“ਕੁਛ ਤਾਂ ਖੌਫ ਖਾ ਬੰਦਿਆ ਰੱਬ ਦਿਆ। ਮੇਰੇ ਪੇਕਿਆਂ ਨੂੰ ਗੁੜ ਦੀ ਚਾਹ? ਉਹ ਦਿਨ ਭੁੱਲ ...”
(23 ਜੂਨ 2025)
ਮੇਰੀ ਛੋਟੀ ਭੈਣ ਚੰਨੋ ਦੀ ਮੰਗਣੀ ਤੇਰ੍ਹਵੇਂ ਸਾਲ ਵਿੱਚ ਹੀ ਹੋ ਗਈ ਸੀ। ਸਾਡੀ ਭੂਆ ਨੇ ਭਰਾ (ਸਾਡੇ ਭਾਈਏ) ’ਤੇ ਜ਼ੋਰ ਪਾ ਕੇ ਆਪਣੇ ਜੇਠ ਦੇ ਮੁੰਡੇ ਲਈ ਚੰਨੋ ਦਾ ਸਾਕ ਮੰਗ ਲਿਆ ਸੀ। ਇੱਕ ਵਾਰ ਤਾਂ ਭਾਈਏ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ, “ਦੇਖ ਭੈਣੇ! ਭੂਆ ਭਤੀਜੀ ਜੇ ਇੱਕੋ ਵਿਹੜੇ ਵਿੱਚ ਵਿਆਹੀਆਂ ਹੋਣ ਤਾਂ ਉਹ ਗੱਲ ਨਹੀਂ ਰਹਿੰਦੀ। ਭੂਆ-ਭਤੀਜੀ ਦਾ ਰਿਸ਼ਤਾ ਖ਼ਤਮ ਹੋ ਜਾਣੈ। ਹੌਲੀ ਹੌਲੀ ਫਿਰ ਤੁਸੀਂ ਸ਼ਰੀਕਣੀਆਂ ਬਣ ਜਾਣੈ। ਮਤਲਬ ਨਿੱਤ ਦੀ ਲੜਾਈ। ਫਿਰ ਤੇਰੀ ਗੁੱਤ ਚੰਨੋ ਦੇ ਹੱਥ ਤੇ ਚੰਨੋ ਦੀ ਗੁੱਤ ਤੇਰੇ ਹੱਥ। ਸਿਆਣੇ ਕਹਿੰਦੇ ਐ ਬਈ ਸ਼ਰੀਕ ਤਾਂ ਮਿੱਟੀ ਦਾ ਵੀ ਬੁਰਾ ... ਮੇਰੀ ਗੱਲ ਹੈ ਤਾਂ ਕੌੜੀ, ਪਰ ਹੈ ਖਰੀ ਭੈਣੇ।”
ਭਾਈਏ ਦੀ ਗੱਲ ਸੁਣ ਕੇ ਭੂਆ ਹੱਕੀ-ਬੱਕੀ ਰਹਿ ਗਈ। ਬੋਲੀ, “ਨਾਂਅ ... ਇਹ ਕਿਆ ਗੱਲ ਕਰ ਤੀ ਤੂੰ ਬੀਰਾ। ਚੰਨੋ ਜਿੱਦਾਂ ਇੱਥੇ ਮੇਰੀ ਧੀ ਐ, ਓਦਾਂ ਈ ਉੱਥੇ ਰਹੂ ਸਾਰੀ ਉਮਰ। ਉਹਨੇ ਆਪਣੇ ਘਰ ਖਾਣਾ, ਮੈਂ ਆਪਣੇ ਘਰ। ਲੜਾਈ ਕਾਹਦੀ? ਮੈਂ ਇਸ ਘਰ ਦੀ ਧੀ ਆਂ, ਨਾ ਮੇਰਾ ਕੋਈ ਹੱਕ ਨ੍ਹੀ ਭਰਾ ਤੋਂ ਕੁਸ ਮੰਗਣ ਦਾ...?” ਆਪਣੀਆਂ ਸਿੱਲ੍ਹੀਆਂ ਅੱਖਾਂ ਨੂੰ ਦੁਪੱਟੇ ਨਾਲ ਪੂੰਝਦਿਆਂ ਭੂਆ ਨੇ ਭਾਈਏ ਵੱਲ ਦੇਖ ਕੇ ਹਿਰਖ ਕੀਤਾ। ਕੋਲ ਖੜ੍ਹੀ ਮੇਰੀ ਬੇਬੇ ਨੇ ਭੂਆ ਨੂੰ ਗਲ਼ ਨਾਲ ਲਾਉਂਦਿਆਂ, ਉਸਦੀਆਂ ਅੱਖਾਂ ਪੂੰਝਦਿਆਂ ਕਿਹਾ, “ਕਮਲ਼ੀ ਨਾ ਹੋਵੇ ਤਾਂ। ਤੇਰਾ ਪੂਰਾ ਹੱਕ ਐ ਨਸੀਬ ਕੁਰੇ। ਤੂੰ ਸਾਡੇ ਕੋਲੋਂ ਅੜ ਕੇ ਮੰਗ ਸਕਦੀ ਐਂ, ਜੇ ਅਸੀਂ ਕੁਸ ਨਾ ਦੇਈਏ। ਤੇਰਾ ਬੀਰਾ ਬੇਸ਼ੱਕ ਉੱਪਰੋਂ ਧਤੂਰੇ ਵਰਗਾ ਕੌੜਾ ਐ ਪਰ ਅੰਦਰੋਂ ਨਿਰਾ ਕੱਚੀ ਠੂਠੀ ਐ। ਤੇਰੇ ਕਹਿਣਾ ਅਸੀਂ ਆਪਣੀ ਝੋਲੀ ਪੁਆ ਲਿਆ ਨਸੀਬ ਕੁਰੇ। ਤੇਰੀ ਗੱਲ ਅਸੀਂ ਭੁੰਜੇ ਨੀ ਡਿਗਣ ਦਿੰਦੇ।”
ਫਿਰ ਥੋੜ੍ਹੇ ਦਿਨਾਂ ਬਾਅਦ ਚੰਨੋ ਦਾ ਰਿਸ਼ਤਾ ਭੂਆ ਦੇ ਜੇਠ ਦੇ ਮੁੰਡੇ ਨਾਲ ਪੱਕਾ ਹੋ ਗਿਆ। ਮੰਗਣੀ ਤੋਂ ਚਾਰ ਕੁ ਸਾਲ ਬਾਅਦ ਜਦੋਂ ਭੂਆ ਨੇ ਵਿਆਹ ਲਈ ਜ਼ੋਰ ਪਾਇਆ ਤਾਂ ਅਸੀਂ ਹਰੀ ਪਾਧੇ ਤੋਂ ਸ਼ੁੱਭ ਮਹੂਰਤ ਕਢਵਾ ਕੇ ਆਉਂਦੇ ਅੱਸੂ ਦੇ ਪੰਜਵੇਂ ਨਰਾਤੇ ਦਾ ਸਾਹਾ ਬੰਨ੍ਹ ਦਿੱਤਾ।
ਵਿਆਹ ਤੋਂ ਮਹੀਨਾ ਕੁ ਪਹਿਲਾਂ ਇੱਕ ਦਿਨ ਭੂਆ ਵਿਆਹ ਵਿੱਚ ਕਰਨ ਵਾਲੇ ਕਾਰ-ਵਿਹਾਰ ਅਤੇ ਲੈਣ ਦੇਣ ਦੀ ਸਲਾਹ ਕਰਨ ਲਈ ਪਿੰਡ ਆ ਗਈ। ਸ਼ਾਮ ਨੂੰ ਗੱਲਬਾਤ ਕਰਦਿਆਂ ਭੂਆ ਨੇ ਮਾਂ ਨੂੰ ਕਿਹਾ, “ਭਾਬੀ! ਲੈਣ-ਦੇਣ ਦੇ ਝੰਜਟ ਵਿੱਚ ਬਹੁਤਾ ਨੀ ਪੈਣਾ। ਮੇਰੇ ਜੇਠ ਨੇ ਸਾਫ਼ ਕਿਹੈ ਬਈ ਅਸੀਂ ਡੋਲੀ ਲੈ ਕੇ ਜਾਣੀ ਐਂ ਸਿਰਫ਼ ਤਿੰਨ ਕੱਪੜਿਆਂ ’ਚ, ਹੋਰ ਕਾਣੀ ਕੌਡੀ ਵੀ ਨਈਂ ਲੈਣੀ ਅਸੀਂ। ਇੱਕੋ ਈ ਅਰਜ ਕੀਤੀ ਐ ਬਈ ਪ੍ਰਾਹੁਣਿਆਂ ਦੀ ਖਾਤਰ-ਸੇਵਾ ਚੰਗੀ ਕਰ ਦੇਣਾ।”
ਭੂਆ ਦੀ ਗੱਲ ਦਾ ਜਵਾਬ ਦਿੰਦਿਆਂ ਮਾਂ ਨੇ ਕਿਹਾ, “ਤੇਰਾ ਕਿਹਾ ਸਾਡੇ ਸਿਰ-ਮੱਥੇ ਬੀਬੀ। ਅਗਲੇ ਭਾਵੇਂ ਸੌ ਵਾਰ ਕਹਿਣ, ਧੀ-ਧਿਆਣੀਂ ਨੂੰ ਖਾਲੀ ਹੱਥ ਥੋੜ੍ਹੇ ਤੋਰ ਦਿਆਂਗੇ, ਚਾਰ ਕੁ ਲੀੜੇ ਤਾਂ ਬਣਾਵਾਂਗੇ ਈ। ਨੱਕੋਂ-ਕੰਨੋਂ ਵੀ ਸੱਖਣੀ ਤਾਂ ਨਹੀਂ ਤੋਰ ਦੇਣੀ। ਸੁਲੱਖਣੀ ਧੀ ਹੈ ਮੇਰੀ ਮੋਰਨੀ ਵਰਗੀ।” ਇੰਨਾ ਕਹਿੰਦਿਆਂ ਹੀ ਮਾਂ ਫਿੱਸ ਪਈ। ਬੇਬੇ ਨੂੰ ਗਲ਼ ਨਾਲ ਲਾ ਕੇ ਢਾਰਸ ਦਿੰਦਿਆਂ ਭੂਆ ਨੇ ਕਿਹਾ, “ਧੀਆਂ ਤਾਂ ਤੋਰਨੀਆਂ ਹੀ ਪੈਂਦੀਆਂ ਭਾਬੀ, ਇੱਕ ਨਾ ਇੱਕ ਦਿਨ। ਰੱਬ ਚੰਦਰੇ ਨੇ ਲੇਖ ਈ ਐਹੋ ਜਿਹੇ ਲਿਖੇ ਐ ਧੀਆਂ ਦੇ।” ਭੂਆ ਨੇ ਜਾਣ ਲੱਗਿਆਂ ਗੱਲ ਨੂੰ ਹਾਸੇ ਵਿੱਚ ਪਾਉਂਦਿਆਂ ਕਿਹਾ, “ਭਾਬੀ, ਮੇਰੀ ਜੇਠਾਣੀ ਨੇ ਕਿਹਾ ਐ, ਕਿਸੇ ਨੂੰ ਭਾਵੇਂ ਬੇਸ਼ੱਕ ਕੁਸ਼ ਨਾ ਦਿਓ ਪਰ ਵਿਚੋਲਣ ਨੂੰ ਸੂਟ ਦੇਣਾ ਨਾ ਭੁੱਲ ਜਾਇਓ।”
ਰਾਤ ਦੇ ਰੋਟੀ-ਟੁੱਕ ਤੋਂ ਵਿਹਲੇ ਹੋ ਕੇ ਮੇਰੀ ਬੇਬੇ ਮੈਨੂੰ ਚਾਚਾ ਚਾਚੀ ਨੂੰ ਬੁਲਾਉਣ ਲਈ ਭੇਜ ਦਿੰਦੀ। ਚੁੱਲ੍ਹੇ ਦੀ ਅੱਗ ਸੇਕਦਿਆਂ, ਸੁੰਢ ਅਜਵਾਇਣ ਵਾਲੀ ਚਾਹ ਪੀਂਦਿਆਂ ਗੱਲਾਂ ਛਿੜ ਪੈਂਦੀਆਂ। ਇੱਕ ਦਿਨ ਭਾਈਏ ਨੇ ਚਾਚੇ ਨੂੰ ਕਿਹਾ, “ਦੇਖ ਬਈ ਰਤਨਿਆ, ਮੈਂ ਸੋਚਦਾਂ ਬਈ ਜਿੱਥੇ ਵੀ ਦੋ ਪੈਸੇ ਦੀ ਕਫੈਤ ਹੁੰਦੀ ਹੋਵੇ, ਕਰ ਲਈਏ। ਰਾਤ ਦੀ ਧਾਮ (ਰੋਟੀ) ਵੇਲੇ ਦਾਲ-ਚੌਲ ਤੇ ਖੰਡ-ਬੂਰਾ ਠੀਕ ਹੈ ਤੇ ਦੁਪਹਿਰ ਨੂੰ ਪੱਕੀ ਧਾਮ (ਰੋਟੀ ਤੋਂ ਇਲਾਵਾ ਲੱਡੂ ਜਲੇਬੀ ਤੇ ਸ਼ੱਕਰਪਾਰੇ) ਤਾਂ ਕਰਨੀ ਈ ਪੈਣੀ ਐ। ਇੱਥੇ ਕੋਈ ਕਫੈਤ ਨਹੀਂ ਹੋਣੀ। ਚਾਚੇ ਨੇ ਭਾਈਏ ਨੂੰ ਸਲਾਹ ਦਿੰਦਿਆਂ ਕਿਹਾ, “ਮੇਰੇ ਦਿਮਾਗ ’ਚ ਇੱਕ ਗੱਲ ਖੁੜਕੀ ਐ।”
“ਉਹ ਕਿਹੜੀ?” ਭਾਈਏ ਨੇ ਉਤਸੁਕਤਾ ਨਾਲ ਪੁੱਛਿਆ।
“ਉਹ ਐ, ਬਰਾਤੀਆਂ ਨੂੰ ਤਾਂ ਦੋ ਦਿਨ ਚਾਹ ਵਰਤਾ ਦਿੰਦੇ ਆਂ ਖੰਡ ਦੀ, ਬਾਕੀ ਨਾਨਕਾ-ਮੇਲ ਤੇ ਆਏ-ਗਏ ਨੂੰ ਗੁੜ ਦੀ ਚਾਹ ਚੱਲਣ ਦੇਈਏ। ਖੰਡ ਐ ਚਾਰ ਰੁਪਏ ਕਿਲੋ ਤੇ ਗੁੜ ਹੈਗਾ ਅੱਠ ਆਨੇ ਨੂੰ। ਕਿੰਨਾ ਫਰਕ ਐ?”
ਭਾਈਏ ਨੇ ਖੁਸ਼ ਹੁੰਦਿਆਂ ਕਿਹਾ, “ਗੱਲ ਤਾਂ ਤੇਰੀ ਨੇਕ ਹੈ ਰਤਨਿਆ।”
ਇਹ ਗੱਲ ਸੁਣ ਕੇ ਮੇਰੀ ਬੇਬੇ ਭਰਿੰਡ ਵਾਂਗ ਪੈ ਗਈ ਭਾਈਏ ਨੂੰ, “ਕੁਛ ਤਾਂ ਖੌਫ ਖਾ ਬੰਦਿਆ ਰੱਬ ਦਿਆ। ਮੇਰੇ ਪੇਕਿਆਂ ਨੂੰ ਗੁੜ ਦੀ ਚਾਹ? ਉਹ ਦਿਨ ਭੁੱਲ ਗਿਆਂ ਜਦੋਂ ਖੂਨ ਦੇ ਮਰੋੜਿਆਂ ਨਾਲ ਮਰਨ ਹਾਕੇ ਪਏ ਨੂੰ ਮੇਰਾ ਭਰਾ ਰਾਤੋ-ਰਾਤ ਚੱਕ ਕੇ ਸ਼ਹਿਰ ਦੇ ਵੱਡੇ ਡਾਕਟਰ ਕੋਲ ਲੈ ਗਿਆ ਤੀ ਤੈਨੂੰ। ਮੇਰੇ ਭਰਾ ਨੇ ਅੱਗਾ ਪਿੱਛਾ ਨੀ ਦੇਖਿਆ ਤੀ, ਸੋਲਾਂ ਰੁਪਈਏ ਫੀਸ ਦਿੱਤੀ ਡਾਕਟਰ ਨੂੰ, ਦੁਆਈਆਂ, ਟੀਕਿਆਂ ਦਾ ਖਰਚਾ ਵੱਖਰਾ। ਅੱਠ ਦਿਨਾਂ ’ਚ ਤਿੰਨ ਸੌ ਰੁਪਈਆ ਖਰਚਿਆ ਤੀ ਮੇਰੇ ਬੀਰੇ ਨੇ। ਤੇਰਾ ਕੋਈ ਭੈਣ-ਭਰਾ ਸਹਾਈ ਹੋਇਆ ਤੀ ਉਸ ਵਕਤ? ਮੇਰੇ ਭਰਾਵਾਂ ਦੇ ਛਿੱਤਰਾਂ ’ਚ ਵੀ ਪਾਣੀ ਪੀਵੇਂ ਤਾਂ ਵੀ ਅਸਾਨ ਨੀ ਚੁਕਾ ਸਕਦਾ ਉਨ੍ਹਾਂ ਦਾ।” ਬੇਬੇ ਦਾ ਗੁੱਸਾ ਦੇਖ ਕੇ ਸਾਰੇ ਚੁੱਪ ਕਰ ਗਏ। ਚਾਚਾ ਚਾਚੀ ਵੀ ਮਲਕ ਜਿਹੇ ਟਿਭ ਗਏ।
ਦੋ ਦਿਨਾਂ ਦੇ ਟਿਕ-ਟਿਕਾਅ ਤੋਂ ਬਾਅਦ ਇੱਕ ਰਾਤ ਨੂੰ ਰੋਟੀ-ਟੁੱਕ ਵੇਲੇ ਚਾਚਾ ਬਾਹਰ ਜੁੱਤੀ ਖੋਲ੍ਹ ਕੇ ਰਸੋਈ ਵਿੱਚ ਆ ਬੈਠਾ। ਰਸਮੀ ਜਿਹੀਆਂ ਗੱਲਾਂਬਾਤਾਂ ਕਰਨ ਤੋਂ ਬਾਅਦ ਚਾਚੇ ਨੇ ਝਿਜਕਦਿਆਂ ਜਿਹਾਂ ਕਿਹਾ, “ਲੈ ਬਈ ਬੀਰਾ, ਸਿਆਣੇ ਕਹਿੰਦੇ ਹੁੰਦੇ ਆ ਬਈ ਜਿਹੜਾ ਫੁਰਨਾ ਬੰਦੇ ਨੂੰ ਤੜਕਸਾਰ ਆਵੇ, ਉਹ ਸੱਚਾ ਹੁੰਦੈ। ਜਿਹੜਾ ਫੁਰਨਾ ਮੈਨੂੰ ਫੁਰਿਆ ਉਹ ਇਹ ਹੈ ਬਈ ਬਰਾਤੀਆਂ ਤੇ ਬਾਕੀ ਮੇਲ਼ ’ਚ ਅਸੀਂ ਕੋਈ ਫ਼ਰਕ ਨਾ ਰੱਖੀਏ। ਸਾਰਿਆਂ ਲਈ ਚਾਹ ਬਣਾਈਏ ਇੱਕੋ ਜਿਹੀ। ਅੱਧਾ ਪਾਈਏ ਗੁੜ ਤੇ ਅੱਧੀ ਪਾਈਏ ਖੰਡ। ਚਾਰ ਪੈਸਿਆਂ ਦੀ ਕਫੈਤ ਵੀ ਹੋ ਜੂ ਤੇ ਪਰ੍ਹੌਂਣਿਆਂ ਦੀ ਖਾਤਰ-ਸੇਵਾ ਵੀ ਖਰੀ ਹੋਜੂ।” ਚਾਚੇ ਨੇ ਆਪਣੀ ਸਲਾਹ ਦੇ ਕੇ ਭਾਈਏ ਤੇ ਬੇਬੇ ਵੱਲ ਦੇਖਿਆ। ਭਾਈਏ ਨੇ ਬੇਬੇ ਨੂੰ ਕਿਹਾ, “ਠੀਕ ਐ ਚੰਨੋ ਦੀ ਬੇਬੇ।” ਬੇਬੇ ਮੂੰਹੋਂ ਕੁਝ ਨਾ ਬੋਲੀ ਪਰ ਉਸਦੇ ਮੱਥੇ ਦੀਆਂ ਤਿਊੜੀਆਂ ਕੁਝ ਨਰਮ ਹੋ ਗਈਆਂ ਤੇ ਅੱਖਾਂ ਵਿਚਲੀ ਗੁੱਸੇ ਦੀ ਲਾਲੀ ਦੀ ਰੰਗਤ ਵੀ ਮੱਧਮ ਪੈ ਗਈ।
ਭਾਈਏ, ਬੇਬੇ ਅਤੇ ਚਾਚੇ, ਸਾਰਿਆਂ ਨੇ ਇੱਕ ਦੂਜੇ ਵੱਲ ਦੇਖਿਆ। ਸਾਰਿਆਂ ਦੇ ਚਿਹਰੇ ’ਤੇ ਇੱਕ ਅਣ ਕਹੀ ਜਿਹੀ ਤਸੱਲੀ ਅਤੇ ਅਣ-ਕਿਆਸੀ ਖ਼ੁਸ਼ੀ ਦੇਖ ਕੇ ਮੈਨੂੰ ਇੰਝ ਲੱਗਿਆ ਜਿਵੇਂ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਮਸਲਾ ਹੱਲ ਹੋ ਗਿਆ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)