“ਅਸੀਂ ਨਿਆਣੇ ਕੋਠੇ ’ਤੇ ਚੜ੍ਹ ਕੇ ਨੀਝ ਲਾ ਕੇ ਵੀਹ ਮੀਲ ਦੂਰ ਰੋਪੜ ਸ਼ਹਿਰ ਦੀਆਂ ...”
(15 ਮਾਰਚ 2025)
ਸੱਤਰਵਿਆਂ ਦੇ ਦਹਾਕੇ ਵਿੱਚ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਦਾ ਜਨ-ਜੀਵਨ ਅੱਜ ਨਾਲੋਂ ਕਿਤੇ ਵੱਖਰਾ ਅਤੇ ਵਿਲੱਖਣ ਹੁੰਦਾ ਸੀ। ਕੁਝ ਇਹੋ ਜਿਹਾ ਹੀ ਹਾਲ-ਹਵਾਲ ਸਾਡੇ ਪਿੰਡ ਦਾ ਸੀ। ਸੜਕਾਂ ਕੱਚੀਆਂ ਸਨ ਅਤੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਗੋਹਰ (ਅੱਜ ਦੀਆਂ ਲਿੰਕ ਰੋਡਜ਼) ਉੱਭੜ-ਖਾਭੜ ਅਤੇ ਭੁੱਬਲ਼ ਭਰੇ ਹੁੰਦੇ ਸਨ। ਬਿਜਲੀ ਤਾਂ ਉਦੋਂ ਪਿੰਡ ਦੇ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਸੀ। ਅਸੀਂ ਨਿਆਣੇ ਕੋਠੇ ’ਤੇ ਚੜ੍ਹ ਕੇ ਨੀਝ ਲਾ ਕੇ ਵੀਹ ਮੀਲ ਦੂਰ ਰੋਪੜ ਸ਼ਹਿਰ ਦੀਆਂ ਸੜਕਾਂ ’ਤੇ ਬਲਦੇ ਖੰਭਿਆਂ ਨੂੰ ਦੇਖਣ ਲਈ ਤੀਂਘੜਦੇ ਰਹਿੰਦੇ ਸੀ। ਪਿੰਡ ਦੇ ਬਹੁਤੇ ਘਰ ਮਿੱਟੀ ਗਾਰੇ ਦਾ ਢਾਂਚਾ ਹੀ ਹੁੰਦੇ ਸਨ। ਦਿਹਾੜੀ-ਦੱਪਾ ਕਰਨ ਵਾਲੇ ਲੋਕ ਛੰਨਾਂ ਵਿੱਚ ਰਹਿੰਦੇ ਕਰਦੇ ਸਨ। ਪਿੰਡ ਵਿੱਚ ਵਿਰਲਾ-ਟਾਵਾਂ ਕੋਈ ਚੁਬਾਰਾ ਵੀ ਦਿਸਦਾ ਸੀ। ਕੱਚੇ ਘਰਾਂ ਵਿੱਚ ਸਫ਼ੈਦੀ ਕਰਨ ਦੀ ਗੁੰਜਾਇਸ਼ ਕਿਸ ਕੋਲ ਹੁੰਦੀ ਸੀ? ਜਦੋਂ ਕਿਸੇ ਘਰ ਵਿਆਹ ਹੁੰਦਾ ਤਾਂ ਘਰ ਵਿੱਚ ‘ਗੋਲੂ’ (ਸਫ਼ੈਦੀ ਰੰਗੀ ਮਿੱਟੀ) ਦਾ ਪਰੋਲਾ (ਪੋਚਾ) ਫਿਰ ਦਿੰਦੇ ਸਨ।
