“ਸੁਫ਼ਨੇ, ਆਸਾਂ ਉਮੀਦਾਂ, ਚਾਅ, ਉਤਸ਼ਾਹ ... ਹੁਣ ਕੁਝ ਵੀ ਮੇਰੇ ਹੱਥਾਂ ਵਿੱਚ ...”
(17 ਜੁਲਾਈ 2025)
ਸ਼ਾਇਦ ਕੋਈ ਵੀ ਨਹੀਂ ਜਾਣਦਾ ਹੁੰਦਾ ਕਿ ਜ਼ਿੰਦਗੀ ਨੇ ਸਾਡੇ ਕੱਲ੍ਹ ਲਈ ਕੀ ਸਾਂਭਿਆ ਹੁੰਦਾ ਹੈ ਜਾਂ ਜ਼ਿੰਦਗੀ ਕੱਲ੍ਹ ਨੂੰ ਸਾਨੂੰ ਕੀ ਕੁਝ ਦੇਵੇਗੀ। ਸੋਚਾਂ ਵਿੱਚ ਸੁਪਨੇ ਹਰ ਕਿਸੇ ਕੋਲ ਹੁੰਦੇ ਹਨ। ਮਨੁੱਖ ਦੇ ਅੰਦਰ ਦੀਆਂ ਖਾਹਿਸ਼ਾਂ ਉਸਦੇ ਹੱਥਾਂ ਪੈਰਾਂ ਵਿੱਚ ਕੁਝ ਕਰਨ ਅਤੇ ਪ੍ਰਾਪਤ ਕਰਨ ਦੀ ਕਾਹਲ ਬਣਾਈ ਰੱਖਦੀਆਂ ਹਨ। ਮਿਹਨਤ ਦੇ ਰਾਹ ਤੁਰਦਿਆਂ ਮਿਹਨਤ ਨੂੰ ਬੂਰ ਪੈਂਦਿਆਂ ਦੇਖ ਕੇ ਬੰਦਾ ਖ਼ੁਸ਼ ਵੀ ਹੁੰਦਾ ਹੈ ਤੇ ਕਦੀ ਕਦੀ ਬੂਰ ਝੜ ਜਾਣ ’ਤੇ ਲੰਮੀਆਂ ਉਦਾਸੀਆਂ ਉਸ ਨੂੰ ਅੰਦਰੋ ਅੰਦਰ ਘੇਰ ਵੀ ਲੈਂਦੀਆਂ ਹਨ। ਸਮੇਂ ਦੇ ਨਾਲ ਸਮਝ ਵਿੱਚ ਪਰਪੱਕਤਾ ਆਉਣੀ ਜ਼ਰੂਰੀ ਹੈ।
“ਇਹ ਬੀਬਾ ਪੁੱਤ ਕੁਛ ਨਾ ਕੁਛ ਜ਼ਰੂਰ ਬਣੂ। ਹੋਣਹਾਰ ਏ...” ਇਹ ਗੱਲ ਕਈਆਂ ਨੇ ਮੇਰੇ ਬਾਰੇ ਕਈ ਵਾਰ ਮੇਰੇ ਮਾਪਿਆਂ ਆਖੀ ਸੀ। ਬੱਚੇ ਤੋਂ ਬੁੱਢੇ ਤਕ ਹਰ ਕੋਈ ਪ੍ਰਸ਼ੰਸਾ ਭਾਲਦਾ ਹੈ, ਸੁਣ ਸੁਣ ਮੈਂ ਵੀ ਖ਼ੁਸ਼ ਹੁੰਦਾ। ਹੁਣ ਵੀ ਜਾਪਦਾ ਹੈ, ਚੇਤਿਆਂ ਵਿੱਚ ਵਸੀਆਂ ਇਹ ਪੁਰਾਣੀਆਂ ਗੱਲਾਂ ਜਿਵੇਂ ਲੰਘੇ ਕੱਲ੍ਹ ਦੀਆਂ ਹੋਣ। ਉਮਰ ਕਦੋਂ ਵਰ੍ਹੇ ਟੱਪ ਜਾਂਦੀ ਹੈ, ਪਤਾ ਹੀ ਨਹੀਂ ਲਗਦਾ। ਬੀਤਿਆ ਵਕਤ ਬਹੁਤ ਸਵਾਲ ਪਿੱਛੇ ਛੱਡ ਜਾਂਦਾ ਹੈ। ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕਰਨ ਪਿੱਛੋਂ ਉਚੇਰੀ ਪੜ੍ਹਾਈ ਲਈ ਗੌਰਮਿੰਟ ਕਾਲਜ, ਲੁਧਿਆਣਾ ਨੂੰ ਪਹਿਲ ਦਿੰਦਿਆਂ ਦਾਖ਼ਲ ਹੋਇਆ। ਇੱਥੋਂ ਹੀ ਮੇਰੇ ਸੁਫ਼ਨਿਆਂ ਦੇ ਰਾਹ ਸ਼ੁਰੂ ਹੋਣੇ ਸਨ। ਮਾਪਿਆਂ ਦੀਆਂ ਆਸਾਂ ਉਮੀਦਾਂ ਵੀ ਵੱਡੀਆਂ ਹੋਣ ਲੱਗੀਆਂ ਸਨ। ਮੇਰੀ ਨਿੱਕੀ ਸਮਝ ਥੋੜ੍ਹੀ ਵੱਡੀ ਹੋਣ ਨਾਲ ਮੈਂ ਹੋਰ ਸਿਆਣਾ ਹੋ ਗਿਆ ਸੀ। ਸ਼ਰਾਰਤਾਂ ਭੁੱਲ ਭਲਾ ਗਿਆ ਸੀ। ਸੋਚਾਂ ਵਿੱਚ ਗੰਭੀਰਤਾ ਅਤੇ ਸੰਜੀਦਗੀ ਸੀ। ਕਾਲਜ ਜਾਣ ਲਈ ਘਰੋਂ ਤੁਰਦਾ, ਪਾਪਾ ਜੀ ਦੀ ਆਵਾਜ਼ ਕੰਨੀਂ ਪੈਂਦੀ, “ਬਹੁਤ ਪੜ੍ਹੀਂ, ਬੱਚੂ। ਸਾਰੀ ਉਮਰ ਦੀਆਂ ਮੌਜਾਂ ਨੇ ਫਿਰ...।”
ਮੈਂ ਬੜੀ ਚੰਗੀ ਤਰ੍ਹਾਂ ਵਕਤ ਦੀ ਮਹੱਤਤਾ ਨੂੰ ਸਮਝਦਾ ਸਾਂ। ਸਮਝ ਇਸ ਗੱਲ ਦੀ ਵੀ ਸੀ ਕਿ ਸੋਚ ਨੂੰ ਸਮੇਂ ਦਾ ਹਾਣੀ ਹੋਣਾ ਜ਼ਰੂਰੀ ਹੈ। ਪ੍ਰੀ-ਯੂਨੀਵਰਸਿਟੀ ਕਰਨ ਪਿੱਛੋਂ ਹੁਣ ਪ੍ਰੀ-ਮੈਡੀਕਲ ਵਿੱਚ ਦਾਖ਼ਲ ਹੋਣਾ ਸੀ। ਮਾਪਿਆਂ ਵੱਲੋਂ ਦਿੱਤਾ ਉਤਸ਼ਾਹ ਵੀ ਨਾਲ ਸੀ। ਕਿਤਾਬਾਂ ਦੇ ਪੰਨਿਆਂ ਵਿੱਚ ਮੈਨੂੰ ਆਪਣੀ ਜ਼ਿੰਦਗੀ ਦੀ ਝਲਕ ਪੈਂਦੀ ਤੇ ਮੈਂ ਅੱਖਰਾਂ ਵਿੱਚ ਜਿਊਣ ਲਗਦਾ।
“ਪਾਪਾ ਜੀ, ਮੈਂ ਕਾਲਜ ਬਦਲਣਾ ਚਾਹੁੰਦਾ ਹਾਂ।” ਅਚਾਨਕ ਹੀ ਇੱਕ ਦਿਨ ਮੈਂ ਕਿਹਾ।
“ਕਿਉਂ?” ਉਨ੍ਹਾਂ ਪੁੱਛਿਆ। ਮੇਰੇ ਕੋਲ ਕਹਿਣ ਲਈ ਸ਼ਬਦ ਸਨ, ਆਵਾਜ਼ ਸੀ, ਸੋਚ ਵੀ ਸੀ ਪਰ ਮੈਂ ਚੁੱਪ ਰਿਹਾ। ਉਂਜ ਵਿਚਲੀ ਗੱਲ ਇਹ ਸੀ ਕਿ ਮੇਰਾ ਇੱਕ ਸਹਿਪਾਠੀ, ਜਿਹੜਾ ਬਹੁਤ ਗੂੜ੍ਹਾ ਮਿੱਤਰ ਪਿਆਰਾ ਸੀ, ਉਸਦੇ ਨਾਲ ਮੇਰਾ ਸਾਂਝਾ ਉੱਠਣ ਬਹਿਣ ਤੇ ਤੋਰਾ ਫੇਰਾ ਸੀ। ਮੇਰੇ ਜਿਹੀਆਂ ਹੀ ਉਸਦੀਆਂ ਆਦਤਾਂ ਸਨ। ਜਲੰਧਰ ਜਾ ਕੇ ਪੜ੍ਹਨ ਦਾ ਫੈਸਲਾ ਉਸਦਾ ਹੀ ਸੀ। ਪਤਾ ਨਹੀਂ ਉਸ ਨੂੰ ਨਾਂਹ ਕਰਨ ਦਾ ਮੇਰਾ ਹੌਸਲਾ ਕਿਉਂ ਨਾ ਪਿਆ। ਇੱਥੇ ਹੀ ਮੇਰੀ ਇਸ ਪੁੱਠੀ ਸੋਚ ਅਤੇ ਚੁਣੇ ਪੁੱਠੇ ਰਾਹਾਂ ਨੇ ਮੇਰੇ ਲਈ ਜਿਵੇਂ ਕੋਈ ਸਜ਼ਾ ਤਿਆਰ ਕਰ ਲਈ ਸੀ। ਮੇਰੇ ਫੈਸਲੇ ਨੇ ਮਾਪਿਆਂ ਦੇ ਮਨ ਵਿੱਚ ਡੂੰਘੀਆਂ ਬੇਚੈਨੀਆਂ ਭਰ ਦਿੱਤੀਆਂ। ਰੋਟੀ ਖਾਣ ਨੂੰ ਉਨ੍ਹਾਂ ਦਾ ਜੀਅ ਨਾ ਕਰਿਆ ਕਰੇ। ਚੁੱਪਚਾਪ ਜਿਹੇ ਬੈਠੇ ਸੋਚੀਂ ਡੁੱਬੇ ਰਹਿੰਦੇ। ਉਨ੍ਹਾਂ ਦੀ ਚੁੱਪ ਵਿੱਚ ਲੁਕੀ ਤਕਲੀਫ਼ ਸਮਝਦਿਆਂ ਵੀ ਮੇਰਾ ਫੈਸਲਾ ਅਡੋਲ ਸੀ। ਸਮਝਾਉਣ ’ਤੇ ਵੀ ਮੈਂ ਕੁਝ ਨਾ ਸਮਝਿਆ। ਆਖ਼ਰ ਪਿਉ ਸੀ। ‘ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥’ ਜਲੰਧਰ ਜਾਣ ਲਈ ਮੈਂ ਤਿਆਰ ਹੋਇਆ, ਆਪਣੇ ਗਲ ਲਾਉਂਦੇ ਪਾਪਾ ਜੀ ਮੈਨੂੰ ਕਿਹਾ, “ਚੰਗਾ ਸੀ ਇੱਥੇ ਪੜ੍ਹ ਲੈਂਦਾ। ਧਿਆਨ ਰੱਖੀਂ। ਓਹੀ ਕੰਮ ਕਰੀਂ ਜਿਸ ਲਈ ਘਰੋਂ ਤੁਰਿਆਂ ਏਂ...।”
ਪਰ ਜਲੰਧਰ ਜਾ ਕੇ ਮੇਰੀਆਂ ਕੀਤੀਆਂ ਮਨਮਰਜ਼ੀਆਂ, ਲਾਪ੍ਰਵਾਹੀਆਂ, ਸੋਚਣ ਦੇ ਬਦਲੇ ਢੰਗ ਤਰੀਕੇ ਅਤੇ ਮੇਰੇ ਹੱਥੋਂ ਹੋਈ ਸਮੇਂ ਦੀ ਬੇਕਦਰੀ ਨੇ ਮੇਰੇ ਕੋਲੋਂ ਬਹੁਤ ਕੁਝ ਖੋਹ ਲਿਆ। ਯੂਨੀਵਰਸਿਟੀ ਤੋਂ ਆਇਆ ਨਤੀਜਾ ਮੈਨੂੰ ਬੇਸੁਰ, ਬੇਕਦਰ ਤੇ ਨਿਥਾਵਾਂ ਕਰ ਗਿਆ। ਸੁਫ਼ਨੇ, ਆਸਾਂ ਉਮੀਦਾਂ, ਚਾਅ, ਉਤਸ਼ਾਹ ... ਹੁਣ ਕੁਝ ਵੀ ਮੇਰੇ ਹੱਥਾਂ ਵਿੱਚ ਨਹੀਂ ਸੀ। ਜੋ ਚਾਹੁੰਦਾ ਸੀ, ਉਹ ਹੋ ਨਾ ਸਕਿਆ। ਮੇਰੀ ਜ਼ਿੰਦਗੀ ਦੀ ਤਸਵੀਰ ਦਾ ਕੋਈ ਰੰਗ ਸਦਾ ਲਈ ਗਾਇਬ ਹੋ ਗਿਆ। ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਸੱਚ ਮੈਨੂੰ ਯਾਦ ਆਉਂਦਾ:
ਰਹੀ ਵਾਸਤੇ ਘੱਤ,
ਸਮੇਂ ਨੇ ਇੱਕ ਨਾ ਮੰਨੀ।
ਫੜ ਫੜ ਰਹੀ ਧਰੀਕ,
