“ਜਿਹੜੇ ਨੇਤਾ ਲੋਕ-ਹਿਤਾਂ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਯਾਦ ਕਰਦੇ ਹਨ ਤੇ ਉਹ ...”
(25 ਨਵੰਬਰ 2023)
ਇਸ ਸਮੇਂ ਪਾਠਕ: 200.
ਇਹ ਗੱਲ 20 ਅਪਰੈਲ 2022 ਦੀ ਹੈ। ਉਸ ਦਿਨ ਮੈਂ ਦੇਸ਼ ਦੀਆਂ ਮਾਣਯੋਗ ਅਦਾਲਤਾਂ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਜੋ ਵਹੀਕਲ ਸੰਬੰਧਤ ਵਿਭਾਂਗਾਂ ਵੱਲੋਂ ਵੱਖ ਵੱਖ ਕੇਸਾਂ ਵਿੱਚ ਆਪਣੇ ਕਬਜ਼ਿਆਂ ਵਿੱਚ ਲਏ ਜਾਂਦੇ ਹਨ ਜਾਂ ਫਿਰ ਕਿਸੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਤੋਂ ਬਰਾਮਦ ਕੀਤੇ ਜਾਂ ਕਰਵਾਏ ਜਾਂਦੇ ਹਨ, ਉਨ੍ਹਾਂ ਨੂੰ ਉਮਰ ਭਰ ਲਈ ਥਾਣਿਆਂ, ਮਾਲ ਖਾਨਿਆਂ ਵਿੱਚ ਬਰਬਾਦ ਹੋਣ ਲਈ ਨਹੀਂ ਸੁੱਟ ਦੇਣਾ ਚਾਹੀਦਾ। ਇਸ ਤਰ੍ਹਾਂ ਹੋਣ ਨਾਲ ਕਰੋੜਾਂ, ਅਰਬਾਂ ਰੁਪਏ ਦੇ ਕੀਮਤ ਵਹੀਕਲ ਮਿੱਟੀ ਵਿੱਚ ਮਿੱਟੀ ਹੋ ਕੇ ਖਤਮ ਹੋ ਜਾਂਦੇ ਹਨ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਇਨ੍ਹਾਂ ਵਹੀਕਲਾਂ ਦੇ ਅਸਲੀ ਪੁਰਜ਼ੇ ਕਈ ਕਾਲੀਆਂ ਭੇਡਾਂ ਦੀ ਕਥਿਤ ਮਿਲੀ ਭੁਗਤ ਨਾਲ ਗਾਇਬ ਵੀ ਹੋ ਜਾਂਦੇ ਹਨ। ਜੇਕਰ ਇਸ ਪ੍ਰਕ੍ਰਿਆ ਨੂੰ ਰੋਕਣ ਲਈ ਦੇਸ਼ ਦੀਆਂ ਸਰਕਾਰਾਂ ਜਾਂ ਮਾਣਯੋਗ ਉੱਚ ਅਦਾਲਤਾਂ ਵੱਲੋਂ ਕੋਈ ਯੋਗ ਕਾਰਵਾਈ ਕੀਤੀ ਜਾਵੇ ਤਾਂ ਇਹ ਕਰੋੜਾਂ ਰੁਪਏ ਦੇ ਸਮਾਨ ਦੀ ਸੰਭਾਲ ਹੋ ਸਕਦੀ ਹੈ। ਪਰ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੀਆਂ ਸਰਕਾਰਾਂ ਅਤੇ ਮਾਣਯੋਗ ਅਦਾਲਤਾਂ ਦਾ ਅਜੇ ਇਸ ਕੰਮ ਵੱਲ ਉੱਕਾ ਹੀ ਧਿਆਨ ਨਹੀਂ ਗਿਆ। ਇਹੀ ਕਾਰਨ ਹੈ ਕਿ ਇਹ ਪ੍ਰਕ੍ਰਿਆ ਅੱਜ ਤਕ ਜਾਰੀ ਹੈ, ਅੱਗੇ ਵੀ ਜਾਰੀ ਰਹੇਗੀ।
ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਸਦਾ ਇੱਕੋ ਕਾਰਨ ਹੈ ਕਿ ਅੱਜ ਦਾ ਮਨੁੱਖ ਸਵਾਰਥੀ ਹੋ ਚੁੱਕਿਆ ਹੈ। ਜੇਉਹਹ ਚਾਹੇ ਤਾਂ ਇਹ ਕੰਮ ਮਿੰਟਾਂ ਵਿੱਚ ਕਾਨੂੰਨੀ ਰੂਪ ਧਾਰਨ ਕਰ ਸਕਦਾ ਹੈ। ਅਸੀਂ ਵੇਖਦੇ ਹਾਂ ਜਦੋਂ ਅਖੌਤੀ ਲੋਕ ਸੇਵਕ ਲੀਡਰਾਂ ਨੇ ਆਪਣੇ ਹਿਤਾਂ ਦੀ ਗੱਲ ਕਰਨੀ ਹੁੰਦੀ ਹੈ ਤਾਂ ਇਹ ਇੱਕ ਘੰਟੇ ਵਿੱਚ ਨਵੇਂ ਕਾਨੂੰਨ ਤਿਆਰ ਕਰਕੇ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾ ਲੈਂਦੇ ਹਨ। ਜੇ ਸੈਸ਼ਨ ਨਾ ਚਲਦਾ ਹੋਵੇ ਤਾਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਮਿੰਟ ਲਗਾਉਂਦੇ ਹਨ। ਲੋਕ ਹਿਤਾਂ ਦੇ ਕੰਮਾਂ ਲਈ ਇਨ੍ਹਾਂ ਕੋਲ ਸਮਾਂ ਨਹੀਂ ਹੈ। ਜਦੋਂ ਇਨ੍ਹਾਂ ਸਿਆਸਤਦਾਨਾਂ ਨੇ ਕੋਈ ਲੋਕ ਹਿਤ ਕੰਮ ਨਹੀਂ ਕਰਨਾ ਹੁੰਦਾ ਤਾਂ ਇਹ ਜਾਂ ਤਾਂ ਉਸ ਕੰਮ ਨੂੰ ਲਟਕਾਉਣ ਲਈ ਕਮੇਟੀ ਬਣਾ ਦੇਣ ਦਾ ਹੁਕਮ ਚਾੜ੍ਹ ਦਿੰਦੇ ਹਨ ਜਾਂ ਫਿਰ ਕਿਸੇ ਚਮਚੇ ਕੋਲੋਂ ਮਾਣਯੋਗ ਅਦਾਲਤ ਵਿੱਚ ਅਪੀਲ ਦਾਇਰ ਕਰਵਾ ਦਿੰਦੇ ਹਨ ਜਾਂ ਫਿਰ ਦੇਵ ਭੂੰਮੀ ਭਾਰਤ ਦੇ ਸੰਵਿਧਾਨ ਦਾ ਅਰਲਾਕੋਟ ਖੜ੍ਹਾ ਕਰ ਕੇ ਪੱਲਾ ਝਾੜ ਦਿੰਦੇ ਹਨ। ਜਦੋਂ ਇਨ੍ਹਾਂ ਲੀਡਰਾਂ ਨੇ ਜਨਤਾ ਨੂੰ ਘੁੰਮਣ-ਘੇਰੀਆਂ ਵਿੱਚ ਪਾਉਣਾ ਹੋਵੇ ਤਾਂ ਉਸ ਵੇਲੇ ਇਹ ਕੋਈ ਨਾ ਕੋਈ ਢੌਂਗੀ, ਨਕਲੀ ਬਾਬਿਆਂ ਵੱਲੋਂ ਕੋਈ ‘ਪੰਗਾ’ ਪਵਾ ਕੇ ਜਨਤਾ ਨੂੰ ਭੰਬਲਭੂਸਿਆਂ ਵਿੱਚ ਪਾ ਕੇ ਆਪਣਾ ਵੋਟ ਬੈਂਕ ਪੱਕਾ ਕਰਨ ਲੱਗ ਜਾਂਦੇ ਹਨ। ਕਈ ਬਾਰ ਵੇਖਿਆ ਗਿਆ ਹੈ ਇਸ ਮੌਕੇ ਕੁਰਸੀਆਂ ਲਈ ਦਲ ਬਦਲੂ ਲਾਲਚੀ ਲੀਡਰ ਤਾਂ ਲਾਲਾਂ ਸਿੱਟਦੇ ਹੋਏ ਆਪਣੇ ਪਹਿਲੇ ਸਾਥੀਆਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਆਏ ਗਦਾਰੀ ਦਾ ਮੁੱਲ ਵੱਟਣਾ ਲਈ ਐਵੇਂ ਸ਼ੋਰ ਪਾਉਂਣ ਲੱਗ ਪੈਂਦੇ ਹਨ।
ਸਾਡੇ ਦੇਸ਼ ਦੇ ਅਖੌਤੀ ਲੋਕ ਸੇਵਕ ਲੀਡਰ ਆਪਣੇ ਲਈ ਸਭ ਕੁਝ ਕਰਨ ਲਈ ਤਿਆਰ ਹਨ ਪਰ ਜਿਨ੍ਹਾਂ ਲੋਕਾਂ ਨੇ ਆਪਣੀ ਕੀਮਤੀ ਵੋਟਾਂ ਦੇ ਕੇ ਇਹਨਾਂ ਭੱਦਰ ਪੁਰਸ਼ਾਂ ਨੂੰ ਕੁਰਸੀਆਂ ਉੱਤੇ ਬਿਠਾਇਆ ਹੁੰਦਾ ਹੈ, ਉਨ੍ਹਾਂ ਵੱਲ ਇਨ੍ਹਾਂ ਦਾ ਬਿਲਕੁਲ ਹੀ ਧਿਆਨ ਨਹੀਂ ਹੁੰਦਾ। ਹਰ ਸਮੇਂ ਇਹ ਲਾਲਚੀ ਲੋਕ ਸਟੇਜਾਂ ’ਤੇ ਖੜ੍ਹੇ ਹੋ ਕੇ 58/58 ਇੰਚ ਦੀਆਂ ਛਾਤੀਆਂ ਚੌੜੀਆਂ ਕਰਕੇ, ਦੋਨੋਂ ਬਾਹਾਂ ਉੱਚੀਆਂ ਕਰਕੇ (ਜਿਵੇਂ ਅਸਮਾਨ ਛੁਹਣਾ ਹੋਵੇ) ਇੰਝ ਚੀਕਾਂ ਮਾਰਦੇ ਵੇਖੇ ਜਾਂਦੇ ਹਨ, ਜਿਵੇਂ ਇਨ੍ਹਾਂ ਦੇ ਜ਼ਬਰਦਸਤੀ ਕੀਤੇ ਇਕੱਠ ਵਿੱਚ ਸੁਣਨ ਵਾਲੇ ਸਾਹਮਣੇ ਬੋਲੇ ਲੋਕ ਬੈਠੇ ਹੋਣ। ਉਸ ਭਾਸ਼ਣ ਵਿੱਚ ਇਹ ਲੋਕ ਹਿਤ ਦੇ ਕੰਮ ਅਤੇ ਕਾਨੂੰਨ ਇੰਝ ਭੁੱਲ ਜਾਂਦੇ ਹਨ ਜਿਵੇਂ ਅੰਗਰੇਜ਼ ਜਾਂਦੇ ਜਾਂਦੇ ਇਨ੍ਹਾਂ ਦੇ ਦਿਮਾਗਾਂ ਵਿੱਚੋਂ ਲੋਕ ਭਲਾਈ ਦੇ ਕੰਮਾਂ ਵਾਲੀ ਸੋਚ ਵੀ ਨਾਲ ਲੈ ਗਏ ਹੋਣ। ਇਹ ਲੋਕ ਆਪਣੇ ਲਈ ਦੌਲਤ ਇੰਝ ਇਕੱਠੀ ਕਰ ਰਹੇ ਹਨ ਜਿਵੇਂ ਮਰਨ ਵਕਤ ਇਹ ਆਪਣਾ ਵੱਖਰਾ ਉਡਣ ਖਟੋਲਾ ਲੈ ਕੇ ਉਡ ਜਾਣਗੇ ਅਤੇ ਰੱਬ ਦੇ ਦਰ ’ਤੇ ਜਾ ਕੇ ਆਪਣੇ ਲਈ ਵੱਖਰਾ ਰਾਜ ਹੀ ਮੰਗ ਲੈਣਗੇ।
ਜਿਹੜੇ ਨੇਤਾ ਲੋਕ-ਹਿਤਾਂ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਯਾਦ ਕਰਦੇ ਹਨ ਤੇ ਉਹ ਲੋਕ, ਕੌਮ, ਪਾਰਟੀ ਅਤੇ ਅਫਸਰ ਦੇਸ਼ ਦੇ ਇਤਿਹਾਸ ਦੇ ਪੰਨਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ। ਇਸਦੇ ਉਲਟ ਜੋ ਲੋਕ, ਪਾਰਟੀ, ਅਫਸਰ ਜਾਂ ਕੌਮ ਨਿੱਜਵਾਦ ਲਈ ਕੰਮ ਕਰਦੇ ਹਨ, ਉਨ੍ਹਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਇਸ ਲਈ ਦੇਸ਼ ਦੇ ਹਰ ਨਾਗਰਿਕ, ਲੀਡਰ ਨੂੰ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਅਫਸਰਾਂ ਨੂੰ ਲੋਕ-ਹਿਤਾਂ ਵਿੱਚ ਫੈਸਲੇ ਜਲਦੀ ਕਰਨੇ ਬਣਦੇ ਹਨ ਤਾਂ ਕਿ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਬਣੀ ਰਹੇ। ਆਪਣੇ ਲਈ ਤਾਂ ਹਰ ਕੋਈ ਸਭ ਕੁਝ ਕਰਦਾ ਹੈ ਪਰ ਜੋ ਸ਼ਾਂਤੀ ਲੋਕਾਂ ਲਈ ਕੁਝ ਕਰਨ ’ਤੇ ਮਿਲਦੀ ਹੈ, ਉਹ ਹੋਰ ਕਿਸੇ ਤਰ੍ਹਾਂ ਵੀ ਨਹੀਂ ਮਿਲਦੀ। ਜਿਹੜੇ ਅੰਗਰੇਜ਼ ਸਰਕਾਰ ਵੱਲੋਂ ਗੁਲਾਮਾਂ ਨੂੰ ਕਾਬੂ ਕਰਨ ਲਈ ਗਲਤ ਕਾਨੂੰਨ ਬਣਾਏ ਗਏ ਸਨ, ਸਾਨੂੰ ਉਹ ਬਦਲ ਦੇਣੇ ਚਾਹੀਦੇ ਹਨ। ਸੰਵਿਧਾਨ ਮਨੁੱਖ ਲਈ ਬਣਿਆ ਹੈ, ਨਾ ਕਿ ਮਨੁੱਖ ਸੰਵਿਧਾਨ ਲਈ। ਉਮੀਦ ਹੈ ਮੇਰੀ ਬੇਨਤੀ ਉੱਪਰ ਸਰਕਾਰਾਂ, ਮਾਣਯੋਗ ਅਦਾਲਤਾਂ ਧਿਆਨ ਦੇਣਗੀਆਂ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4503)
(ਸਰੋਕਾਰ ਨਾਲ ਸੰਪਰਕ ਲਈ: (