾਠਕਾਂ ਨਾਲ ਸਾਂਝੀਆਂ ਕਰਨਾ ਕੋਈ ਮਾੜੀ ਗੱਲ ਨਹੀਂ।
ਉਨ੍ਹਾਂ ਦਿਨਾਂ ਵਿੱਚ ਪਿੰਡਾਂ ਦੇ ਘਰਾਂ ਦੀਆਂ ਕੰਧਾਂ ਭਿੱਤਾਂ ਦੀਆਂ ਹੁੰਦੀਆਂ ਸਨ। ਛੱਤਾਂ ਘਾਹ-ਫੂਸ ਦੀਆਂ। ਹੇਠਾਂ ਅਣ-ਘੜੇ ਸ਼ਤੀਰ ਉੱਤੇ ਵਿੰਗੀਆਂ ਟੇਢੀਆਂ ਕੜੀਆਂ। ਬਰਸਾਤਾਂ ਵਿੱਚ ਇਹੋ-ਜਿਹੀਆਂ ਛੱਤਾਂ ਦਾ ਚੋਣਾਂ ਆਮ ਗੱਲ ਸੀ। ਜਦੋਂ ਰਾਤ ਨੂੰ ਛੱਤਾਂ ਚੋਣੀਆਂ ਤਾਂ ਅਸੀਂ ਕਿਤੇ ਥਾਲੀ, ਕਿਤੇ ਪਰਾਤ, ਕਿਤੇ ਛੰਨਾ ਅਤੇ ਕਿਤੇ ਬਾਲਟੀ ਰੱਖ ਦਿੰਦੇ। ਪਾਣੀ ਟਪਕਣ ਨਾਲ ਹਰ ਭਾਂਡੇ ਵਿੱਚੋਂ ਵੱਖਰੀ ਵੱਖਰੀ ਤਰ੍ਹਾਂ ਦੀ ਟੰਨ-ਟੰਨ ਦੀ ਆਵਾਜ਼ ਆਉਂਦੀ। ਘਰ ਦੇ ਸਾਰੇ ਜੀਅ ਇਸ ਟੰਨ-ਟੰਨ ਤੋਂ ਦੁਖੀ ਹੁੰਦੇ। ਪਰ ਮੈਂਨੂੰ ਇੰਝ ਲਗਦਾ ਸੀ ਜਿਵੇਂ ਕੋਈ ਸੰਗੀਤ ਵੱਜ ਰਿਹਾ ਹੋਵੇ। ਮੇਰੀ ਇਹ ਗੱਲ ਸੁਣ ਕੇ ਘਰਦੇ ਕਹਿੰਦੇ, “ਇਹ ਚੰਦਰਾ ਇਹੀ ਚਾਹੁੰਦਾ ਕਿ ਹਰ ਰੋਜ਼ ਕੋਠਾ ਚੋਵੇ ਤੇ ਛੱਤ ਡਿਗ ਪਵੇ।”
ਭਾਰਤ-ਪਾਕਿਸਤਾਨ ਦੀ ਦੂਜੀ ਜੰਗ ਤੋਂ ਬਾਅਦ ਛੋਟੇ ਰੇਡੀਓ (ਟਰਾਂਜ਼ਿਸਟਰ) ਚੱਲ ਪਏ। ਖਬਰਾਂ ਅਤੇ ਗੀਤ ਸੁਣਨ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਧੜਾ-ਧੜ ਟਰਾਂਜ਼ਿਸਟਰ ਖ਼ਰੀਦਣ ਲੱਗ ਪਏ। ਰਿਸ਼ਤੇਦਾਰੀਆਂ ਵਿੱਚ, ਵਿਆਹ-ਸ਼ਾਦੀ ਵਿੱਚ ਜਾਣ ਵੇਲੇ ਲੋਕ ਅਕਸਰ ਹੱਥਾਂ ਵਿੱਚ ਟਰਾਂਜ਼ਿਸਟਰ ਵਜਾਉਂਦੇ ਹੀ ਜਾਂਦੇ। ਇਸ ਤੋਂ ਪਹਿਲਾਂ ਸਰਦੇ-ਪੁੱਜਦੇ ਘਰਾਂ ਵਿੱਚ ਟਰੰਕਾਂ ਵਰਗੇ ਵੱਡੇ ਆਕਾਰ ਦੇ ਰੇਡੀਓ ਹੁੰਦੇ ਸਨ। ਸਵਿੱਚ ਦਬਾਉਣ ਤੋਂ ਪੰਦਰਾਂ-ਵੀਹ ਮਿੰਟਾਂ ਬਾਅਦ ਉਸ ਵਿੱਚੋਂ ਭਾਰੀ ਜਿਹੀ ਆਵਾਜ਼ ਵਾਲੇ ਕਿਸੇ ਬੰਦੇ ਦੇ ਬੋਲਣ ਦੀ ਅਵਾਜ਼ ਆਉਂਦੀ ਸੀ। ਇੱਕ ਦਿਨ ਮੈਂ ਆਪਣੇ ਦੋਸਤ ਦੇ ਘਰ ਰੇਡੀਓ ਸੁਣਨ ਚਲਾ ਗਿਆ। ਮੈਂ ਉਸਦੀ ਮਾਂ ਨੂੰ ਪੁੱਛਿਆ, “ਚਾਚੀ ਜੀ, ਇਹ ਰੇਡੀਓ ਐਨੀ ਦੇਰ ਬਾਅਦ ਕਿਉਂ ਬੋਲਦੈ?” ਸਿੱਧੀ-ਸਾਦੀ ਅਨਪੜ੍ਹ ਚਾਚੀ ਨੇ ਅੰਦਾਜ਼ਾ ਜਿਹਾ ਲਾ ਕੇ ਕਿਹਾ, “ਮੈਂਨੂੰ ਤਾਂ ਇਉਂ ਲਗਦਾ ਪੁੱਤ, ਬਈ ਜਦੋਂ ਅਸੀਂ ਬਟਨ ਘੁਮਾਉਂਦੇ ਆਂ, ਉਦੋਂ ਭਾਈ ਉੱਠਦਾ ਹੈ, ਫਿਰ ਤਿਆਰ ਹੁੰਦੈ, ਫਿਰ ਕੁਰਸੀ ’ਤੇ ਬੈਠਦੈ, ਇਸ ਕਰਕੇ ਸ਼ਾਇਦ ਟਾਈਮ ਲੱਗ ਜਾਂਦਾ ਐ।
ਸਾਡੇ ਪਿੰਡ ਦਾ ਦਿੱਲੀ ਰਹਿੰਦਾ ਇੱਕ ਬੰਦਾ ਪਿੰਡ ਆਉਣ ਵੇਲੇ ਟਰਾਂਜ਼ਿਸਟਰ ਲੈ ਆਇਆ। ਉਸਨੇ ਆਉਂਦਿਆਂ ਹੀ ਉੱਚੀ ਆਵਾਜ਼ ਵਿੱਚ ਰੇਡੀਓ ਲਾ ਕੇ ਵਿਹੜੇ ਵਿੱਚ ਰੱਖ ਦਿੱਤਾ। ਇੱਕ ਦੂਜੇ ਤੋਂ ਸੁਣ-ਸੁਣਾ ਕੇ ਪਿੰਡ ਦੇ ਲੋਕ ਰੇਡੀਓ ਦੇਖਣ ਲਈ ਉਸਦੇ ਘਰ ਦੇ ਵਿਹੜੇ ਵਿੱਚ ਇਕੱਠੇ ਹੋ ਗਏ। ਕੋਈ ਉਸ ਨੂੰ ਅੱਗਿਓਂ ਦੇਖੇ ਕੋਈ ਪਿੱਛੋਂ। ਬਹੁਤੇ ਨਿਆਣੇ ਪਿੱਛੋਂ ਮੋਰੀਆਂ ਵਿੱਚੋਂ ਝਾਤੀ ਮਾਰ ਕੇ ਇੱਕ ਦੂਜੇ ਨੂੰ ਹੈਰਾਨੀ ਜਿਹੀ ਨਾਲ ਪੁੱਛਣ ਲੱਗੇ, “ਯਾਰ ਇਹ ਨਹੀਂ ਪਤਾ ਲਗਦਾ ਕਿ ਗੌਣ ਆਲੇ ਬੰਦੇ ਕਿੱਥੇ ਬੈਠੇ ਐ...।” ਉਹ ਰੇਡੀਓ ਰਾਤ ਪੈਣ ਤਕ ਵੱਜਦਾ ਰਿਹਾ ਗੀਤ ਚਲਦੇ ਰਹੇ। ਰੋਟੀ ਖਾਣ ਵੇਲੇ ਨਵਾਂ ਰੇਡੀਓ ਲਿਆਉਣ ਦੀ ਮਾਂ ਨੇ ਰੇਡੀਓ ਦੇ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਪੁੱਤ ਬੱਸ ਕਰੋ, ਤੁਸੀਂ ਵੀ ਰੋਟੀ-ਟੁੱਕ ਖਾਓ ਤੇ ਸੌਂ ਜਾਓ।”
ਜਦੋਂ ਕਾਫੀ ਦੇਰ ਤਕ ਰੇਡੀਓ ਬੰਦ ਨਾ ਹੋਇਆ ਤਾਂ ਮਾਤਾ ਗੁੱਸੇ ਨਾਲ ਬੋਲੀ, “ਭੌਂਕੀ ਜਾਓ ਫਿਰ, ... ਖਸਮਾਂ ਨੂੰ ਖਾਣੇ।”
ਗਰੀਬੀ-ਦਾਆਵੇ ਵਾਲੇ ਦਿਨ ਸਨ। ਉਦੋਂ ਲੋਕਾਂ ਕੋਲ ਨਾ ਪੈਸਾ ਸੀ, ਨਾ ਬੈਂਕ ਅਤੇ ਨਾ ਹੀ ਕੋਈ ਬੈਂਕ-ਬੈਲੈਂਸ। ਘਰ ਦਾ ਸਾਰਾ ਬੈਂਕ-ਬੈਲੈਂਸ ਘਰ ਦੀਆਂ ਸੁਆਣੀਆਂ ਚੁੰਨੀ ਦੇ ਲੜ ਨਾਲ ਬੰਨ੍ਹੀ ਰੱਖਦੀਆਂ ਸਨ। ਸੁਆਣੀਆਂ ਘਰ ਦੇ ਗਹਿਣੇ-ਗੱਟੇ ਕਿਸੇ ਲਾਲ ਕੱਪੜੇ ਵਿੱਚ ਬੰਨ੍ਹ ਕੇ ਪਿੱਤਲ ਦੀ ਗੜਵੀ ਵਿੱਚ ਪਾ ਕੇ ਸੰਦੂਕ ਦੀ ਕਿਸੇ ਨੁੱਕਰੇ ਕੱਪੜਿਆਂ ਹੇਠ ਲੁਕੋ ਕੇ ਰੱਖ ਦਿੰਦੀਆਂ ਸਨ। ਬੈਂਕ ਲਾਕਰਾਂ ਦੀ ਉਦੋਂ ਸ਼ਾਇਦ ਕਾਢ ਨਹੀਂ ਸੀ ਨਿੱਕਲੀ। ਕੱਪੜੇ ਰੱਖਣ ਲਈ ਨਾ ਗੋਦਰੇਜ ਦੀਆਂ ਅਲਮਾਰੀਆਂ ਸਨ ਅਤੇ ਨਾ ਹੈਂਗਰ। ਇੱਕ ਲੰਬੇ ਜਿਹੇ ਬਾਂਸ ਦੇ ਡੰਡੇ ਨੂੰ ਦੋਹਾਂ ਸਿਰਿਆਂ ਉੱਤੇ ਲੰਮੀਆਂ ਰੱਸੀਆਂ ਬੰਨ੍ਹ ਕੇ ਕੰਧ ਦੇ ਦੋਹੀਂ ਪਾਸੀ ਕਿੱਲ ਗੱਡ ਕੇ ਬੰਨ੍ਹ ਦਿੱਤਾ ਜਾਂਦਾ ਸੀ, ਜਿਸਨੂੰ ‘ਬਿਲਿੰਗ’ ਕਹਿੰਦੇ ਸਨ। ਸਾਰੇ ਕੱਪੜੇ ਇਸ ਬਿਲਿੰਗ ’ਤੇ ਹੀ ਟੰਗੇ ਜਾਂਦੇ ਸਨ।
