“ਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ...”
(5 ਮਈ 2021)
‘ਸਮਾਂ ਬੜਾ ਨਾਜ਼ੁਕ ਹੈ।’ ਸਿਆਣਿਆਂ ਦੀ ਸਿਆਣੀ ਗੱਲ ਉਨ੍ਹਾਂ ਦੇ ਹੰਢਾਏ ਅਨੁਭਵ ਦੀ ਸਚਾਈ ਹੁੰਦੀ ਹੈ। ਸੋਚ ਸਮਝ ਕੇ ਕਹੀ ਗੱਲ ਸਦਾ ਹੀ ਵੱਡੇ, ਡੂੰਘੇ ਅਰਥ ਰੱਖਦੀ ਹੈ। ਸ਼ਾਇਦ ਇਸੇ ਲਈ ਸਿਆਣਿਆਂ ਦੀਆਂ ਸਿਆਣਪ ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਸਹਿਜ ਸੁਭਾਅ ਹੀ ਝਲਕ ਪੈਂਦੀ ਹੈ। ਸਮਝਦਾਰੀ ਵੀ ਇਹੋ ਸਮਝਣ ਵਿੱਚ ਹੈ ਕਿ ‘ਆਉਲੇ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਚਿਰ ਪਿੱਛੋਂ ਹੀ ਪਤਾ ਲਗਦਾ ਹੈ।’
ਸਮਾਂ ਨਵੇਂ ਨਵੇਂ ਰੰਗਾਂ ਤੇ ਰੂਪਾਂ ਵਿੱਚ ਸਾਹਮਣੇ ਆਉਂਦਾ ਹੈ। ਗੱਲਾਂ ਦੀਆਂ ਤੰਦਾਂ ਦੇ ਸਿਰੇ ਸਮਾਂ ਬੀਤਣ ਪਿੱਛੋਂ ਬਦਲੇ ਹਾਲਾਤ ਨਾਲ ਆਪ ਮੁਹਾਰਾ ਜੁੜ ਜਾਂਦੇ ਹਨ। ਪੜ੍ਹਦੇ ਪੜ੍ਹਾਉਂਦੇ ਸਮੇਂ ਇਹ ਸਵਾਲ ਆਮ ਹੀ ਸੀ ਕਿ ਰੋਗ ਕਿਵੇਂ ਫੈਲਦੇ ਹਨ? ਸਾਹ, ਹਵਾ, ਖੰਘਣ, ਛਿੱਕਣ ਜਾਂ ਸਿੱਧੇ ਸੰਪਰਕ ਹੀ ਇਨ੍ਹਾਂ ਦੀ ਮੁੱਖ ਵਜ੍ਹਾ ਦੱਸੇ ਜਾਂਦੇ ਸਨ। ਸਮਾਂ ਹੁਣ ਬਦਲ ਗਿਆ ਹੈ। ਹੁਣ ‘ਮਾਸਕ’ ਅਤੇ ‘ਲਾਕਡਾਊਨ’ ਜਿਹੇ ਨਵੇਂ ਸ਼ਬਦ ਵੀ ਹੋਂਦ ਵਿੱਚ ਆ ਗਏ ਹਨ। ਖੰਘਣਾ, ਛਿੱਕਣਾ ਕਦੀ ਕੁਦਰਤੀ ਪ੍ਰਕਿਰਿਆ ਹੁੰਦੀ ਸੀ। ਸਮੇਂ ਨਾਲ ਹੁਣ ਇਹ ਗ੍ਰਹਿਣੀਆਂ ਗਈਆਂ ਹਨ ਅਤੇ ਹਰ ਕੋਈ ਇਨ੍ਹਾਂ ਦੇ ਸ਼ਿਕਾਰ ਹੋਏ ਤੋਂ ਕੰਬਣ ਅਤੇ ਕੋਹਾਂ ਪਰੇ ਭੱਜਣ ਲੱਗਾ ਹੈ।
ਰੁੱਤ ਜਾਂ ਮੌਸਮ ਤਬਦੀਲੀ ਨਾਲ ਮੈਂਨੂੰ ਅਕਸਰ ਜ਼ੁਕਾਮ ਹੋ ਜਾਂਦਾ ਸੀ। ਕਦੀ ਕਦੀ ਖੰਘ ਵੀ ਛਿੜ ਪੈਂਦੀ। ਇਸ ਅਣਸੁਖਾਵੀਂ ਹਾਲਤ ਵਿੱਚ ਇੱਕ ਦੋ ਦਿਨ ਦੀ ਛੁੱਟੀ ਲੈ ਲੈਂਦਾ ਜਾਂ ਫਿਰ ਰੁਮਾਲ ਨਾਲ ਨੱਕ-ਮੂੰਹ ਢਕ ਕੇ ਡੰਗ ਟਪਾ ਲੈਂਦਾ। ਪੜ੍ਹਾਉਂਦੇ ਸਮੇਂ ਵੀ ਅਜਿਹਾ ਹੀ ਕਰਦਾ ਸਾਂ। ਰੋਗ ਦੇ ਫੈਲਾਉ ਨੂੰ ਬੰਨ੍ਹ ਮਾਰਨ ਦਾ ਇਹੋ ਢੁਕਵਾਂ ਢੰਗ ਸੀ। ਮੇਰੇ ਵਿਦਿਆਰਥੀ ਵੀ ਮੈਂਨੂੰ ਦੇਖ ਕੇ ਇਹ ਗੱਲ ਸਿੱਖ ਗਏ ਸਨ ਅਤੇ ਵਿਸ਼ੇਸ਼ ਕਰਕੇ ਮੇਰੇ ਕੋਲ ਪੜ੍ਹਦੀਆਂ ਲੜਕੀਆਂ ਖੰਘਣ ਜਾਂ ਛਿੱਕਣ ਸਮੇਂ ਚੁੰਨੀ ਮੂੰਹ ’ਤੇ ਕਰ ਲੈਂਦੀਆਂ ਸਨ। ਹੁਣ ਜਦੋਂ ‘ਮਾਸਕ’ ਦੀ ਚਰਚਾ ਹਰ ਜਗ੍ਹਾ ਹੋਣ ਲੱਗੀ ਹੈ ਤਾਂ ਇਹ ਸੋਚ ਕੇ ਮੈਂਨੂੰ ਸਕੂਨ ਹੋਣ ਲਗਦਾ ਹੈ ਕਿ ਇਹ ਗੱਲਾਂ ਤਾਂ ਮੈਂ ਵਰ੍ਹਿਆਂ ਪਹਿਲੋਂ ਹੀ ਸਿੱਖ ਤੇ ਸਿਖਾ ਚੁੱਕਾ ਸੀ। ਜੀਵਨ ਵਿੱਚ ਸਿੱਖੀਆਂ ਚੰਗੀਆਂ ਗੱਲਾਂ ਤੇ ਅਪਣਾਈਆਂ ਚੰਗੀਆਂ ਆਦਤਾਂ ਜ਼ਿੰਦਗੀ ਨੂੰ ਹਰ ਚੰਗੇ ਮਾੜੇ ਸਮੇਂ ਵਿੱਚ ਸਹਿਜੇ ਹੀ ਸੁਖਾਵੀਂ ਤੋਰ ਦੇ ਦਿੰਦੀਆਂ ਹਨ।
ਮੇਰੇ ਦਾਦਾ ਦਾਦੀ ਜੀ ਨੂੰ ਗੁਜ਼ਰਿਆਂ ਪੰਜਾਹ ਸਾਲ ਤੋਂ ਉੱਪਰ ਹੋ ਗਏ ਹਨ। ਉਹ ਤਿੰਨ ਚਾਰ ਜਮਾਤਾਂ ਹੀ ਪੜ੍ਹੇ ਸਨ। ਵਿਹੜੇ ਵਿੱਚ ਇੱਕ ਨਲਕਾ ਹੁੰਦਾ ਸੀ। ਬਾਹਰੋਂ ਖੇਡ ਕੇ ਆਉਂਦਾ ਤਾਂ ਦਾਦਾ ਜੀ ਮੈਂਨੂੰ ਬਾਹੋਂ ਫੜ ਕੇ ਨਲਕੇ ਕੋਲ ਲੈ ਜਾਂਦੇ ਤੇ ‘ਚੰਬਾ ਸੋਪ’ (ਸਾਬਣ ਦਾ ਨਾਂ) ਨਾਲ ਮਲ ਮਲ ਹੱਥ ਧੁਆਉਂਦੇ। ਸੁਆਹ ਨਾਲ ਉਦੋਂ ਭਾਂਡੇ ਮਾਂਜਦੇ ਹੁੰਦੇ ਸਨ। ਆਖਦੇ ਕਿ ਭਾਂਡਿਆਂ ਦੀ ਤਰ੍ਹਾਂ ਹੀ ਹੱਥ ਮਾਂਜਿਆ ਕਰੋ, ਬਾਹਰ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੇ ਓਂ। ਦਾਦੀ ਵੀ ਜਦ ਢਿੱਲੀ ਮੱਠੀ ਹੁੰਦੀ ਤਾਂ ਕਹਿ ਦਿੰਦੀ, “ਥੋੜ੍ਹਾਂ ਪਰ੍ਹਾਂ ਹੋ ਕੇ ਬੈਠ।” ਗੱਲਾਂ ਕਦੀ ਵੀ ਪੁਰਾਣੀਆਂ ਨਹੀਂ ਹੁੰਦੀਆਂ, ਪਰ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਥੋੜ੍ਹੇ ਕੁ ਦਿਨ ਪਹਿਲਾਂ ਮੈਂ ਆਪਣੇ ਨਜ਼ਦੀਕੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਸੀ। ਗੁਰਦੁਆਰਾ ਸਾਹਿਬ ਦੇ ਵੱਡੇ ਹਾਲ ਦੇ ਹਰ ਦਰਵਾਜ਼ੇ ਦੇ ਨੇੜੇ ਪੋਸਟਰ ਲੱਗੇ ਹੋਏ ਸਨ ਜਿਨ੍ਹਾਂ ’ਤੇ ਇੱਕ ਦੂਜੇ ਤੋਂ ਵਾਜਿਬ ਦੂਰੀ ਬਣਾਈ ਰੱਖਣ ਅਤੇ ਹੋਰ ਲੋੜੀਂਦੇ ਨਿਯਮਾਂ ਦਾ ਪਾਲਣ ਕਰਨ ਲਈ ਸੁਚੇਤ ਕੀਤਾ ਗਿਆ ਸੀ। ਗੱਲ ਭਰਪੂਰ ਸਮਝਦਾਰੀ ਤੇ ਦੂਰ ਦ੍ਰਿਸ਼ਟੀ ਵਾਲੀ ਸੀ। ਸ਼ਾਇਦ ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ‘ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ।’
ਮੇਰੇ ਸ਼ਹਿਰ ਵਿੱਚ ਦੋ ਚਾਰ ਦਿਨ ਤੋਂ ਮੇਲੇ ਜਿਹਾ ਮਾਹੌਲ ਸੀ। ਮੈਂਨੂੰ ਕਿਸੇ ਕਿਹਾ, “ਆ ਚੱਲੀਏ। ਘੁੰਮ ਫਿਰ ਆਈਏ।”
ਸਮੇਂ ਦੀ ਨਜ਼ਾਕਤ ਦੇਖਦਿਆਂ ਮੈਂ ਨਾਂਹ ਵਿੱਚ ਜਵਾਬ ਦਿੱਤਾ। ਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ਸਵੈ-ਲੌਕਡਾਊਨ ਬੜਾ ਜ਼ਰੂਰੀ ਹੈ। ਲੋੜ ਪੈਣ ’ਤੇ ਹੀ ਘਰੋਂ ਬਾਹਰ ਪੈਰ ਪੁੱਟਣੇ ਚਾਹੀਦੇ ਹਨ। ਸਾਡਾ ਅਧਿਕਾਰ ਸਿਰਫ ਸਾਡੇ ’ਤੇ ਹੀ ਹੈ। ਕੋਈ ਜਾਗੇ ਜਾਂ ਨਾ ਜਾਗੇ, ਆਪਾਂ ਤਾਂ ਜਾਗੀਏ, ਜਾਗਰੂਕ ਰਹੀਏ। ਮਹਾਂਮਾਰੀਆਂ ਨੇ ਜੇ ਆਉਣ ਜਾਣ ਦੇ ਢੰਗ ਤਰੀਕੇ ਬਦਲ ਲਏ ਹਨ ਤਾਂ ਸਾਨੂੰ ਵੀ ਆਪਣੀ ਜੀਵਨ ਸ਼ੈਲੀ ਸਮੇਂ ਦੀ ਮੰਗ ਅਨੁਸਾਰ ਢਾਲ ਲੈਣੀ ਚਾਹੀਦੀ ਹੈ। ਸਮੇਂ ਤਾਂ ਚੰਗੇ ਮਾੜੇ ਚਲਦੇ ਹੀ ਰਹਿੰਦੇ ਹਨ। ਸਿਆਣੇ ਵੀ ਉਹੀ ਹੁੰਦੇ ਹਨ ਜੋ ਬੁਰੇ ਵਕਤ ਤੋਂ ਵੀ ਕੁਝ ਨਾ ਕੁਝ ਸਿੱਖ ਲੈਂਦੇ ਹਨ।
ਮੇਰੀ ਮਾਂ ਮੈਂਨੂੰ ਇੱਕ ਕਹਾਣੀ ਸੁਣਾਇਆ ਕਰਦੀ ਸੀ। ਕੋਈ ਆਦਮੀ ਆਪਣੇ ਗੱਡੇ ’ਤੇ ਕਿਧਰੇ ਜਾ ਰਿਹਾ ਸੀ। ਸੜਕ ਉੱਤੇ ਉਸਨੇ ਇੱਕ ਭਾਰੀ ਪੱਥਰ ਪਿਆ ਦੇਖਿਆ। ਲੋਕ ਉਸ ਪੱਥਰ ਨੂੰ ਦੇਖਦੇ ਅੱਗੇ ਲੰਘ ਜਾਂਦੇ ਪਰ ਉਹ ਵਿਅਕਤੀ ਗੱਡੇ ਤੋਂ ਉੱਤਰਿਆ ਤੇ ਪੱਥਰ ਉਸਨੇ ਧੱਕ-ਰੋੜ੍ਹ ਕੇ ਇੱਕ ਪਾਸੇ ਕਰ ਦਿੱਤਾ। ਆਉਣ ਜਾਣ ਵਾਲਿਆਂ ਲਈ ਹੁਣ ਰਾਹ ਪੱਧਰਾ ਹੋ ਗਿਆ। ਮਾਂ ਦੇ ਕਹਿਣ ਦਾ ਭਾਵ ਇਹੋ ਸੀ ਕਿ ਫ਼ਰਜ਼ ਅਤੇ ਜ਼ਿੰਮੇਵਾਰੀ ਦੇ ਇਹਸਾਸ ਨੂੰ ਸਦਾ ਕਾਇਮ ਰੱਖਣਾ ਚਾਹੀਦਾ ਹੈ।
ਸਮੇਂ ਦੀ ਲੋੜ ਕੀ ਹੈ, ਇਸ ਨੂੰ ਸਮਝਦੇ ਅਤੇ ਇਸ ਨਾਲ ਤਾਲਮੇਲ ਰੱਖਦੇ ਹੋਏ ਤੁਰਨ ਵਿੱਚ ਹੀ ਸਮਾਜ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਅੱਜ ਕੱਲ੍ਹ ਦੇ ਮਾਹੌਲ ਵਿੱਚ ਲੋੜੀਂਦੀਆਂ ਜ਼ਰੂਰੀ ਗੱਲਾਂ ਅਣਗੌਲਿਆਂ ਕਰ ਕੇ ਕੀ ਅਸੀਂ ਮੂਰਖਾਂ ਦੀ ਕਤਾਰ ਵਿੱਚ ਖੜ੍ਹੇ ਹੋਣਾ ਚਾਹਾਂਗੇ? ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਕਰਨ ਦੀ ਅੱਜ ਲੋੜ ਹੈ, ਕਿਉਂਕਿ ਪਹਿਲੋਂ ਹੀ ਮਨੁੱਖ ਆਪਣੀਆਂ ਗਲਤੀਆਂ ਦਰ ਗਲਤੀਆਂ ਕਰ ਕੇ ਬਹੁਤ ਕੁਝ ਭੁਗਤ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2755)
(ਸਰੋਕਾਰ ਨਾਲ ਸੰਪਰਕ ਲਈ: