“ਉਸ ਵੇਲੇ ਦੇਸ਼ ਵਿੱਚ ਕਾਂਗਰਸ ਦੀ ਤਾਕਤਵਰ ਅਤੇ ਕੱਟੜ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ...”
(22 ਮਈ 2024)
ਇਸ ਸਮੇਂ ਪਾਠਕ: 475.
ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਵਿਰੋਧੀਆਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਪਾਇਆ ਰੌਲਾ ਜਾਂ ਪੂਰੀ ਵਿਉਂਤਬੰਦੀ ਯੋਜਨਾਬਧ ਤਰੀਕੇ ਨਾਲ ਕੀਤਾ ਪ੍ਰਚਾਰ ਜਿਵੇਂ ਛਿਪਕਲੀ ਨੂੰ ਸੱਪ ਬਣਾ ਦਿੰਦਾ ਹੈ, ਇਸੇ ਤਰ੍ਹਾਂ ਕਈ ਬਾਰ ਵਿਰੋਧੀ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਸਾਲ 1984 ਨੂੰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਸੁਸ਼ੋਭਿਤ ਸ੍ਰੀ ਦਰਬਾਰ ਸਾਹਿਬ) ਉੱਪਰ ਭਾਰਤੀ ਫ਼ੌਜਾਂ ਵੱਲੋਂ ਹੋਏ ਦੁਖਦਾਈ ਅਤੇ ਭਿਆਨਕ ਹਮਲੇ ਸੰਬੰਧੀ ਕੁਝ ਤੱਥ ਮਾਣਯੋਗ ਲਾਲ ਕ੍ਰਿਸ਼ਨ ਅਡਵਾਨੀ ਜੀ ਵੱਲੋਂ ਲਿਖੀ ਪੁਸਤਕ “ਮਾਈ ਕੰਟਰੀ ਇਜ਼ ਮਾਈ ਲਾਈਫ” ਵਿੱਚ ਪੰਨਾ ਨੰਬਰ 430 ਉੱਪਰ ਦਰਜ ਹਨ, ਜੋ 2008 ਵਿੱਚ ਛਪਕੇ ਪੂਰੇ ਭਾਰਤ ਵਿੱਚ ਵੱਖ ਵੱਖ ਕਿਤਾਬ ਵੇਚਣ ਵਾਲੀਆਂ ਦੁਕਾਨਾਂ ’ਤੇ ਪਹੁੰਚ ਚੁੱਕੀ ਹੈ।
ਇਸ ਵਿੱਚ ਜੋ ਕੁਝ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਲਿਖਿਆ ਹੈ, ਮੈਂ ਉਸ ਦਾ ਤਰਜਮਾ ਪੰਜਾਬੀ ਵਿੱਚ ਗੂਗਲ ਰਾਹੀਂ ਕਰਵਾਇਆ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣ ਲਈ ਡਾਵਾਂਡੋਲ ਸੀ, ਭਾਵ ਦੁਚਿੱਤੀ ਵਿੱਚ ਸੀ, ਉਹ ਪੱਕੇ ਤੌਰ ’ਤੇ ਤਿਆਰ ਨਹੀਂ ਸੀ। ਉਸ ਵੇਲੇ ਉਹ ਉਸ ਵੇਲੇ ਦੇ ਹਾਲਾਤ ਤੋਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਸੋਚਦੀ ਸੀ। ਪਰ ਉਨ੍ਹਾਂ ਦਿਨਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਾਲਸਾ ਜੀ ਵੱਲੋਂ ਚਲਾਈ ਲਹਿਰ ਵਿੱਚ ਬਹੁਤ ਸਾਰੇ ਹਿੰਦੂ ਲੀਡਰ ਅਤੇ ਉੱਘੇ ਪੱਤਰਕਾਰ ਇਸ ਲਹਿਰ ਦੀ ਲਪੇਟ ਵਿੱਚ ਆ ਕੇ ਕਤਲ ਹੋ ਚੁੱਕੇ ਸਨ, ਜਿਸ ਕਾਰਨ ਸ੍ਰੀਮਤੀ ਇੰਦਰਾ ਗਾਂਧੀ ਉੱਪਰ ਦਬਾਓ ਪਾਇਆ ਗਿਆ ਅਤੇ ਉਸ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਬੈਠੇ ਖਾੜਕੂਆਂ ਨੂੰ ਬਾਹਰ ਕੱਢਣ ਲਈ ਫ਼ੌਜੀ ਹਮਲਾ ਕਰਨ ਲਈ ਮਜਬੂਰ ਕੀਤਾ ਗਿਆ। ਇਸ ਦੁਖਦਾਈ ਘਟਨਾ ਨੂੰ “ਨੀਲੇ ਤਾਰੇ” ਦਾ ਨਾਮ ਦਿੱਤਾ ਗਿਆ। ਭਾਰਤੀ ਇਤਿਹਾਸ ਵਿੱਚ ਉਸ ਵੇਲੇ ਦੀ ਇਹ ਸਭ ਤੋਂ ਵੱਡੀ ਭੁੱਲ ਅਤੇ ਸਭ ਤੋਂ ਵੱਡੀ ਦੁਖਦਾਈ ਘਟਨਾ ਸੀ, ਜੋ ਕਿਸੇ ਵੀ ਕਾਰਨ ਜਾਂ ਮਜਬੂਰੀ ਵਿੱਚ ਉਸ ਵੇਲੇ ਕੇਂਦਰ ਵਿੱਚ ਮੌਕੇ ਦੀ ਕਾਂਗਰਸੀ ਸਰਕਾਰ ਦੀ ਮੁਖੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕਰਵਾਈ ਗਈ। ਇੰਝ ਹੋਣ ਨਾਲ ਸਿੱਖ ਜਗਤ ਦੇ ਸਾਰੇ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਇਸ ਦੁਖਦਾਈ ਘਟਨਾ ਵਿੱਚ ਅਰਬਾਂ ਰੁਪਏ ਦੇ ਨੁਕਸਾਨ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਵੀ ਗਈਆਂ। ਇਸ ਦੁਖਦਾਈ ਘਟਨਾ ਨਾਲ ਸਦੀਆਂ ਤੋਂ ਹਿੰਦੂ ਸਿੱਖਾਂ ਦੇ ਗੂੜ੍ਹੇ ਪਿਆਰ ਸਤਿਕਾਰ ਦੇ ਪੱਕੇ ਰਿਸ਼ਤਿਆਂ ਵਿਚਕਾਰ ਨਫ਼ਰਤ ਦੀਆਂ ਕੰਕਰੀਟ ਨਾਲ ਬਣੀਆਂ ਦਿਵਾਰਾਂ ਖੜ੍ਹੀਆਂ ਹੋ ਗਈਆਂ ... ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ।
ਜਦੋਂ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਫ਼ੌਜੀ ਕਾਰਵਾਈ ਹੋਈ ਤਾਂ ਸਿੱਖ ਜਗਤ ਦੇ ਲੋਕਾਂ ਅੰਦਰ ਹਿੰਦੂਆਂ ਪ੍ਰਤੀ ਖਾਸ ਕਰਕੇ ਕਾਂਗਰਸ ਪਾਰਟੀ ਦੇ ਲੋਕਾਂ ਪ੍ਰਤੀ ਇੱਕ ਦੱਬੇ ਹੋਏ ਰੂਪ ਵਿੱਚ ਬਦਲੇ ਅਤੇ ਨਫ਼ਰਤ ਦੀ ਅੱਗ ਸੁਲਗਣੀ ਸ਼ੁਰੂ ਹੋ ਗਈ, ਜੋ ਸੁਲਗਦੀ-ਸੁਲਗਦੀ 31 ਅਕਤੂਬਰ 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਜੀ ਨੂੰ ਉਹਨਾਂ ਦੇ ਹੀ ਸੁਰੱਖਿਆ ਕਰਮੀਆਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ’ਤੇ ਗੋਲੀਆਂ ਮਾਰਕੇ ਕਤਲ ਹੋਣ ਦੇ ਭਾਂਬੜ ਦਾ ਰੂਪ ਧਾਰਨ ਕਰਕੇ ਦਿੱਲੀ ਤੋਂ ਇਲਾਵਾ ਸਾਰੇ ਉੱਤਰੀ ਭਾਰਤ ਵਿੱਚ ਸੁਨਾਮੀ ਲਹਿਰਾਂ ਦੇ ਤੁਫਾਨ ਵਾਂਗ ਫੈਲ ਗਈ। ਉਸ ਵੇਲੇ ਦਿੱਲੀ ਵਿੱਚ ਹਿੰਦੂਆਂ ਅੰਦਰ ਖਾਸ ਕਰਕੇ ਕਾਂਗਰਸੀਆਂ ਅੰਦਰ ਸ੍ਰੀਮਤੀ ਇੰਦਰਾ ਗਾਂਧੀ ਪ੍ਰਤੀ ਹਮਦਰਦੀ ਕਾਰਨ ਉੁਨ੍ਹਾਂ ਦੇ ਸਿੱਖ ਸੁਰੱਖਿਆ ਦਲ ਦੇ ਮੁਲਾਜ਼ਮ ਵੱਲੋਂ ਹੋਏ ਕਤਲ ਦੇ ਰੋਹ ਵਿੱਚ, ਦਿੱਲੀ ਦੇ ਚਾਰੇ ਪਾਸੇ ਬਦਲੇ ਦੀ ਅੱਗ ਭੜਕ ਗਈ, ਜਿਸ ਨਾਲ ਦਿੱਲੀ ਵਿੱਚ ਸਿੱਖਾਂ ਦਾ ਹਰ ਖੇਤਰ ਵਿੱਚ ਭਾਰੀ ਨੁਕਸਾਨ ਹੋਇਆ। ਸਿੱਖਾਂ ਦੇ ਬੱਚਿਆਂ ਨੂੰ ਗੱਲਾਂ ਵਿੱਚ ਟਾਇਰ ਪਾ ਕੇ, ਅੱਗਾਂ ਲਗਾਕੇ ਸਾੜਨ ਤੋਂ ਇਲਾਵਾ ਬਾਕੀ ਸਿੱਖਾਂ ਨੂੰ ਲੋਹੇ ਦੀਆਂ ਰਾਦਾਂ ਅਤੇ ਤੇਜ਼ ਹਥਿਆਰਾਂ ਨਾਲ ਕੱਟ ਕੱਟ ਕੇ, ਕੋਹ-ਕੋਹ ਕੇ ਤੜਫਾ ਤੜਫਾ ਕੇ ਮਾਰਨ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਕਾਰੋਬਾਰੀ ਅਦਾਰੇ ਲੁੱਟਕੇ ਨਾਮੋ ਨਿਸ਼ਾਨ ਅਤੇ ਸਬੂਤ ਮਿਟਾਉਣ ਲਈ ਅੱਗ ਦੀ ਭੇਂਟ ਕੀਤੇ ਗਏ। ਇੱਥੇ ਹੀ ਬੱਸ ਨਹੀਂ, ਸਿੱਖ ਪਰਿਵਾਰਾਂ ਦੀਆਂ ਔਰਤਾਂ, ਨੌਜਵਾਨ ਲੜਕੀਆਂ ਅਤੇ ਛੋਟੀਆਂ ਬੱਚੀਆਂ ਦਾ ਝੁੱਗੀ-ਝੌਂਪੜੀਆਂ ਵਾਲੇ ਗੁੰਡਿਆਂ ਵੱਲੋਂ ਜਿਣਸੀ ਸ਼ੋਸ਼ਣ ਕੀਤਾ ਗਿਆ। ਉਸ ਵੇਲੇ ਤਾਂ ਇਹ ਅਫ਼ਵਾਹ ਫੈਲਾਈ ਗਈ ਸੀ ਕਿ ਪੰਜ ਸੌ ਨੌਜਵਾਨ ਲੜਕੀਆਂ ਗੁੰਮ ਹਨ ਪਤਾ ਨਹੀਂ ਉਨ੍ਹਾਂ ਵਿਚਾਰੀਆਂ ਦਾ ਬਾਅਦ ਵਿੱਚ ਕੀ ਬਣਿਆ ਹੋਵੇਗਾ। ਇਸੇ ਤਰ੍ਹਾਂ ਹੀ ਉੱਤਰੀ ਭਾਰਤ ਦੇ ਬਾਕੀ ਇਲਾਕਿਆਂ ਵਿੱਚ ਵੀ ਹੋਇਆ ਸੀ।
ਉਸ ਵੇਲੇ ਦੇਸ਼ ਵਿੱਚ ਕਾਂਗਰਸ ਦੀ ਤਾਕਤਵਰ ਅਤੇ ਕੱਟੜ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਤੋਂ ਇਲਾਵਾ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਸਨ, ਜਿਨ੍ਹਾਂ ਨੇ ਮਿਲਕੇ ਦੇਸ਼ ਵਿੱਚੋਂ ਕਾਂਗਰਸ ਪਾਰਟੀ ਦੇ ਜਨ ਅਧਾਰ ਨੂੰ ਖ਼ਤਮ ਕਰਨ ਅਤੇ ਇਸਦੀ ਲੋਕ ਪ੍ਰਿਅਤਾ ਨੂੰ ਤਹਿਸ ਨਹਿਸ ਕਰਨ ਲਈ ਅਕਾਲੀ ਦਲ ਨੇ ਇਨ੍ਹਾਂ ਕਾਰਨਾਮਿਆਂ ਨੂੰ ਸਿੱਖਾਂ ਦੀ ਨਸਲਕੁਸ਼ੀ ਅਤੇ ਬਾਕੀ ਪਾਰਟੀਆਂ ਨੇ ਦਿੱਲੀ ਦੰਗਿਆਂ ਦਾ ਨਾਮ ਦੇ ਕੇ ਉੱਤਰੀ ਭਾਰਤ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਹਰ ਖੇਤਰ ਵਿੱਚ ਪੂਰੀ ਤਾਕਤ ਨਾਲ ਅਮਲ ਵਿੱਚ ਲਿਆਂਦਾ ਤਾਂ ਕਿ ਸਿੱਖਾਂ ਅਤੇ ਹਿੰਦੂਮਤ ਦੇ ਲੋਕਾਂ ਵਿੱਚ ਨਫ਼ਰਤ ਦੀਆਂ ਪੱਕੀਆਂ ਦੀਵਾਰਾਂ ਕਾਇਮ ਕੀਤੀਆਂ ਜਾਣ, ਜਿਨ੍ਹਾਂ ਵਿੱਚ ਉਹ ਕਾਮਯਾਬ ਵੀ ਹੋਏ। ਹੁਣ ਵਿਚਾਰ ਅਤੇ ਖੋਜ ਪੜਤਾਲ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਮਾਣਯੋਗ ਗ੍ਰਹਿ ਮੰਤਰੀ ਜੀ ਅਤੇ ਭਾਰਤ ਦੇ ਰਹਿ ਚੁੱਕੇ ਉਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਆਪਣੀ ਇਸ “ਮਾਈ ਕੰਟਰੀ ਮਾਈ ਲਾਈਫ” ਪੁਸਤਕ ਦੇ ਪੰਨਾ ਨੰਬਰ 430 ਦੇ ਉੱਪਰ ਲਿਖਿਆ ਹੈ ਕਿ “ਇੰਦਰਾ ਗਾਂਧੀ” ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਿੱਚ ਡਾਵਾਂਡੋਲ ਜਾਂ ਯੱਕੋਤੱਕੀ ਵਿੱਚ ਸੀ, ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਉਸ ਵੇਲੇ ਸ੍ਰੀਮਤੀ ਇੰਦਰਾ ਗਾਂਧੀ ਦੀ ਕਾਬਲੀਅਤ ਅਤੇ ਸਿਆਸੀ ਸੂਝ-ਬੁਝ ਦਾ ਦੇਸ਼ ਦੁਨੀਆਂ ਵਿੱਚ ਬੋਲ ਬਾਲਾ ਸੀ। ਉਸ ਦੀ ਤੀਖਣ ਬੁੱਧੀ ਅਤੇ ਦੂਰ ਅੰਦੇਸ਼ੀ ਦੇ ਕਾਰਨ ਹੀ ਉਹ ਬਹੁਤ ਸਾਰੀਆਂ ਦੁਨਿਆਵੀ ਪੱਧਰ ਦੀਆਂ ਸੰਸਥਾਵਾਂ ਦੀਆਂ ਪ੍ਰਧਾਨਗੀਆਂ ਜਾਂ ਨੁਮਾਇੰਦਗੀਆਂ ਕਰ ਚੁੱਕੀ ਸੀ। ਅਜਿਹੇ ਹਾਲਾਤ ਦੇ ਚਲਦਿਆਂ ਕਿਸੇ ਕੱਦਾਵਰ ਕਾਂਗਰਸੀ ਲੀਡਰ ਜਾਂ ਵਰਕਰ ਦੀ ਹਿੰਮਤ ਨਹੀਂ ਪੈ ਸਕਦੀ ਸੀ ਕਿ ਇੰਦਰਾ ਗਾਂਧੀ ਜੀ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਨ ਬਾਰੇ ਮਜਬੂਰ ਕਰ ਸਕੇ ਜਾਂ ਦਬਾਓ ਪਾ ਸਕੇ। ਸੋਚਣ ਅਤੇ ਪੜਤਾਲ ਕਰਨ ਵਾਲੀ ਗੱਲ ਤਾਂ ਇਹ ਬਣਦੀ ਹੈ ਕਿ ਇੰਦਰਾ ਗਾਂਧੀ ਜੀ ਨੂੰ ਇੰਨੇ ਗੰਭੀਰ ਮਸਲੇ ਬਾਰੇ ਇਹ ਸਲਾਹ ਕਿਸਨੇ ਦਿੱਤੀ? ਅਜਿਹੀ ਸਲਾਹ ਜਾਂ ਦਬਾਓ ਪਾ ਕੇ ਮਜਬੂਰ ਕਰਨਾ ਚੂਹੇ, ਬਿੱਲੀਆਂ, ਘੁੱਗੀਆਂ, ਕਬੂਤਰਾਂ ਜਾਂ ਪਸ਼਼ੂਆਂ ਦਾ ਕੰਮ ਤਾਂ ਹੋ ਨਹੀਂ ਸਕਦਾ, ਅਜਿਹੇ ਘਿਨਾਉਣੇ ਕੰਮ ਲਈ ਦਬਾਓ ਪਾਉਣਾ ਜਾਂ ਮਜਬੂਰ ਕਰਨ ਦਾ ਸ਼ੈਤਾਨੀ ਕਾਰਨਾਮਾ ਤਾਂ ਉਹੀ ਲੋਕ ਕਰ ਸਕਦੇ ਹਨ, ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਜੀ ਨੂੰ ਚੰਡੀ ਅਤੇ ਦੁਰਗਾ ਦੇ ਖ਼ਿਤਾਬ ਨਾਲ ਪੇਸ਼ ਕੀਤਾ, ਭੰਗੜੇ ਪਾਏ ਗਏ, ਲੱਡੂ ਵੰਡਕੇ ਜਸ਼ਨ ਮਨਾਏ ਗਏ, ਜਾਂ ਫਿਰ ਸਿੱਖਾਂ ਦੇ ਉਨ੍ਹਾਂ ਕੱਦਾਵਰ ਲੀਡਰਾਂ ਨੇ ਇੰਦਰਾ ਗਂਧੀ ਜੀ ਨੂੰ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਨ ਦਾ ਦਬਾਓ, ਵਿਚੋਲਿਆਂ ਰਾਹੀਂ ਲਿਖਤੀ ਬੇਨਤੀ ਦੇ ਰੂਪ ਵਿੱਚ ਵੀ ਮਜਬੂਰ ਕੀਤਾ ਗਿਆ ਹੋਵੇ, ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਜੀ ਦੀ ਚੜ੍ਹਤ ਹੋਣ ’ਤੇ ਉਨ੍ਹਾਂ ਦੀਆਂ ਗੱਦੀਆਂ ਖੁੱਸਣ ਦਾ ਡਰ ਸਤਾ ਰਿਹਾ ਹੋਵੇ ਜਾਂ ਫਿਰ ਜਿਨ੍ਹਾਂ ਲੀਡਰਾਂ ਨੇ ਇਸ ਦੁਖਦਾਈ ਘਟਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਨਹੁੰ ਮਾਸ ਦਾ ਰਿਸ਼ਤਾ ਪਾ ਕੇ 20 ਸਾਲਾਂ ਤਕ ਪੰਜਾਬ ਵਿੱਚ ਰਾਜ ਕਰਕੇ ਆਪਣੇ ਆਪ ਨੂੰ ਦੇਸ਼ ਦੇ ਅਮੀਰਾਂ ਦੀ ਕਤਾਰ ਵਿੱਚ ਸ਼ਾਮਿਲ ਕਰ ਲਿਆ ਗਿਆ ਹੋਵੇ। ਇਸ ਕਾਰਵਾਈ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਵੱਲੋਂ ਚਲਾਈ ਖ਼ਾਲਸਾ ਰਾਜ ਦੀ ਸਥਾਪਨਾ ਲਹਿਰ ਵਿੱਚ ਕੁਝ ਗਲਤ ਅਨਸਰਾਂ ਦੇ ਸ਼ਾਮਲ ਹੋਣ ਕਾਰਨ ਉਸ ਵੇਲੇ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਕੱਦਾਵਰ ਲੀਡਰਾਂ, ਬੁੱਧੀਜੀਵੀਆਂ ਅਤੇ ਉੱਘੇ ਪ੍ਰੈੱਸ ਮਾਲਕਾਂ ਦੇ ਕਤਲ ਹੋਣ ਨੂੰ ਵੀ ਸ੍ਰੀਮਤੀ ਇੰਦਰਾ ਗਂਧੀ ਉੱਪਰ ਦਰਬਾਰ ਸਾਹਿਬ ਉੱਤੇ ਫ਼ੌਜੀ ਕਾਰਵਾਈ ਕਰਨ ਲਈ ਭਾਰਤੀ ਜਨਤਾ ਪਾਰਟੀ, ਉਸ ਦੀਆਂ ਸ਼ਹਿਯੋਗੀ ਪਾਰਟੀਆਂ ਅਤੇ ਅਕਾਲੀ ਦਲ ਦੀ ਖੇਤਰੀ ਪਾਰਟੀ ਵੱਲੋਂ ਮਜਬੂਰ ਕਰਨ ਬਾਰੇ ਸ਼ੱਕ ਦੀ ਸੂਈ ਦੇ ਘੁੰਮਣ ਬਾਰੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਉਪਰੋਕਤ ਦੁਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ ਵਿੱਚ, ਚੌਂਕਾਂ ਵਿੱਚ, ਬੋਹੜਾਂ ਥੱਲੇ ਖੁੰਢ ਚਰਚਾਵਾਂ ਦੇ ਨਾਲ ਨਾਲ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ, ਜਿਵੇਂਕਿ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਗਏ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਉਸ ਵੇਲੇ ਸਿੱਖੀ ਨਾਲ ਸੰਬੰਧਿਤ ਲੋਕਾਂ ਦੀ ਚੜ੍ਹਤ ਨੂੰ ਰੋਕਣ ਲਈ ਖੁਦ ਕਾਂਗਰਸੀਆਂ ਦੀ ਹੀ ਦੇਣ ਸੀ। ਕੁਝ ਲੋਕ ਕਹਿੰਦੇ ਸਨ ਕਿ ਸੰਤ ਜੀ ਇੱਕ ਅਜਿਹਾ ਵੱਖਰਾ ਸਿੱਖ ਸੂਬਾ ਬਣਾਉਣਾ ਚਾਹੁੰਦੇ ਸਨ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਅਜ਼ਾਦੀ ਨਾਲ ਵਿਚਰ ਸਕਣ। ਉਸ ਵੇਲੇ ਸੁਆਮੀ ਸੁਬਰਾਮਨੀਅਮ ਜੀ ਐੱਮ ਪੀ ਵੱਲੋਂ ਵੀ ਸੰਤ ਜੀ ਨਾਲ ਹੋਈ ਗੱਲਬਾਤ ਦੀ ਇੱਕ ਵੀਡੀਓ ਪਾ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਸੰਤ ਜੀ ਇੱਕ ਬਹੁਤ ਹੀ ਸਹੀ ਸੋਚ ਵਾਲੇ ਨੇਕ ਇਨਸਾਨ ਸਨ। ਉਹ ਕਿਸੇ ਕਿਸਮ ਦੀ ਭੜਕਾਉ ਨੀਤੀ ਜਾਂ ਲੁੱਟਮਾਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਕੁਝ ਲੋਕ ਇਹ ਵੀ ਕਹਿੰਦੇ ਸੁਣੇ ਗਏ ਸਨ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਣ ਪਿੱਛੋਂ ਜਿਹੜੇ ਸਿੱਖਾਂ ਦੇ ਕਦਾਵਰ ਲੀਡਰ ਜਾਨਾਂ ਬਚਾਉਣ ਲਈ ਬਾਹਾਂ ਖੜ੍ਹੀਆਂ ਕਰਕੇ ਸ੍ਰੀ ਦਰਬਾਰ ਸਾਹਿਬ ਵਿੱਚੋਂ ਬਾਹਰ ਆਏ ਸਨ, ਉਨ੍ਹਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਹੋਰ ਕਈ ਸਿੱਖ ਲੀਡਰ ਵੀ ਹਮਲੇ ਲਈ ਜ਼ਿੰਮੇਵਾਰ ਸਨ। ਇਨ੍ਹਾਂ ਉਪਰੋਕਤ ਚਰਚਾਵਾਂ ਤੋਂ ਇਹ ਗੱਲ ਤਾਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਲਈ ਯੱਕੋ-ਤੱਕੀ (ਦੁਚਿੱਤੀ) ਵਿੱਚ ਸੀ। ਮਾਣਯੋਗ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਵੱਲੋਂ ਲਿਖੀ ਪੁਸਤਕ “ਮਾਈ ਕੰਟਰੀ ਮਾਈ ਲਾਇਫ” ਦੇ ਪੰਨਾ ਨੰਬਰ 430 ਉੱਪਰ ਲਿਖੇ ਸ਼ਬਦਾਂ ਮੁਤਾਬਿਕ “ਇੰਦਰਾ ਜੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਡਾਵਾਂਡੋਲ ਸੀ, ਪਰ ਉਸ ਨੂੰ ਹਮਲਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਇਸ ਨੂੰ ਵੀ ਸੋਚਣ ਵਾਲਾ ਪੱਖ ਕਹਿ ਸਕਦੇ ਹਾਂ।
ਬਹੁਤ ਹੀ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਏ ਨੂੰ ਲਗਭਗ ਚਾਲੀ ਸਾਲ ਗੁਜ਼ਰ ਚੁੱਕੇ ਹਨ। ਅੱਜ ਤਕ ਕਾਂਗਰਸ ਪਾਰਟੀ ਵਰਕਰ ਅਤੇ ਖਾਸ ਕਰਕੇ ਇੰਦਰਾ ਗਾਂਧੀ ਪਰਿਵਾਰ ਵਿਰੋਧੀ ਪਾਰਟੀਆਂ ਅੱਗੇ ਸਿਰ ਨੀਵਾਂ ਕਰਕੇ ਲਾਹਣਤਾਂ ਝੱਲਣ ਦੇ ਨਾਲ ਨਾਲ ਸਾਰੀ ਦੁਨੀਆਂ ਵਿੱਚ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ। ਸਾਲ 2008 ਨੂੰ ਮਾਣਯੋਗ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ’ ਛਪਕੇ ਮਾਰਕੀਟ ਵਿੱਚ ਆਈ ਨੂੰ ਵੀ 16 ਸਾਲ ਹੋ ਚੁੱਕੇ ਹਨ। ਕੀ ਹੁਣ ਤਕ ਕਿਸੇ ਨੇ ਵੀ ਇਸ ਪੁਸਤਕ ਨੂੰ ਨਹੀਂ ਪੜ੍ਹਿਆ ਹੋਵੇਗਾ, ਜਾਂ ਫਿਰ ਕਿਸੇ ਕੱਦਾਵਰ ਕਾਂਗਰਸੀ ਲੀਡਰ ਦੀ ਅਡਵਾਨੀ ਜੀ ਪਾਸੋਂ ਪੁੱਛਣ ਦੀ ਹਿੰਮਤ ਨਹੀਂ ਪਈ? ਮੈਨੂੰ ਪੂਰਨ ਉਮੀਦ ਹੈ ਕਿ ਜੇਕਰ ਕੋਈ ਕੱਦਾਵਰ ਕਾਂਗਰਸੀ ਲੀਡਰ ਜਾਂ ਕੋਈ ਗਰੁੱਪ ਅਡਵਾਨੀ ਜੀ ਨੂੰ ਦਰਬਾਰ ਸਾਹਿਬ ਉੁਤੇ ਹਮਲਾ ਕਰਨ ਲਈ ਇੰਦਰਾ ਗਂਧੀ ਜੀ ਨੂੰ ਮਜਬੂਰ ਕਰਨ ਵਾਲੇ ਆਦਮੀ ਜਾਂ ਪਾਰਟੀ ਬਾਰੇ ਪੁੱਛਦੇ ਤਾਂ ਅਡਵਾਨੀ ਜੀ ਆਪਣੇ ਰੁਤਬੇ ਅਤੇ ਕੱਦ ਮੁਤਾਬਿਕ ਜ਼ਰੂਰ ਸੱਚ ਬੋਲਦੇ ਕਿਉਂਕਿ ਉਹ ਉਮਰ ਦੇ ਇਸ ਪੜ੍ਹਾਓ ਅਤੇ ਉੱਚ ਕੋਟੀ ਦੇ ਨੀਤੀਵਾਨ ਹੋਣ ਕਾਰਨ ਸਹੀ ਅਤੇ ਸੱਚ ਬੋਲਣ ਨੂੰ ਤਰਜੀਹ ਦੇਣਗੇ ਜਾਂ ਦਿੰਦੇ ਪਰ ਪਤਾ ਨਹੀਂ ਕਾਂਗਰਸੀ ਹੁਣ ਤਕ ਜਾਣੇ ਜਾਂ ਅਣਜਾਣੇ ਵਿੱਚ ਖਾਮੋਸ਼ ਕਿਉਂ ਹਨ।
ਇਹ ਗੱਲ ਜਗਤ ਪ੍ਰਸਿੱਧ ਹੈ ਅਤੇ ਭਾਰਤ ਦੀਆਂ ਮਾਣਯੋਗ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਦਿੱਤੇ ਸੈਂਕੜੇ ਕੇਸਾਂ ਦੇ ਫੈਸਲਿਆਂ ਵਿੱਚ ਦਰਜ਼ ਕੀਤਾ ਹੋਵੇਗਾ ਕਿ ਕਿ ਗੁਨਾਹ ਕਰਨ ਵਾਲੇ ਨਾਲ਼ੋਂ ਗੁਨਾਹ ਕਰਵਾਉਣ ਲਈ ਹੱਲਾਸ਼ੇਰੀ ਦੇਣ ਵਾਲਾ ਜ਼ਿਆਦਾ ਕਸੂਰਵਾਰ ਹੁੰਦਾ ਹੈ। ਇਸ ਲਈ ਮਾਣਯੋਗ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਲਿਖਤ ਮੁਤਾਬਿਕ ਉਸ ਪਾਰਟੀ ਨੂੰ ਜਾਂ ਉਸ ਪਾਰਟੀ ਦੇ ਸਹਿਯੋਗੀਆਂ ਨੂੰ ਲੱਭਣਾ ਚਾਹੀਦਾ ਹੈ, ਜਿਨ੍ਹਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਜੀ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਲਈ ਮਜਬੂਰ ਕੀਤਾ ਹੋਵੇ। ਉਸ ਤੋਂ ਬਾਅਦ ਜਨਤਾ ਫੈਸਲਾ ਕਰੇ ਕਿ ਦਰਬਾਰ ਸਾਹਿਬ ਉੱਤੇ ਹਮਲੇ ਦਾ ਅਸਲੀ ਦੋਸ਼ੀ ਕੌਣ ਹੈ? ਮੈਂ ਪਹਿਲਾਂ ਵੀ ਆਪਣੇ ਲੇਖਾਂ ਅਤੇ ਪੁਸਤਕਾਂ ਵਿੱਚ ਸਾਫ਼ ਲਿਖ ਚੁੱਕਿਆ ਹਾਂ ਕਿ ਕੋਈ ਵੀ ਪਾਰਟੀ ਜਾਂ ਧਰਮ ਮਾੜੇ ਜਾਂ ਗਲਤ ਨਹੀਂ ਹੁੰਦੇ, ਜਿਵੇਂ ਫਸਲਾਂ ਵਿੱਚ ਕਾਂਗਿਆਰੀ ਜਾਂ ਅਣਚਾਹੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਹਨ, ਇਸੇ ਹੀ ਤਰ੍ਹਾਂ ਪਾਰਟੀਆਂ ਜਾਂ ਧਰਮਾਂ ਅੰਦਰ ਵੀ ਗਲਤ ਅਤੇ ਅਣ-ਚਾਹੇ ਲੋਕ ਘੁਸਪੈਠ ਕਰ ਜਾਂਦੇ ਹਨ ਜੋ ਪਾਰਟੀਆਂ ਜਾਂ ਧਰਮਾਂ ਲਈ ਮੁਸੀਬਤਾਂ ਖੜ੍ਹੀਆਂ ਕਰਨ ਦਾ ਕਾਰਨ ਬਣਦੇ ਹਨ। ਇਸ ਲਈ ਸਾਨੂੰ ਸਮੇਂ ਦੇ ਹਾਣੀ ਬਣਕੇ ਸੁਚੇਤ ਰਹਿਣਾ ਚਾਹੀਦਾ ਹੈ। ਮੇਰਾ ਕਿਸੇ ਰਾਜਸੀ ਪਾਰਟੀ ਨਾਲ ਨਿੱਜੀ ਤੌਰ ’ਤੇ ਕੋਈ ਸੰਬੰਧ ਨਹੀਂ। ਮੇਰੇ ਲਈ ਸਾਰੀਆਂ ਪਾਰਟੀਆਂ ਦੇ ਚੰਗੇ ਮਨੁੱਖ ਅਤੇ ਸਾਰੇ ਧਰਮ ਬਰਾਬਰ ਹਨ। ਮੈਂ ਸਭ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4986)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)