ਪਿੰਡ ਦੀ ਜ਼ਮੀਨ ਮਾਰੂ ਸੀ। ਪਿੰਡਾਂ ਵਿੱਚ ਗਰੀਬੀ ਦਾ ਪਹਿਰਾ ਸੀ। ਕੁਝ ਲੋਕ ਡੰਗਰ-ਪਸ਼ੂ ਵੇਚ ਕੇ ਗੁਜ਼ਾਰਾ ਕਰ ਲੈਂਦੇ ਸਨ। ਵਿਰਲਾ-ਟਾਵਾਂ ਬੰਦਾ ਫੌਜ ਅਤੇ ਪੁਲਿਸ ਵਿੱਚ ਨੌਕਰ ਵੀ ਸੀ। ਉਸ ਜ਼ਮਾਨੇ ਵਿੱਚ ਇੱਕ ਰੁਪਏ, ਦਸ ਰੁਪਏ ਅਤੇ ਸਭ ਤੋਂ ਵੱਡਾ ਨੋਟ ਸੌ ਰੁਪਏ ਦਾ ਹੁੰਦਾ ਸੀ। ਦਸ ਦਾ ਨੋਟ ਕਿਸੇ ਅਚਨਚੇਤੀ ਬਿਪਤਾ ਨਾਲ ਨਜਿੱਠਣ ਲਈ ਕਾਫੀ ਹੁੰਦਾ ਸੀ। ਦਸ ਦੇ ਨੋਟ ਦੀ ਮਹੱਤਤਾ ਉਸ ਵੇਲੇ ਦੇ ਪ੍ਰਚਲਿਤ ਇੱਕ ਗਾਣੇ ਤੋਂ ਜਾਣੀ ਜਾ ਸਕਦੀ ਹੈ, ਜਿਸ ਵਿੱਚ ਇੱਕ ਗੱਭਰੂ ਇੱਕ ਮੁਟਿਆਰ ਉੱਤੇ ਰੋਹਬ ਪਾਉਂਦਾ ਹੋਇਆ ਕਹਿੰਦਾ ਹੈ:
ਕੁੜੀਆਂ ਦੀ ਮੈਨੂੰ ਘਾਟ ਨਾ ਕੋਈ, ਫਿਰਦੀਆਂ ਮਗਰ ਹਜ਼ਾਰਾਂ
ਦਸਾਂ ਦਸਾਂ ਦੇ ਚੜ੍ਹੇ ਮਹੀਨੇ ਮਿਲਦੇ ਨੋਟ ਗਿਆਰਾਂ।
ਸੌ ਦੇ ਨੋਟ ਦਾ ਤਾਂ ਕਹਿਣਾ ਹੀ ਕੀ ਸੀ। ਕਿਸੇ ਸਰਦੇ ਪੁੱਜਦੇ ਬੰਦੇ ਦੇ ਘਰ ਹੀ ਇਸਦਾ ਨਿਵਾਸ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਜੇ ਕਿਸੇ ਨੇ ਸੌ ਦਾ ਨੋਟ ਤੁੜਵਾਉਣਾ ਹੁੰਦਾ ਤਾਂ ਸ਼ਹਿਰ ਵਿੱਚ ਦਸ ਦੁਕਾਨਾਂ ’ਤੇ ਘੁੰਮਣਾ ਪੈਂਦਾ ਸੀ। ਸਾਡੇ ਪਿੰਡ ਦੇ ਠੇਕੇਦਾਰ ਕਹਾਉਂਦੇ ਸਰਦਾਰ ਨੇ ਆਪਣੇ ਮੁੰਡੇ ਦੇ ਵਿਆਹ ਮੌਕੇ ਕੁੜਮਾਂ ਨੂੰ ਖੱਟ ਦਿਖਾਉਣ ਵੇਲੇ ਗਹਿਣਿਆਂ ਨਾਲ ਸੌ ਦਾ ਨੋਟ ਰੱਖਣ ਦਾ ਫੈਸਲਾ ਕਰ ਲਿਆ। ਠੇਕੇਦਾਰ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਇੰਨੀ ਸ਼ਰਾਬ ਪੀ ਲਈ ਕਿ ਸੌ ਦਾ ਨੋਟ ਕਿਤੇ ਰਸਤੇ ਵਿੱਚ ਡਿਗ ਪਿਆ। ਮੌਕੇ ’ਤੇ ਜਦੋਂ ਜੇਬ ਵਿੱਚੋਂ ਸੌ ਦਾ ਨੋਟ ਨਾ ਨਿਕਲਿਆ ਤਾਂ ਸਰਦਾਰ ਪਾਣੀ-ਪਾਣੀ ਹੋ ਗਿਆ। ਸ਼ਰਮਸਾਰ ਹੋਏ ਨੇ ਉਸਨੇ ਰੱਜ ਕੇ ਸ਼ਰਾਬ ਪੀ ਲਈ ਤੇ ਵਾਪਸ ਮੁੜਨ ਵੇਲੇ ਰਾਹ ਵਿੱਚ ਪੈਂਦੇ ਇੱਕ ਖੂਹ ਵਿੱਚ ਛਾਲ ਮਾਰੀ ਦਿੱਤੀ।
ਉਨ੍ਹਾਂ ਦਿਨਾਂ ਵਿੱਚ ਸੌ ਰੁਪਏ ਦੀ ਕੀਮਤ ਕੀ ਸੀ, ਇਸਦਾ ਅੰਦਾਜ਼ਾ ਉਸ ਵੇਲੇ ਰੇਡੀਓ ’ਤੇ ਵੱਜਦੇ ਇਸ ਗੀਤ ਤੋਂ ਲਾਇਆ ਜਾ ਸਕਦਾ ਹੈ:
ਤੈਨੂੰ ਚੂੜੀਆਂ ਚੜ੍ਹਾਵਾਂ, ਸੂਟ ਸੌ ਦਾ ਸੁਆਵਾਂ
ਮੈਨੂੰ ਪੇਕਿਆਂ ਤੋਂ ਸਾਕ ਲਿਆ ਦੇ ਭਾਬੀਏ।
ਕੋਈ ਚੂੜੇ ਵਾਲੀ ਸਾਡੇ ਲੜ ਲਾ ਦੇ ਭਾਬੀਏ।
ਮੇਰੇ ਪਿੰਡ ਦਾ ਸਰਦਾਰ ਜੇ ਅੱਜ ਪੁਨਰ ਜਨਮ ਧਾਰ ਕੇ ਪਿੰਡ ਦਾ ਗੇੜਾ ਲਾ ਲਵੇ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਜਾਵੇਗਾ ਕਿ ਜਿਸ ਸੌ ਰੁਪਏ ਪਿੱਛੇ ਉਸਨੇ ਆਪਣੀ ਜਾਨ ਗੁਆਈ, ਉਸਦੇ ਅੱਜ ਬਜ਼ਾਰ ਵਿੱਚ ਇੱਕ ਕਿਲੋ ਛੋਲੇ ਨਹੀਂ ਆਉਂਦੇ ਅਤੇ ਭਿਖਾਰੀ ਸੌ ਰੁਪਇਆ ਲੈ ਕੇ “ਥੈਂਕ ਯੂ” ਵੀ ਨਹੀਂ ਕਹਿੰਦਾ। ਇਹ ਦੇਖ ਕੇ ਸਰਦਾਰ ਸ਼ਾਇਦ ਮੱਥੇ ’ਤੇ ਹੱਥ ਮਾਰ ਕੇ ਕਹੇਗਾ, “ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ!
ਇਹ ਉਨ੍ਹਾਂ ਦੀ ਗੱਲ ਹੈ, ਇਨ੍ਹਾਂ ਦਿਨਾਂ ਦੀ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (