“ਮੇਰੇ ਵੇਖਦੇ ਵੇਖਦੇ ਹੀ ਪਤਾ ਨਹੀਂ ਇਨ੍ਹਾਂ ਲੋਕਾਂ ਹੱਥ ਕਿੱਥੋਂ ਅਤੇ ਕਿਵੇਂ ਅਲਾਦੀਨ ਦਾ ...”
(23 ਫਰਵਰੀ 2025)
ਅੱਜ ਹਰ ਸ਼ਹਿਰ ਵਿੱਚ ਜਿੱਧਰ ਵੀ ਨਜ਼ਰ ਮਾਰੋ, ਹਰ ਪਾਸੇ ਕਲੋਨੀਆਂ ਦੇ ਮਾਲਕਾਂ ਵੱਲੋਂ ਲਗਵਾਏ ਹੋਏ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਬਿਆਨ ਕਰਦੀਆਂ ਕਲੋਨੀਆਂ ਦੇ ਵੱਡੇ ਵੱਡੇ ਰੰਗ ਬਰੰਗੇ ਬੋਰਡ ਨਜ਼ਰ ਆਉਣਗੇ। ਇਸ ਤੋਂ ਇਲਾਵਾ ਭੋਲੇ ਭਾਲੇ ਗਾਹਕਾਂ ਨੂੰ ਆਪਣੇ ਮਕੜਜਾਲ਼ ਵਿੱਚ ਫਸਾਉਣ ਲਈ ਤਰ੍ਹਾਂ ਤਰ੍ਹਾਂ ਦੇ ਡਜਾਇਨਾਂ ਦੇ ਸਕੂਲ ਅਤੇ ਪਾਰਕ ਵਗੈਰਾ ਬਣਾਕੇ ਲੋਕਾਂ ਨੂੰ ਉੱਲੂ ਬਣਾਉਣ ਦੇ ਹੋਰ ਵੀ ਬਹੁਤ ਸਾਰੇ ਲੈਲੀਪੌਪ ਦੇਣ ਦੇ ਵਾਅਦੇ ਵੀ ਲਿਖੇ ਹੁੰਦੇ ਹਨ। ਇਨ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਮੁੱਖ ਸਹੂਲਤਾਂ ਦੇ ਰੰਗ ਬਰੰਗੇ ਬੋਰਡ ਪੜ੍ਹਕੇ ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਉਹ ਨਾ ਚਾਹੁੰਦੇ ਹੋਏ ਵੀ ਇਨ੍ਹਾਂ ਦੇ ਚੁੰਗਲ਼ ਵਿੱਚ ਫਸ ਕੇ ‘ਅਗਨ ਕੁੰਡ’ ਵਿੱਚ ਛਾਲ ਮਾਰ ਹੀ ਜਾਂਦੇ ਹਨ।
ਨਵੀਂ ਪੀੜ੍ਹੀ ਅੰਦਰ ਅਜਿਹੀ ਭਵਨਾ ਪੈਦਾ ਹੋ ਗਈ ਕਿ ਉਹ ਨਵੀਂਆਂ ਨਵੀਆਂ ਕਲੋਨੀਆਂ ਵਿੱਚ ਰਹਿਣ ਨੂੰ ਤਰਜੀਹ ਜਾਂ ਪਹਿਲ ਦੇਣ ਲੱਗ ਪਈ ਹੈ। ਇਸੇ ਕਰਕੇ ਕੌਲੋਨਾਈਜ਼ਰਾਂ ਨੇ ਇਨ੍ਹਾਂ ਦੀ ਇਸ ਕਮਜ਼ੋਰ ਨਾੜ ਨੂੰ ਫੜਕੇ ਇਨ੍ਹਾਂ ਦਾ ਨਾਜਾਇਜ਼ ਲਾਭ ਉਠਾਉਂਦੇ ਹੋਏ ਹਰ ਪਾਸੇ ਨਗਰ, ਸ਼ਹਿਰ ਵਿੱਚ ਨਵੀਂਆਂ ਨਵੀਆਂ ਕਲੋਨੀਆਂ ਦਾ ਇੱਕ ਹੜ੍ਹ ਜਿਹਾ ਲਿਆ ਦਿੱਤਾ ਹੈ। ਇਹ ਵਿਪਾਰੀ ਲੋਕ ਦਿਮਾਗੀ ਤੌਰ ਤੇ ਇੰਨੇ ਤੇਜ਼ ਹੁੰਦੇ ਹਨ ਕਿ ਇਸ ਧੰਦੇ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਦਾ ਹੱਲ ਕੱਢਣ ਲਈ ਇਨ੍ਹਾਂ ਕਲੋਨੀਆਂ ਵਿੱਚ ਦੇਸ ਦੇ ਵੱਡੇ ਵੱਡੇ ਲੀਡਰਾਂ, ਮੰਤਰੀ-ਸੰਤਰੀਆਂ ਅਤੇ ਵੱਡੇ ਵੱਡੇ ਅਫਸਰਾਂ ਨੂੰ ਵਿੰਗੇ ਟੇਢੇ ਤਰੀਕੇ ਨਾਲ ਜਾਂ ਡੰਮੀ ਤਰੀਕੇ ਨਾਲ ਹਿੱਸੇਦਾਰ ਬਣਾ ਲੈਂਦੇ ਹਨ। ਇੰਝ ਇਸ ਵੱਡੇ ਘਾਲੇਮਾਲੇ ਦੇ ਧੰਦੇ ਵਿੱਚ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਂਦੀ। ਉਹਨਾਂ ਨੇ ਇਨ੍ਹਾਂ ਕਲੋਨੀਆਂ ਬਾਰੇ ਜੋ ਵੀ ਕਾਗਜ਼ੀ ਕਾਰਵਾਈ ਕਰਵਾਉਣੀ ਹੁੰਦੀ ਹੈ, ਉਹ ਅਸਾਨੀ ਨਾਲ ਹੱਥੋ ਹੱਥੀ ਘਰ ਬੈਠਿਆਂ ਬਿਨਾ ਦੇਰੀ ਅਤੇ ਬਿਨਾ ਕਿਸੇ ਰੁਕਾਵਟ ਦੇ ਹੋ ਜਾਂਦੀ ਹੈ। ਲੋਕਾਂ ਵਿੱਚ ਇਹ ਆਮ ਚਰਚਾ ਹੈ ਕਿ ਜੇ ਇਮਾਨਦਾਰੀ ਨਾਲ ਇਨ੍ਹਾਂ ਕਲੋਨੀਆਂ ਵਿੱਚ ਲੱਗੇ ਅਰਬਾਂ ਰੁਪਏ ਦੀ ਪੜਤਾਲ ਕੀਤੀ ਜਾਵੇ ਤਾਂ ਇਹਨਾਂ ਕਲੋਨੀਆਂ ਵਿੱਚ 75 ਪੈਸਾ ਦੇਸ ਦੇ ਵੱਡੇ ਲੀਡਰਾਂ, ਅਫਸਰਸ਼ਾਹੀ ਅਤੇ ਮੰਤਰੀਆਂ ਦਾ ਲੱਗਿਆ ਸਾਬਤ ਹੋਵੇਗਾ ਕਿਉਂਕਿ ਇੱਥੇ ਲੱਗਿਆ ਕਾਲਾ ਧੰਨ ਅਸਾਨੀ ਨਾਲ ਸਫ਼ੈਦ ਸਾਬਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਧੰਦਾ ਅੱਜ ਕੱਲ੍ਹ ਸਾਰੇ ਦੇਸ਼ ਵਿੱਚ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।
ਇਸ ਉਕਤ ਧੰਦੇ ਵਿੱਚ ਕਾਲਾ ਧੰਨ ਸਫ਼ੈਦ ਤਾਂ ਹੁੰਦਾ ਹੀ ਹੈ, ਇਸ ਧੰਦੇ ਵਿੱਚ ਹੋਰ ਬਹੁਤ ਵੱਡੇ ਘਪਲੇ ਵੀ ਹੁੰਦੇ ਹਨ ਜੋ ਆਮ ਜਨਤਾ ਅਤੇ ਕੁਝ ਆਮ ਅਫਸਰਾਂ ਦੀ ਨਜ਼ਰ ਵਿੱਚ ਨਹੀਂ ਆਉਂਦੇ। ਇਨ੍ਹਾਂ ਕਲੋਨੀਆਂ ਦੀ ਵੇਚ ਅਤੇ ਖਰੀਦ ਵਿੱਚ ਜਾਂ ਕਲੋਨੀਆਂ ਦੇ ਤੈਅ ਸ਼ੁਦਾ ਨਿਯਮਾਂ ਦੀ ਪਾਲਣਾ ਬਿਲਕੁਲ ਨਹੀਂ ਕੀਤੀ ਜਾਂਦੀ। ਲੋਕਾਂ ਵਿੱਚ ਆਮ ਚਰਚਾ ਹੈ ਕਿ ਇਨ੍ਹਾਂ ਕਲੋਨੀਆਂ ਵਿੱਚ ਜੋ ਪਲਾਂਟ ਕੁਝ ਜਾਤੀਆਂ ਜਾਂ ਕੈਟਾਗਰੀਆਂ ਲਈ ਰਾਖਵੇਂ ਰੱਖੇ ਜਾਂਦੇ ਹਨ, ਉਹ ਉਹਨਾਂ ਕੈਟਾਗਰੀਆਂ ਦੇ ਲੋਕਾਂ ਨੂੰ ਦੇਣ ਦੀ ਬਜਾਏ ਆਮ ਲੋਕਾਂ ਨੂੰ ਮਹਿੰਗੇ ਰੇਟ ’ਤੇ ਵੇਚੇ ਜਾਂਦੇ ਹਨ। ਜੇਕਰ ਗੰਭੀਰਤਾ ਅਤੇ ਬਰੀਕੀ ਨਾਲ ਇਨ੍ਹਾਂ ਕਲੋਨੀਆਂ ਦੀ ਵੇਚ ਅਤੇ ਖਰੀਦ ਦੀ ਪੜਤਾਲ ਕੀਤੀ ਜਾਵੇ ਤਾਂ ਬਹੁਤ ਹੀ ਵੱਡੇ ਘਪਲੇ ਅਤੇ ਹੇਰਾਫੇਰੀਆਂ ਜਨਤਕ ਹੋ ਜਾਣਗੀਆਂ।
ਉਕਤ ਕਲੋਨੀਆਂ ਦੇ ਗੋਰਖ ਧੰਦੇ ਨੂੰ ਚਲਾਉਣ ਵਾਲੇ ਲੋਕਾਂ ਦੇ ਦਿਮਾਗ਼ ਬਹੁਤ ਤੇਜ਼ ਹਨ। ਇਸੇ ਕਰਕੇ ਇਸ ਧੰਦੇ ਵਿੱਚ ਪੈਣ ਵਾਲੇ ਛੋਟੇ ਛੋਟੇ ਕੰਮ ਜੁੜਨ ਵਾਲੇ ਲੋਕ ਆਮ ਲੋਕਾਂ ਵਿੱਚ ਵਿਚਰ ਵਾਲੇ ਅਡਾਨੀਆ, ਅੰਬਾਨੀਆਂ ਅਤੇ ਚਟਾਨੀਆ ਨਾਲੋਂ ਘੱਟ ਨਜ਼ਰ ਨਹੀਂ ਆਉਂਦੇ। ਅੱਜ ਉਹਨਾਂ ਦੀ ਦੇਸ਼ ਦੇ ਹਰ ਖੇਤਰ ਵਿੱਚ ਹਰ ਪਾਸੇ ਤੂਤੀ ਬੋਲਦੀ ਹੈ। ਇਨ੍ਹਾਂ ਦੇ ਦੋ ਨੰਬਰ ਦੇ ਧੰਦੇ ਨੂੰ ਤਾਂ ਦੇਸ਼ ਦੀ ਮਾਣਯੋਗ ਨਿਆਂਪਾਲਿਕਾ ਵੀ ਕੰਟਰੋਲ ਨਹੀਂ ਕਰ ਸਕੀ। ਬਹੁਤ ਬਾਰ ਪੰਜਾਬ ਦੀ ਮਾਣਯੋਗ ਹਾਈ ਕੋਰਟ ਨੇ ਨਵੇਂ ਬਣੇ ਚੰਡੀਗੜ੍ਹ ਅਤੇ ਪਹਾੜੀਆਂ ਦੇ ਨਾਲ ਨਾਲ ਲੱਗਦੇ ਏਰੀਏ ਉੱਪਰ ਵੱਡੇ ਵੱਡੇ ਅਫਸਰਾਂ, ਲੀਡਰਾਂ ਅਤੇ ਮੰਤਰੀਆਂ ਸੰਤਰੀਆਂ ਵੱਲੋਂ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਦੀ ਪੜਾਤਲ ਬਾਰੇ ਅਦੇਸ਼ ਦਿੱਤੇ ਹਨ, ਪਰ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਕਬਜ਼ਾਧਾਰੀ ਪੜਤਾਲ ਕਰਨ ਵਾਲੇ ਹੀ ਹਨ। ਅੱਜ ਸਾਰੇ ਹੀ ਕੌਲੋਨਾਈਜਰ ਕਲੋਨੀਆਂ ਲਈ ਜ਼ਮੀਨਾਂ ਕਰੋੜ ਜਾਂ ਦੋ ਕਰੋੜ ਨੂੰ ਏਕੜ ਕੁਲੈਕਟਰ ਰੇਟ ’ਤੇ ਖਰੀਦਕੇ, ਕਲੋਨੀ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇਣ ਦੇ ਬਹਾਨੇ ਦਸ ਦਸ ਕਰੋੜ ਦਾ ਏਕੜ ਕੁਲੈਕਟਰ ਰੇਟ ’ਤੇ ਵੇਚਦੇ ਹਨ, ਜੋ ਸੱਚ ਨਹੀਂ ਹੈ, ਸੱਚ ਕੁਝ ਹੋਰ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਦੱਸੀਆਂ ਸਹੂਲਤਾਂ ਅਤੇ ਹੋਰ ਸ਼ਰਤਾਂ ਚੌਥੇ ਹਿੱਸੇ ਤੋਂ ਘੱਟ ਦਿੱਤੀਆਂ ਜਾਂਦੀਆਂ ਹਨ। ਦੂਜਾ, ਰਜਿਸਟਰੀਆਂ ਸਹੀ ਰੇਟ ਤੋਂ ਹਜ਼ਾਰਾਂ ਗੁਣਾ ਘੱਟ ਟਰੇਟ ਤੇ ਕਰਵਾਕੇ ਕਰੋੜਾਂ ਰੁਪਏ ਦੀ ਅਸ਼ਟਾਮ ਡਿਊਟੀ ਚੋਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਘਟਨਚੱਕਰ ਨਾਲ ਜੁੜੇ ਆਦਮੀ ਕਾਰਪੋਰੇਟ ਘਰਾਣਿਆਂ ਨਾਲੋਂ ਘੱਟ ਨਹੀਂ। ਮੇਰੇ ਵੇਖਦੇ ਵੇਖਦੇ ਹੀ ਪਤਾ ਨਹੀਂ ਇਨ੍ਹਾਂ ਲੋਕਾਂ ਹੱਥ ਕਿੱਥੋਂ ਅਤੇ ਕਿਵੇਂ ਅਲਾਦੀਨ ਦਾ ਚਿਰਾਗ ਆ ਗਿਆ ਕਿ ਫੋਟੋ, ਮੇਵੇ ਆਦਿ ਦੇ ਧੰਦੇ ਕਰਨ ਵਾਲੇ ਲੋਕ ਦੇਖਦਿਆਂ ਦੇਖਦਿਆਂ ‘ਅਲੀ ਬਾਬਾ, ਬਾਲੀ ਚੋਰ’ ਬਣ ਗਏ। ਉਹਨਾਂ ਪਾਸ ਇੰਨੀ ਧੰਨ ਦੌਲਤ ਕਿਹੜਾ ਛੱਪਰ ਪਾੜਕੇ ਕਿੱਥੋਂ ਅਤੇ ਕਿਵੇਂ ਡਿਗ ਪਈ।
ਅਖੀਰ ਵਿੱਚ ਮੈਂ ਦੇਸ ਨੂੰ ਚਲਾਉਣ ਵਾਲੇ ਰਹਿਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਾਈਵੇਟ ਕੌਲੋਨਾਈਜ਼ਰਾਂ ਦਾ ਧੰਦਾ ਬੰਦ ਕਰਕੇ ਸਰਕਾਰੀ ਤੰਤਰ ਨੂੰ ਇਮਾਨਦਾਰੀ ਨਾਲ ਚਾਲੂ ਕਰਕੇ ਇਨ੍ਹਾਂ ਕਲੋਨੀਆਂ ਦਾ ਸਾਰਾ ਕਾਰੋਬਾਰ ਆਪਣੇ ਹੱਥਾਂ ਵਿੱਚ ਲੈ ਕੇ ਚਲਾਵੇ ਤਾਂ ਕਿ ਦੇਸ਼ ਦੀ ਜਨਤਾ ਨੂੰ ਸਹੀ ਸਹੂਲਤਾਂ ਵਾਲੇ ਮਕਾਨ ਰਹਿਣ ਲਈ ਮਿਲ ਸਕਣ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)