“ਅਸੀਂ ਕਾਰ ਭਜਾ ਲਈ। ਉਨ੍ਹਾਂ ਨੇ ਵੀ ਭਜਾ ਲਈ। ਇੰਨਾ ਹੀ ਨਹੀਂ, ਉਹ ਸਾਡੀ ਕਾਰ ਵੱਲ ਇਸ਼ਾਰੇ ਵੀ ...”
(7 ਮਈ 2025)
ਕਈ ਸਾਲਾਂ ਦੀ ਗੱਲ ਹੈ, ਅਸੀਂ ਪਰਿਵਾਰਿਕ ਮੈਂਬਰਾਂ ਸਮੇਤ ਕਸ਼ਮੀਰ ਟੂਰ ’ਤੇ ਗਏ। ਲਗਭਗ 5-6 ਦਿਨਾਂ ਦਾ ਟੂਰ ਸੀ। ਅਸੀਂ ਸਾਰੇ ਇਨੋਵਾ ਗੱਡੀ ਵਿੱਚ ਸਵਾਰ ਸੀ। ਬੱਚਿਆਂ ਸਮੇਤ ਅਸੀਂ ਕੋਈ ਅੱਠ-ਨੌਂ ਜਣੇ ਸੀ। ਕਸ਼ਮੀਰ ਜਾਣ ਦਾ ਇੱਕ ਤਾਂ ਇਹ ਕਾਰਨ ਸੀ ਕਿ ਜੂਨ ਦੀਆਂ ਛੁੱਟੀਆਂ ਸੀ। ਇੱਕ ਡਿਊਟੀ ਤੋਂ ਰਾਹਤ, ਦੂਜਾ ਗਰਮੀ ਤੋਂ ਰਾਹਤ ਮਿਲਣ ਕਾਰਨ ਦੋਹਰਾ ਫ਼ਾਇਦਾ ਜਾਪ ਰਿਹਾ ਸੀ। ਇੱਕ ਕਾਰਨ ਇਹ ਵੀ ਸੀ ਕਿ ਮੇਰੇ ਪਾਪਾ ਮਿਲਟਰੀ ਵਿੱਚ ਹੋਣ ਕਾਰਨ ਕਸ਼ਮੀਰ ਵਿੱਚ ਵੱਖ-ਵੱਖ ਥਾਂਵਾਂ ’ਤੇ ਤਕਰੀਬਨ ਦਸ ਸਾਲ ਰਹੇ। ਅਸੀਂ ਵੀ ਛੋਟੇ ਹੁੰਦੇ ਕਸ਼ਮੀਰ ਵਿੱਚ ਕਈ ਮਹੀਨੇ ਬਟੋਟ ਰਹਿਕੇ ਆਏ ਸੀ। ਉਦੋਂ ਪਾਪਾ ਜੀ ਸਾਨੂੰ ਸ਼੍ਰੀਨਗਰ ਅਤੇ ਹੋਰ ਥਾਂਵਾਂ ’ਤੇ ਘੁਮਾ ਕੇ ਵੀ ਲਿਆਏ ਸਨ। ਡੱਲ ਲੇਕ ਵਿੱਚ ਲਏ ਕਿਸ਼ਤੀ ਦੇ ਝੂਟੇ ਯਾਦ ਸਨ। ਝੀਲ ਦਾ ਕਲ-ਕਲ ਕਰਦਾ ਪਾਣੀ ਅਤੇ ਸ਼ਿਕਾਰਿਆਂ ਦੀ ਯਾਦ ਜ਼ਿਹਨ ਵਿੱਚ ਸਮਾਈ ਹੋਈ ਸੀ। ਭਦਰਵਾ ਦੇ ਰਾਜਮਾਂਹਾਂ ਦੀ ਅਨੋਖੀ ਖੁਸ਼ਬੂ ਦੇ ਤਾਂ ਕਹਿਣੇ ਹੀ ਕੀ ਸਨ। ਉੱਥੋਂ ਲਿਆਂਦੇ ਰਾਜਮਾਂਹ ਜਦੋਂ ਮਾਂ ਪਿੰਡ ਵੀ ਕੁੱਕਰ ਵਿੱਚ ਬਣਾਉਂਦੀ ਸੀ ਤਾਂ ਗਲੀ ਵਿੱਚ ਖੁਸ਼ਬੂਆਂ ਖਿੰਡ ਜਾਂਦੀਆਂ ਸਨ। ਦਿਆਰ ਦੇ ਲੰਮੇ ਦਰੱਖਤ ਅਕਾਸ਼ਾਂ ਨੂੰ ਛੂੰਹਦੇ ਜਾਪਦੇ ਸੀ। ਸੋ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਨਾ, ਉਨ੍ਹਾਂ ਥਾਂਵਾਂ ਦਾ ਅਨੰਦ ਮਾਣਨਾ ਵੀ ਕਸ਼ਮੀਰ ਜਾਣ ਦਾ ਇੱਕ ਕਾਰਨ ਸੀ।
ਹੋਇਆ ਇਉਂ ਕਿ ਅਸੀਂ ਰਸਤੇ ਵਿੱਚ ਇੱਕ ਥਾਂ ’ਤੇ ਰੁਕ ਗਏ। ਉੱਥੋਂ ਫੋਟੋਆਂ ਖਿੱਚਣ ਲਈ ਬਹੁਤ ਵਧੀਆ ਦ੍ਰਿਸ਼ ਸੀ। ਦੂਜਾ ਸਾਨੂੰ ਕੁਛ ਕਸ਼ਮੀਰੀ ਕੁੜੀਆਂ ਮਿਲ ਗਈਆਂ। ਉਨ੍ਹਾਂ ਨੇ ਸਿਰਾਂ ’ਤੇ ਬਹੁਤ ਸੋਹਣੇ ਤਰੀਕੇ ਨਾਲ ਚੁੰਨੀਆਂ ਬੰਨ੍ਹੀਆਂ ਹੋਈਆਂ ਸੀ। ਅਸੀਂ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਈਆਂ। ਉਨ੍ਹਾਂ ਨੇ ਸਾਡੇ ਵੀ ਸਿਰਾਂ ਉੱਤੇ ਉਸੇ ਤਰੀਕੇ ਨਾਲ ਚੁੰਨੀਆਂ ਬੰਨ੍ਹ ਦਿੱਤੀਆਂ। ਅਸੀਂ ਉਨ੍ਹਾਂ ਨਾਲ ਵੀ ਫੋਟੋਆਂ ਖਿੱਚਾ ਲਈਆਂ। ਫੋਟੋਆਂ ਖਿੱਚ ਕੇ ਅਸੀਂ ਉੱਥੋਂ ਤੁਰ ਪਏ।
ਅਜੇ ਅਸੀਂ ਕੁਛ ਦੂਰ ਹੀ ਗਏ ਸੀ ਕਿ ਇਹ ਵੱਡੀ ਸਾਰੀ ਗੱਡੀ ਸਾਡਾ ਪਿੱਛਾ ਕਰਦੀ ਜਾਪੀ। ਉਦੋਂ ਕਸ਼ਮੀਰ ਦੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਸੀ। ਅਸੀਂ ਡਰ ਗਏ ਕਿ ਲਓ ਬਈ ਅੱਜ ਤਾਂ ਗਏ। ਅਸੀਂ ਕਾਰ ਭਜਾ ਲਈ। ਉਨ੍ਹਾਂ ਨੇ ਵੀ ਭਜਾ ਲਈ। ਇੰਨਾ ਹੀ ਨਹੀਂ, ਉਹ ਸਾਡੀ ਕਾਰ ਵੱਲ ਇਸ਼ਾਰੇ ਵੀ ਕਰ ਰਹੇ ਸੀ। ਕਾਫ਼ੀ ਦੇਰ ਤਕ ਅਸੀਂ ਉਨ੍ਹਾਂ ਨੂੰ ਡਾਹ ਨਾ ਦਿੱਤੀ। ਫਿਰ ਇੱਕ ਥਾਂ ਅਜਿਹਾ ਆਇਆ ਕਿ ਉਨ੍ਹਾਂ ਨੇ ਸਾਡੀ ਕਾਰ ਕਰੌਸ ਕਰ ਲਈ ਤੇ ਆਪਣੀ ਗੱਡੀ ਸਾਡੇ ਅੱਗੇ ਖੜ੍ਹੀ ਕਰ ਲਈ। ਹੁਣ ਤਾਂ ਸਾਡੇ ਕੋਲ ਰੁਕਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ। ਅਸੀਂ ਰੁਕ ਕੇ ਉਨ੍ਹਾਂ ਵੱਲ ਦੇਖਣ ਲੱਗ ਪਏ। ਉਨ੍ਹਾਂ ਵਿੱਚੋਂ ਇੱਕ ਨੇ ਆਪਣੇ ਹੱਥ ਵਿੱਚ ਪਰਸ ਲੈ ਕੇ ਹਿਲਾਉਂਦਿਆਂ ਕਿਹਾ, “ਭੈਣ ਜੀ ਇਹ ਆਪ ਕਾ ਹੈ?”
ਅਸੀਂ ਉਸੇ ਵੇਲੇ ਆਪਣਾ ਪਰਸ ਪਛਾਣ ਲਿਆ। ਉਨ੍ਹਾਂ ਸਾਨੂੰ ਫਿਰ ਕਿਹਾ, “ਤੁਸੀਂ ਜਿੱਥੇ ਰੁਕੇ ਸੀ, ਉੱਥੇ ਰੱਖਕੇ ਭੁੱਲ ਆਏ। ਅਸੀਂ ਦੇਖ ਰਹੇ ਸੀ ਕਿ ਤੁਹਾਡੇ ਤੋਂ ਬਿਨਾਂ ਉੱਥੇ ਹੋਰ ਕੋਈ ਨਹੀਂ ਸੀ। ਅਸੀਂ ਕਦੋਂ ਦੇ ਤੁਹਾਡਾ ਪਿੱਛਾ ਕਰਦੇ ਆ ਰਹੇ ਹਾਂ, ਹਾਲਾਂਕਿ ਅਸੀਂ ਤਾਂ ਪਿੱਛੇ ਊਧਮਪੁਰ ਜਾਣਾ ਸੀ। ਸਾਡੇ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਸੀ।
ਇੰਨਾ ਹੀ ਨਹੀਂ ਕਿ ਉਹ ਮੇਰੀ ਭਾਬੀ ਦਾ ਪਰਸ ਸੀ। ਸਾਰੇ ਪੈਸੇ ਉਸ ਵਿੱਚ ਹੀ ਸਨ। ਦੂਜੀ ਗੱਲ, ਡਾਇਮੰਡ ਦੇ ਟੌਪਸ ਅਤੇ ਅੰਗੂਠੀ ਭਾਬੀ ਗਲਤੀ ਨਾਲ ਪਰਸ ਵਿੱਚ ਪਾ ਲਿਆਈ ਸੀ। ਅਸੀਂ ਉਨ੍ਹਾਂ ਫ਼ਰਿਸ਼ਤਿਆਂ ਵਰਗੇ ਲੋਕਾਂ ਦੀ ਬਦੌਲਤ ਕਈ ਲੱਖ ਦੇ ਨੁਕਸਾਨ ਤੋਂ ਬਚ ਗਏ ਸੀ। ਉਨ੍ਹਾਂ ਨੂੰ ਦਿਲੋਂ ਦੁਆਵਾਂ ਦਿੰਦੇ ਅਸੀਂ ਆਪਣੇ ਰਸਤੇ ਪੈ ਗਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)