ਉਹਨਾਂ ਦਿਨਾਂ ਵਿੱਚ ਨੋਟ ਬੰਦੀ ਦੇ ਦਿਨਾਂ ਵਾਂਗ ਪਿੰਡ ਦੇ ਲੋਕ ਪੈਸੇ-ਪੈਸੇ ਦੇ ਅਵਾਜ਼ਾਰ ਸਨ। ਕੱਲਰੀ ਜ਼ਮੀਨ ਹੋਣ ਕਰਕੇ ਖਾਣ ਜੋਗੇ ਦਾਣੇ ਮਸਾਂ ਹੀ ਹੁੰਦੇ ਸਨ। ਆਟੇ ਵਾਲਾ ਭੜੋਲਾ ਕਿਸੇ ਭਾਗਾਂ ਵਾਲੇ ਦਾ ਹੀ ਭਰਦਾ ਸੀ। ਪਿੰਡ ਦੇ ਲੋਕਾਂ ਦੇ ਕਹਿਣ ਅਨੁਸਾਰ ‘ਜ਼ਹਿਰ ਖਾਣ ਨੂੰ ਵੀ’ ਪੈਸਾ ਨਹੀਂ ਸੀ ਹੁੰਦਾ। ਉਸ ਵੇਲੇ ਜਿਸ ਘਰ ਵਿੱਚ ਦਸ ਰੁਪਏ ਦਾ ਨੋਟ ਹੁੰਦਾ ਸੀ, ਉਹ ਰਾਤ ਨੂੰ ਸੋਘਾ ਹੋ ਕੇ ਸੌਂਦਾ ਸੀ। ਆਪਣੇ ਅਗਾੜੇ-ਪਿਛਵਾੜੇ ਲੱਗੇ ਕੰਡ-ਕਰੇਲੇ, ਬੱਡਾਂ (ਘੀਆ), ਕਾਲੀ ਤੋਰੀ, ਚਿੱਬੜ, ਹਰੇ ਪਿਆਜ਼ ਅਤੇ ਕੱਚੀਆਂ ਅੰਬੀਆਂ ਦੀ ਚਟਣੀ, ਅੰਬ ਅਤੇ ਲਸੂੜੇ ਦੇ ਅਚਾਰ ਅਤੇ ਖੱਟੀ ਲੱਸੀ ਵਿੱਚ ਲਾਲ ਮਿਰਚਾਂ ਅਤੇ ਕਾਲਾ ਲੂਣ ਪਾ ਕੇ ਲੋਕ ਦੋ ਵੇਲੇ ਦਾ ਡੰਗ ਸਾਰ ਲੈਂਦੇ ਸਨ। ਜੇ ਘਰ ਵਿੱਚ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਆਲੂਆਂ ਦਾ ਸਲੂਣਾ (ਉਸ ਵੇਲੇ ਦਾ ਸ਼ਾਹੀ ਪਨੀਰ) ਜਾਂ ਬਤਾਊਂਆਂ ਦੀ ਸਬਜ਼ੀ ਬਣਾ ਕੇ ਸੇਵਾ ਕੀਤੀ ਜਾਂਦੀ ਸੀ।
ਉਸ ਵਕਤ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਕੋਈ ਸਰਕਾਰੀ ਡਾਕਟਰ ਜਾਂ ਦਵਾਖਾਨਾ ਨਹੀਂ ਸੀ ਹੁੰਦਾ। ਸਿਹਤ ਵਿਭਾਗ ਨੂੰ ਲੋਕਾਂ ਦੀ ਸਿਹਤ ਦੀ ਕੋਈ ਚਿੰਤਾ ਨਹੀਂ ਸੀ। ਪਰ ਮੇਰੇ ਪਿੰਡ ਦੇ ਲੋਕ ਕਿਹੜਾ ਕਿਸੇ ਲੁਕਮਾਨ ਤੋਂ ਘੱਟ ਸਨ, ਉਹ ਵੀ ਸਿਹਤ ਵਿਭਾਗ ਨੂੰ ਟਿੱਚ ਜਾਣਦੇ ਸਨ ਕਿਉਂਕਿ ਉਨ੍ਹਾਂ ਦਾ ਜੱਦੀ-ਪੁਸ਼ਤੀ ਚਲੇ ਆ ਰਹੇ ਆਪਣੇ ‘ਟੂਣੇ-ਟਾਮਣ’ ਅਤੇ ‘ਨੁਸਖਾ-ਫਾਰਮੇਸੀ’ ਵਾਲੇ ਸਿਹਤ ਸਿਸਟਮ ਵਿੱਚ ਪੂਰਾ ਵਿਸ਼ਵਾਸ ਸੀ। ਜੇ ਕੋਈ ਬਿਮਾਰ ਹੋ ਜਾਂਦਾ, ਵੈਦ-ਹਕੀਮ ਬਾਰੇ ਤਾਂ ਬਾਅਦ ਵਿੱਚ ਸੋਚਦੇ ਪਹਿਲਾਂ ਪਿੰਡ ਦੇ ‘ਸਿਆਣੇ’ ਕੋਲੋਂ ਝਾੜ-ਫੂਕ ਕਰਵਾਉਂਦੇ।
ਹਰ ਬਿਮਾਰੀ ਦਾ ਵੱਖਰਾ ਨੁਸਖ਼ਾ ਹੁੰਦਾ ਸੀ। ਖੰਘ, ਬੁਖਾਰ ਲਈ ਲੌਂਗ, ਲੈਚੀ ਅਤੇ ਅਜਵਾਇਣ ਦਾ ਕਾੜ੍ਹਾ, ਹੱਡ-ਗੋਡੇ ਦੁਖਣ ’ਤੇ ਅਦਰਕ ਦਾ ਸਲੂਣਾ। ਜੇ ਦਰਦ ਜ਼ਿਆਦਾ ਹੋਵੇ ਤਾਂ ਮਘ ਭੁੰਨ ਕੇ ਰਗੜ ਕੇ ਖਾ ਲੈਣੀ। ਕਬਜ਼ ਲਈ ਗਰਮ ਦੁੱਧ ਨਾਲ ਗੁਲਕੰਦ ਜਾਂ ਹਰੜ ਦਾ ਮੁਰੱਬਾ। ਜੇ ਗੱਲ ਨਾ ਬਣੇ ਤਾਂ ਜਮਾਲ ਘੋਟਾ ਪੀ ਲੈਣਾ। ਜੇ ਜਲਾਬ ਲੱਗ ਜਾਣ ਤਾਂ ਦਹੀਂ ਵਿੱਚ ਈਸਬਗੋਲ ਦੀ ਫੱਕ ਰਲਾ ਕੇ ਖਾਣੀ। ਸਧਾਰਨ ਪੇਟ ਦਰਦ ਲਈ ਅਜਵਾਇਣ ਦੀ ਤਲੀ, ਜ਼ਿਆਦਾ ਪੇਟ ਦਰਦ ਲਈ ਗਰਮ ਪਾਣੀ ਦੀ ਬੋਤਲ ਢਿੱਡ ’ਤੇ ਫੇਰਨੀ। ਜੇ ਢਿੱਡ ਵਿੱਚ ਸੂਲ ਉੱਠੇ ਤਾਂ ਪਤਾਸੇ ਵਿੱਚ ਅੰਬਰਧਾਰੇ ਦੀਆਂ ਕੁਝ ਬੂੰਦਾਂ ਪਾ ਕੇ ਪਤਾਸੇ ਖਾ ਲੈਣੇ। ਜੇ ਅੱਖਾਂ ਦੁਖਣੀਆਂ ਆਉਣ ਤਾਂ ਬੱਕਰੀ ਦੇ ਦੁੱਧ ਦੇ ਫੈਹੇ ਰੱਖਣੇ। ਹੱਥਾਂ ਪੈਰਾਂ ’ਤੇ ਸੋਜ ਹੋ ਜਾਂਦੀ ਤਾਂ ਗਰਮ ਪਾਣੀ ਵਿੱਚ ਲੂਣ ਜਾਂ ਫਟਕੜੀ ਪਾ ਕੇ ਟਕੋਰ ਕਰਨੀ। ਫੋੜੇ-ਫਿਨਸੀ ਨੂੰ ਪਕਾਉਣ ਲਈ ਪੱਥਰ-ਚੱਟ ਦੀ ਲੁਪਰੀ (ਕੱਪੜੇ ਦੀ ਲੀਰ ’ਤੇ ਪੱਤਾ ਰੱਖ ਕੇ) ਬੰਨ੍ਹਣੀ। ਜੇ ਦਾੜ੍ਹ ਦਰਦ ਨਾਲ ਸੋਜ ਆਵੇ ਤਾਂ ਲਾਲ ਭੀਂਡੀਆਂ ਦੇ ਬੀਜਾਂ ਦਾ ਲੇਪ ਕਰਨਾ। ਅੱਖ ’ਤੇ ਗੁਆਂਢਣੀ ਉੱਠਦੀ ਤਾਂ ਸੰਧੂਰ ਪਾ ਲੈਣਾ। ਜੇ ਪੈਰਾਂ ਦੀਆਂ ਬਿਆਈਆਂ ਫਟ ਜਾਂਦੀਆਂ ਤਾਂ ਮੋਮ ਗਰਮ ਕਰਕੇ ਭਰਨਾ। ਜੇ ਸਿਰ ਵਿੱਚ ਸਿਕਰੀ ਹੋਣੀ ਤਾਂ ਦਹੀਂ ਨਾਲ ਸਿਰ ਧੋਣਾ। ਜੇ ਕੁੱਤਾ ਮੁੱਚ ਮਾਰ ਜਾਂਦਾ ਤਾਂ ਜ਼ਖ਼ਮ ’ਤੇ ਲਾਲ ਮਿਰਚਾਂ ਦਾ ਲੇਪ ਕਰਨਾ। ਜੇ ਚੁੱਕ ਪੈ ਜਾਂਦੀ ਤਾਂ ਕਿਸੇ ਪੁੱਠੇ ਜੰਮੇਂ ਬੰਦੇ ਦਾ ਪਿੱਠ ’ਤੇ ਖੱਬਾ ਪੈਰ ਲੁਆ ਲੈਣਾ। ਖੇਤਾਂ ਵਿੱਚ ਕੰਮ ਕਰਦਿਆਂ ਜੇ ਕਿਸੇ ਦੇ ਹੱਥ-ਪੈਰ ਤੇ ਖੁਰਪੇ/ਕਹੀ ਨਾਲ ਜ਼ਖ਼ਮ ਹੋ ਜਾਂਦਾ ਤਾਂ ਖੂਨ ਬੰਦ ਕਰਨ ਲਈ ਤੁਰੰਤ ਰਾਹਤ (First Aid) ਵਜੋਂ ਜ਼ਖ਼ਮ ’ਤੇ ਪਿਸ਼ਾਬ ਕਰ ਲੈਣ ਵਾਲਾ ਨੁਸਖ਼ਾ ਬਹੁਤ ਕਾਰਗਰ ਸਿੱਧ ਹੁੰਦਾ ਸੀ।
ਕਿਸੇ ਐਮਰਜੰਸੀ ਨਾਲ ਨਜਿੱਠਣ ਲਈ ਅਗਲੇ ਪਿੰਡ ਵਿੱਚ ਪੰਨਾ ਲਾਲ ਹਕੀਮ ਦੀ ਇੱਕ ਕਲਿਨਿਕ ਵੀ ਸੀ। ਮਰੀਜ਼ ਕਿਸੇ ਵੀ ਮਰਜ਼ ਦਾ ਹੋਵੇ ਹਕੀਮ ਜੀ ਦੇ ਡਾਇਗਨੋਜ਼ ਕਰਨ ਦਾ ਢੰਗ ਇੱਕੋ ਹੀ ਸੀ। ਮਰੀਜ਼ ਦੀ ਨਬਜ਼ ਦੇਖ ਕੇ ਉਸ ਨੇ ਕਹਿਣਾ “ਪਿੱਤ ਬਾਏ ਦਾ ਝਗੜਾ ਐ … … ਕੱਲ੍ਹ ਖ਼ਾਲੀ ਪੇਟ ਆਉਣਾ, ਸਵੇਰ ਦਾ ਕਰੂਰਾ ਲੈ ਕੇ।” ਅਗਲੇ ਦਿਨ ਉਸਨੇ ਕਰੂਰੇ ਵਾਲੀ ਬੋਤਲ ਨੂੰ ਉੱਪਰ ਕਰਕੇ ਸੂਰਜ ਦੀ ਰੌਸ਼ਨੀ ਵਿੱਚ ਦੇਖ ਕੇ ਕਹਿਣਾ, “ਪਿੱਤੇ ਵਿੱਚ ਗਰਮੀ ਐ … … ਹੱਡਾਂ ਵਿੱਚ ਪਾਣੀ ਵੀ ਐ ਤੇ ਰਗਤ (allergy) ਦੀ ਸ਼ਕੈਤ ਵੀ ਐ … … ਮੈਂ ਇੱਕ ਸਾਤੇ (ਹਫ਼ਤੇ) ਦੀਆਂ ਚੌਦਾਂ ਪੁੜੀਆਂ ਦੇਣ ਲੱਗਾਂ …. ਸਵੇਰੇ ਸ਼ਾਮ ਨੇਮ ਨਾਲ ਲੈਣੀਆਂ ... ਗੋਕੇ (ਗਾਂ) ਦੁੱਧ ਨਾਲ। ... ਭੋਲੇ ਨਾਥ ਮਿਹਰ ਕਰਨਗੇ।”
ਉਸ ਵੇਲੇ ਤਕ ਅਲਟਰਾਸਾਊਂਡ, ਸੀ ਟੀ ਸਕੈਨ, ਐੱਮ.ਆਰ.ਆਈ, ਇੰਡੋਸਕੋਪੀ ਆਦਿ ਦਾ ਨਾਂ ਕਿਸੇ ਨੇ ਨਹੀਂ ਸੀ ਸੁਣਿਆ। ਵੱਡੇ ਤੋਂ ਵੱਡਾ ਟੈੱਸਟ ਸਿਰਫ਼ ਐਕਸ-ਰੇ ਹੁੰਦਾ ਸੀ, ਉਹ ਵੀ ਸਿਰਫ਼ ਵੱਡੇ ਸ਼ਹਿਰਾਂ ਲੁਧਿਆਣੇ, ਜਲੰਧਰ ਜਾਂ ਅੰਮ੍ਰਿਤਸਰ ਵਿੱਚ ਕੋਈ ਖਾਸ ਡਾਕਟਰ ਹੀ ਕਰਦਾ ਸੀ। ਡਾਕਟਰ ਜਿਸ ਨੂੰ ਐਕਸ-ਰੇ ਕਰਵਾਉਣ ਦੀ ਸਲਾਹ ਦਿੰਦਾ ਸੀ ਉਹ ਮਰੀਜ਼ ਅਤੇ ਉਸਦੇ ਘਰ ਵਾਲੇ ਪਹਿਲਾਂ ਹੀ ਰੋਣ ਲੱਗ ਪੈਂਦੇ ਸਨ ਤੇ ਜ਼ਿੰਦਗੀ ਦੀ ਆਸ-ਉਮੀਦ ਛੱਡ ਜਿੰਦੇ ਸਨ। ਬਲੱਡ ਪ੍ਰੈੱਸ਼ਰ, ਸ਼ੂਗਰ, ਟੈਨਸ਼ਨ, ਡਿਪਰੈਸ਼ਨ ਆਦਿ ਸ਼ਬਦ ਕਿਸ ਬਲਾਅ ਦਾ ਨਾਂ ਹੈ, ਪਿੰਡ ਦੇ ਲੋਕਾਂ ਨੂੰ ਨਹੀਂ ਸੀ ਪਤਾ।
ਜੇ ਹਕੀਮ ਜੀ ਦੀਆਂ ਪੁੜੀਆਂ ਕੰਮ ਨਾ ਕਰਨ ਤਾਂ ਸ਼ਹਿਰੋਂ ਡਾਕਟਰ ਮੰਗਵਾਇਆ ਜਾਂਦਾ ਸੀ। ਡਾਕਟਰ ਆਪਣੇ ਰਾਜਦੂਤ ਮੋਟਰਸਾਈਕਲ ’ਤੇ ਆਉਂਦਾ ਸੀ। ਪਿੰਡ ਦੇ ਸਾਰੇ ਨਿਆਣੇ-ਸਿਆਣੇ ਡਾਕਟਰ ਦਾ ਮੋਟਰਸਾਈਕਲ ਦੇਖਣ ਲਈ ਕੋਠਿਆਂ ’ਤੇ ਚੜ੍ਹ ਕੇ ਕਿਸੇ ਮੰਤਰੀ ਦੇ ਆਉਣ ਵਾਂਗ ਡਾਕਟਰ ਨੂੰ ਉਡੀਕਦੇ ਸਨ। ਡਾਕਟਰ ਦੀ ਫੀਸ ਪੰਜ ਰੁਪਏ ਹੁੰਦੀ ਸੀ।
ਮਾਨਵ ਚਕਿਤਸਾ ਤੋਂ ਇਲਾਵਾ ਪਿੰਡ ਦੇ ਲੋਕ ਪਸ਼ੂ ਚਕਿਤਸਾ ਦੇ ਵੀ ਮਾਹਰ ਸਨ। ਪਸ਼ੂਆਂ ਦੀਆਂ ਬੀਮਾਰੀਆ ਦੇ ਇਲਾਜ ਲਈ ਵੀ ਉਹਨਾਂ ਕੋਲ ਨੁਸਖ਼ਿਆਂ ਦੀ ਕੋਈ ਘਾਟ ਨਹੀਂ ਸੀ। ਜ਼ਿਆਦਾ ਹਰਾ ਚਰਨ ਨਾਲ ਜੇ ਪਸ਼ੂਆਂ ਨੂੰ ਬਾਇ-ਬਾਦੀ ਹੋ ਜਾਂਦੀ ਤਾਂ ਗੁੜ, ਮੇਥੇ ਅਤੇ ਸੋਏ ਕਾੜ੍ਹ ਕੇ ਪਿਲਾਉਣ ਨਾਲ ਰਾਹਤ ਮਿਲ ਜਾਂਦੀ ਸੀ। ਜੇ ਸਰਦੀਆਂ ਵਿੱਚ ਪਸ਼ੂਆਂ ਦਾ ਦੁੱਧ ਘੱਟ ਜਾਣਾ ਤਾਂ ਕਣਕ ਦਾ ਦਲੀਆ, ਜਾਂ ਵੜੇਵੇਂ ਉਬਾਲ ਕੇ ਨਾਲ ਗੁੜ ਦੇਣ ਨਾਲ ਦੁੱਧ ਵਧ ਜਾਂਦਾ ਸੀ। ਜੇ ਜੀਰਨ (ਜਿਗਰ ਦੀ ਗਰਮੀ) ਦੀ ਵਜਾਹ ਕਰਕੇ ਪਸ਼ੂ ਪੱਠੇ ਨਾ ਖਾਂਦਾ ਤਾਂ ਸੌਂਫ਼, ਬੜੀ ਇਲਾਇਚੀ ਕੁੱਟ ਕੇ ਵਿੱਚ ਚੀਨੀ ਮਿਲਾ ਕੇ ਚਾਰ ਦੇਣਾ। ਜੇ ਖੁਰਾਂ ਦੀ ਬਿਮਾਰੀ ਹੁੰਦੀ ਤਾਂ ਫਰਸ਼ ਅਤੇ ਬਾੜੇ ਦੇ ਗੇਟ ਅੱਗੇ ਚੂਨਾ ਖਿਲਾਰ ਦੇਣਾ। ਜੇ ਥਣ ਫੱਟ ਜਾਂਦੇ ਤਾਂ ਦੇਸੀ ਘਿਓ ਲਗਾ ਦਿੰਦੇ।
ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ ਅਤੇ ਬਦਲਦਾ ਰਹੇਗਾ। ਨੁਸਖ਼ੇ ਦੱਸਣ ਅਤੇ ਵਰਤਣ ਵਾਲੇ ਸਭ ਸਮੇਂ ਦਾ ਖਾਜਾ ਬਣ ਚੁੱਕੇ ਹਨ। ਹੁਣ ਤਾਂ ਪਿੰਡ ਦਾ ਹਰ ਬੰਦਾ ਯੂ-ਟਿਊਬ ਦੇਖ ਦੇਖ ਕੇ ਡਾਕਟਰ ਬਣੀ ਫਿਰਦਾ ਹੈ। ਸਮੇਂ ਦੀ ਰਫਤਾਰ ਅਤੇ ਪੰਛੀਆਂ ਦੀ ਪਰਵਾਜ਼ ਨੂੰ ਕੌਣ ਰੋਕ ਸਕਦਾ … …?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (