“ਦੇਖੋ ਜੀ, ਆਉਣਾ ਜਾਣਾ ਤਾਂ ਪੈਂਦੈ ... ਪਰ ਸੇਵਾ ਸਿੰਘ ਆਪ ਤਾਂ ਬੜਾ ਈ ਰੁੱਖਾ ਜਿਹਾ ਬੰਦਾ ...”
(20 ਮਈ 2025)
“ਕਦੋਂ ਜਾਣਾ ਉਨ੍ਹਾਂ ਨੇ? ਕਿੱਥੇ ਜਾਣਾ? ਕਿਉਂ ਜਾਣਾ?” ਇਹ ਸੁਣ ਕੇ ਮੈਂ ਸੋਚੀਂ ਪੈ ਗਿਆ। ਸੋਚਣ ਲੱਗਾ, ਹੋਰਾਂ ਬਾਰੇ ਬੇਲੋੜੀਆਂ ਸੂਹਾਂ ਲੈਣ ਦੀ ਉਸ ਨੂੰ ਕੀ ਲੋੜ ਹੈ? ਇਹ ਕਰਨ ਵਾਲੀਆਂ ਗੱਲਾਂ ਹੀ ਨਹੀਂ ਹਨ। ਹਰ ਗੱਲ, ਗੱਲ ਵੀ ਨਹੀਂ ਹੁੰਦੀ। ਕਦੀ ਕੁਝ ਕਹਿ ਲਿਆ, ਕਦੀ ਕੁਝ। “ਕਿਹੋ ਜਿਹੇ ਕੱਪੜੇ ਪਾਈ ਤੁਰਿਆ ਜਾਂਦੈ? ... ਕਿੱਧਰ ਨੂੰ ਭੱਜੀ ਫਿਰਦੀ ਦੁਨੀਆ?” ਉਸ ਦੀ ਇਹ ਨਵੀਂ ਗੱਲ ਸੁਣ ਕੇ ਮੈਂ ਹੋਰ ਵੀ ਹੈਰਾਨ ਹੋ ਗਿਆ। ਸੋਚਿਆ, ਕਹਿ ਦੇਵਾਂ, “ਤੂੰ ਕੀ ਲੈਣਾ?” ਉਹ ਬੋਲਣ ਲਈ ਹੋਰ ਵੀ ਕਾਹਲਾ ਸੀ ਪਰ ਮੇਰੇ ਵੱਲੋਂ ਹੀ ਉਸ ਨੂੰ ਕੋਈ ਹੁੰਗਾਰਾ ਨਹੀਂ ਸੀ ਮਿਲਿਆ।
ਮੇਰੇ ਘਰ ਤੋਂ ਤਿੰਨ-ਚਾਰ ਘਰ ਛੱਡ ਕੇ ਉਸ ਦਾ ਘਰ ਸੀ। ਸਵੇਰ ਅਜੇ ਧੁੰਦਲੀ ਹੀ ਸੀ। ਮੈਂ ਗਲੀ ਵਿੱਚ ਖੜ੍ਹਾ ਸਾਂ। ਮੈਨੂੰ ਦੇਖਦਿਆਂ ਹੀ ਉਹ ਕਾਹਲੇ ਕਦਮੀਂ ਮੇਰੇ ਕੋਲ ਆਇਆ। “ਕੁਝ ਸੁਣਿਆ ਤੁਸੀਂ?”
“ਕੀ?” ਮੈਂ ਕਿਹਾ।
“ਕਿੱਥੇ ਗੁਆਚੇ ਰਹਿੰਦੇ ਓਂ? ਕਦੀ ਬਾਹਰ ਵੀ ਨਿਕਲਿਆ ਕਰੋ। ਦੇਖਿਆ ਕਰੋ, ਮੁਹੱਲੇ ’ਚ ਕੀ ਕੀ ਹੋ ਰਿਹਾ ਐ?” ਉਹ ਇਉਂ ਬੋਲਣ ਲੱਗਾ ਜਿਵੇਂ ਹਰ ਘਰ ਦਾ ਰੋਜ਼ਨਾਮਚਾ ਉਸ ਕੋਲ ਹੀ ਹੋਵੇ।
“ਕੀ ਹੋਇਆ?” ਮੈਂ ਪੁੱਛਿਆ। ਵਧਾ ਚੜ੍ਹਾ ਕੇ ਉਸ ਦਾ ਕਿਹਾ ਮੈਂ ਸੁਣ ਵੀ ਲਿਆ, ਝੱਲ ਵੀ ਲਿਆ। ਸਭ ਦੱਬੇ ਮੁਰਦੇ ਉਸ ਨੇ ਫਰੋਲੇ ਹੀ ਨਹੀਂ, ਉਨ੍ਹਾਂ ਬਾਰੇ ਟਿੱਪਣੀਆਂ ਵੀ ਕਰਨ ਲੱਗਾ, “ਰਿਸ਼ਤਾ ਉਨ੍ਹਾਂ ਦਾ ਕਿੱਥੋਂ ਹੋਣਾ ਸੀ? ਚਾਰ ਬੰਦਿਆਂ ’ਚ ਖੜ੍ਹ ਕੇ ਗੱਲ ਕਰਨ ਦਾ ਉਨ੍ਹਾਂ ਨੂੰ ਚੱਜ ਨੀਂ. ..। ਉੱਠਣਾ ਬੈਠਣਾ ਉਨ੍ਹਾਂ ਨੂੰ ਨਹੀਂ ਆਉਂਦਾ। ਸ਼ੇਖੀਆਂ ਤਾਂ ਬੜੀਆਂ ਮਾਰਦੇ ਆ, ਸਾਡੇ ਕੋਲ ਇਹ ਹੈ, ਉਹ ਹੈ ...।” ਉਸਦੀਆਂ ਗੱਲਾਂ ਵਿੱਚੋਂ ਉਸ ਦਾ ਅੰਦਰ ਝਲਕਣ ਲੱਗਾ ਤੇ ਮੈਂ ਇਸਦਾ ਅੰਦਾਜ਼ਾ ਸਹਿਜੇ ਹੀ ਲਾ ਲਿਆ ਕਿ ਉਹ ਕਿੰਨਾ ਕੁਝ ਅਣਚਾਹਿਆ ਲਈ ਫਿਰਦਾ ਹੈ।
ਹੁਣ ਸਵਾਲ ਮੇਰੇ ਅੰਦਰ ਉੱਠਣ ਲੱਗੇ ਸਨ। ਜਵਾਬ ਲੱਭਣ ਲੱਗੇ। ਸੋਚਦਾ ਸਾਂ, ਸਵੇਰੇ ਸਵੇਰੇ ਇਹ ਤਬਸਰਾ ਕਰਨ ਦੀ ਉਸ ਕੀ ਲੋੜ ਸੀ? ਥੋੜ੍ਹਾ ਧੁੱਪ ਚੜ੍ਹਨ ਦੀ ਉਡੀਕ ਕਰ ਲੈਂਦਾ, ਥੋੜ੍ਹਾ ਬਹੁਤ ਸਬਰ ਕਰ ਲੈਂਦਾ।
“ਅੱਜ ਮੈਂ ਕਿਸੇ ਨੂੰ ਮਿਲਣ ਜਾਣਾ ... ਬੜੇ ਦਿਨਾਂ ਤੋਂ ਮੈਨੂੰ ਆਉਣ ਲਈ ਕਹਿ ਰਿਹਾ। ਜਾਊਂਗਾ ਵੀ ਜ਼ਰੂਰ। ਬੰਦਾ ਮਾੜਾ ਨਹੀਂ ਦਿਲ ਦਾ ਪਰ ...।” ਕਦੀ ਸਿਫ਼ਤਾਂ, ਕਦੀ ਸ਼ਿਕਾਇਤਾਂ। ਸੁਣ ਸੁਣ ਮੇਰੀ ਹੈਰਾਨੀ ਹੋਰ ਵਧਦੀ ਜਾ ਰਹੀ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਗੱਲ ਕਿਸ ਬਾਰੇ ਕਰ ਰਿਹਾ ਸੀ। ਨਾ ਉਹ ਮੈਨੂੰ ਜਾਣਦਾ ਸੀ, ਨਾ ਮੈਂ ਉਸ ਨੂੰ। ਕਹਿੰਦਾ, “ਗੱਲ ਸਾਂਝੀ ਕਰਨੀ ਜ਼ਰੂਰੀ ਹੁੰਦੀ ਆ..।”
“ਚੰਗੀ ਗੱਲ ਹੈ।” ਕਹਿਣ ਨੂੰ ਮੈਂ ਕਹਿ ਤਾਂ ਦਿੱਤਾ ਪਰ ਮੈਂ ਹੀ ਜਾਣਦਾ ਸੀ ਕਿ ਉਸਦੀਆਂ ਅਣਚਾਹੀਆਂ ਗੱਲਾਂ ਨੇ ਮੇਰੇ ਮਨ ’ਤੇ ਕਿੰਨਾ ਅਸਹਿ ਭਾਰ ਲੱਦ ਦਿੱਤਾ ਸੀ।
“ਕੀ ਗੱਲਾਂ ਹੋ ਰਹੀਆਂ ਨੇ?” ਕੋਲੋਂ ਲੰਘਦਾ ਇੱਕ ਹੋਰ ਸਾਡੇ ਕੋਲ ਆ ਕੇ ਖੜ੍ਹ ਗਿਆ। ਡਰਦਾ ਸਾਂ ਕਿ ਗੱਲ ਕਿਧਰੇ ਹੋਰ ਨਾ ਲਮਕ ਜਾਵੇ ਪਰ ਸ਼ੁਕਰ ਸੀ ਕਿ ਉਸ ਨੇ ਆਪਣਾ ਨਵਾਂ ਬੇਸੁਰਾ ਰਾਗ ਨਹੀਂ ਸੀ ਛੇੜਿਆ। ਬਹੁਤੀਆਂ ਗੱਲਾਂ ਕਈ ਵਾਰ ਸਹਿਣੀਆਂ ਪੈਂਦੀਆਂ ਹਨ ਪਰ ਕਿਸੇ ਨੂੰ ਕੀ ਕਿਹਾ ਜਾਵੇ ...। ਉਸ ਦੀਆਂ ਗੱਲਾਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਮਨ ’ਚ ਉੱਤਰਦਾ, ਛੂੰਹਦਾ ਤੇ ਸੋਚਾਂ ਨੂੰ ਜਗਾਉਂਦਾ। ਉਸ ਦੀਆਂ ਵਿਹਲੀਆਂ ਗੱਲਾਂ ਵਿੱਚੋਂ ਕੋਈ ਇੱਕ ਗੱਲ ਵੀ ਮੇਰੀ ਸਮਝ ਦਾ ਹਿੱਸਾ ਨਾ ਬਣੀ। ਮੈਂ ਖ਼ਾਲੀ ਜਿਹਾ ਮਹਿਸੂਸਦਾ ਤੇ ਫਜ਼ੂਲ ਗੁਆਏ ਵਕਤ ਦਾ ਅਹਿਸਾਸ ਕਰਦਾ ਹੌਲੀ ਹੌਲੀ ਘਰ ਵਲ ਤੁਰ ਪਿਆ।
ਮੇਰੀ ਰਿਹਾਇਸ਼ ਥੋੜ੍ਹੀ ਅਬਾਦੀ ਵਾਲੇ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਣ ਕਰਕੇ ਮੈਂ ਬਹੁਤੇ ਲੋਕਾਂ ਨੂੰ ਮੈਂ ਜਾਣਦਾ ਸਾਂ।
“ਪੱਥਰਾਂ ਵਾਲੀ ਗਲ਼ੀ ਕਿਹੜੇ ਪਾਸੇ ਐ?” ਬੱਸ ਵਿੱਚੋਂ ਉੱਤਰੀ ਇੱਕ ਸਵਾਰੀ ਨੇ ਮੈਨੂੰ ਪੁੱਛਿਆ।
“ਕੀਹਦੇ ਘਰ ਜਾਣਾ ਹੈ?” ਮੈਂ ਕਿਹਾ।
“ਸੇਵਾ ਸਿੰਘ ਦੇ ਘਰ ਅਫ਼ਸੋਸ ਲਈ ਜਾਣਾ। ਉਸ ਦੀ ਮਾਂ ਗੁਜ਼ਰ ਗਈ ਹੈ।”
ਸੇਵਾ ਸਿੰਘ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਕਿਹਾ, “ਆ ਜੋ, ਮੈਂ ਉੱਥੋਂ ਤਕ ਤੁਹਾਡੇ ਨਾਲ ਚਲਦਾ ਹਾਂ।”
ਦਸ ਕੁ ਮਿੰਟ ਦਾ ਰਾਹ ਸੀ।
“ਦੇਖੋ ਜੀ, ਆਉਣਾ ਜਾਣਾ ਤਾਂ ਪੈਂਦੈ ... ਪਰ ਸੇਵਾ ਸਿੰਘ ਆਪ ਤਾਂ ਬੜਾ ਈ ਰੁੱਖਾ ਜਿਹਾ ਬੰਦਾ ... ਚੱਜ ਨਾਲ ਬੁਲਾਉਂਦਾ ਵੀ ਨਹੀਂ ਕਿਸੇ ਨੂੰ ...ਚੁੱਪ ਜਿਹੀ ਵੱਟੀ ਰੱਖਦਾ ਹਰ ਕਿਸੇ ਨਾਲ ...।”
“ਤੁਸੀਂ ਅਫ਼ਸੋਸ ਲਈ ਆਏ ਹੋ ਕਿ ...?” ਉਸ ਵੱਲ ਝਾਕਦੀਆਂ ਮੇਰੀਆਂ ਅੱਖਾਂ ਅਤੇ ਮੇਰੇ ਬੋਲੇ ਬੋਲਾਂ ਵਿੱਚ ਉਸਦੇ ਪੜ੍ਹਨ ਤੇ ਸਮਝਣ ਲਈ ਬੜਾ ਕੁਝ ਸੀ।...
ਸ਼ਾਇਦ ਪੰਜ ਕੁ ਵਰ੍ਹੇ ਹੋ ਗਏ ਹਨ, ਉਦੋਂ ਮੇਰੀ ਸਿਹਤ ਠੀਕ ਨਹੀਂ ਸੀ। ਮੇਰਾ ਪਤਾ ਕਰਨ ਕਈ ਆ ਜਾ ਰਹੇ ਸਨ।
“ਕੀ ਹਾਲ ਹੈ ਤੁਹਾਡਾ ਹੁਣ?” ਕਿਸੇ ਨੇ ਮੈਨੂੰ ਪੁੱਛਿਆ। ਜਾਣਦਾ ਸਾਂ ਕਿ ਅੱਧਾ ਦੁੱਖ ਤਾਂ ਪੁੱਛਣ ਨਾਲ ਹੀ ਟੁੱਟ ਜਾਂਦਾ ਹੈ।
“ਅੱਗੇ ਨਾਲੋਂ ਕੁਝ ਫ਼ਰਕ ਹੈ।”
“ਸ਼ੁਕਰ ਹੈ। ਸਾਡੀ ਰਿਤੇਦਾਰੀ ’ਚ ਵੀ ਇਉਂ ਹੀ ਤੁਹਾਡੇ ਵਾਂਗ ਕੋਈ ਡਿਪਰੈਸ਼ਨ ’ਚ ਚਲਾ ਗਿਆ ਸੀ। ਬੜਾ ਬੁਰਾ ਹਾਲ ਰਿਹਾ ਉਸ ਦਾ ਸਾਲ ਭਰ ...।”
‘ਹੁਣ ਮੈਂ ਤੈਨੂੰ ਕੀ ਆਖਾਂ?’ ਮੈਂ ਅੰਦਰੋਂ ਅੰਦਰ ਸੋਚਿਆ। ਉਸਦੇ ਜਾਣ ਪਿੱਛੋਂ ਮੈਂ ਸੁਖ ਦਾ ਸਾਹ ਲਿਆ ਪਰ ਜਾਪਿਆ ਕਿ ਇਹੋ ਜਿਹੇ ਲੋਕ ਬਹੁਤ ਹਨ ਜੋ ਗੱਲਾਂ ਗੱਲਾਂ ਵਿੱਚ ਹੀ ਦੂਸਰੇ ਨੂੰ ਉਦਾਸੀ, ਫ਼ਿਕਰ ਅਤੇ ਵਾਧੂ ਦੀਆਂ ਸੋਚਾਂ ਦੇ ਛੱਟਾ ਦੇ ਦਿੰਦੇ ਹਨ।
ਕਿਸੇ ਨੇ ਕਿਸੇ ਨੂੰ ਇੱਕ ਵਾਰ ਕਿਹਾ, “ਸੋਹਣਿਆ! ਕੋਈ ਗੱਲ ਤਾਂ ਕਰ। ਕੁਝ ਤਾਂ ਬੋਲ। ਮੈਂ ਦੇਖਣਾ ਚਾਹੁੰਦਾ ਕਿ ਤੂੰ ਅੰਦਰੋਂ ਵੀ ਐਨਾ ਸੋਹਣਾ ਏਂ, ਜਿੰਨਾ ਬਾਹਰੋਂ ਦਿਖਾਈ ਦਿੰਦਾ ਏਂ?” ਕੁਝ ਗੱਲਾਂ ਦੂਸਰਿਆਂ ਦੇ ਮਨ ’ਚ ਪੈਲਾਂ ਪਾਉਣ ਲੱਗਦੀਆਂ ਹਨ ਤੇ ਸਾਡੀ ਪਛਾਣ ਬਣਦੀਆਂ ਹਨ। ਉਂਝ ਜ਼ਿੰਦਗੀ ਦੇ ਉਹ ਪਲ ਵੀ ਬਹੁਤ ਖ਼ੂਬਸੂਰਤ ਹੁੰਦੇ ਹਨ ਜਦੋਂ ਚੁੱਪ ਰਹਿ ਕੇ, ਬਿਨਾਂ ਕੁਝ ਬੋਲੇ ਬੜਾ ਕੁਝ ਕਿਹਾ ਜਾ ਸਕਦਾ ਹੈ ਪਰ ਅਕਲਾਂ ਬਾਝੋਂ ਖੂਹ ਖ਼ਾਲ਼ੀ ਹੀ ਹੁੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)