ਸਮੇਂ ਖਿਸਕਾਈ ਕੰਨੀ।
ਮੇਰੇ ਮਾਪਿਆਂ ਨੇ ਮੇਰੀ ਅਸਫ਼ਲਤਾ ਨੂੰ ਕਿਵੇਂ ਨਾ ਕਿਵੇਂ ਝੱਲ ਤਾਂ ਲਿਆ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ, ਆਵਾਜ਼ ਅਤੇ ਅੱਖਾਂ ਵਿੱਚੋਂ ਉਨ੍ਹਾਂ ਦੇ ਅੰਦਰਲੇ ਸਦਮੇ ਅਤੇ ਮਧੋਲੀਆਂ ਗਈਆਂ ਉਮੀਦਾਂ ਦੀ ਪੀੜ ਨੂੰ ਮੈਂ ਪੜ੍ਹ ਤੇ ਦੇਖ ਸਕਦਾ ਸਾਂ। ਭਾਵੇਂ ਬਾਅਦ ਵਿੱਚ ਕੀਤੀਆਂ ਹੋਰ ਪੜ੍ਹਾਈਆਂ ਸਦਕਾ ਮੈਨੂੰ ਸਰਕਾਰੀ ਨੌਕਰੀ ਤਾਂ ਮਿਲ ਗਈ ਪਰ ਟੁੱਟੇ-ਮੁੱਕੇ ਸੁਫ਼ਨਿਆਂ ਦੀਆਂ ਕਿਰਚਾਂ ਹੁਣ ਤਕ ਵੀ ਮਨ ਦੇ ਹਰ ਕੋਨੇ ਵਿੱਚ ਚੁੱਭਦੀਆਂ ਹਨ।
ਸਮਾਂ ਅਤੇ ਸਮਝ ਹਰ ਕਿਸੇ ਕੋਲ ਹੁੰਦੇ ਹਨ। ਵਿਹਲੇ ਰਹਿਣਾ ਨਿਕੰਮਾਪਨ ਹੀ ਹੁੰਦਾ ਹੈ। ਸਮਾਂ ਰਹਿੰਦੇ ਹੀ ਆਪਣੇ ਇਰਾਦਿਆਂ, ਸੁਫ਼ਨਿਆਂ, ਜ਼ਿੰਦਗੀ ਦੇ ਰਾਹਾਂ ਅਤੇ ਸਿਆਣਿਆਂ ਦੀਆਂ ਕਹੀਆਂ ਗੱਲਾਂ ਨੂੰ ਸਮੇਂ ਸਿਰ ਸਮਝਣ ਦੀ ਸਮਝ ਹੋਣੀ ਚਾਹੀਦੀ ਹੈ, ਤਾਂ ਹੀ ਬੁਲੰਦੀਆਂ ਨੂੰ ਛੂਹਣਾ ਸੰਭਵ ਹੈ। ਹਰ ਇੱਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਹਨ ਪਰ ‘ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ’ ਜਿਹੀ ਬੇਸਮਝੀ ਅਸਫ਼ਲਤਾ ਹੀ ਪੱਲੇ ਪਾਉਂਦੀ ਹੈ ਤੇ ਘੋਰ ਪਛਤਾਵਿਆਂ ਦੀ ਭਾਰੀ ਪੰਡ ਸਿਰ ’ਤੇ ਚੁੱਕ ਕੇ ਉਮਰ ਭਰ ਤੁਰਨਾ ਪੈਂਦਾ ਹੈ।
ਜਾਪਦਾ ਹੈ ਕਿ ਮਨੁੱਖ ਦੀ ਕਿਸਮਤ ਜਾਂ ਤਕਦੀਰ ਉਸਦੇ ਹੱਥਾਂ ਦੀਆਂ ਲਕੀਰਾਂ ਵਿੱਚ ਨਹੀਂ, ਸਗੋਂ ਉਸਦੇ ਸੋਚਣ, ਸਮਝਣ ਅਤੇ ਸਮੇਂ ਨੂੰ ਸੂਝ ਨਾਲ ਸਾਂਭਣ ਵਿੱਚ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (